ਉਹ ਸੋਸ਼ਲ ਮੀਡੀਆ 'ਤੇ ਆਪਣੇ ਗੀਤ ਅਪਲੋਡ ਕਰਦੇ ਰਹਿੰਦੇ ਹਨ, ਇਸ ਉਮੀਦ ਦੇ ਨਾਲ਼ ਕਿ ਕਿਸੇ ਦਿਨ ਲੋਕ ਉਨ੍ਹਾਂ ਦੀ ਪ੍ਰਤਿਭਾ ਦੀ ਸ਼ਲਾਘਾ ਜ਼ਰੂਰ ਕਰਨਗੇ।
''ਮੈਂ ਇੱਕ ਦਿਨ ਆਪਣੀ ਐਲਬਮ ਕੱਢਣੀ ਚਾਹੁੰਦਾ ਹਾਂ,'' 24 ਸਾਲਾ ਸੈਂਟੋ ਤਾਂਤੀ ਕਹਿੰਦੇ ਹਨ ਜੋ ਆਸਾਮ ਦੇ ਜੋਰਹਾਟ ਜ਼ਿਲ੍ਹੇ ਦੇ ਸਿਕੋਟਾ ਟੀ-ਅਸਟੇਟ ਦੀ ਢੇਕਿਆਜੁਲੀ ਡਿਵੀਜ਼ਨ ਦੇ ਵਾਸੀ ਹਨ।
ਸੈਂਟੋ ਗਾਇਕ ਬਣਨ ਦਾ ਸੁਪਨਾ ਦੇਖ-ਦੇਖ ਵੱਡਾ ਹੋਇਆ, ਉਨ੍ਹਾਂ ਦਾ ਇਹ ਸੁਪਨਾ ਹਰੇਕ ਚੀਜ਼ ਨਾਲ਼ੋਂ ਵੱਡਾ ਸੀ। ਪਰ ਉਨ੍ਹਾਂ ਦੀ ਸੁਪਨਮਈ ਦੁਨੀਆ ਦੀ ਹਕੀਕਤ ਬਿਲਕੁਲ ਵੱਖਰੀ ਨਿਕਲ਼ੀ ਅਤੇ ਉਨ੍ਹਾਂ ਨੂੰ ਰੋਜ਼ੀਰੋਟੀ ਕਮਾਉਣ ਖਾਤਰ ਆਪਣੇ ਪਿਤਾ ਦੀ ਮਦਦ ਕਰਨੀ ਪੈਂਦੀ ਹੈ ਜੋ ਸਾਈਕਲ ਮੁਰੰਮਤ ਕਰਨ ਦੀ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ।
ਸੈਂਟੋ ਤਾਂਤੀ ਇੱਕ ਆਦਿਵਾਸੀ ਹਨ ਪਰ ਤੁਸੀਂ ਉਨ੍ਹਾਂ ਨੂੰ ਉਸ ਸ਼੍ਰੇਣੀ ਅੰਦਰ ਕਿਸੇ ਵਿਸ਼ੇਸ਼ ਕਬੀਲੇ ਨਾਲ਼ ਜੋੜ ਨਹੀਂ ਸਕਦੇ। ਸ਼ਾਇਦ ਡੇਢ ਸਦੀ ਤੋਂ ਆਸਾਮ ਦੇ ਇਨ੍ਹਾਂ ਚਾਹ-ਬਗ਼ਾਨ ਇਲਾਕਿਆਂ ਨੇ ਕੰਮ ਦੀ ਭਾਲ਼ ਵਿੱਚ ਇੱਥੇ ਓੜੀਸਾ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਤੇਲੰਗਾਨਾ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਆਂਧਰਾ ਪ੍ਰਦੇਸ਼ ਦੇ ਆਦਿਵਾਸੀਆਂ ਨੂੰ ਬਤੌਰ ਪ੍ਰਵਾਸੀ ਮਜ਼ਦੂਰ ਆਉਂਦੇ ਦੇਖਿਆ ਹੈ। ਇਨ੍ਹਾਂ ਸਮੂਹਾਂ ਦੇ ਕਈ ਪੁਰਖ਼ੇ ਆਦਿਵਾਸੀ ਭਾਈਚਾਰਿਆਂ ਅਤੇ ਹੋਰਨਾਂ ਸਮਾਜਿਕ ਸਮੂਹਾਂ ਦੇ ਨਾਲ਼ ਇੱਕ-ਮਿੱਕ ਹੋ ਗਏ ਹਨ। ਇਨ੍ਹਾਂ ਸਾਰੇ ਭਾਈਚਾਰਿਆਂ ਨੂੰ ਇੱਕੋ ਸ਼ਬਦ 'ਟੀ ਕਬੀਲੇ' ਰਾਹੀਂ ਮੁਕੰਮਲ ਕੀਤਾ ਜਾਂਦਾ ਹੈ।
ਉਨ੍ਹਾਂ ਵਿੱਚੋਂ ਸੱਠ ਲੱਖ ਤੋਂ ਵੱਧ ਆਸਾਮ ਵਿੱਚ ਵੱਸੇ ਹੋਏ ਹਨ, ਜਦੋਂਕਿ ਉਨ੍ਹਾਂ ਨੂੰ ਆਪਣੇ ਮੂਲ਼ ਸੂਬਿਆਂ ਵਿੱਚ ਪਿਛੜੇ ਕਬੀਲਿਆਂ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ, ਪਰ ਇੱਥੇ ਉਨ੍ਹਾਂ ਨੂੰ ਇਸ ਦਰਜੇ ਤੋਂ ਵਾਂਝੇ ਰੱਖਿਆ ਗਿਆ ਹੈ।
ਜ਼ਿੰਦਗੀ ਦੀ ਰੋਜ਼ਮੱਰਾ ਦੀ ਔਖਿਆਈ ਅਤੇ ਹੱਡ-ਭੰਨ੍ਹਵੀਂ ਮਿਹਨਤ ਅਕਸਰ ਉਨ੍ਹਾਂ ਵਿੱਚੋਂ ਕਈ ਲੋਕਾਂ ਦੀਆਂ ਰੀਝਾਂ ਨੂੰ ਮਧੋਲਦੀ ਜਾਪਦੀ ਹੈ। ਪਰ ਸੈਂਟੋ ਦੀਆਂ ਰੀਝਾਂ ਨੂੰ ਨਹੀਂ। ਉਹ ਆਪਣੇ ਚੁਫ਼ੇਰੇ ਦੇ ਦੁੱਖ-ਤਕਲੀਫ਼ਾਂ ਨੂੰ ਪ੍ਰਗਟ ਕਰਨ ਲਈ ਝੁਮੁਰ ਗਾਉਂਦੇ ਹਨ। ਉਹ ਚਾਹ-ਬਗ਼ਾਨਾਂ ਅੰਦਰ ਧੁੱਪ ਵਿੱਚ ਲੂੰਹਦੇ ਪਿੰਡਿਆਂ ਅਤੇ ਮੀਂਹ ਵਿੱਚ ਨਿਚੁੜਦੇ ਲੋਕਾਂ ਵਾਸਤੇ ਗੀਤ ਗਾਉਂਦੇ ਹਨ ਅਤੇ ਤਾਜ਼ਗੀ ਬਖ਼ਸ਼ਣ ਵਾਲ਼ੀ ਚਾਹ ਦੀ ਇੱਕ ਪਿਆਲੀ ਮਗਰ ਲੁਕੀ ਹੱਡ-ਭੰਨ੍ਹਵੀਂ ਮਿਹਨਤ ਵਾਸਤੇ ਗੀਤ ਗਾਉਂਦੇ ਹਨ।
ਇੱਥੋਂ ਦੇ ਝੁਮੁਰ ਗੀਤ ਸਦਰੀ ਭਾਸ਼ਾ ਵਿੱਚ ਗਾਏ ਜਾਂਦੇ ਹਨ ਅਤੇ ਇਹ ਗੀਤ ਯੁਗਾਂ ਨੂੰ ਹੰਢਾ ਕੇ ਆਏ ਹਨ। ਉਨ੍ਹਾਂ ਵਿੱਚੋਂ ਜੋ ਗੀਤ ਸੈਂਟੋ ਗਾਉਂਦੇ ਹਨ, ਉਹ ਜਾਂ ਤਾਂ ਉਨ੍ਹਾਂ ਦੇ ਪਿਤਾ ਅਤੇ ਚਾਚਾ ਦੁਆਰਾ ਰਚੇ ਗਏ ਸਨ ਜਾਂ ਉਹ ਗੀਤ ਉਨ੍ਹਾਂ ਨੇ ਬਾਲ਼ ਉਮਰੇ ਕਿਤੋਂ ਸੁਣੇ ਸਨ ਜੋ ਪੀੜ੍ਹੀਆਂ ਤੋਂ ਇੰਝ ਹੀ ਸਫ਼ਰ ਕਰਦੇ ਕਰਦੇ ਉਨ੍ਹਾਂ ਤੱਕ ਪੁੱਜੇ ਹਨ। ਉਹ ਗੀਤ ਆਪਣੇ ਅੰਦਰ ਮੁਲਕ ਭਰ ਵਿੱਚੋਂ ਆਦਿਵਾਸੀ ਭਾਈਚਾਰਿਆਂ ਦੇ ਆਸਾਮ ਦੇ ਚਾਹ-ਬਗ਼ਾਨਾਂ ਤੱਕ ਦੇ ਪ੍ਰਵਾਸ ਦੀਆਂ ਕਹਾਣੀਆਂ ਸਮੋਈ ਬੈਠੇ ਹਨ। ਇਹ ਗੀਤ ਕਹਾਣੀਆਂ ਹਨ ਪੁਰਾਣੇ ਘਰ ਨੂੰ ਛੱਡ ਕੇ ਨਵੇਂ ਘਰ ਦੀ ਉਨ੍ਹਾਂ ਦੀ ਯਾਤਰਾ ਨੂੰ ਦਰਸਾਉਂਦੀਆਂ ਹੋਈਆਂ ਅਤੇ ਆਦਿਵਾਸੀਆਂ ਦੁਆਰਾ ਸੰਘਣੇ ਜੰਗਲਾਂ ਅਤੇ ਭੋਇੰ ਨੂੰ ਸਾਫ਼ ਕਰਕੇ ਉਨ੍ਹਾਂ ਨੂੰ ਚਾਹ-ਬਗ਼ਾਨਾਂ ਵਿੱਚ ਤਬਦੀਲ ਕਰ ਦੇਣ ਦੀਆਂ।
ਸੰਗੀਤ ਪ੍ਰਤੀ ਆਪਣੇ ਇਸ ਜਨੂੰਨ ਕਾਰਨ ਸੈਂਟੋ ਨੂੰ ਅਕਸਰ ਆਪਣੇ ਪਿੰਡ ਵਾਸੀਆਂ ਦੁਆਰਾ ਅਪਮਾਨਤ ਕੀਤਾ ਜਾਂਦਾ ਹੈ। ਉਹ ਕਹਿੰਦੇ ਹਨ ਕਿ ਉਹਦੀਆਂ ਜੋ ਵੀ ਰੀਝਾਂ ਅਤੇ ਉਮੰਗਾਂ ਕਿਉਂ ਨਾ ਹੋਣਾ, ਪਰ ਅਖ਼ੀਰ ਉਹਨੂੰ ਚਾਹ ਬਗ਼ਾਨਾਂ ਵਿੱਚ ਪੱਤੇ ਹੀ ਤੋੜਨੇ ਪੈਣੇ ਹਨ। ਅਜਿਹੇ ਵਿਅੰਗ ਇੱਕ ਵਾਰੀ ਮੈਨੂੰ ਹਲੂਣ ਸੁੱਟਦੇ ਹਨ, ਪਰ ਮੈਂ ਛੇਤੀ ਹੀ ਉੱਭਰ ਜਾਂਦਾ ਹਾਂ। ਉਹ ਲੋਕ ਨਾ ਸੈਂਟੋ ਨੂੰ ਵੱਡੇ ਸੁਪਨੇ ਲੈਣ ਤੋਂ ਰੋਕ ਸਕਦੇ ਹਨ ਅਤੇ ਨਾ ਹੀ ਸੋਸ਼ਲ ਮੀਡਿਆ ਪਲੇਟਫਾਰਮ 'ਤੇ ਉਨ੍ਹਾਂ ਨੂੰ ਆਪਣੇ ਗੀਤ ਅਪਲੋਡ ਕਰਨ ਤੋਂ ਜਾਗਦੀ ਉਮੀਦ ਨੂੰ ਰੋਕ ਸਕਦੇ ਹਨ।
ਤਰਜਮਾ: ਕਮਲਜੀਤ ਕੌਰ