"ਸੱਤ ਬਾਰ੍ਹਾਂ ਤੋਂ ਬਗੈਰ, ਅਸੀਂ ਕੁਝ ਨਹੀਂ ਕਰ ਸਕਦੇ", ਕਿਸਾਨਾਂ ਦੇ ਧਰਨੇ ਲਈ ਦੱਖਣੀ ਮੁੰਬਈ ਦੇ ਅਜ਼ਾਦ ਮੈਦਾਨ ਵਿੱਚ ਬੈਠਣ ਦੌਰਾਨ 55 ਸਾਲਾ ਸ਼ਸ਼ਕੀਲਾ ਗਾਇਕਵੜ ਨੇ ਕਿਹਾ।
ਉਨ੍ਹਾਂ ਦੇ ਨਾਲ਼ ਹੀ, ਟੈਂਟ ਅੰਦਰ ਭੁੰਜੇ ਹੀ ਸੰਤਰੀ ਅਤੇ ਲਾਲ ਰੰਗੀ ਟਾਟ 'ਤੇ 65 ਸਾਲਾ ਅਰੁਣਾਬਾਈ ਸੋਨਾਵਾਨੇ ਬੈਠੀ ਸਨ। ਦੋਵੇਂ ਹੀ 25-26 ਜਨਵਰੀ ਨੂੰ ਸੰਯੁਕਤ ਸ਼ੇਤਕਾਰੀ ਕਾਮਗਾਰ ਮੋਰਚਾ ਵੱਲੋਂ ਅਯੋਜਿਤ ਧਰਨੇ ਵਿੱਚ ਸ਼ਾਮਲ ਹੋਣ ਲਈ ਮਹਾਰਾਸ਼ਟਰ ਦੇ ਔਰੰਗਾਬਾਦ ਜਿਲ੍ਹੇ ਦੇ ਚਿਮਨਾਪੁਰ ਪਿੰਡ ਤੋਂ ਮੁੰਬਈ ਅੱਪੜੀਆਂ ਸਨ।
ਦੋਵੇਂ 2006 ਦੇ ਜੰਗਲ ਅਧਿਕਾਰ ਐਕਟ ਤਹਿਤ ਆਪਣੀ ਜ਼ਮੀਨ ਦਾ ਮਾਲਿਕਾਨਾ ਹੱਕ ਮੰਗਣ ਅਤੇ ਤਿੰਨੋਂ ਨਵੇਂ ਖੇਤੀ ਕਨੂੰਨਾਂ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਵਾਸਤੇ ਇੱਥੇ ਆਈਆਂ ਸਨ। ਭੀਲ ਆਦਿਵਾਸੀ ਭਾਈਚਾਰੇ ਦੀਆਂ ਅਰੁਣਾਬਾਈ ਅਤੇ ਸ਼ਸ਼ੀਕਲਾ ਦੋਵਾਂ ਲਈ, ਕੰਨੜ ਤਾਲੁਕਾ ਦੇ ਉਨ੍ਹਾਂ ਦੇ ਪਿੰਡ ਵਿੱਚ ਖੇਤ ਮਜ਼ਦੂਰੀ ਹੀ ਉਨ੍ਹਾਂ ਦੀ ਆਮਦਨੀ ਦਾ ਮੁੱਖ ਵਸੀਲਾ ਹੈ। ਕੰਮ ਉਪਲਬਧ ਹੋਣ 'ਤੇ ਉਨ੍ਹਾਂ ਨੂੰ 150-200 ਰੁਪਏ ਦਿਹਾੜੀ ਮਿਲ਼ਦੀ ਹੈ। "ਤੁਹਾਡੇ ਉਲਟ, ਮੈਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਇੱਕ ਮਹੀਨੇ ਵਿੱਚ ਕਿੰਨਾ ਕਮਾ ਪਾਊਂਗੀ," ਅਰੁਣਾਬਾਈ ਨੇ ਮੈਨੂੰ ਕਿਹਾ।
ਹਰੇਕ ਤਿੰਨ ਏਕੜ ਵਿੱਚ, ਦੋਵੇਂ ਹੀ ਮੱਕੀ ਅਤੇ ਜਵਾਰ (ਸੋਰਘਮ) ਦੀ ਕਾਸ਼ਤ ਕਰਦੀਆਂ ਹਨ। ਉਹ ਮੱਕੀ ਦੀ 10-12 ਕੁਵਿੰਟਰ ਫ਼ਸਲ ਨੂੰ ਕਰੀਬ 1,000 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ਼ ਵੇਚ ਦਿੰਦੀਆਂ ਹਨ ਅਤੇ ਜਵਾਰ ਨੂੰ ਆਪਣੇ ਪਰਿਵਾਰ ਦੇ ਭੋਜਨ ਲਈ ਆਪਣੇ ਕੋਲ਼ ਹੀ ਰੱਖ ਲੈਂਦੀਆਂ ਹਨ। ਵਾੜ ਲੱਗੀ ਹੋਣ ਦੇ ਬਾਵਜੂਦ, ਜੰਗਲੀ ਸੂਰ, ਨੀਲਗਾਂ ਤੇ ਬਾਂਦਰ ਅਕਸਰ ਉਨ੍ਹਾਂ ਦੀ ਫ਼ਸਲਾਂ ਤਬਾਹ ਕਰ ਦਿੰਦੇ ਹਨ। "ਜਿਸ ਕਿਸੇ ਕੋਲ਼ ਵੀ ਖੇਤ ਹੈ, ਉਹ ਰਾਤ ਨੂੰ (ਫ਼ਸਲਾਂ ਦੀ ਰਾਖੀ ਕਰਨ ਵਾਸਤੇ) ਜਾਗਦਾ ਹੈ," ਅਰੁਣਾਬਾਈ ਕਹਿੰਦੀ ਹਨ।
ਸ਼ਸ਼ੀਕਲਾ ਅਤੇ ਅਰੁਣਾਬਾਈ ਜਿਹੜੀ ਜ਼ਮੀਨ 'ਤੇ ਖੇਤੀ ਕਰਦੀਆਂ ਹਨ ਉਹ ਜੰਗਲਾਤ ਵਿਭਾਗ ਦੀ ਹੈ। "ਸੱਤ ਬਾਰ੍ਹਾਂ ਤੋਂ ਬਿਨਾਂ ਅਸੀਂ (ਖੇਤੀ ਲਈ) ਕੋਈ ਸੁਵਿਧਾ ਪ੍ਰਾਪਤ ਨਹੀਂ ਕਰ ਸਕਦੇ ਹਾਂ," ਸ਼ਸ਼ੀਕਲਾ ਨੇ ਕਿਹਾ। "ਜੰਗਲ ਵਿਭਾਗ ਦੇ ਲੋਕ ਵੀ ਸਾਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ। ਉਹ ਸਾਨੂੰ ਕਹਿੰਦੇ ਹਨ: ਇੱਥੇ ਖੇਤੀ ਨਾ ਕਰੋ, ਇੱਥੇ ਆਪਣੇ ਘਰ ਨਾ ਬਣਾਓ, ਜੇਕਰ ਤੁਸਾਂ ਟਰੈਕਟਰ ਲਿਆਂਦਾ ਤਾਂ ਅਸੀਂ ਤੁਹਾਡੇ 'ਤੇ ਜੁਰਮਾਨਾ ਠੋਕ ਦਿਆਂਗੇ।"
ਸ਼ਸ਼ੀਕਲਾ ਅਤੇ ਅਰੁਣਾਬਾਈ ਅਜ਼ਾਦ ਮੈਦਾਨ ਵਿੱਚ ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਮੰਗ ਦੀ ਹਮਾਇਤ ਕਰਨ ਲਈ ਆਈਆਂ ਸਨ। ਇਨ੍ਹਾਂ ਕਨੂੰਨਾਂ ਨੂੰ ਪਹਿਲੀ ਵਾਰ 5 ਜੂਨ 2020 ਨੂੰ ਇੱਕ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਦਿਨ ਤੱਕ ਉਨ੍ਹਾਂ ਨੂੰ ਐਕਟ ਬਣਾ ਦਿੱਤਾ ਗਿਆ।



