''ਤੀਨ ਆਨੀ ਦੋਨ ਕਿੱਟੀ? (ਤਿੰਨ ਵਿੱਚ ਦੋ ਜੋੜਨ 'ਤੇ ਕਿੰਨੇ ਹੋਏ)?'' ਪ੍ਰਤਿਭਾ ਹਿਲੀਮ ਪੁੱਛਦੀ ਹਨ। ਉਨ੍ਹਾਂ ਦੇ ਸਾਹਮਣੇ ਭੁੰਜੇ 7 ਤੋਂ 9 ਸਾਲਾਂ ਦੇ ਕਰੀਬ 10 ਬੱਚਿਆਂ ਦਾ ਇੱਕ ਝੁੰਡ ਬੈਠਾ ਹੋਇਆ ਹੈ। ਉਨ੍ਹਾਂ ਵਿੱਚੋਂ ਕੋਈ ਵੀ ਜਵਾਬ ਨਹੀਂ ਦਿੰਦਾ। ਪ੍ਰਤਿਭਾ ਚਾਕਬੋਰਡ 'ਤੇ ਲਿਖਣ ਤੋਂ ਬਾਅਦ ਪਿਛਾਂਹ ਮੁੜ ਕੇ ਬੱਚਿਆਂ ਵੱਲ ਦੇਖਦੀ ਹਨ ਅਤੇ ਆਪਣੇ ਹੱਥਾਂ ਦੇ ਇਸ਼ਾਰਿਆਂ ਤੇ ਸਿਰ ਹਿਲਾ ਕੇ ਉਨ੍ਹਾਂ ਨੂੰ ਦਹੁਰਾਉਣ ਲਈ ਕਹਿੰਦੀ ਹਨ,''ਪੰਜ''।
ਪ੍ਰਤਿਭਾ ਚਮੜੇ ਅਤੇ ਸਟੀਲ ਤੋਂ ਬਣੇ ਅਤੇ ਰਬੜ ਦੇ ਤਲ਼ੇ ਵਾਲ਼ੇ ਸਟੰਪ ਪ੍ਰੋਟੈਕਟਰ (ਭੌੜੀਆਂ) ਸਹਾਰੇ ਖੜ੍ਹੀ ਹਨ। ਇਹ ਸਟੰਪ ਪ੍ਰੋਟੈਕਟਰ ਉਨ੍ਹਾਂ ਦੇ ਗੋਡਿਆਂ ਨਾਲ਼ ਬੱਝੇ ਹੋਏ ਹਨ। ਉਨ੍ਹਾਂ ਦੇ ਕੁਹਣੀ ਦੇ ਕੋਲ਼ ਹੀ ਚਿੱਟਾ ਚਾਕ ਦਾ ਟੋਟਾ ਬੰਨ੍ਹਿਆਂ ਹੋਇਆ ਹੈ।
'ਸਕੂਲ' ਚੱਲ ਰਿਹਾ ਹੈ, ਜੋ ਪਾਲਘਰ ਜ਼ਿਲ੍ਹੇ ਦੇ ਕਰਹੇ ਪਿੰਡ ਵਿਖੇ ਹਿਲੀਮ ਪਰਿਵਾਰ ਦੇ ਤਿੰਨ ਕਮਰਿਆਂ ਦੇ ਪੱਕੇ ਮਕਾਨ ਵਿੱਚ ਸਥਿਤ ਹੈ। ਇੱਥੇ, ਪ੍ਰਤਿਭਾ ਇਸ ਸਾਲ 20 ਜੁਲਾਈ ਤੋਂ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵ੍ਰਿਕਰਮਗੜ ਤਾਲੁਕਾ ਵਿਖੇ ਸਥਿਤ ਇਸ ਪਿੰਡ ਦੇ ਕਰੀਬ 30 ਆਦਿਵਾਸੀ ਬੱਚਿਆਂ ਨੂੰ ਅੰਗਰੇਜ਼ੀ, ਇਤਿਹਾਸ, ਮਰਾਠੀ ਤੇ ਗਣਿਤ ਪੜ੍ਹਾ ਰਹੀ ਹਨ। ਬੱਚੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਵਿਚਾਲੇ ਬੈਚਾਂ (ਸਮੂਹਾਂ) ਵਿੱਚ ਆਉਂਦੇ ਹਨ। ਇਹ ਬੱਚੇ ਆਪਣੇ ਨਾਲ਼, 1,378 ਲੋਕਾਂ ਦੀ ਵਸੋਂ ਵਾਲ਼ੇ ਇਸ ਪਿੰਡ ਦੇ 2 ਜ਼ਿਲ੍ਹਾ ਪਰਿਸ਼ਦ ਸਕੂਲਾਂ ਵੱਲੋਂ ਦਿੱਤੀਆਂ ਗਈਆਂ ਕਿਤਾਬਾਂ ਲੈ ਕੇ ਆਉਂਦੇ ਹਨ।
''ਓਪਰੇਸ਼ਨ ਤੋਂ ਬਾਅਦ, ਹਰ ਛੋਟੇ ਤੋਂ ਛੋਟਾ ਕੰਮ ਕਰਨ ਲੱਗਿਆਂ ਵੀ ਲੰਬਾ ਸਮਾਂ ਲੱਗ ਜਾਂਦਾ ਹੈ। ਇੱਥੋਂ ਤੱਕ ਕਿ ਲਿਖਣਾ ਵੀ ਮੁਸ਼ਕਲ ਬਣ ਜਾਂਦਾ ਹੈ,'' ਪ੍ਰਤਿਭਾ ਕਹਿੰਦੀ ਹਨ, ਇਸੇ ਦੌਰਾਨ ਇੱਕ ਬੱਚਾ ਉਨ੍ਹਾਂ ਦੀ ਕੁਹਣੀ ਦੇ ਨੇੜੇ ਵੈਲਕ੍ਰੋ ਪੱਟੀ ਸਹਾਰੇ ਚਾਕ ਬੰਨ੍ਹਦਾ ਹੈ।
ਪਿਛਲੇ ਸਾਲ ਤੱਕ, ਪ੍ਰਤਿਭਾ ਹਿਲੀਮ, ਜਿਨ੍ਹਾਂ ਦਾ ਸਬੰਧ ਵਾਰਲੀ ਆਦਿਵਾਸੀ ਭਾਈਚਾਰੇ ਨਾਲ਼ ਹੈ, ਸਥਾਨਕ ਜ਼ਿਲ੍ਹਾ ਪਰਿਸ਼ਦ (ZP) ਸਕੂਲਾਂ ਵਿਖੇ 28 ਸਾਲਾਂ ਤੋਂ ਪੜ੍ਹਾ ਰਹੀ ਸਨ। 20 ਸਾਲ ਦੀ ਉਮਰੇ ਵਿਆਹ ਹੋਣ ਬਾਅਦ, ਪ੍ਰਤਿਭਾ ਕਰਹੇ ਤੋਂ ਕਰੀਬ 100 ਕਿਲੋਮੀਟਰ ਦੂਰ, ਭਿਰੰਡੀ ਸ਼ਹਿਰ ਆ ਗਈ, ਜਿੱਥੇ ਉਨ੍ਹਾਂ ਦੇ ਪਤੀ ਕੰਮ ਕਰਦੇ ਸਨ। 50 ਸਾਲਾ ਪਾਂਡੂਰੰਗ ਹਿਲੀਮ (ਪਤੀ) ਰਾਜਕੀ ਸਿੰਚਾਈ ਮਹਿਕਮੇ ਵਿੱਚ ਹੁਣ ਇੱਕ ਸੀਨੀਅਰ ਕਲਰਕ ਹਨ। 2015 ਵਿੱਚ ਜਦੋਂ ਉਨ੍ਹਾਂ ਦਾ ਟ੍ਰਾਂਸਫਰ ਨੇੜਲੇ ਠਾਣੇ ਜ਼ਿਲ੍ਹੇ ਵਿੱਚ ਹੋਇਆ ਤਾਂ ਪ੍ਰਤਿਭਾ ਉੱਥੋਂ ਭਿਰੰਡੀ ਪੜ੍ਹਾਉਣ ਆਉਂਦੀ ਸਨ।
ਜੂਨ 2019 ਵਿੱਚ, ਭਿਰੰਡੀ ਦੇ ਇੱਕ ਨਵੇਂ ZP ਸਕੂਲ ਵਿੱਚ ਕੰਮ ਸ਼ੁਰੂ ਕਰਨ ਤੋਂ ਕੁਝ ਹੀ ਸਮੇਂ ਬਾਅਦ, ਪ੍ਰਤਿਭਾ ਕਰਹੇ ਵਿਖੇ ਆਪਣੇ ਘਰ (ਜੱਦੀ) ਆ ਗਈ ਜਿੱਥੇ ਉਹ ਮਹੀਨੇ ਵਿੱਚ ਇੱਕ ਵਾਰ ਜ਼ਰੂਰ ਆਇਆ ਕਰਦੀ। ਉਦੋਂ ਤੋਂ ਹੀ ਪ੍ਰਤਿਭਾ ਦੀਆਂ ਮੁਸ਼ਕਲਾਂ ਸ਼ੁਰੂ ਹੋ ਗਈਆਂ। ਉਸੇ ਮਹੀਨੇ 50 ਸਾਲਾ ਪ੍ਰਤਿਭਾ ਨੂੰ ਗੈਂਗਰੀਨ ਰੋਗ (ਸਰੀਰ ਦੇ ਟਿਸ਼ੂਆਂ ਦੇ ਮਰਦੇ ਜਾਣ ਦੀ ਬੀਮਾਰੀ) ਦੀ ਪਛਾਣ ਹੋ ਗਈ। ਗੈਂਗਰੀਨ ਆਮ ਤੌਰ 'ਤੇ ਸਰੀਰ ਦੇ ਕੁਝ ਅੰਗਾਂ (ਹੱਥਾਂ/ਪੈਰਾਂ) ਵਿੱਚ ਖ਼ੂਨ ਦੀ ਸਪਲਾਈ ਨਾ ਪਹੁੰਚਣ ਕਾਰਨ ਹੁੰਦੀ ਹੈ ਇਹਦੇ ਪਿੱਛੇ ਕਿਸੇ ਲੰਬੀ ਬੀਮਾਰੀ, ਸੱਟ ਜਾਂ ਲਾਗ ਦਾ ਕਾਰਨ ਹੁੰਦਾ ਹੈ।
ਇਹਦੇ ਕੁਝ ਸਮੇਂ ਬਾਅਦ ਹੀ, ਉਨ੍ਹਾਂ ਦੀ ਕੁਹਣੀ ਦੇ ਥੱਲਿਓਂ ਤੀਕਰ ਦੋਵਾਂ ਹੱਥਾਂ ਤੇ ਗੋਡਿਆਂ ਤੀਕਰ ਦੋਵਾਂ ਪੈਰਾਂ ਨੂੰ ਕੱਟਣਾ ਪਿਆ।








