ਦੇਵੀ ਹੁਣ ਕਿਸੇ ਵੀ ਵੇਲ਼ੇ ਧਰਤੀ 'ਤੇ ਪ੍ਰਗਟ ਹੋਵੇਗੀ, ਬੇਸ਼ਰਤੇ ਕਿ ਪਹਿਲਾਂ ਉਹਨੂੰ (he) ਕੱਪੜੇ ਪਾਉਣ ਦਾ ਮੌਕਾ ਮਿਲ਼ੇ। ''ਪਹਿਲਾਂ ਹੀ ਸੱਤ ਵੱਜ ਚੁੱਕੇ ਹਨ। ਰਜਤ ਜੁਬਲੀ ਪਿੰਡ ਦੇ ਪਿਆਰੇ ਵਾਸੀਓ, ਕ੍ਰਿਪਾ ਕਰਕੇ ਆਪਣੇ ਘਰਾਂ ਵਿੱਚੋਂ ਚਾਦਰਾਂ, ਸਾੜੀਆਂ ਅਤੇ ਕੱਪੜੇ ਲਿਆਓ। ਸਾਨੂੰ ਤਿਆਰ ਹੋਣ ਵਾਲ਼ਾ ਕਮਰਾ (ਗ੍ਰੀਨ ਰੂਮ) ਤਿਆਰ ਕਰਨ ਦੀ ਲੋੜ ਹੈ। 'ਪਾਲਾ ਗਾਨ '- ਮਨਸਾ ਇਲੋ ਮੋਰਤੇ (ਦੇਵੀ ਦਾ ਧਰਤੀ 'ਤੇ ਪ੍ਰਗਟ ਹੋਣਾ) ਬੱਸ ਸ਼ੁਰੂ ਹੋਣ ਵਾਲ਼ਾ ਹੈ। ਸੰਗੀਤ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਲਾਨ ਹਵਾ ਵਿੱਚ ਗੂੰਜਣ ਲੱਗੇ ਅਤੇ ਦੱਖਣ 24 ਪਰਗਨਾ ਜ਼ਿਲ੍ਹੇ ਦੇ ਗੋਸਾਬਾ ਬਲਾਕ ਦੇ ਇਸ ਪਿੰਡ ਦੀਆਂ ਸੜਕਾਂ 'ਤੇ ਸਤੰਬਰ ਮਹੀਨੇ ਤੋਂ ਹੀ ਫ਼ੈਲ ਗਏ। ਇਹ ਰਾਤ ਯਕੀਨਨ ਜ਼ਸ਼ਨ ਅਤੇ ਖ਼ੁਸ਼ੀ-ਖੇੜਿਆਂ ਦਾ ਵਾਅਦਾ ਕਰਦੀ ਜਾਪਦੀ ਹੈ।
ਇੱਕ ਘੰਟੇ ਦੇ ਅੰਦਰ-ਅੰਦਰ, ਆਰਜ਼ੀ ਗ੍ਰੀਨ ਰੂਮ ਤਿਆਰ ਹੋ ਗਿਆ ਅਤੇ ਉੱਥੇ ਲਿਸ਼ਕਣੇ ਕੱਪੜੇ ਪਾਈ, ਭੜਕੀਲੇ ਮੇਕਅਪ ਵਿੱਚ ਤਿਆਰ ਹੁੰਦੇ ਅਤੇ ਭਾਰੀ-ਭਰਕਮ ਗਹਿਣਿਆਂ ਵਿੱਚ ਖ਼ੁਦ ਨੂੰ ਸਜਾਉਂਦੇ ਕਲਾਕਾਰਾਂ ਦੀ ਚਹਿਲ-ਪਹਿਲ ਹੈ ਅਤੇ ਇੱਕ ਪਾਸੇ ਕਲਾਕਾਰ ਬਿਨਾਂ ਕਿਸੇ ਲਿਖਤੀ ਪਟਕਥਾ ਦੇ ਆਪੋ-ਆਪਣੇ ਮੁਕਾਲਮੇ ਚੇਤੇ ਕਰਨ ਵਿੱਚ ਰੁੱਝੇ ਹੋਏ ਹਨ। ਨਿਤਯਾਨੰਦ ਸਰਕਾਰ, ਜੋ ਦਲ ਦੀ ਅਗਵਾਈ ਕਰਦੇ ਹਨ, ਅੱਜ ਕਾਫ਼ੀ ਸੰਜੀਦਾ ਨਜ਼ਰ ਆ ਰਹੇ ਹਨ, ਉਸ ਹੱਸਮੁੱਖ ਨਾਚੇ ਤੋਂ ਉਲਟ ਜਿਨ੍ਹਾਂ ਨੂੰ ਮੈਂ ਪਹਿਲੀ ਵਾਰ ਹਿਰਨਮਯ ਅਤੇ ਪ੍ਰਿਯੰਕਾ ਦੇ ਵਿਆਹ ਸਮਾਗਮ ਦੌਰਾਨ ਮਿਲ਼ਿਆ ਸਾਂ। ਅੱਜ ਉਹ ਮਨਸਾ ਦਾ ਮੰਚਨ ਕਰਨਗੇ ਜੋ ਸੱਪ ਦੀ ਦੇਵੀ ਹੈ। ਉਹ ਉਸ ਸ਼ਾਮ ਦੇ ਪਾਲਾ ਗਾਨ ਵਿੱਚ ਸ਼ਾਮਲ ਹੋਣ ਵਾਲ਼ੇ ਬਾਕੀ ਕਲਾਕਾਰਾਂ ਨਾਲ਼ ਮੇਰੀ ਜਾਣ-ਪਛਾਣ ਕਰਾਉਂਦੇ ਹਨ।
ਪਾਲਾ ਗਾਨ ਮੰਗਲ ਕਾਵਯ 'ਤੇ ਅਧਾਰਤ ਇੱਕ ਸੰਗੀਤ ਨਾਟਕ ਹੈ, ਜੋ ਇੱਕ ਹਰਮਨਪਿਆਰੀ ਦੇਵੀ ਜਾਂ ਇਸ਼ਟ ਦੀ ਪ੍ਰਸ਼ੰਸਾ ਕਰਨ ਵਾਲ਼ੀ ਮਹਾਂਕਾਵਿਕ ਕਥਾ ਹੈ। ਵੈਸੇ ਤਾਂ ਇਹ ਕਥਾਤਮਕ ਕਵਿਤਾਵਾਂ ਸ਼ਿਵ ਜਿਹੇ ਭਾਰਤ-ਵਰਸ਼ ਦੇ ਦੇਵਤਾਵਾਂ ਦੀ ਪ੍ਰਸ਼ੰਸਾ ਵਿੱਚ ਗਾਈਆਂ ਜਾਂਦੀਆਂ ਹਨ ਪਰ ਕਈ ਵਾਰੀ ਧਰਮ ਠਾਕੁਰ, ਮਾਂ ਮਨਸਾ- ਸੱਪ ਦੀ ਦੇਵੀ, ਸ਼ੀਤਲਾ- ਚੇਚਕ ਦੀ ਦੇਵੀ ਅਤੇ ਬੌਨ ਬੀਬੀ- ਜੰਗਲ ਦੀ ਦੇਵੀ ਜਿਹੇ ਬੰਗਾਲ ਦੇ ਸਥਾਨਕ ਦੇਵਤਾਵਾਂ ਲਈ ਵੀ ਗਾਈਆਂ ਜਾਂਦੀਆਂ ਹਨ। ਕਲਾਕਾਰਾਂ ਦੀ ਮੰਡਲੀ ਇਨ੍ਹਾਂ ਸੰਗੀਤ ਨਾਟਕਾਂ ਦੇ ਪ੍ਰਦਰਸ਼ਨ ਵਾਸਤੇ ਪੂਰਾ ਸਾਲ ਸੁੰਦਰਬਨ ਦੇ ਟਾਪੂਆਂ ਵਿੱਚ ਘੁੰਮਦੀ ਰਹਿੰਦੀ ਹੈ ਅਤੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰਦੀ ਰਹਿੰਦੀ ਹੈ।
ਮਨਸਾ ਪਾਲਾ ਗਾਨ, ਜਿਨ੍ਹਾਂ ਦੀ ਪੇਸ਼ਕਾਰੀ ਪੱਛਮੀ ਬੰਗਾਲ, ਅਸਾਮ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਕੀਤੀ ਜਾਂਦੀ ਹੈ, ਮਨਸਾ ਮੰਗਲਾ ਕਾਵਯ 'ਤੇ ਅਧਾਰਤ ਹੈ, ਜੋ ਕਿ ਮਹੱਤਵਪੂਰਨ ਮਹਾਂਕਾਵਿਕ ਕਵਿਤਾ ਹੈ ਅਤੇ ਜਿਹਦੇ ਬਾਰੇ ਇਹ ਅਨੁਮਾਨ ਲਾਇਆ ਜਾਂਦਾ ਹੈ ਕਿ 13ਵੀਂ ਸਦੀ ਤੋਂ ਚਲਨ ਵਿੱਚ ਹੈ ਅਤੇ ਮਾਨਤਾ ਇਹ ਵੀ ਹੈ ਕਿ ਇਹ ਪੁਰਾਣੇ ਲੋਕ ਮਿੱਥਾਂ 'ਤੇ ਅਧਾਰਤ ਹੈ। ਬੰਗਾਲ ਅੰਦਰ, ਮਨਸਾ ਦੱਖਣ 24 ਪਰਗਨਾ ਦੇ ਨਾਲ਼ ਨਾਲ਼ ਬਾਂਕੁਰਾ, ਬੀਰਭੂਮ ਅਤੇ ਪੁਰੂਲੀਆ ਜ਼ਿਲ੍ਹਿਆਂ ਦੇ ਦਲਿਤਾਂ ਵਿਚਕਾਰ ਇੱਕ ਲੋਕਪ੍ਰਿਯ ਦੇਵੀ ਹਨ। ਹਰੇਕ ਸਾਲ, ਵਿਸ਼ਵਕਰਮਾ ਪੂਜਾ ਦਿਵਸ (ਇਸ ਸਾਲ ਸਤੰਬਰ 17) ਮੌਕੇ, ਸੁੰਦਰਬਨ ਦੇ ਭਾਰਤੀ ਵਿਸਤਾਰ ਹੇਠ ਆਉਂਦੇ ਕਈ ਦੂਰ-ਦੁਰਾਡੇ ਦੇ ਪਿੰਡਾਂ ਅੰਦਰ ਕਈ ਘਰ ਸੱਪ ਦੀ ਦੇਵੀ ਦੀ ਪੂਜਾ ਕਰਦੇ ਹਨ ਅਤੇ ਪਾਲਾ ਗਾਨ ਦੀ ਪੇਸ਼ਕਾਰੀ ਕਰਦੇ ਹਨ।

























