''ਜਦੋਂ ਡਲ (ਝੀਲ਼) ਦੇ ਬਾਹਰਲੇ ਮਜ਼ਦੂਰਾਂ ਨੇ ਸੁਣਿਆ ਕਿ ਉਨ੍ਹਾਂ ਨੂੰ ਤੈਰਦੇ ਬਗ਼ੀਚਿਆਂ ਵਿੱਚ ਕੰਮ ਕਰਨਾ ਪੈਣਾ ਹੈ ਤਾਂ ਉਨ੍ਹਾਂ ਨੂੰ ਡੁੱਬਣ ਦੀ ਚਿੰਤਾ ਸਤਾਉਣ ਲੱਗੀ!'' ਮੁਹੰਮਦ ਮਕਬੂਲ ਮੱਟੋ ਕਹਿੰਦੇ ਹਨ, ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ ਪਸਰ ਗਈ।
ਡਲ ਝੀਲ਼ ਦੇ ਮੋਤੀ ਮੁਹੱਲਾ ਖੁਰਦ ਇਲਾਕੇ ਦੇ 47 ਸਾਲਾ ਕਿਸਾਨ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨੂੰ 700 ਰੁਪਏ ਦਿਹਾੜੀ ਦੇ ਰਿਹਾ ਹੈ ਜੋ ਕਸ਼ਮੀਰ ਵਾਦੀ ਦੇ ਸ਼੍ਰੀਨਗਰ ਅਤੇ ਇਹਦੇ ਆਲ਼ੇ-ਦੁਆਲ਼ੇ ਦੇ ਇਲਾਕਿਆਂ ਵਿੱਚ ਖੇਤੀਬਾੜੀ ਦੇ ਕੰਮਾਂ ਲਈ ਦਿੱਤੀ ਜਾਣ ਵਾਲ਼ੀ ਦਿਹਾੜੀ ਨਾਲ਼ੋਂ 200 ਰੁਪਏ ਵੱਧ ਹੈ। ਮਜ਼ਦੂਰੀ 'ਤੇ ਆਉਂਦੀ ਲਾਗਤ ਨੂੰ ਘਟਾਉਣ ਦੇ ਮੱਦੇਨਜ਼ਰ ਉਹ ਕਹਿੰਦੇ ਹਨ,''ਮੇਰੀ ਪਤਨੀ ਅਤੇ ਮੈਂ ਹਰ ਰੋਜ਼ ਖ਼ੁਦ ਵੀ ਕੰਮ ਕਰਨ ਆਉਂਦੇ ਹਾਂ, ਭਾਵੇਂ ਅਸੀਂ ਕਿੰਨੇ ਵੀ ਮਸ਼ਰੂਫ਼ ਕਿਉਂ ਨਾ ਹੋਈਏ।''
ਡਲ ਵਿਖੇ ਆਪਣੇ 7.5 ਏਕੜ ਦੇ ਤੈਰਦੇ ਇਸ ਬਗ਼ੀਚੇ ਵਿੱਚ ਜਾਣ ਲਈ ਮੁਹੰਮਦ ਮਕਬੂਲ ਮੱਟੋ ਬੇੜੀ ਦਾ ਇਸਤੇਮਾਲ ਕਰਦੇ ਹਨ- ਜਿਹਨੂੰ ਕਿ ਸਥਾਨਕ ਭਾਸ਼ਾ ਵਿੱਚ ਡਲ ਕੇ ਗਾਰਡਨ ਕਿਹਾ ਜਾਂਦਾ ਹੈ ਜਿੱਥੇ ਉਹ ਪੂਰਾ ਸਾਲ ਸਬਜ਼ੀਆਂ ਦੀਆਂ ਵੰਨ-ਸੁਵੰਨੀਆਂ ਕਿਸਮਾਂ ਜਿਵੇਂ ਕਿ ਸ਼ਲਗਮ ਅਤੇ ਹਾਖ (ਕੋਲਾਰਡ ਗ੍ਰੀਨ/ਇੱਕ ਕਿਸਮ ਦੀ ਪੱਤਾਗੋਭੀ) ਦੀ ਕਾਸ਼ਤ ਕਰਦੇ ਹਨ। ਉਹ ਸਿਆਲ ਰੁੱਤੇ ਵੀ ਖੇਤੀ ਦਾ ਇਹ ਕੰਮ ਜਾਰੀ ਰੱਖਦੇ ਹਨ, ਜਦੋਂ ਕਿ ਤਾਪਮਾਨ –11°C ਤੱਕ ਹੇਠਾਂ ਡਿੱਗ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਬੇੜੀ ਚਲਾਉਣ ਵਾਸਤੇ ਬਰਫ਼ ਤੋੜਦੇ ਰਹਿਣਾ ਪੈਂਦਾ ਹੈ। ''ਅੱਜਕੱਲ੍ਹ ਇਸ ਕਾਰੋਬਾਰ ਨਾਲ਼ ਕੋਈ ਬਹੁਤਾ ਪੈਸਾ ਹੱਥ ਨਹੀਂ ਲੱਗਦਾ। ਪਰ ਬਾਵਜੂਦ ਇਹਦੇ ਮੈਂ ਇਹ ਕੰਮ ਕਰਦਾ ਹਾਂ ਕਿਉਂਕਿ ਮੈਨੂੰ ਕਰਨਾ ਹੀ ਸਿਰਫ਼ ਇਹੀ ਕੰਮ ਆਉਂਦਾ ਹੈ,'' ਉਹ ਕਹਿੰਦੇ ਹਨ।
18 ਕਿਲੋਮੀਟਰ ਦੇ ਦਾਇਰੇ ਵਿੱਚ ਫ਼ੈਲਿਆ ਡਲ ਦਾ ਇਹ ਇਲਾਕਾ ਆਪਣੇ ਹਾਊਸਬੋਟ, ਸ਼ਿਕਾਰਾ (ਬੇੜੀਆਂ) ਦੀ ਸਵਾਰੀ, ਪੁਰਾਤਨ ਮੈਂਪਲ ਦੇ ਰੁੱਖਾਂ ਨਾਲ਼ ਲੱਦੇ ਚਾਰ ਚਿਨਾਰ ਦੀਪ ਅਤੇ ਝੀਲ਼ ਦੇ ਕੰਢੇ-ਕੰਢੇ ਬਣੇ ਮੁਗ਼ਲ-ਦੌਰ ਦੇ ਬਾਗ਼-ਬਗ਼ੀਚਿਆਂ ਲਈ ਮਕਬੂਲ ਹੈ। ਇਹ ਸ਼੍ਰੀਨਗਰ ਵਿਖੇ ਆਉਂਦੇ ਸੈਲਾਨੀਆਂ ਦਾ ਮੁੱਢਲਾ ਖਿੱਚਪਾਊ ਕੇਂਦਰ ਹੈ।
ਝੀਲ਼ ਦੇ ਐਨ ਵਿਚਕਾਰ ਅਤੇ ਨਾਲ਼ ਜਿਹੇ ਕਰਕੇ ਤੈਰਦੇ ਘਰ ਅਤੇ ਤੈਰਦੇ ਬਾਗ਼-ਬਗ਼ੀਚੇ ਹਨ ਜੋ 21 ਵਰਗ ਕਿਲੋਮੀਟਰ ਦੇ ਇਲਾਕੇ ਨੂੰ ਕਵਰ ਕਰਨ ਵਾਲ਼ੀ ਕੁਦਰਤੀ ਗਿੱਲੀ ਜ਼ਮੀਨ (ਵੈੱਟਲੈਂਡ) ਦਾ ਹਿੱਸਾ ਹਨ। ਤੈਰਦੇ ਬਾਗ਼-ਬਗ਼ੀਚੇ ਦੋ ਕਿਸਮਾਂ ਦੇ ਹਨ: ਰਾਧ ਅਤੇ ਡੇਂਬ । ਰਾਧ ਕਿਸਾਨਾਂ ਦੁਆਰਾ ਹੱਥੀਂ ਉਣਿਆ ਇੱਕ ਤੈਰਦਾ ਹੋਇਆ ਬਗ਼ੀਚਾ ਹੈ, ਜੋ ਦੋ ਕਿਸਮ ਦੇ ਨਦੀਨਾਂ (ਤੰਤੂਆਂ) ਨੂੰ ਇਕੱਠੇ ਕਰਕੇ ਉਣਿਆ ਜਾਂਦਾ ਹੈ: ਪੇਚ (ਟਾਇਫ਼ਾ ਅੰਗੁਸਤਾਤਾ) ਅਤੇ ਨਾਰਗਾਸਾ (ਫ੍ਰਾਗਮਾਈਟਸ ਆਸਟ੍ਰਾਲਿਸ) । ਬੁਣੀ ਹੋਈ ਚਟਾਈਨੁਮਾ ਸੰਰਚਨਾ ਦਾ ਅਕਾਰ ਪ੍ਰਤੀ ਏਕੜ ਦਸਵੇਂ ਹਿੱਸੇ ਤੋਂ ਤਿੰਨ ਗੁਣਾ ਦੇ ਵਿਚਕਾਰ ਤੱਕ ਹੁੰਦਾ ਹੈ। ਖੇਤੀ ਵਾਸਤੇ ਇਸਤੇਮਾਲ ਕਰਨ ਤੋਂ ਪਹਿਲਾਂ ਝੀਲ਼ ਕੰਢੇ ਇਹਨੂੰ 3-4 ਸਾਲਾਂ ਤੱਕ ਸੁਕਾਇਆ ਜਾਂਦਾ ਹੈ। ਸੁੱਕਣ ਤੋਂ ਬਾਅਦ ਇਸ ਚਟਾਈ 'ਤੇ ਮਿੱਟੀ ਵਿਛਾ ਦਿੱਤੀ ਜਾਂਦੀ ਹੈ। ਫਿਰ ਇਹ ਸਬਜ਼ੀਆਂ ਬੀਜਣ ਲਈ ਢੁੱਕਵਾਂ ਹੋ ਜਾਂਦਾ ਹੈ। ਕਿਸਾਨ ਇਸ ਰਾਧ ਨੂੰ ਝੀਲ ਦੇ ਵੱਖ-ਵੱਖ ਹਿੱਸਿਆਂ ਵਿੱਚ ਲੈ ਜਾਂਦੇ ਹਨ।
ਡੇਂਬ ਇੱਕ ਦਲਦਲ ਹੈ ਜੋ ਝੀਲ਼ ਦੇ ਕੰਢਿਆਂ ਅਤੇ ਨਾਲ਼ ਲੱਗਦੀ ਥਾਂ 'ਤੇ ਪਾਈ ਜਾਂਦੀ ਹੈ। ਇਹ ਵੀ ਤੈਰਦੀ ਹੈ, ਪਰ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਜਾ ਸਕਦੀ।
ਆਪਣੀ ਉਮਰ ਦੇ 70ਵੇਂ ਵਿੱਚ ਗ਼ੁਲਾਮ ਮੁਹੰਮਦ ਮੱਟੋ, ਡਲ ਦੇ ਇੱਕ ਹੋਰ ਇਲਾਕੇ, ਕੁਰਾਗ ਵਿਖੇ ਆਪਣੇ ਤੈਰਦੇ ਬਗ਼ੀਚੇ ਵਿੱਚ ਪਿਛਲੇ 55 ਸਾਲਾਂ ਤੋਂ ਸਬਜ਼ੀਆਂ ਉਗਾ ਰਹੇ ਹਨ। ਉਹ ਉੱਥੋਂ 1.5 ਕਿਮੀ ਦੂਰ ਮੋਤੀ ਮੁਹੱਲਾ ਖੁਰਦ ਵਿੱਚ ਰਹਿੰਦੇ ਹਨ। ''ਅਸੀਂ ਹਿੱਲ ਦੀ ਵਰਤੋਂ ਕਰਦੇ ਹਾਂ, ਜੋ ਸਾਡੇ ਬਗ਼ੀਚਿਆਂ ਲਈ ਇੱਕ ਸਥਾਨਕ ਖਾਦ ਹੈ। ਇਹਨੂੰ (ਖਾਦ ਨੂੰ) ਅਸੀਂ ਝੀਲ਼ ਦੇ ਪਾਣੀ ਵਿੱਚੋਂ ਖਿੱਚਦੇ ਹਾਂ ਅਤੇ ਸੂਰਜ ਦੀ ਰੌਸ਼ਨੀ ਹੇਠ 20-30 ਦਿਨਾਂ ਲਈ ਸੁਕਾਉਂਦੇ ਹਾਂ। ਇਹ ਕੁਦਰਤੀ ਹੈ ਅਤੇ ਸਬਜ਼ੀਆਂ ਵਿੱਚ ਹੋਰ ਸੁਆਦ ਭਰ ਦਿੰਦੀ ਹੈ,'' ਉਹ ਕਹਿੰਦੇ ਹਨ।
ਉਹ ਅੰਦਾਜ਼ਾ ਲਾਉਂਦੇ ਹਨ ਕਿ ਡਲ ਝੀਲ਼ ਦਾ 1,250 ਏਕੜ ਦਾ ਪਾਣੀ ਅਤੇ ਦਲਦਲ ਖੇਤੀ ਲਈ ਵਰਤੀਂਦੇ ਹਨ, ਸਿਆਲ ਰੁੱਤੇ ਜਿਸ ਵਿੱਚ ਸ਼ਲਗਮ, ਮੂਲ਼ੀ, ਗਾਜ਼ਰ ਅਤੇ ਪਾਲਕ ਉਗਾਈ ਜਾਂਦੀ ਹੈ ਅਤੇ ਗਰਮੀ ਰੁੱਤੇ ਤਰਬੂਜ਼, ਟਮਾਟਰ, ਖੀਰਾ ਅਤੇ ਕੱਦੂ ਦੀ ਕਾਸ਼ਤ ਕੀਤੀ ਜਾਂਦੀ ਹੈ।
''ਇਹ ਧੰਦਾ ਅਖ਼ੀਰਲੇ ਸਾਹਾਂ 'ਤੇ ਹੈ ਕਿਉਂਕਿ ਮੇਰੇ ਜਿਹੇ ਬੁੱਢੇ ਲੋਕ ਹੀ ਇਹਨੂੰ ਕਰ ਰਹੇ ਹਨ। ਤੈਰਦੇ ਬਗ਼ੀਚਿਆਂ ਨੂੰ ਜਰਖ਼ੇਜ਼ ਬਣਾਈ ਰੱਖਣਾ ਬਹੁਤ ਔਖ਼ਾ ਕੰਮ ਹੈ-ਸਾਨੂੰ ਸਮੇਂ ਸਮੇਂ ਸਿਰ ਪਾਣੀ ਦਾ ਪੱਧਰ ਜਾਂਚਣਾ ਪੈਂਦਾ ਹੈ ਅਤੇ ਫਿਰ ਹਿੱਲ (ਖਾਦ) ਦੀ ਢੁੱਕਵੀਂ ਮਾਤਰਾ ਰਲ਼ਾਉਣੀ ਪੈਂਦੀ ਹੈ, ਇੰਨਾ ਹੀ ਨਹੀਂ ਭੁੱਖੇ ਪੰਛੀਆਂ ਅਤੇ ਹੋਰ ਹਮਲਾਵਰਾਂ ਨੂੰ ਭਜਾਉਂਦੇ ਰਹਿੰਦਾ ਪੈਂਦਾ ਹੈ,'' ਗ਼ੁਲਾਮ ਮੁਹੰਮਦ ਮੱਟੋ ਕਹਿੰਦੇ ਹਨ।
ਸੈਂਕੜੇ ਹੀ ਕਿਸਾਨ ਡਲ ਝੀਲ਼ ਦੇ ਕਰਪੋਰਾ ਇਲਾਕੇ ਦੀ ਤੈਰਦੀ ਸਬਜ਼ੀ ਮੰਡੀ ਵਿਖੇ ਆਪਣੇ ਤੈਰਦੇ ਬਾਗ਼-ਬਗ਼ੀਚਿਆਂ 'ਚੋਂ ਆਪਣੀ ਉਪਜ ਵੇਚਦੇ ਹਨ। ਇਸ ਮੰਡੀ ਨੂੰ ਸਥਾਨਕ ਭਾਸ਼ਾ ਵਿੱਚ ' ਗੁਡੇਰ ' ਕਿਹਾ ਜਾਂਦਾ ਹੈ। ਇਹ ਬਜ਼ਾਰ ਓਦੋਂ ਖੁੱਲ੍ਹਦਾ ਹੈ ਜਦੋਂ ਸੂਰਜ ਦੀ ਪਹਿਲੀ ਕਿਰਨ ਝੀਲ਼ ਦੀ ਸਤ੍ਹਾ ਨੂੰ ਛੂੰਹਦੀ ਹੈ ਅਤੇ ਇਸ ਠਹਿਰੇ ਹੋਏ ਪਾਣੀ ਵਿੱਚ ਸੈਂਕੜੇ ਹੀ ਬੇੜੀਆਂ ਸਬਜ਼ੀਆਂ ਲਈ ਕਤਾਰਬੱਧ ਹੋਈਆਂ ਖੜ੍ਹੀਆਂ ਰਹਿੰਦੀਆਂ ਹਨ।
ਝੀਲ਼ ਦੇ ਦੂਸਰੇ ਪਾਸੇ ਪੈਂਦੇ ਆਪਣੇ ਘਰੋਂ, ਅਬਦੁੱਲ ਹਾਮਿਦ ਕਰੀਬ ਸਵੇਰੇ 4 ਵਜੇ ਨਿਕਲ਼ਦੇ ਹਨ ਅਤੇ ਉਨ੍ਹਾਂ ਨੇ ਆਪਣੀ ਬੇੜੀ ਵਿੱਚ ਸ਼ਲਗਮਾਂ, ਹਾਖ ਅਤੇ ਗਾਜ਼ਰਾਂ ਦਾ ਢੇਰ ਲਾਇਆ ਹੁੰਦਾ ਹੈ। ''ਮੈਂ ਇਹ ਸਬਜ਼ੀਆਂ ਗੁਡੇਰ ਵਿਖੇ ਵੇਚ ਕੇ 400-500 ਰੁਪਏ ਦਿਹਾੜੀ ਕਮਾ ਲੈਂਦਾ ਹਾਂ,'' 45 ਸਾਲਾ ਇਸ ਕਿਸਾਨ ਦਾ ਕਹਿਣਾ ਹੈ।
ਗ਼ੁਲਾਮ ਮੁਹੰਮਦ ਮੱਟੋ ਦਾ ਕਹਿਣਾ ਹੈ ਕਿ ਇਹ ਮੰਡੀ ਸ਼੍ਰੀਨਗਰ ਦੇ ਨਿਵਾਸੀਆਂ ਦੇ ਲਈ ਸਦੀ ਤੋਂ ਵੱਧ ਸਮੇਂ ਤੋਂ ਲੋੜੀਂਦੀਆਂ ਸਬਜ਼ੀਆਂ ਦਾ ਵਸੀਲਾ ਬਣੀ ਰਹੀ ਹੈ। ਬਹੁਤੇਰੀ ਉਪਜ ਥੋਕ ਖਰੀਦਦਾਰਾਂ ਨੂੰ ਵੇਚੀ ਜਾਂਦੀ ਹੈ ਜੋ ਨੇੜਲੇ ਸ਼ਹਿਰ ਸ਼੍ਰੀਨਗਰ ਤੋਂ ਆਉਂਦੇ ਹਨ ਅਤੇ ਸਵੇਰੇ ਸਾਜਰੇ ਹੀ ਪਹੁੰਚ ਜਾਂਦੇ ਹਨ। ਇੱਥੋਂ ਦੇ ਕਿਸਾਨ ਆਪਣੀ ਸੁੱਕੀ ਉਪਜ ਜਿਵੇਂ ਚੌਲ਼ ਅਤੇ ਕਣਕ ਦਾ ਇੱਕ ਛੋਟਾ ਜਿਹਾ ਹਿੱਸਾ ਝੀਲ਼ ਵਿੱਚ ਉੱਗਦੀਆਂ ਸਬਜ਼ੀਆਂ ਜਿਵੇਂ ਆਲੂ ਦੇ ਨਾਲ਼ ਅਦਾਨ-ਪ੍ਰਦਾਨ ਵੀ ਕਰਦੇ ਹਨ।
ਸ਼ਹਿਰ ਵਿਖੇ ਸਬਜ਼ੀ ਦਾ ਵੱਡਾ ਕਾਰੋਬਾਰ ਕਰਨ ਵਾਲ਼ੇ ਸ਼ਬੀਰ ਅਹਿਮਦ ਸਬਜ਼ੀ ਖ਼ਰੀਦਣ ਵਾਸਤੇ ਰੋਜ਼ਾਨਾ ਗੁਡੇਰ ਆਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਰੋਜ਼ਾਨਾ 3 ਤੋਂ 3.5 ਟਨ ਦੇ ਉਤਪਾਦ ਦਾ ਵਪਾਰ ਹੁੰਦਾ ਹੈ। ''ਮੈਂ ਸਵੇਰ 5 ਵਜੇ ਆਪਣਾ ਟਰੱਕ ਲੈ ਕੇ ਆਉਂਦਾ ਹਾਂ ਅਤੇ ਉਤਪਾਦਕਾਂ ਤੋਂ ਸਿੱਧਿਆਂ ਹੀ 8-10 ਕੁਵਿੰਟਲ (0.8 ਤੋਂ 1 ਟਨ) ਤਾਜ਼ੀ ਸਬਜ਼ੀ ਚੁੱਕਦਾ ਹਾਂ। ਫਿਰ ਮੈਂ ਇਹ ਸਬਜ਼ੀ ਫ਼ੇਰੀ ਵਾਲ਼ਿਆਂ ਨੂੰ ਵੇਚਦਾ ਹਾਂ ਅਤੇ ਕੁਝ ਸਬਜ਼ੀ ਮੰਡੀ ਵਿੱਚ ਵੀ ਸਪਲਾਈ ਕਰਦਾ ਹਾਂ,'' 35 ਸਾਲਾ ਅਹਿਮਦ ਕਹਿੰਦੇ ਹਨ। ਉਹ ਸਬਜ਼ੀ ਦੀ ਮੰਗ ਦੇ ਹਿਸਾਬ ਨਾਲ਼ 1,000-2,000 ਰੁਪਏ ਰੋਜ਼ਾਨਾ ਕਮਾ ਲੈਂਦੇ ਹਨ।
ਕਈ ਲੋਕਾਂ ਦਾ ਮੰਨਣਾ ਹੈ ਕਿ ਡਲ ਵਿਖੇ ਉਗਾਈ ਸਬਜ਼ੀ ਜ਼ਿਆਦਾ ਸੁਆਦੀ ਹੁੰਦੀ ਹੈ। ਸ਼੍ਰੀਨਗਰ ਦੇ ਨਾਵਾਕਡਲ ਇਲਾਕੇ ਦੀ ਰਹਿਣ ਵਾਲ਼ੀ 50 ਸਾਲਾ ਫਿਰਡਾਊਸਾ, ਜੋ ਇੱਕ ਗ੍ਰਹਿਣੀ ਹਨ, ਕਹਿੰਦੀ ਹਨ,''ਮੈਨੂੰ ਡਲ ਝੀਲ਼ ਦੀ ਨਾਦੁਰ (ਕਮਲ ਕਕੜੀ) ਬੜੀ ਪਸੰਦ ਹੈ। ਇਹਦਾ ਸੁਆਦ ਬਾਕੀ ਝੀਲ਼ਾਂ ਵਿੱਚ ਉਗਾਈ ਜਾਂਦੀ ਨਾਦੁਰ ਨਾਲ਼ੋਂ ਬਿਲਕੁਲ ਮੁਖ਼ਤਲਿਫ਼ ਹੈ।''
ਚੰਗੀ ਮੰਗ ਦੇ ਬਾਵਜੂਦ ਵੀ ਡਲ ਦੇ ਸਬਜ਼ੀ ਕਾਰੋਬਾਰ 'ਤੇ ਨਿਰਭਰ ਕਿਸਾਨਾਂ ਅਤੇ ਥੋਕ ਵਪਾਰੀਆਂ ਨੂੰ ਡਰ ਹੈ ਕਿ ਉਨ੍ਹਾਂ ਦੇ ਪੈਰ ਸੰਕਟ ਵਿੱਚ ਹਨ।
''ਜਦੋਂ ਤੋਂ ਸਰਕਾਰ ਨੇ ਬੇਮਿਨਾ ਨੇੜੇ ਰਖ-ਏ-ਅਰਥ ਵਿਖੇ ਕਿਸਾਨਾਂ ਨੂੰ ਸਥਾਨਾਂਤਰਿਤ ਕਰਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਹੀ ਝੀਲ਼ ਵਿਖੇ ਹੁੰਦੀ ਸਬਜ਼ੀਆਂ ਦੀ ਖੇਤੀ ਨਿਘਾਰ ਵੱਲ ਚਲੀ ਗਈ ਹੈ,'' ਸ਼੍ਰੀਨਗਰ ਦੇ ਰੇਨਵਾੜੀ ਇਲਾਕੇ ਦੇ 35 ਸਾਲਾ ਕਿਸਾਨ ਸ਼ਬੀਰ ਅਹਿਮਦ ਕਹਿੰਦੇ ਹਨ, ਜੋ ਡਲ ਵਿਖੇ ਖੇਤੀ ਕਰਦੇ ਹਨ। ਜੰਮੂ ਅਤੇ ਕਸ਼ਮੀਰ ਵਿਖੇ ਝੀਲ਼ ਅਤੇ ਜਲਮਾਰਗ ਵਿਕਾਸ ਅਥਾਰਿਟੀ (LAWDA) ਨੇ ਡਲ ਦੀ ਰੱਖਿਆ ਲਈ ਲੰਬੇ ਸਮੇਂ ਤੋਂ ਚੱਲੀ ਆ ਰਹੀ ਰਣਨੀਤੀ ਦੇ ਤਹਿਤ ਡਲ ਨਿਵਾਸੀਆਂ ਦੇ 'ਮੁੜ-ਵਸੇਬੇ' ਦੇ ਲਈ ਅਗਾਂਹ ਪੈਰ ਪੁੱਟਿਆ ਹੈ। 2000ਵਿਆਂ ਤੋਂ ਬਾਅਦ ਤੋਂ, ਇੱਕ ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ 'ਮੁੜ-ਵਸੇਬੇ' ਤਹਿਤ ਝੀਲ਼ ਦੀਆਂ ਨੇੜਲੀਆਂ ਥਾਵਾਂ ਤੋਂ ਕੱਢ ਕੇ ਰਾਖ-ਏ-ਅਰਥ ਵਿਖੇ ਇੱਕ ਰਹਾਇਸ਼ੀ ਪਰਿਸਰ ਵਿੱਚ ਸਥਾਨਾਂਤਰਿਤ ਕੀਤਾ ਗਿਆ ਹੈ। ਰਾਖ-ਏ-ਅਰਥ ਇੱਕ ਨਮੀ ਯੁਕਤ ਇਲਾਕਾ ਹੈ, ਜੋ ਮੌਜੂਦਾ ਕੇਂਦਰ-ਸ਼ਾਸਤ ਪ੍ਰਦੇਸ਼ ਦੇ ਬਡਗਮ ਜ਼ਿਲ੍ਹੇ ਤੋਂ ਕਰੀਬ 20 ਕਿਲੋਮੀਟਰ ਪਰ੍ਹਾਂ ਹੈ।
ਸ਼ਬੀਰ ਅੱਗੇ ਗੱਲ ਤੋਰਦਿਆਂ ਕਹਿੰਦੇ ਹਨ ਕਿ ਇੱਥੋਂ ਦੇ ਬਜ਼ੁਰਗ (ਪੁਰਾਣੇ) ਕਿਸਾਨਾਂ ਨੇ ਹੀ ਖੇਤੀ ਦਾ ਕੰਮ ਜਾਰੀ ਰੱਖਿਆ ਹੋਇਆ ਹੈ, ਜਦੋਂਕਿ ਨੌਜਵਾਨ ਪੀੜ੍ਹੀ ਤਾਂ ਹੱਥ ਲੱਗਦੀ ਘੱਟ ਰਿਟਰਨ ਕਾਰਨ ਇਹ ਕੰਮ ਛੱਡ ਰਹੀ ਹੈ।
''ਡਲ ਝੀਲ਼, ਜੋ ਕਦੇ ਕ੍ਰਿਸਟਲ ਕਲੀਅਰ ਹੋਇਆ ਕਰਦੀ ਸੀ, ਹੁਣ ਪ੍ਰਦੂਸ਼ਿਤ ਹੋ ਗਈ ਹੈ। 25 ਸਾਲ ਪਹਿਲਾਂ ਤਾਂ ਅਸੀਂ ਹੋਰ ਵੀ ਕਾਫ਼ੀ ਸਬਜ਼ੀਆਂ ਬੀਜਿਆ ਕਰਦੇ ਸਾਂ,'' 52 ਸਾਲਾ ਕਿਸਾਨ ਗ਼ੁਲਾਮ ਮੁਹੰਮਦ ਨੇ ਕਿਹਾ, ਜੋ ਝੀਲ਼ ਦੇ ਡੇਂਬ ਹਿੱਸੇ 'ਤੇ ਅੱਧ ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਹਨ। ਉਹ ਕਹਿੰਦੇ ਹਨ ਕਿ ਉਹ ਆਪਣੀ ਪਤਨੀ, ਬੇਟੇ, ਬੇਟੀ ਸਣੇ ਚਾਰ ਮੈਂਬਰੀ ਇਸ ਪਰਿਵਾਰ ਦੇ ਪਾਲਣ-ਪੋਸ਼ਣ ਵਾਸਤੇ ਜੱਦੋ-ਜਹਿਦ ਕਰਦੇ ਰਹੇ ਹਨ। ''ਮੈਨੂੰ 400-500 ਰੁਪਏ ਦਿਹਾੜੀ ਬਣਦੀ ਹੈ, ਜਿਸ ਪੈਸੇ ਵਿੱਚੋਂ ਮੈਂ ਬੱਚਿਆਂ ਦੀ ਸਕੂਲ ਫ਼ੀਸ, ਭੋਜਨ, ਦਵਾਈਆਂ ਅਤੇ ਬਾਕੀ ਦੇ ਖ਼ਰਚੇ ਪੂਰੇ ਕਰਨੇ ਹੁੰਦੇ ਹਨ।''
''ਸਰਕਾਰ ਸਾਨੂੰ ਪ੍ਰਦੂਸ਼ਨ (ਡਲ ਦੇ) ਲਈ ਦੋਸ਼ੀ ਠਹਿਰਾਉਂਦੀ ਹੈ, ਪਰ ਅਸਲ ਵਿੱਚ ਤਾਂ ਮੂਲ਼ ਨਿਵਾਸੀਆਂ ਵਿੱਚੋਂ ਅੱਧੇ ਦੇ ਕਰੀਬ ਹੀ ਇੱਥੇ ਰਹਿੰਦੇ ਹਨ। ਪੁੱਛਣ ਵਾਲ਼ੀ ਗੱਲ ਹੈ ਕਿ ਜਦੋਂ ਸਾਰੇ ਲੋਕ ਇੱਥੇ ਰਹਿੰਦੇ ਸਨ ਉਦੋਂ ਝੀਲ਼ ਸਾਫ਼ ਕਿਉਂ ਸੀ?'' ਉਹ ਪੁੱਛਦੇ ਹਨ।
ਤਰਜਮਾ: ਕਮਲਜੀਤ ਕੌਰ