ਗੂਗਲ ਨਕਸ਼ਾ ਮੈਨੂੰ ਦੱਸਦਾ  ਕਿ ਮੈਂ ਆਪਣੀ ਮੰਜ਼ਿਲ 'ਤੇ ਪਹੁੰਚ ਰਿਹਾ ਹਾਂ। ਪਰ ਜਿਸ ਆਲ਼ੇ-ਦੁਆਲ਼ੇ ਨੂੰ ਮੈਂ ਜਾਣਦਾ ਸਾਂ ਉਹ ਥੋੜ੍ਹਾ ਵੱਖਰਾ ਜਾਪ ਰਿਹਾ ਹੈ। ਸਮੁੰਦਰੀ ਕਿਨਾਰੇ 'ਤੇ ਕਿਸੇ ਵੀ ਥਿਰਕਦੇ ਘਰ ਦਾ ਕੋਈ ਨਾਮੋ-ਨਿਸ਼ਾਨ ਤੱਕ ਨਹੀਂ ਹੈ, ਜਿਸ ਦਾ ਜਗ੍ਹਾ-ਸੰਕੇਤ ਮੈਂ ਆਪਣੇ ਫੋਨ ਵਿੱਚ ਰਿਕਾਰਡ ਕੀਤਾ ਸੀ ਜਦੋਂ ਪਿਛਲੀ ਵਾਰੀਂ ਮੈਂ ਉੱਪਡਾ ਆਇਆ ਸਾਂ । “ਹਾਏ! ਉਹ ਘਰ? ਹੁਣ ਸਮੁੰਦਰ ਹੇਠਾਂ ਦਫ਼ਨ ਹੈ। ਉੱਥੇ!” ਬੰਗਾਲ ਦੀ ਖਾੜੀ ਤੋਂ ਆ ਰਹੀ ਇੱਕ ਲਹਿਰ ਵੱਲ ਇਸ਼ਾਰਾ ਕਰਦੇ ਹੋਏ ਟੀ. ਮਰੱਮਾ ਬੋਲਦੀ ਹਨ।

ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ ਮਾਰਚ 2020 ਦੇ ਦੇਸ਼-ਵਿਆਪੀ ਤਾਲਾਬੰਦੀ ਤੋਂ ਕੁਝ ਹਫ਼ਤੇ ਪਹਿਲਾਂ ਮਰੱਮਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਫ਼ੋਟੋਆਂ ਖਿੱਚੀਆਂ ਸਨ, ਉਹ ਪੁਰਾਣਾ ਮਕਾਨ ਇੱਕ ਮਨਮੋਹਕ, ਪਰ ਉਦਾਸ, ਦ੍ਰਿਸ਼ ਪੇਸ਼ ਕਰਦਾ ਰਿਹਾ ਸੀ। ਇੱਕ ਤੰਗ ਸਮੁੰਦਰੀ ਕੰਢੇ 'ਤੇ ਥਿਰਕਦਾ ਚਬੂਤਰੇਨੁਮਾ ਇਹ ਭਾਗ ਕਿਸੇ ਸਮੇਂ ਉਸ ਵੱਡੇ ਘਰ ਦਾ ਹਿੱਸਾ ਹੁੰਦਾ ਸੀ, ਜਿੱਥੇ ਮਰੱਮਾ ਦਾ ਸੰਯੁਕਤ ਪਰਿਵਾਰ, ਇਸ ਸਦੀ ਦੇ ਸ਼ੁਰੂਆਤੀ ਸਾਲਾਂ, ਵਿੱਚ ਰਹਿੰਦਾ ਹੁੰਦਾ ਸੀ।

“ਇਹ ਘਰ ਅੱਠ ਕਮਰਿਆਂ ਵਾਲ਼ੀ ਇੱਕ ਇਮਾਰਤ ਸੀ ਜਿਸ ਵਿੱਚ ਤਿੰਨ ਵਾੜੇ/ਸ਼ੈੱਡ (ਜਾਨਵਰਾਂ ਲਈ) ਵੀ ਸਨ। ਕਰੀਬ ਇੱਕ ਸੌ ਲੋਕ ਇੱਥੇ ਰਿਹਾ ਕਰਦੇ ਸਨ,” ਪੰਜਾਹ ਸਾਲਾ ਸਥਾਨਕ ਸਿਆਸਤਦਾਨ ਮਰੱਮਾ ਕਹਿੰਦੀ ਹਨ, ਜੋ ਕਿਸੇ ਸਮੇਂ ਮੱਛੀ ਦਾ ਕਾਰੋਬਾਰ ਚਲਾਉਂਦੀ ਸਨ। 2004 ਦੀ ਸੁਨਾਮੀ ਤੋਂ ਕੁਝ ਸਮਾਂ ਪਹਿਲਾਂ ਉੱਪਡਾ ਵਿੱਚ ਆਇਆ ਚੱਕਰਵਾਤ ਇਮਾਰਤ ਦਾ ਇੱਕ ਵੱਡਾ ਹਿੱਸਾ ਉਡਾ ਕੇ ਲੈ ਗਿਆ, ਜਿਸ ਕਾਰਨ ਇਸ ਸੰਯੁਕਤ ਪਰਿਵਾਰ ਨੂੰ ਵੱਖੋ-ਵੱਖਰੇ ਘਰਾਂ ਵਿੱਚ ਸ਼ਰਣ ਲੈਣੀ ਪਈ। ਨੇੜਲੇ ਘਰ ਵਿੱਚ ਸ਼ਰਣ ਲੈਣ ਤੋਂ ਪਹਿਲਾਂ ਮਰੱਮਾ ਕੁਝ ਹੋਰ ਸਾਲ ਉਸੇ ਪੁਰਾਣੇ ਥਿਰਕਦੇ ਢਾਂਚੇ ਵਿੱਚ ਰਹਿੰਦੀ ਰਹੀ।

ਮਰੱਮਾ ਅਤੇ ਉਨ੍ਹਾਂ ਦਾ ਪਰਿਵਾਰ ਇਕੱਲਾ ਨਹੀਂ ਹੈ ਜਿਹਨੇ ਕਿ ਆਪਣਾ ਘਰ ਬਦਲਿਆ ਹੈ; ਸਮੁੰਦਰ ਦੇ ਆਪਣੇ ਪੈਰ ਪਸਾਰਦੇ ਜਾਣ ਕਾਰਨ ਉੱਪਡਾ ਵਿੱਚ ਲਗਭਗ ਸਾਰਿਆਂ ਨੇ ਘੱਟੋ-ਘੱਟ ਇੱਕ ਵਾਰ ਤਾਂ ਜ਼ਰੂਰ ਘਰ ਬਦਲਿਆ ਹੋਣਾ। ਘਰ ਕਦੋਂ ਛੱਡਣਾ ਹੈ, ਇਸ ਬਾਰੇ ਉਹਨਾਂ ਦੀ ਗਣਨਾ ਜੀਵਨ ਅਨੁਭਵ ਅਤੇ ਸਥਾਨਕ ਭਾਈਚਾਰੇ ਦੇ ਸਮੁੰਦਰੀ ਸਹਿਜ ਗਿਆਨ 'ਤੇ ਆਧਾਰਿਤ ਹੈ। “ਜਿਓਂ ਹੀ ਲਹਿਰਾਂ ਅੱਗੇ ਵਧਣੀਆਂ ਸ਼ੁਰੂ ਹੁੰਦੀਆਂ ਹਨ ਅਸੀਂ ਮਹਿਸੂਸ ਕਰ ਲੈਂਦੇ ਹਾਂ ਕਿ ਘਰ ਸਮੁੰਦਰ ਵਿੱਚ ਸਮਾ ਜਾਵੇਗਾ। ਫਿਰ ਅਸੀਂ ਆਪਣੇ ਭਾਂਡੇ ਅਤੇ ਹੋਰ ਸਮਾਨ ਲਾਂਭੇ ਕਰ ਦਿੰਦੇ ਹਾਂ (ਅਤੇ ਅਸਥਾਈ ਤੌਰ 'ਤੇ ਕਿਸੇ ਕਿਰਾਏ ਦੇ ਘਰ ਦੀ ਭਾਲ ਕਰਦੇ ਹਾਂ।) ਪੁਰਾਣਾ ਘਰ ਅਕਸਰ ਇੱਕ ਮਹੀਨੇ ਦੇ ਅੰਦਰ-ਅੰਦਰ ਸਮੁੰਦਰ ਅੰਦਰ ਸਮਾ ਜਾਂਦਾ ਹੈ,” ਓ. ਸਿਵਾ ਦੱਸਦੇ ਹਨ। 14 ਵਰ੍ਹਿਆਂ ਦੀ ਉਮਰੇ ਸਮੁੰਦਰ ਤੋਂ ਬਚਣ ਲਈ ਉਨ੍ਹਾਂ ਨੂੰ ਵੀ ਇੱਕ ਘਰ ਛੱਡ ਕੇ ਜਾਣਾ ਪਿਆ ਸੀ।

T. Maramma and the remains of her large home in Uppada, in January 2020. Her joint family lived there until the early years of this century
PHOTO • Rahul M.

ਜਨਵਰੀ 2020, ਟੀ. ਮਰੱਮਾ ਅਤੇ ਉੱਪਡਾ ਵਿਖੇ ਉਨ੍ਹਾਂ ਦੇ ਵੱਡੇ ਸਾਰੇ ਘਰ ਦੇ ਅਵਸ਼ੇਸ਼। ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਉਨ੍ਹਾਂ ਦਾ ਸਾਂਝਾ ਪਰਿਵਾਰ ਇੱਥੇ ਹੀ ਰਹਿੰਦਾ ਹੁੰਦਾ ਸੀ

*****

ਆਂਧਰਾ-ਪ੍ਰਦੇਸ਼ ਦੀ 975 ਕਿਲੋਮਟਰ ਲੰਬੀ ਤੱਟਰੇਖਾ ਦੇ ਨਾਲ਼, ਪੂਰਬੀ ਗੋਦਾਵਰੀ ਜ਼ਿਲ੍ਹੇ ਵਿੱਚ ਸਥਿਤ ਉੱਪਡਾ ਦੇ  ਨਿਵਾਸੀਆਂ ਨੇ ਇੱਕ ਲੰਮੇ ਸਮੇਂ ਤੋਂ ਲਗਾਤਾਰ ਸਮੁੰਦਰ ਦੇ ਹਮਲਿਆਂ ਨੂੰ ਦੇਖਿਆ ਹੈ।

ਲਗਭਗ 50 ਸਾਲ ਪਹਿਲਾਂ ਜਦੋਂ ਮਰੱਮਾ ਦਾ ਪਰਿਵਾਰ ਨਵੇਂ ਘਰ ਵਿੱਚ ਰਹਿਣ ਗਿਆ, ਇਹ ਕੰਢੇ ਤੋਂ ਬਹੁਤ ਦੂਰ ਸਥਿਤ ਸੀ। “ਜਦੋਂ ਅਸੀਂ ਸਮੁੰਦਰੀ ਕੰਢੇ ਤੋਂ ਪੈਦਲ ਘਰ ਜਾਂਦੇ ਤਾਂ ਸਾਡੀਆਂ ਲੱਤਾਂ ਦੁਖਣ ਲੱਗਦੀਆਂ।” ਓ.ਚਿੰਨਾਬਾਈ (ਸਿਵਾ ਦੇ ਦਾਦਾ ਜੀ ਤੇ ਮਰੱਮਾ ਦੇ ਚਾਚਾ ਜੀ) ਯਾਦ ਕਰਦੇ ਹਨ। ਡੂੰਘੇ ਸਮੁੰਦਰ ਮੱਛੀ ਦਾ ਸ਼ਿਕਾਰ ਕਰਨ ਵਾਲ਼ੇ ਇਹ ਬਜ਼ੁਰਗ ਸ਼ਾਇਦ ਆਪਣੀ ਉਮਰ ਦੇ 70ਵੇਂ ਜਾਂ 80ਵੇਂ ਸਾਲ ਵਿੱਚ ਹੋਣਗੇ, ਉਹ ਇੱਕ ਸਮਾਂ ਚੇਤੇ ਕਰਦੇ ਹਨ, ਜਦੋਂ ਕੰਢੇ ਤੋਂ ਲੈ ਕੇ ਉਹਨਾਂ ਦੇ ਘਰ ਤੱਕ ਦਾ ਰਸਤਾ ਮਕਾਨਾਂ, ਦੁਕਾਨਾਂ ਅਤੇ ਕੁਝ ਸਰਕਾਰੀ ਇਮਾਰਤਾਂ ਨਾਲ਼ ਭਰਿਆ ਹੁੰਦਾ ਸੀ। “ਇਹੀ ਉਹ ਥਾਂ ਸੀ ਜਿੱਥੇ ਕਿਨਾਰਾ ਹੁੰਦਾ ਸੀ”, ਚਿੰਨਾਬਾਈ ਦੂਰ ਦੁਮੇਲ ਵੱਲ ਇਸ਼ਾਰਾ ਕਰਦੇ ਹਨ ਜਿੱਥੇ ਕੁਝ ਸਮੁੰਦਰੀ ਜਹਾਜ਼ ਸ਼ਾਮ ਦੇ ਧੁੰਦਲਕੇ ਵਿੱਚ ਫਿੱਕੇ ਪੈਂਦੇ ਜਾਂਦੇ ਹਨ।

“ਸਾਡੇ ਨਵੇਂ ਘਰ ਅਤੇ ਸਮੁੰਦਰ ਵਿਚਕਾਰ ਰੇਤ ਵੀ ਬਹੁਤ ਸੀ,” ਮਰੱਮਾ ਯਾਦ ਵਿੱਚ ਗੁਆਚਦਿਆਂ ਕਹਿੰਦੀ ਹਨ। “ਜਦੋਂ ਅਸੀਂ ਛੋਟੇ ਹੁੰਦੇ ਸਾਂ, ਅਸੀਂ ਰੇਤ ਦੇ ਟਿੱਲਿਆਂ ਵਿੱਚ ਖੇਡਦੇ ਹੁੰਦੇ ਤੇ ਉਹਨਾਂ ਵਿੱਚੋਂ ਦੀ ਲੰਘਦੇ ਹੁੰਦੇ ਸਾਂ।”

ਉੱਪਡਾ ਦੀਆਂ ਯਾਦਾਂ ਦਾ ਬਹੁਤਾ ਹਿੱਸਾ ਹੁਣ ਸਮੁੰਦਰ ਵਿੱਚ ਡੁੱਬਿਆ ਪਿਆ ਹੈ। ਵਿਜੇਵਾੜਾ ਦੇ ਆਂਧਰਾ ਪ੍ਰਦੇਸ਼ ਸਪੇਸ ਐਪਲੀਕੇਸ਼ਨ ਸੈਂਟਰ ਦੇ ਖੋਜਕਰਤਾਵਾਂ ਦੁਆਰਾ ਕੀਤੇ ਗਏ ਅਧਿਐਨ ਅਨੁਸਾਰ , 1989 ਤੋਂ 2018 ਦੇ ਵਿਚਕਾਰ ਉੱਪਡਾ ਦੀ ਤੱਟ ਰੇਖਾ ਔਸਤਨ ਹਰ ਸਾਲ 1.23 ਮੀਟਰ ਖ਼ਤਮ (ਖੁਰ ਗਈ) ਹੋਈ ਹੈ; 2017 ਤੋਂ 2018 ਵਿੱਚ ਇਹ 26.3 ਮੀਟਰ ਖੁਰੀ ਹੈ। ਇੱਕ ਹੋਰ ਅਧਿਐਨ ਅਨੁਸਾਰ ਪਿਛਲੇ ਚਾਰ ਦਹਾਕਿਆਂ ਤੋਂ ਹੁਣ ਤੱਕ ਸਮੁੰਦਰ ਨੇ ਕਾਕੀਨਾਡਾ ਦੇ ਉਪਨਗਰਾਂ ਵਿੱਚ 600 ਏਕੜ ਤੋਂ ਵੱਧ ਜ਼ਮੀਨ 'ਤੇ ਕਬਜ਼ਾ ਕੀਤਾ ਹੈ, ਜਿਸਦਾ ਇੱਕ-ਚੋਥਾਈ ਹਿੱਸਾ ਸਿਰਫ਼ ਉੱਪਡਾ ਅਤੇ ਕਾਕੀਨਾਡਾ ਡਿਵੀਜ਼ਨ ਵਿੱਚ ਸਥਿਤ ਕੋਥਾਪੱਲੇ ਮੰਡਲ ਨੇ ਹੀ ਗੁਆਇਆ ਹੈ। 2014 ਦੇ ਇੱਕ ਅਧਿਐਨ ਵਿੱਚ ਕਾਕੀਨਾਡਾ ਦੇ ਉੱਤਰ ਵਿੱਚ ਤੱਟ ਦੇ ਨਾਲ਼ ਰਹਿਣ ਵਾਲ਼ੇ ਮਛੇਰਿਆਂ ਦੇ ਹਵਾਲ਼ੇ ਨਾਲ਼ ਕਿਹਾ ਗਿਆ ਸੀ ਕਿ ਪਿਛਲੇ 25 ਵਰ੍ਹਿਆਂ ਵਿੱਚ ਸਮੁੰਦਰ ਦਾ ਰੇਤਲਾ ਕੰਢਾ ਕਈ ਸੌ ਮੀਟਰ ਤੱਕ ਸੁੰਗੜ ਚੁੱਕਾ ਹੈ।

Maramma’s old family home by the sea in 2019. It was washed away in 2021, in the aftermath of Cyclone Gulab.
PHOTO • Rahul M.
Off the Uppada-Kakinada road, fishermen pulling nets out of the sea in December 2021. The large stones laid along the shore were meant to protect the land from the encroaching sea
PHOTO • Rahul M.

ਖੱਬੇ : 2019 ਵਿੱਚ ਸਮੁੰਦਰ ਦੁਆਰਾ ਨਿਗ਼ਲ਼ਿਆ ਮਰੱਮਾ ਦਾ ਪੁਰਾਣਾ ਪਰਿਵਾਰਕ ਘਰ। ਸਤੰਬਰ 2021 ਵਿੱਚ ਚੱਕਰਵਾਤ ਗੁਲਾਬ ਤੋਂ ਬਾਅਦ ਅਸ਼ਾਂਤ ਸਮੁੰਦਰ ਨੇ ਇਹਨੂੰ ਆਪਣੇ ਵਿੱਚ ਰਲ਼ਾ ਲਿਆ। ਸੱਜੇ : ਦਸੰਬਰ 2021 ਨੂੰ ਉੱਪਡਾ-ਕਾਕੀਨਾਡਾ ਸੜਕ ' ਤੇ  ਮਛੇਰੇ ਸਮੁੰਦਰ ਵਿੱਚੋਂ ਆਪਣਾ ਜਾਲ਼ ਖਿੱਚਦੇ ਹੋਏ। ਸਮੁੰਦਰੀ ਕੰਢੇ ਦੇ ਨਾਲ਼ ਨਾਲ਼ ਵੱਡੇ ਵੱਡੇ ਪੱਥਰਾਂ ਦੇ ਰੱਖੇ ਜਾਣ ਦਾ ਮਤਲਬ ਹੈ ਪੈਰ ਪਸਾਰਦੇ ਸਮੁੰਦਰ ਤੋਂ ਜ਼ਮੀਨ ਨੂੰ ਬਚਾਉਣਾ

ਕਾਕੀਨਾਡਾ ਕਸਬੇ ਦੇ ਲਗਭਗ ਕੁਝ ਕੁ ਕਿਲੋਮੀਟਰ ਉੱਤਰ ਵੱਲ ਉੱਪਡਾ ਵਿਖੇ ਤੱਟਵਰਤੀ-ਖੋਰ ਦਾ ਮੁੱਖ ਕਾਰਨ ਹੈ ‘ਹੋਪ ਆਈਲੈਂਡ’ ਦਾ ਵਿਸਥਾਰ — ਇੱਕ 21-ਕਿਲੋਮੀਟਰ ਲੰਬੀ ਰੇਖਾਬੱਧ ਰੇਤਲੀ ਜਗ੍ਹਾ, ਜਿਸ ਨੂੰ ਵਿਗਿਆਨਕ ਤੌਰ 'ਤੇ ‘ਸਪਿਟ’ ਵਜੋਂ ਜਾਣਿਆ ਜਾਂਦਾ ਹੈ। ਇਹ ਸਪਿਟ ਗੋਦਾਵਰੀ ਨਦੀ ਦੀ ਸਹਾਇੱਕ ਨਦੀ ਨੀਲਾਰੇਵੂ ਦੇ ਮੁਹਾਣੇ ਤੋਂ ਉੱਤਰ ਵੱਲ ਕੁਦਰਤੀ ਤੌਰ 'ਤੇ ਵਧਿਆ ਸੀ,” ਡਾ. ਕਾਕਨੀ ਨਾਗੇਸ਼ਵਰ ਰਾਓ ਦੱਸਦੇ ਹਨ ਜੋ ਆਂਧਰਾ ਯੂਨੀਵਰਸਿਟੀ, ਵਿਸ਼ਾਖਾਪਟਨਮ ਵਿਖੇ ਭੂ-ਇੰਜੀਨੀਅਰਿੰਗ ਵਿਭਾਗ ਤੋਂ ਸੇਵਾਮੁਕਤ ਹੋਏ ਪ੍ਰੋਫ਼ੈਸਰ ਹਨ। “ਇਸ ਰੇਤ ਦੇ ਟੁਕੜੇ ਤੋਂ ਪਰਾਵਰਤਿਤ ਲਹਿਰਾਂ ਉੱਪਡਾ ਤੱਟ ਨਾਲ਼ ਟਕਰਾਉਂਦੀਆਂ ਹਨ, ਜਿਸ ਨਾਲ਼ ਉਸਦਾ ਭੂ-ਖੋਰ ਹੁੰਦਾ ਹੈ। ਸੰਭਾਵਿਤ ਤੌਰ 'ਤੇ ਇੱਕ ਸਦੀ ਤੋਂ ਵੱਧ ਸਮਾਂ ਪਹਿਲਾਂ ਸ਼ੁਰੂ ਹੋਏ ਇਸ ਰੇਤ ਦੇ ਸਪਿਟ ਨੇ 1950 ਦੇ ਦਹਾਕੇ ਵਿੱਚ ਆਪਣਾ ਲਗਭਗ ਮੌਜੂਦਾ ਰੂਪ ਪ੍ਰਾਪਤ ਕੀਤਾ ਸੀ,” ਪ੍ਰੋਫ਼ੈਸਰ ਦੱਸਦੇ ਹਨ, ਜੋ ਕਈ ਦਹਾਕਿਆਂ ਤੋਂ ਆਂਧਰਾ ਤੱਟ ਦੀਆਂ ਪ੍ਰਕਿਰਿਆਵਾਂ ਦੇ ਨਾਲ਼-ਨਾਲ਼ ਤੱਟਵਰਤੀ ਰੂਪਾਂ ਦਾ ਨੇੜਿਓਂ ਅਧਿਐਨ ਕਰ ਰਹੇ ਹਨ।

1900 ਦੇ ਦਹਾਕੇ ਦੇ ਸ਼ੁਰੂਆਤ ਦੇ ਦਫ਼ਤਰੀ ਦਸਤਾਵੇਜ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਉੱਪਡਾ ਦਾ ਵਰਤਾਰਾ ਇੱਕ ਸਦੀਂ ਪਹਿਲਾਂ ਪਛਾਣ ਲਿਆ ਗਿਆ ਸੀ। ਉਦਾਹਰਣ ਲਈ, 1907 ਦਾ ਗੋਦਾਵਰੀ ਡਿਸਟ੍ਰਿਕਟ ਗਜ਼ਟੀਅਰ ਦੱਸਦਾ ਹੈ ਕਿ ਸਮੁੰਦਰ 1900 ਤੋਂ ਲੈ ਕੇ ਉਦੋਂ ਤੱਕ ਉੱਪਡਾ ਵਿਖੇ 50 ਗਜ਼ ਤੋਂ ਵੀ ਵੱਧ ਜ਼ਮੀਨ ਨੂੰ ਖੋਰ ਚੁੱਕਿਆ ਸੀ— ਦੂਜੇ ਸ਼ਬਦਾਂ ਵਿੱਚ, ਉਹਨਾਂ ਸੱਤਾਂ ਸਾਲਾਂ ਵਿੱਚ ਪਿੰਡ ਨੇ ਹਰ ਸਾਲ ਸੱਤ ਮੀਟਰ ਜ਼ਮੀਨ ਗੁਆਈ ਸੀ।

“ਕਿਉਂਕਿ ਆਮ ਤੌਰ 'ਤੇ ਤੱਟਵਰਤੀ ਖੇਤਰ ਜਟਿਲ ਗਲੋਬਲ, ਖੇਤਰੀ ਅਤੇ ਸਥਾਨਕ ਵਰਤਾਰਿਆ ਦੇ ਆਪਸੀ ਤਾਲਮੇਲ ਕਾਰਨ ਬੜੇ ਗਤੀਸ਼ੀਲ ਖੇਤਰ ਹੁੰਦੇ ਹਨ,” ਡਾ. ਰਾਓ ਕਹਿੰਦੇ ਹਨ, “ ਉੱਪਡਾ ਵਿੱਚ ਤੱਟਵਰਤੀ ਭੂ-ਖੋਰ ਦੇ ਕਾਰਨ ਬਹੁ-ਆਯਾਮੀ ਹਨ।” ਬੰਗਾਲ ਦੀ ਖਾੜੀ ਵਿੱਚ ਵੱਧ ਰਹੀ ਚੱਕਰਵਾਤ ਦੀ ਬਾਰੰਬਾਰਤਾ ਤੋਂ ਇਲਾਵਾ ਗਲੋਬਲ ਵਾਰਮਿੰਗ (ਆਲਮੀ ਤਪਸ਼), ਧਰੁਵੀ ਬਰਫ਼ ਦਾ ਪਿਘਲਣਾ ਆਦਿ ਇਹਨਾਂ ਵਿੱਚੋਂ ਕੁਝ ਹਨ। ਗੋਦਾਵਰੀ ਬੇਸਿਨ ਵਿੱਚ ਵੱਧ ਰਹੇ ਡੈਮਾਂ ਦੇ ਕਾਰਨ ਦਰਿਆਵਾਂ ਦੇ ਮੁਹਾਣੇ 'ਤੇ ਤਲਛਟ ਖੇਪ ਵਿੱਚ ਭਾਰੀ ਕਮੀ, ਸਥਿਤੀ ਨੂੰ ਹੋਰ ਵਿਗਾੜ ਦਿੰਦੀ ਹੈ।

*****

ਜਿਓਂ ਜਿਓਂ ਇੱਥੋਂ ਦੀ ਜ਼ਮੀਨ ਅੰਸ਼-ਅੰਸ਼ ਕਰਕੇ ਸਮੁੰਦਰ ਵਿੱਚ ਅਲੋਪ ਹੁੰਦੀ ਜਾਂਦੀ ਹੈ, ਉੱਪਡਾ ਆਪਣੇ ਲੋਕਾਂ ਦੀ ਯਾਦ ਵਿੱਚ ਮੁੜ-ਸੁਰਜੀਤ ਹੁੰਦਾ ਜਾਂਦਾ ਹੈ।

ਇੱਕ ਪਿੰਡ ਵਾਸੀ ਨੇ ਮੈਨੂੰ ਤੇਲਗੂ ਫ਼ਿਲਮ ‘ਨਾਕੂ ਸਵਤੰਤਰਮ ਵਛਿੰਦੀ’ ਦੇਖਣ ਲਈ ਕਿਹਾ ਤਾਂ ਕਿ ਮੈਂ ਉਸ ਪਿੰਡ ਦੀ ਝਲਕ ਪਾ ਸਕਾਂ ਜੋ ਉਹਨਾਂ ਦੀਆਂ ਯਾਦਾਂ ਅਤੇ ਕਹਾਣੀਆਂ ਵਿੱਚ ਵੱਸਿਆ ਹੋਇਆ ਹੈ। ਮੈਂ 1975 ਦੀ ਇਸ ਫ਼ਿਲਮ ਵਿੱਚ ਇੱਕ ਵੱਖਰਾ ਉੱਪਡਾ ਦੇਖਦਾ ਹਾਂ: ਜਿੱਥੇ ਪਿੰਡ ਅਤੇ ਸਮੁੰਦਰ ਇੱਕ ਦੂਜੇ ਤੋਂ ਆਰਾਮਦਾਇਕ ਦੂਰੀ ’ਤੇ ਟਿਕੇ ਹੋਏ ਹਨ, ਇੱਕ ਸ਼ਾਨਦਾਰ ਰੇਤਲਾ ਕੰਢਾ ਉਨ੍ਹਾਂ ਨੂੰ ਵੱਖ ਕਰਦਾ ਹੈ। ਸਿੰਗਲ-ਫ਼੍ਰੇਮ ਸ਼ੂਟ ਵਿੱਚ ਕੈਪਚਰ ਕੀਤੇ ਗਏ ਸਮੁੰਦਰ ਅਤੇ ਰੇਤ ਨੇ ਫ਼ਿਲਮ ਦੇ ਮੁੱਖ-ਕ੍ਰਮ ਦ੍ਰਿਸ਼ਾਂ ਦੀ ਪਿੱਠਭੂਮੀ ਬਣਾਈ, ਸਮੁੰਦਰ ਤਟ ਇੰਨਾ ਕੁ ਚੌੜਾ ਤਾਂ ਸੀ ਹੀ ਕਿ ਚਾਲਕ ਦਲ ਅੱਡ-ਅੱਡ ਕੋਣਾਂ ਜ਼ਰੀਏ ਸ਼ੂਟ ਕਰ ਸਕਦੇ।

Pastor S. Kruparao and his wife, S. Satyavati, outside their church in Uppada, in September 2019.
PHOTO • Rahul M.
D. Prasad  grew up in the coastal village, where he remembers collecting shells on the beach to sell for pocket money. With the sand and beach disappearing, the shells and buyers also vanished, he says
PHOTO • Rahul M.

ਖੱਬੇ : ਪਾਦਰੀ ਐੱਸ. ਕਰੂਪਾਰਾਓ ਅਤੇ ਉਨ੍ਹਾਂ ਦੀ ਪਤਨੀ, ਐੱਸ. ਸਤਿਆਵਤੀ, ਸਤੰਬਰ 2019 ਨੂੰ ਉੱਪਡਾ ਵਿਖੇ ਆਪਣੀ ਚਰਚ ਦੇ ਬਾਹਰ। ਸੱਜੇ : ਡੀ. ਪ੍ਰਸਾਦ ਤੱਟੀ ਪਿੰਡ ਵਿਖੇ ਹੀ ਵੱਡੇ ਹੋਏ। ਉਹ ਆਪਣੇ ਬੇਲੀਆਂ ਦੇ ਨਾਲ਼ ਸਮੁੰਦਰ ਕੰਢੇ ਸਿੱਪੀਆਂ ਫੜ੍ਹਨ ਜਾਣ ਨੂੰ ਚੇਤੇ ਕਰਦੇ ਹਨ ਅਤੇ ਚੇਤੇ ਕਰਦੇ ਹਨ ਕਿ ਕਿਵੇਂ ਉਹ ਜੇਬ੍ਹ ਖਰਚੀ ਵਾਸਤੇ ਉਨ੍ਹਾਂ (ਸਿੱਪੀਆਂ) ਨੂੰ ਵੇਚ ਦਿਆ ਕਰਦੇ। ਰੇਤ ਅਤੇ ਸਮੁੰਦਰੀ ਕੰਢੇ ਦੇ ਅਲੋਪ ਹੁੰਦੇ ਜਾਣ ਦੇ ਨਾਲ਼ ਸਿੱਪੀਆਂ ਅਤੇ ਉਨ੍ਹਾਂ ਦੇ ਖ਼ਰੀਦਦਾਰ ਵੀ ਅਲੋਪ ਹੋ ਗਏ, ਉਹ ਕਹਿੰਦੇ ਹਨ

“ਮੈਂ  ਫ਼ਿਲਮ ਦੀ ਸ਼ੂਟਿੰਗ ਵੇਖੀ ਸੀ। ਜੋ ਕੁਝ ਕੁ ਕਲਾਕਾਰ ਸ਼ੂਟ ਲਈ ਆਏ ਸਨ, ਉਹ ਵੀ ਇਸੇ ਗੈਸਟ ਹਾਉਸ ਵਿੱਚ ਹੀ ਠਹਿਰੇ ਸਨ,” 68 ਸਾਲਾ ਐੱਸ. ਕਰੂਪਾਰਾਓ ਕਹਿੰਦੇ ਹਨ ਜੋ ਉੱਪਡਾ ਦੀ ਇੱਕ ਚਰਚ ਦੇ ਪਾਦਰੀ ਹਨ। “ਉਹ ਸਾਰਾ ਕੁਝ ਹੁਣ ਸਮੁੰਦਰ ਹੇਠ ਹੈ। ਇੱਥੋਂ ਤੱਕ ਕਿ ਉਹ ਗੈਸਟ ਹਾਉਸ ਵੀ।”

1961 ਵਿੱਚ ਪ੍ਰਕਾਸ਼ਿਤ ਪੂਰਬੀ ਗੋਦਾਵਰੀ ਦੀ ਜ਼ਿਲ੍ਹਾ ਜਣਗਣਨਾ ਹੈਂਡਬੁੱਕ ਵਿੱਚ ਵੀ ਇੱਕ ਗੈਸਟ ਹਾਉਸ ਦਾ ਹਵਾਲ਼ਾ ਮਿਲ਼ਦਾ ਹੈ: “ਸਮੁੰਦਰ ਦੇ ਕਿਨਾਰੇ ਤੋਂ ਇੱਕ ਫਰਲਾਂਗ ਦੀ ਦੂਰੀ ’ਤੇ ਦੋ ਕਮਰਿਆਂ ਵਾਲ਼ਾ ਇੱਕ ਬਹੁਤ ਹੀ ਅਰਾਮਦਾਇੱਕ ਯਾਤਰੀ-ਬੰਗਲਾ ਹੈ। ਕਿਹਾ ਜਾਂਦਾ ਹੈ ਕਿ ਇਹ ਪਿਛਲੇ ਯਾਤਰੀ ਬੰਗਲੇ ਨੂੰ ਸਮੁੰਦਰ ਦੁਆਰਾ ਨਿਗ਼ਲੇ ਜਾਣ ਤੋਂ ਬਾਅਦ ਬਣਾਇਆ ਗਿਆ ਸੀ।” ਇਸ ਤਰ੍ਹਾਂ 1975 ਵਿੱਚ ਨਾਕੂ ਦੇ ਕ੍ਰਿਊ ਮੈਂਬਰਾਂ ਦੁਆਰਾ ਵਰਤਿਆ ਗਿਆ ਇਹ ਦੂਸਰਾ ਗੈਸਟ ਸੀ ਜਿਹੜਾ ਲਹਿਰਾਂ ਦੇ ਹੇਠਾਂ ਅਲੋਪ ਹੋ ਚੁੱਕਾ ਹੈ।

ਸਮੁੰਦਰ ਦੁਆਰਾ ਨਿਗ਼ਲੀਆਂ ਗਈਆਂ ਕਲਾ-ਕ੍ਰਿਤੀਆਂ ਅਤੇ ਭਵਨਾਂ ਨੂੰ ਅਕਸਰ ਪੁਰਾਲੇਖ ਦੇ ਦਸਤਾਵੇਜਾਂ ਵਿੱਚ ਅਤੇ ਪੀੜ੍ਹੀ-ਦਰ-ਪੀੜ੍ਹੀ ਚੱਲਦੀਆਂ ਕਹਾਣੀਆਂ ਵਿੱਚ ਮੁੜ ਸੁਰਜੀਤ ਕੀਤਾ ਜਾਂਦਾ ਹੈ। ਪਿੰਡ ਦੇ ਬਜ਼ੁਰਗ ਲੋਕ ਆਪਣੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਨੂੰ ਯਾਦ ਕਰਦੇ ਹਨ ਜੋ ਕਈ ਸਾਲਾਂ ਤੋਂ ਸਮੁੰਦਰ ਵਿੱਚ ਡੁੱਬੇ ਹੋਏ ਇੱਕ ਵੱਡੇ ਪੱਥਰ, ‘ਪੇਡਾ ਰਾਈ’ ਬਾਰੇ ਗੱਲਾਂ ਕਰਿਆ ਕਰਦੇ ਸਨ। 1907  ਦਾ ਗਜ਼ਟੀਅਰ ਕੁਝ ਇਸੇ ਤਰ੍ਹਾਂ ਦਾ ਹੀ ਵਰਣਨ ਕਰਦਾ ਹੈ: “ਸਮੁੰਦਰ ਵਿੱਚ ਲਗਭਗ ਅੱਧਾ ਮੀਲ ਦੂਰ ਇੱਕ ਖੰਡਰ ਵਿੱਚ ਅਜੇ ਵੀ ਮਛੇਰਿਆਂ ਦੇ ਜਾਲ਼ ਫ਼ਸ ਜਾਂਦੇ ਹਨ ਅਤੇ ਬੱਚੇ ਉੱਛਲਦੀਆਂ ਲਹਿਰਾਂ ਨਾਲ਼ ਬੁੜ੍ਹਕ ਕੇ ਸਮੁੰਦਰ ਕਿਨਾਰੇ ਪੁੱਜੇ ਸਿੱਕਿਆਂ ਦੀ ਤਲਾਸ਼ ਕਰਦੇ ਹਨ ਜੋ ਕਦੇ-ਕਦਾਈਂ ਪਾਣੀ ਵਿੱਚ ਡੁੱਬੇ ਸ਼ਹਿਰ ਤੋਂ ਤਰ ਕੇ ਇੱਥੇ ਆ ਜਾਂਦੇ ਹਨ।”

1961 ਦੀਹੈਂਡਬੁੱਕ ਵਿੱਚ ਵੀ ਇਸ ਖੰਡਰ ਦਾ ਜ਼ਿਕਰ ਮਿਲਦਾ ਹੈ: “ਪੁਰਾਣੇ ਮਛੇਰੇ-ਲੋਕ ਕਹਿੰਦੇ ਹਨ ਕਿ ਕਿਨਾਰੇ ਤੋਂ ਇੱਕ ਮੀਲ ਦੂਰ ਮੱਛੀਆਂ ਫੜ੍ਹਨ ਲਈ ਆਪਣੀਆਂ ਕਿਸ਼ਤੀਆਂ ਜਾਂ ਬੇੜ੍ਹੀਆਂ ਵਿੱਚ ਸਫ਼ਰ ਕਰਦੇ ਹੋਏ ਉਹਨਾਂ ਦੇ ਜਾਲ਼ ਜਾਂ ਰੱਸੀਆਂ ਇਮਾਰਤਾਂ ਦੀਆਂ ਛੱਤਾਂ ਜਾਂ ਰੁੱਖਾਂ ਦੇ ਤਣਿਆਂ ਵਿੱਚ ਫ਼ਸ ਜਾਦੀਆਂ ਹਨ ਅਤੇ ਉਹਨਾਂ ਮੁਤਾਬਕ ਸਮੁੰਦਰ ਪਿੰਡ ਵੱਲ ਕਦਮ ਵਧਾ ਰਿਹਾ ਹੈ।”

ਉਦੋਂ ਤੋਂ ਹੁਣ ਤੱਕ ਇਹ ਲਾਲਸੀ ਸਮੁੰਦਰ ਇਸ ਪਿੰਡ ਦਾ ਬਹੁਤ ਕੁਝ ਨਿਗ਼ਲ ਚੁੱਕਾ ਹੈ: ਇਸਦੇ ਲਗਭਗ ਸਾਰੇ ਰੇਤਲੇ ਕੰਢੇ, ਅਣਗਿਣਤ ਘਰ, ਇੱਕ ਮੰਦਿਰ ਤੇ ਮਸਜਿਦ ਵੀ। ਪਿਛਲੇ ਦਹਾਕੇ ਦੌਰਾਨ ਲਹਿਰਾਂ ਨੇ ਇੱਕ 1,463 ਮੀਟਰ ਲੰਬੇ ‘ਜਿਓਟਿਊਬ’ ਨੂੰ ਵੀ ਤਬਾਹ ਕਰ ਦਿੱਤਾ ਜਿਹੜਾ 2010 ਵਿੱਚ ਲਗਭਗ 12.16 ਕਰੋੜ ਰੁਪਏ ਦੀ ਲਾਗਤ ਨਾਲ਼  ਉੱਪਡਾ ਦੀ ਸੁਰੱਖਿਆ ਦੇ ਮੱਦੇਨਜ਼ਰ ਬਣਾਇਆ ਗਿਆ ਸੀ। ਜਿਓਟਿਊਬ ਰੇਤ ਅਤੇ ਪਾਣੀ ਦੇ ਗਾੜ੍ਹੇ ਮਿਸ਼ਰਨ ਨਾਲ਼ ਭਰੇ ਵੱਡੇ ਨਾਲ਼ੀਦਾਰ ਕੰਟੇਨਰ ਹੁੰਦੇ ਹਨ, ਜਿਹੜੇ ਸਮੁੰਦਰੀ ਕਿਨਾਰਿਆਂ ਦੀ ਸੁਰੱਖਿਆ ਅਤੇ ਸੁਧਾਰ ਲਈ ਵਰਤੇ ਜਾਂਦੇ ਹਨ। “ਇੰਨ੍ਹਾਂ 15 ਸਾਲਾਂ ਵਿੱਚ ਮੈਂ ਲਹਿਰਾਂ ਦੀ ਰਗੜ ਕਾਰਨ ਲਗਭਗ ਦੋ ਵਰਗ ਫੁੱਟ ਵੱਡੇ ਪੱਥਰਾਂ ਨੂੰ ਛੇ-ਛੇ ਇੰਚ ਦੇ ਕੰਕਰਾਂ ਵਿੱਚ ਪਿਘਲਦੇ ਵੇਖਿਆ ਹੈ,” 24 ਸਾਲਾ ਡੀ. ਪ੍ਰਸਾਦ ਕਹਿੰਦੇ ਹਨ ਜੋ ਗੁਆਂਢ ਵਿੱਚ ਵੱਡੇ ਹੋਏ ਇੱਕ ਪਾਰਟ-ਟਾਈਮ ਮਛੇਰੇ ਹਨ।

Remnants of an Uppada house that was destroyed by Cyclone Gulab.
PHOTO • Rahul M.
O. Chinnabbai, Maramma's uncle, close to where their house once stood
PHOTO • Rahul M.

ਖੱਬੇ : ਪਿਛਲੇ ਸਾਲ ਚੱਕਰਵਾਤ ਗੁਲਾਬ ਦੇ ਆਉਣ ਨਾਲ਼ ਨੁਕਸਾਨੇ ਗਏ ਘਰ ਦੇ ਅਵਸ਼ੇਸ਼। ਸੱਜੇ : ਓ. ਚਿੰਨਾਬਬਾਈ, ਮਰੱਮਾ ਦੇ ਚਾਚਾ, ਐਨ ਉਸੇ ਥਾਂ ' ਤੇ ਖੜ੍ਹੇ ਹੋਏ ਜਿੱਥੇ ਕਦੇ ਉਨ੍ਹਾਂ ਦਾ ਘਰ ਖੜ੍ਹਾ ਸੀ

2021 ਵਿੱਚ ਪ੍ਰਕਾਸ਼ਿਤ ਹੋਈ ਇੱਕ ਤੇਲਗੂ ਫ਼ਿਲਮ ‘ਉੱਪਨਾ’, ਇੱਕ ਬਹੁਤ ਹੀ ਬਦਲੇ ਹੋਏ ਉੱਪਡਾ ਨੂੰ ਦਰਸਾਉਂਦੀ ਹੈ, ਜਿਸ ਵਿੱਚ ਪਿੰਡ ਨੂੰ ਸਮੁੰਦਰ ਤੋਂ ਬਚਾਉਣ ਲਈ ਵੱਡੇ-ਛੋਟੇ ਪੱਥਰਾਂ ਨੂੰ ਕੰਢੇ ਵਜੋਂ ਵਰਤਿਆ ਗਿਆ ਹੈ। 1975 ਦੀ ਫ਼ਿਲਮ ਦੇ ਉਲਟ, ਪਿੰਡ ਅਤੇ ਸਮੁੰਦਰ ਨੂੰ ਇੱਕ ਸਿੰਗਲ-ਫ੍ਰੇਮ ਵਿੱਚ ਦਰਸਾਉਣ ਲਈ ਪੰਛੀ ਦੀ ਵਿੰਨ੍ਹਵੀ ਨਜ਼ਰ ਜਿਹਾ ਸ਼ੂਟ ਲੈਣਾ ਪਿਆ, ਕਿਉਂਕਿ ਇੱਥੇ ਕੈਮਰਾ ਲਗਾਉਣ ਲਈ ਮੁਸ਼ਕਿਲ ਨਾਲ਼ ਹੀ ਕੋਈ ਤੱਟ ਸੀ।

ਹਾਲ ਦੇ ਸਮੇਂ ਵਿੱਚ ਉੱਪਡਾ ਦੇ ਸਮੁੰਦਰੀ ਕੰਢੇ ‘ਤੇ ਸ਼ਾਇਦ ਸਭ ਤੋਂ ਭਿਆਨਕ ਹਮਲਾ ਸਤੰਬਰ 2021 ਦੇ ਅਖ਼ੀਰਲੇ ਹਿੱਸੇ ਆਇਆ ਚੱਕਰਵਾਤ ਗੁਲਾਬ ਸੀ, ਜਦੋਂ ਸਮੁੰਦਰ ਨੇ ਘੱਟੋ-ਘੱਟ 30 ਘਰ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦਸੰਬਰ ਵਿੱਚ ਚੱਕਰਵਾਤ ਜਵਾਦ ਨੇ ਨਵੀਂ ਬਣੀ ਉੱਪਡਾ-ਕਾਕੀਨਾਡਾ ਸੜਕ ਨੂੰ ਬੁਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ।

ਗੁਲਾਬ ਤੋਂ ਬਾਅਦ ਅਸ਼ਾਂਤ ਹੋਇਆ ਸਮੁੰਦਰ ਅਕਤੂਬਰ ਦੇ ਸ਼ੁਰੂਆਤੀ ਸਮੇਂ ਵਿੱਚ ਮਰੱਮਾ ਦੇ ਪੁਰਾਣੇ ਘਰ ਦੇ ਬਚੇ-ਖੁਚੇ ਹਿੱਸੇ ਨੂੰ ਵੀ ਨਾਲ਼ ਵਹਾ ਲੈ ਗਿਆ। ਇਸਨੇ ਉਸ ਘਰ ਨੂੰ ਵੀ ਬਰਬਾਦ ਕਰ ਦਿੱਤਾ ਜਿਸ ਵਿੱਚ ਦੋਵੇਂ ਪਤੀ-ਪਤਨੀ ਰਹਿ ਰਹੇ ਸਨ।

*****

''ਪਿਛਲੇ ਚੱਕਰਵਾਤ (ਗੁਲਾਬ) ਤੋਂ ਬਾਅਦ ਸਾਡੇ ਵਿੱਚੋਂ ਬਹੁਤਿਆਂ ਨੂੰ ਦੂਜੇ ਲੋਕਾਂ ਦੇ ਘਰਾਂ ਦੇ ਬਾਹਰ ਚਬੂਤਰਿਆਂ 'ਤੇ ਸੌਣ ਲਈ ਮਜਬੂਰ ਹੋਣਾ ਪਿਆ,” 2021 ਵਿੱਚ ਹੋਈ ਤਬਾਹੀ ਨੂੰ ਯਾਦ ਕਰਦਿਆਂ ਮਰੱਮਾ ਦੀ ਅਵਾਜ਼ ਕੰਬ ਜਾਂਦੀ ਹੈ।

2004 ਵਿੱਚ ਜਦੋਂ ਉਸ ਚੱਕਰਵਾਤ ਨੇ ਉਹਨਾਂ ਨੂੰ ਆਪਣੇ ਜੱਦੀ ਘਰ ਨੂੰ ਛੱਡਣ ਲਈ ਮਜ਼ਬੂਰ ਕੀਤਾ ਤਾਂ ਮਰੱਮਾ ਅਤੇ ਉਹਨਾਂ ਦੇ ਪਤੀ ਟੀ. ਬਬਈ, ਜੋ ਡੂੰਘੇ-ਸਮੁੰਦਰ ਦੇ ਮਛੇਰੇ ਹਨ, ਨੂੰ ਦੋ ਘਰਾਂ ਵਿੱਚ ਰਹਿਣਾ ਪਿਆ ਪਹਿਲਾਂ, ਇੱਕ ਕਿਰਾਏ ਦੇ ਮਕਾਨ ‘ਚ ਅਤੇ ਦੂਜਾ, ਆਪਣੇ ਖ਼ੁਦ ਦੇ ਮਕਾਨ ’ਚ। ਪਿਛਲੇ ਸਾਲ ਦੇ ਚੱਕਰਵਾਤ ਨੇ ਉਸ ਘਰ ਨੂੰ ਸਮੁੰਦਰ ਵਿੱਚ ਗ਼ਰਕ ਕਰ ਦਿੱਤਾ। ਅੱਜ ਇਹ ਜੋੜਾ ਗੁਆਂਢ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਦੇ ਬਾਹਰ ਚਬੂਤਰੇ ’ਤੇ ਖੁੱਲ੍ਹੇ ਵਿੱਚ ਰਹਿੰਦਾ ਹੈ।

“ਕਿਸੇ ਸਮੇਂ ਅਸੀਂ ਆਰਥਿਕ ਤੌਰ 'ਤੇ ਮਜ਼ਬੂਤ [ਉਧਾਰ ਚੁਕਾਉਣ ਦੇ ਯੋਗ ਅਤੇ ਮੁਕਾਬਲਤਨ ਵਧੀਆ] ਪਰਿਵਾਰ ਸਾਂ,” ਮਰੱਮਾ ਕਹਿੰਦੀ ਹਨ। ਉਹਨਾਂ ਦੀ ਥਾਂ-ਬਦਲੀ ਅਤੇ ਪੁਨਰ-ਨਿਰਮਾਣ ਦੇ ਖ਼ਰਚੇ ਅਤੇ ਚਾਰ ਧੀਆਂ ਦੇ ਵਿਆਹ ਦੇ ਖਰਚਿਆਂ ਨੇ ਰਲ਼ ਕੇ ਪਰਿਵਾਰ ਦੀ ਬੱਚਤ ਨੂੰ ਕਾਫ਼ੀ ਹੱਦ ਤੱਕ ਖ਼ਤਮ ਕਰ ਦਿੱਤਾ।

M. Poleshwari outside her third house; the first two were lost to the sea. “We take debts again and the house gets submerged again”
PHOTO • Rahul M.
M. Poleshwari outside her third house; the first two were lost to the sea. “We take debts again and the house gets submerged again”
PHOTO • Rahul M.

ਖੱਬੇ : ਮਰੱਮਾ ਦੇ ਪੁਰਾਣੇ ਘਰ ਵਿੱਚ ਅੱਠ ਕਮਰੇ ਸਨ। ' ਉਸ ਘਰ ਵਿੱਚ ਕਰੀਬ 100 ਲੋਕ ਰਿਹਾ ਕਰਦੇ ਸਨ, ' ਉਹ ਕਹਿੰਦੀ ਹਨ। ਸੱਜੇ : ਐੱਮ.ਪੋਲੇਸ਼ਵਰੀ ਆਪਣੇ ਤੀਜੇ ਘਰ ਦੇ ਬਾਹਰ ; ਉਨ੍ਹਾਂ ਦੇ ਪਹਿਲੇ ਦੋ ਘਰ ਸਮੁੰਦਰ ਵਿੱਚ ਸਮਾ ਗਏ। ਉਹ ਕਹਿੰਦੀ ਹਨ : ' ਅਸੀਂ ਦੋਬਾਰਾ ਦੋਬਾਰਾ ਕਰਜ਼ਾ ਚੁੱਕਦੇ ਹਾਂ ਅਤੇ ਘਰ ਬਣਾਉਂਦੇ ਹਾਂ ਅਤੇ ਸਮੁੰਦਰ ਵੀ ਬਾਰ ਬਾਰ ਸਾਡੇ ਘਰਾਂ ਨੂੰ ਨਿਗਲ਼ਦਾ ਜਾਂਦਾ ਹੈ ''

“ਅਸੀਂ ਮਕਾਨ ਬਣਾਉਣ ਲਈ ਲੋਕਾਂ ਤੋਂ ਕਰਜ਼ਾ ਲਿਆ ਸੀ, ਪਰ ਘਰ ਡੁੱਬ ਗਿਆ,” ਇਥੋਂ ਦੇ ਇੱਕ ਮਛੇਰੇ ਪਰਿਵਾਰ ਦੇ ਐੱਮ. ਪੋਲੇਸ਼ਵਰੀ ਮਰੱਮਾ ਦੇ ਦੁੱਖ ਵਿੱਚ ਸਾਂਝ ਮਹਿਸੂਸ ਕਰਦੇ ਹੋਏ ਕਹਿੰਦੀ ਹਨ, “ਅਸੀਂ ਦੁਬਾਰਾ ਕਰਜ਼ਾ ਲੈਂਦੇ ਹਾਂ ਅਤੇ ਘਰ ਫਿਰ ਡੁੱਬ ਜਾਂਦਾ ਹੈ।” ਸਮੁੰਦਰ ਹੁਣ ਤੱਕ ਪੋਲੇਸ਼ਵਰੀ ਦੇ ਦੋ ਘਰ ਨਿਗਲ਼ ਚੁੱਕਿਆ ਹੈ। ਹੁਣ ਆਪਣੇ ਤੀਜੇ ਘਰ ਵਿੱਚ ਰਹਿੰਦੇ ਹੋਏ ਉਹ ਆਪਣੇ ਪਰਿਵਾਰ ਦੇ ਵਿੱਤ ਅਤੇ ਆਪਣੇ ਪਤੀ, ਜੋ ਕਿ ਡੂੰਘੇ-ਸਮੁੰਦਰ ਦੇ ਮਛੇਰੇ ਹਨ, ਦੀ ਸੁਰੱਖਿਆ ਬਾਰੇ ਹਮੇਸ਼ਾ ਚਿੰਤਤ ਰਹਿੰਦੀ ਹਨ। “ਜਦੋਂ ਉਹ ਬਾਹਰ ਜਾਂਦੇ ਹਨ ਜੇ ਉਦੋਂ ਚੱਕਰਵਾਤ ਆਇਆ ਹੋਵੇ ਤਾਂ ਉਹ ਮਰ ਵੀ ਸਕਦੇ ਹਨ। ਪਰ ਅਸੀਂ ਹੋਰ ਕੀ ਕਰ ਸਕਦੇ ਹਾਂ? ਸਮੁੰਦਰ ਹੀ ਸਾਡੀ ਰੋਜ਼ੀ-ਰੋਟੀ ਦਾ ਸਾਧਨ ਹੈ।”

ਆਮਦਨ ਦੇ  ਹੋਰ ਸ੍ਰੋਤ ਵੀ ਸੁੱਕ ਰਹੇ ਹਨ। ਪ੍ਰਸਾਦ ਯਾਦ ਕਰਦੇ ਹਨ ਕਿ ਜਦੋਂ ਉਹ ਛੋਟੇ ਹੁੰਦੇ ਸੀ , ਉਹ ਅਤੇ ਉਹਨਾਂ ਦੇ ਮਿੱਤਰ ਨੀਵੀਆਂ ਲਹਿਰਾਂ ਦੌਰਾਨ ਸਮੁੰਦਰੀ ਕਿਨਾਰੇ ਸਿੱਪੀਆਂ ਅਤੇ ਕੇਕੜੇ ਲੱਭਣ ਜਾਂਦੇ ਹੁੰਦੇ ਸਨ। ਜਿਨ੍ਹਾਂ ਨੂੰ ਉਹ ਆਪਣੀ ਜੇਬ੍ਹ-ਖਰਚੀ ਲਈ ਵੇਚ ਦਿੰਦੇ। ਰੇਤ ਅਤੇ ਤੱਟ ਦੇ ਤੇਜ਼ੀ ਨਾਲ਼ ਅਲੋਪ ਹੋਣ ਦੇ ਕਾਰਨ ਸਿੱਪੀਆਂ ਵੀ ਖ਼ਤਮ ਹੋ ਰਹੀਆਂ ਹਨ; ਖ਼ਰੀਦਦਾਰਾਂ ਨੇ ਵੀ ਸਮੇਂ ਦੇ ਨਾਲ਼ ਜਲਦੀ ਹੀ ਆਪਣਾ ਰੁਖ਼ ਬਦਲ ਲਿਆ।

“ਅਸੀਂ ਇਹਨਾਂ ਸਿੱਪੀਆਂ ਨੂੰ ਵੇਚਣ ਦੀ ਉਮੀਦ ਨਾਲ਼ ਇੱਕਠੀਆਂ ਕਰਦੇ ਸਾਂ,” ਆਪਣੇ ਘਰ ਦੇ ਬਾਹਰ ਧੁੱਪੇ ਸੁੱਕ ਰਹੀਆਂ ਸਿੱਪੀਆਂ ਵੱਲ ਦੇਖਦੇ ਹੋਏ ਪੋਲੇਸ਼ਵਰੀ ਕਹਿੰਦੇ ਹਨ। “ਪਹਿਲਾਂ ਲੋਕ ਇੱਥੇ ਚਿਲਾਉਂਦੇ ਹੋਏ ਆਉਂਦੇ ਸੀ, ‘ਅਸੀਂ ਸਿੱਪੀਆਂ ਖਰੀਦਣੀਆਂ ਨੇ, ਅਸੀਂ ਸਿੱਪੀਆਂ ਖਰੀਦਣੀਆਂ ਨੇ’—ਹੁਣ ਉਹ ਵਿਰਲੇ ਹੀ ਆਉਂਦੇ ਹਨ।”

ਸਤੰਬਰ 2021 ਦੇ ਚੱਕਰਵਾਤ ਤੋਂ ਬਾਅਦ ਮਰੱਮਾ ਅਤੇ ਮੱਛੀ ਬਸਤੀ ਦੇ ਹੋਰ 290 ਲੋਕਾਂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਰੈਡੀ ਨੂੰ ਉਹਨਾਂ ਦੇ ਪਿੰਡ ਵਿੱਚ ਵੱਧ ਰਹੇ ਖ਼ਤਰੇ ਅਤੇ ਸੰਕਟ ਵੱਲ ਧਿਆਨ ਦਿਵਾਉਣ ਲਈ ਪੱਤਰ ਲਿਖਿਆ। “ਉਸ ਤੋਂ ਪਹਿਲਾਂ ਸ਼੍ਰੀ ਵਾਈ.ਐੱਸ. ਰਾਜਸ਼ੇਖਰ ਰੈਡੀ ਗਰੂ (ਸਾਬਕਾ ਮੁੱਖ ਮੰਤਰੀ) ਨੇ ਉੱਪਡਾ ਪਿੰਡ ਦੇ ਤੱਟ ਦੇ ਨਾਲ਼ ਵੱਡੇ ਪੱਥਰ ਰਖਵਾਏ ਸਨ ਅਤੇ ਪਿੰਡ ਨੂੰ ਸਮੁੰਦਰ ਵਿੱਚ ਮਿਲਣ ਤੋਂ ਬਚਾਇਆ ਸੀ। ਇਨ੍ਹਾਂ ਪੱਥਰਾਂ ਨੇ ਸਾਨੂੰ ਨਾਲ਼ੋਂ-ਨਾਲ਼ ਆਉਣ ਵਾਲ਼ੇ ਚੱਕਰਵਾਤਾਂ ਅਤੇ ਸੁਨਾਮੀਆਂ ਤੋਂ ਬਚਾਇਆ,” ਉਹਨਾਂ ਨੇ ਪੱਤਰ ਵਿੱਚ ਲਿਖਿਆ।

The stretch from the fishing colony to the beach, in January 2020. Much of it is underwater now.
PHOTO • Rahul M.
The Uppada-Kakinada road became unsafe after it was damaged by Cyclone Jawad in December 2021. A smaller road next to it is being used now
PHOTO • Rahul M.

ਖੱਬੇ : ਜਨਵਰੀ 2020 ਵਿੱਚ, ਮੱਛੀ ਕਲੋਨੀ ਤੋਂ ਸਮੁੰਦਰੀ ਕੰਢੇ ਤੱਕ ਦਾ ਰਸਤਾ। ਹੁਣ ਇਹਦਾ ਬਹੁਤੇਰਾ ਹਿੱਸਾ ਪਾਣੀ ਅੰਦਰ ਹੈ। ਸੱਜੇ : ਦਸੰਬਰ 2021 ਵਿੱਚ ਜਵਾਦ ਚੱਕਰਵਾਤ ਨਾਲ਼ ਨੁਕਸਾਨੇ ਜਾਣ ਦੇ ਚੱਲਦਿਆਂ ਉੱਪਡਾ-ਕਾਕੀਨਾਡਾ ਦੀ ਸੜਕ ਅਸੁਰੱਖਿਅਤ ਹੋ ਗਈ ਹੈ। ਹੁਣ ਇਹਦੇ ਨਾਲ਼ ਕਰਕੇ ਬਣਾਈ ਗਈ ਛੋਟੀ ਸੜਕ ਹੀ ਵਰਤੀ ਜਾ ਰਹੀ ਹੈ

“ਹੁਣ ਚੱਕਰਵਾਤਾਂ ਦੀ ਵੱਧਦੀ ਗਿਣਤੀ ਕਾਰਨ, ਕੰਢੇ ਦੇ ਵੱਡੇ ਪੱਥਰ ਖਿਸਕ ਗਏ ਹਨ ਅਤੇ ਬੰਨ੍ਹ ਨਸ਼ਟ ਹੋ ਗਿਆ ਹੈ। ਪੱਥਰਾਂ ਨੂੰ ਬੰਨ੍ਹਣ ਵਾਲੀ ਰੱਸੀ ਵੀ ਖਰਾਬ ਹੋ ਚੁੱਕੀ ਹੈ। ਇਸ ਲਈ ਘਰ ਅਤੇ ਝੌਂਪੜੀਆਂ ਸਮੁੰਦਰ ਦੇ ਆਮ੍ਹੋ-ਸਾਹਮਣੇ ਹੋ ਗਈਆਂ ਹਨ। ਸਮੁੰਦਰੀ ਕਿਨਾਰੇ ਦੇ ਮਛੇਰੇ ਦਹਿਸ਼ਤ ਵਿੱਚ ਜੀ ਰਹੇ ਹਨ,” ਉਹਨਾਂ ਨੇ ਅੱਗੇ ਕਿਹਾ ਅਤੇ ਬੇਨਤੀ ਕੀਤੀ ਕਿ ਇੱਥੇ ਵੱਡੇ ਪੱਥਰ ਪੁਨਰ-ਸਥਾਪਿਤ ਕੀਤੇ ਜਾਣ।

ਹਾਲਾਂਕਿ , ਡਾ. ਰਾਓ ਅਨੁਸਾਰ , ਇਸ ਗੱਲ ਦੇ ਬਹੁਤ ਘੱਟ ਸਬੂਤ ਹਨ ਕਿ ਵੱਡੇ ਪੱਥਰ ਦ੍ਰਿੜ ਸਮੁੰਦਰ ਦੇ ਵਿਰੁੱਧ ਸਥਾਈ ਰੱਖਿਆ ਪ੍ਰਦਾਨ ਕਰ ਸਕਦੇ ਹਨ ; ਹਾਂ ਇੱਕ ਆਰਜ਼ੀ ਉਪਾਅ ਵਜੋਂ ਇਹ ਸਭ ਤੋਂ ਵਧੀਆ ਰਹਿੰਦੇ ਹਨ ਕਿਉਂਕਿ ਸਮੁੰਦਰ ਦਾ ਅੱਗੇ ਵਧਣਾ ਜਾਰੀ ਹੈ। ਜਾਇਦਾਦ ਦੀ ਰੱਖਿਆ ਕਰਨ ਦੀ ਕੋਸ਼ਿਸ਼ ਨਾ ਕਰੋ। ਤੱਟ ਦੀ ਰੱਖਿਆ ਕਰੋ , ਤੱਟ ਤੁਹਾਡੀ ਜਾਇਦਾਦ ਦੀ ਰੱਖਿਆ ਕਰਦਾ ਹੈ ,” ਉਹ ਕਹਿੰਦੇ ਹਨ ਅਤੇ ਅੱਗੇ ਆਖਦੇ ਹਨ ਕਿ ਉੱਪਡਾ ਵਿਖੇ ਸਮੁੰਦਰ ਦੀ ਤੱਟਵਰਤੀ ਵਾੜ ਭੂ-ਖੋਰ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ , ਜਿਵੇਂ ਪੱਥਰ ਦੇ ਵਿਸ਼ਾਲ ਢਾਂਚੇ ਜੋ ਜਾਪਾਨ ਦੇ ਕੈਕੇ ਤਟ ' ਤੇ ਲਹਿਰਾਂ ਨੂੰ ਤੋੜ ਕੇ ਖਿੰਡਾ ਦਿੰਦੇ ਹਨ।

*****

ਭਾਵੇਂ ਕਿ ਸਮੁੰਦਰ ਆਪਣੇ ਨਿਯਮਿਤ ਕਾਰਜ ਵਿੱਚ ਲੱਗਾ ਹੋਇਆ ਹੈ, ਪਿੰਡ ਆਪਣੀ ਸਮਾਜਿਕ ਤਬਦੀਲੀਆਂ ਦਾ ਗਵਾਹ ਬਣ ਰਿਹਾ ਹੈ। ਉੱਪਡਾ ਆਪਣੀਆਂ ਸ਼ਾਨਦਾਰ ਹੱਥ-ਬੁਣਤ ਸਾੜੀਆਂ ਲਈ ਮਸ਼ਹੂਰ ਹੈ, 80ਵਿਆਂ ਵਿੱਚ ਇੱਥੋਂ ਦਾ ਜੁਲਾਹਾ ਭਾਈਚਾਰਾ ਸਮੁੰਦਰੀ ਕੰਢੇ ਵੱਸੇ ਪਿੰਡਾਂ ਨੂੰ ਛੱਡ ਅੰਦਰੂਨੀ ਹਿੱਸਿਆਂ ਵੱਲ ਰਹਿਣ ਚਲਾ ਗਿਆ ਜਿੱਥੇ ਸਰਕਾਰ ਨੇ ਉਨ੍ਹਾਂ ਨੂੰ ਕੁਝ ਜ਼ਮੀਨ ਅਲਾਟ ਕੀਤੀ ਸੀ। ਉੱਚ ਜਾਤੀਆਂ ਨਾਲ਼ ਸਬੰਧ ਰੱਖਣ ਵਾਲ਼ੇ ਵਧੇਰੇ ਅਮੀਰ-ਪੇਂਡੂ ਲੋਕ ਵੀ ਹੌਲ਼ੀ-ਹੌਲ਼ੀ ਸਮੁੰਦਰ ਤੋਂ ਦੂਰ ਭੱਜਣ ਲੱਗੇ। ਪਰ ਮਛੇਰੇ ਭਾਈਚਾਰੇ ਕੋਲ਼ ਉੱਥੇ ਹੀ ਰਹਿਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਕਿਉਂਕਿ ਉਹਨਾਂ ਦੀ ਸਾਰੀ ਰੋਜ਼ੀ-ਰੋਟੀ ਹੀ ਪੂਰੀ ਤਰ੍ਹਾਂ ਸਮੁੰਦਰ ਨਾਲ਼ ਜੁੜੀ ਹੋਈ ਸੀ।

ਉੱਚ ਜਾਤੀਆ ਦੇ ਸੁਰੱਖਿਅਤ ਖੇਤਰਾਂ ਵੱਲ ਭੱਜਣ ਨਾਲ਼ ਜਾਤ-ਪ੍ਰਣਾਲੀ ਦੇ ਕੁਝ ਰੀਤੀ-ਰਿਵਾਜ ਕਮਜ਼ੋਰ ਹੋਣ ਲੱਗੇ; ਉਦਾਹਰਣ ਵਜੋਂ ਹੁਣ ਮਛੇਰੇ ਭਾਈਚਾਰੇ ਨੂੰ ਉੱਚ ਜਾਤੀਆਂ ਦੇ ਤਿਉਹਾਰਾਂ ਲਈ ਮੁਫ਼ਤ ਸ਼ਿਕਾਰ ਦੇਣ ਲਈ ਮਜ਼ਬੂਰ ਨਹੀਂ ਕੀਤਾ ਜਾਂਦਾ ਸੀ। ਹੌਲੀ-ਹੌਲੀ ਮਛੇਰੇ ਭਾਈਚਾਰੇ ਨੇ ਈਸਾਈ ਧਰਮ ਵੱਲ ਮੁੜਨਾ ਸ਼ੁਰੂ ਕਰ ਦਿੱਤਾ। “ਕਈ ਆਪਣੀ ਅਜ਼ਾਦੀ ਲਈ ਧਰਮ ਵਿੱਚ ਸ਼ਾਮਲ ਹੋਏ,” ਪਾਦਰੀ ਕਰੁਪਾਰਾਓ ਕਹਿੰਦੇ ਹਨ। ਇੱਥੇ ਜ਼ਿਆਦਾਤਰ ਲੋਕ ਬਹੁਤ ਗਰੀਬ ਹਨ  ਅਤੇ ਉਨ੍ਹਾਂ ਸਮਾਜਿਕ ਸਮੂਹਾਂ ਨਾਲ਼ ਸਬੰਧ ਰੱਖਦੇ ਹਨ ਜੋ ਅਸਲ ਵਿੱਚ ਪੱਛੜੀਆਂ ਜਾਤੀਆਂ ਵਜੋਂ ਸ਼੍ਰੇਣੀਬੱਧ ਕੀਤੇ ਗਏ ਹਨ। ਕਰੁਪਾਰਾਓ ਨੂੰ ਈਸਾਈ ਧਰਮ ਅਪਨਾਉਣ ਤੋਂ ਪਹਿਲਾਂ ਜਾਤੀ ਅਪਮਾਨ ਦੇ ਕਈ ਮੌਕਿਆਂ ਦਾ ਅਨੁਭਵ ਅੱਜ ਵੀ ਯਾਦ ਹੈ।

Poleru and K. Krishna outside their home, in 2019. The structure was washed away in 2021 after Cyclone Gulab struck the coast.
PHOTO • Rahul M.
The cyclone also wrecked the fishing colony's church, so prayers are offered in the open now
PHOTO • Rahul M.

ਖੱਬੇ : 2019 ਵਿੱਚ, ਕੇ. ਪੋਲੇਰੂ ਅਤੇ ਕੇ. ਕ੍ਰਿਸ਼ਨਾ ਆਪੋ-ਆਪਣੇ ਘਰ ਦੇ ਬਾਹਰ। ਇਹ ਢਾਂਚਾ ਪਿਛਲੇ ਸਾਲ ਆਏ ਗੁਲਾਬ ਚੱਕਰਵਾਤ ਦੁਆਰਾ ਰੋੜ ਦਿੱਤਾ ਗਿਆ। ਸੱਜੇ : ਕਿਉਂਕਿ ਚੱਕਰਵਾਤ ਨੇ ਮਛੇਰਾ ਕਲੋਨੀ ਵਿਚਲੀ ਚਰਚ ਦੀ ਇਮਾਰਤ ਤਬਾਹ ਕਰ ਦਿੱਤੀ, ਇਸਲਈ ਹੁਣ ਖੁੱਲ੍ਹੇ ਵਿੱਚ ਹੀ ਪ੍ਰਾਰਥਨਾ ਕੀਤੀ ਜਾਂਦੀ ਹੈ

“ਲਗਭਗ 20-30 ਸਾਲ ਪਹਿਲਾਂ ਪਿੰਡ ਦੇ ਜ਼ਿਆਦਾਤਰ ਲੋਕ ਹਿੰਦੂ ਸਨ। ਪਿੰਡ ਵਿੱਚ ਨਿਯਮਿਤ ਤੌਰ ’ਤੇ ਸਥਾਨਕ ਦੇਵੀ ਲਈ ਤਿਉਹਾਰ ਮਨਾਇਆ ਜਾਂਦਾ ਸੀ,” ਚਿੰਨਾਬਈ ਦੇ ਪੁੱਤਰ ਓ. ਦੁਰਗਯਾ ਨੇ ਕਿਹਾ। “ਹੁਣ ਪਿੰਡ ਦੇ ਜ਼ਿਆਦਾਤਰ ਲੋਕ ਈਸਾਈ ਹਨ।” ਇੱਕ ਗੁਆਂਢ ਜੋ 1990 ਦੇ ਦਹਾਕੇ ਤੱਕ ( ਦੇਵੀ ਦੀ ਪ੍ਰਾਰਥਾ ਲਈ) ਵੀਰਵਾਰ ਦੀ ਹਫ਼ਤਾਵਾਰੀ ਛੁੱਟੀ ਲਿਆ ਕਰਦਾ ਸੀ, ਹੁਣ ਚਰਚ ਜਾਣ ਲਈ ਐਤਵਾਰ ਦੀ ਛੁੱਟੀ ਲੈਂਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁਝ ਦਹਾਕੇ ਪਹਿਲਾਂ ਉੱਪਡਾ ਵਿੱਚ ਮੁੱਠੀਭਰ ਮੁਸਲਮਾਨ ਰਹਿੰਦੇ ਸਨ, ਪਰ ਸਥਾਨਕ ਮਸਜਿਦ ਦੇ ਡੁੱਬਣ ਤੋਂ ਬਾਅਦ ਉਨ੍ਹਾਂ ਵਿੱਚੋਂ ਕਈ ਉੱਥੋਂ ਚਲੇ ਗਏ।

ਜਿਹੜੇ ਲੋਕ ਪਿੱਛੇ ਪਿੰਡ ਵਿੱਚ ਹੀ ਰਹਿ ਗਏ ਹਨ, ਉਹਨਾਂ ਲਈ ਜਿਉਂਦੇ ਰਹਿਣ ਦੇ ਸੰਕੇਤ ਤੇ ਸਬਕ ਅੱਗੇ ਵੱਧ ਰਹੇ ਸਮੁੰਦਰ ਤੋਂ ਹੀ ਆਉਂਦੇ ਹਨ। “(ਖ਼ਤਰਾ) ਪਛਾਣਿਆ ਜਾ ਸਕਦਾ ਹੈ। ਪੱਥਰ ਇੱਕ ਅਜੀਬ ਘੋਲੂਘੋਲੂ ਆਵਾਜ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਪਹਿਲਾਂ, ਅਸੀਂ (ਲਹਿਰਾਂ ਦੇ ਪੈਟਰਨ ਦੀ ਭਵਿੱਖਬਾਣੀ ਕਰਨ ਲਈ) ਤਾਰਿਆਂ ਨੂੰ ਵੇਖਿਆ ਕਰਦੇ ; ਉਹ ਵੱਖਰੇ ਢੰਗ ਨਾਲ਼ ਚਮਕਦੇ ਹੁੰਦੇ। ਹੁਣ ਮੋਬਾਇਲ ਫ਼ੋਨ ਸਾਨੂੰ ਇਹ ਦੱਸਦੇ ਹਨ,“ਇੱਕ ਮਛੇਰੇ, ਕੇ. ਕ੍ਰਿਸ਼ਨਾ, ਨੇ ਮੈਨੂੰ ਦੱਸਿਆ ਸੀ ਜਦੋਂ ਮੈਂ ਉਹਨਾਂ ਨੂੰ 2019 ਵਿੱਚ ਇੱਥੇ ਆਪਣੀ ਪਹਿਲੀ ਯਾਤਰਾ ਦੌਰਾਨ ਮਿਲਿਆ ਸਾਂ। “ਕਦੇ-ਕਦਾਈ ਜਦੋਂ ਮੈਦਾਨਾਂ ਵਿੱਚੋਂ ਪੂਰਬੀ ਪੌਣ ਵਗ਼ਦੀ ਹੈ ਤਾਂ ਮਛੇਰਿਆਂ ਨੂੰ ਇੱਕ ਆਨਾ (ਭਾਵ, ਸਮੁੰਦਰ ਵਿੱਚ ਮੱਛੀ) ਵੀ ਨਹੀਂ ਮਿਲਦਾ,” ਉਹਨਾਂ ਦੀ ਪਤਨੀ ਕੇ. ਪੋਲੇਰੂ ਨੇ ਅੱਗੇ ਕਿਹਾ ਜਿਓਂ ਹੀ ਸਾਡਾ ਧਿਆਨ ਸਮੁੰਦਰ ਦੀਆਂ ਉਨ੍ਹਾਂ ਲਹਿਰਾਂ ਵੱਲ ਪਿਆ ਜੋ ਉਨ੍ਹਾਂ ਦੀਆਂ ਝੌਂਪੜੀਆਂ ਤੋਂ ਹੁੰਦੀਆਂ ਹੋਈਆਂ ਮਛੇਰਾ ਬਸਤੀ ਵੱਲ ਨੂੰ ਜਾ ਰਹੀਆਂ ਸਨ। 2021 ਦੇ ਚੱਕਰਵਾਤ ਗੁਲਾਬ ਨੇ ਉਸ ਝੌਂਪੜੀ ਨੂੰ ਤਬਾਹ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਹ ਕਿਸੇ ਨਵੀਂ ਝੌਂਪੜੀ ਵਿੱਚ ਚਲੇ ਗਏ ਸੀ।

ਇਸ ਦਰਮਿਆਨ ਮਰੱਮਾ ਦੇ ਆਪਣੇ ਰਿਸ਼ਤੇਦਾਰ ਦੇ ਘਰ ਦੇ ਬਾਹਰ ਬਣੇ ਚਬੂਤਰੇ ’ਤੇ ਆਪਣੇ ਦਿਨ-ਰਾਤ ਬਿਤਾਉਣੇ ਜਾਰੀ ਹਨ। “ਸਮੁੰਦਰ ਨੇ ਸਾਡੇ ਵੱਸੇ-ਵਸਾਏ ਗਏ ਘਰ ਨਿਗਲ਼ ਲਏ; ਮੈਨੂੰ ਨਹੀਂ ਪਤਾ ਕਿ ਅਸੀਂ ਹੁਣ ਹੋਰ ਘਰ ਬਣਾ ਵੀ ਸਕਦੇ ਹਾਂ ਜਾਂ ਨਹੀਂ,” ਦੁੱਖ ਨਾਲ਼ ਡੁੱਬਦੀ ਜਾਂਦੀ ਆਪਣੀ ਮਸਾਂ-ਸੁਣੀਂਦੀ ਅਵਾਜ਼ ਵਿੱਚ ਉਹ ਕਹਿੰਦੀ ਹਨ।

ਤਰਜਮਾ: ਇੰਦਰਜੀਤ ਸਿੰਘ

Reporter : Rahul M.

ਰਾਹੁਲ ਐੱਮ. ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਅਧਾਰਤ ਸੁਤੰਤਰ ਪੱਤਰਕਾਰ ਹਨ ਅਤੇ 2017 ਤੋਂ ਪਾਰੀ ਦੇ ਫੈਲੋ ਹਨ।

Other stories by Rahul M.
Editor : Sangeeta Menon

ਸੰਗੀਤਾ ਮੈਨਨ ਮੁੰਬਈ-ਅਧਾਰਤ ਲੇਖਿਕਾ, ਸੰਪਾਦਕ ਤੇ ਕਮਿਊਨੀਕੇਸ਼ਨ ਕੰਸਲਟੈਂਟ ਹਨ।

Other stories by Sangeeta Menon

ਪੀ ਸਾਈਨਾਥ People’s Archive of Rural India ਦੇ ਮੋਢੀ-ਸੰਪਾਦਕ ਹਨ। ਉਹ ਕਈ ਦਹਾਕਿਆਂ ਤੋਂ ਦਿਹਾਤੀ ਭਾਰਤ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾ ਰਹੇ ਹਨ। Everybody Loves a Good Drought ਉਨ੍ਹਾਂ ਦੀ ਪ੍ਰਸਿੱਧ ਕਿਤਾਬ ਹੈ। ਅਮਰਤਿਆ ਸੇਨ ਨੇ ਉਨ੍ਹਾਂ ਨੂੰ ਕਾਲ (famine) ਅਤੇ ਭੁੱਖਮਰੀ (hunger) ਬਾਰੇ ਸੰਸਾਰ ਦੇ ਮਹਾਂ ਮਾਹਿਰਾਂ ਵਿਚ ਸ਼ੁਮਾਰ ਕੀਤਾ ਹੈ।

Other stories by P. Sainath
Translator : Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।

Other stories by Inderjeet Singh