ਇਹ ਸਟੋਰੀ ਜਲਵਾਯੂ ਤਬਦੀਲੀ 'ਤੇ ਅਧਾਰਤ ਪਾਰੀ ਦੀ ਉਸ ਲੜੀ ਦਾ ਹਿੱਸਾ ਹੈ ਜਿਹਨੇ ਵਾਤਾਵਰਣ ਸਬੰਧੀ ਰਿਪੋਰਟਿੰਗ ਦੀ ਸ਼੍ਰੇਣੀ ਵਿੱਚ ਸਾਲ 2019 ਦਾ ਰਾਮਨਾਥ ਗੋਇਨਕਾ ਪੁਰਸਕਾਰ ਜਿੱਤਿਆ।
ਕਾਜਲ ਲਤਾ ਬਿਸਵਾਸ, ਚੱਕਰਵਾਤ ਦੀ ਯਾਦ ਨਾਲ਼ ਅਜੇ ਵੀ ਸਹਿਮ ਜਾਂਦੀ ਹਨ। ਹਾਲਾਂਕਿ, ਸੁੰਦਰਬਨ ਨਾਲ਼ ਟਕਰਾਏ ਇਸ ਆਇਲਾ ਚੱਕਰਵਾਤ ਨੂੰ ਕਰੀਬ 10 ਸਾਲ ਹੋ ਚੁੱਕੇ ਹਨ, ਫਿਰ ਵੀ 25 ਮਈ 2009 ਦੀ ਤਰੀਕ ਉਨ੍ਹਾਂ ਦੇ ਜ਼ਿਹਨ ਵਿੱਚੋਂ ਨਿਕਲ਼ਦੀ ਨਹੀਂ।
ਅਜੇ ਦੁਪਹਿਰ ਨਹੀਂ ਹੋਈ ਸੀ। ਕਾਜਲ ਲਤਾ ਕਹਿੰਦੀ ਹਨ,''ਨਦੀ (ਕਾਲਿੰਦੀ) ਦਾ ਪਾਣੀ ਪਿੰਡ ਅੰਦਰ ਆ ਵੜ੍ਹਿਆ ਅਤੇ ਸਾਰੇ ਘਰ ਡੁੱਬ ਗਏ।'' ਉਹ ਉਸ ਦਿਨ ਆਪਣੇ ਪਿੰਡ, ਗੋਬਿੰਦਕਾਟੀ ਤੋਂ ਕਰੀਬ ਸੱਤ ਕਿਲੋਮੀਟਰ ਦੂਰ, ਕੁਮੀਰਮਾਰੀ ਪਿੰਡ ਵਿਖੇ ਇੱਕ ਰਿਸ਼ਤੇਦਾਰ ਦੇ ਘਰ ਸਨ। ''ਸਾਡੇ ਵਿੱਚੋਂ 40-50 ਲੋਕਾਂ ਨੇ ਇੱਕ ਬੇੜੀ ਵਿੱਚ ਜਗ੍ਹਾ ਬਣਾਈ, ਜਿੱਥੇ ਅਸੀਂ ਪੂਰਾ ਦਿਨ ਅਤੇ ਪੂਰੀ ਰਾਤ ਕੱਟੀ। ਅਸੀਂ ਰੁੱਖਾਂ, ਬੇੜੀਆਂ, ਡੰਗਰਾਂ ਅਤੇ ਝੋਨੇ ਨੂੰ ਰੁੜ੍ਹਦੇ ਦੇਖਿਆ। ਰਾਤੀਂ, ਅਸੀਂ ਕੁਝ ਵੀ ਨਹੀਂ ਦੇਖ ਸਕੇ। ਮਾਚਸ ਦੀਆਂ ਤੀਲੀਆਂ ਤੱਕ ਸੁੱਕੀਆਂ ਨਾ ਬਚੀਆਂ। ਜਦੋਂ ਅਸਮਾਨੀਂ ਬਿਜਲੀ ਚਮਕਦੀ ਤਾਂ ਲਿਸ਼ਕੋਰ ਵਿੱਚ ਅਸੀਂ ਕੁਝ ਦੇਖ ਪਾਉਂਦੇ।''
ਆਪਣੇ ਘਰ ਦੇ ਬਾਹਰ ਬੈਠੀ 48 ਸਾਲਾ ਕਿਸਾਨ ਕਾਲਜ ਲਤਾ ਕਹਿੰਦੀ ਹਨ ਅਤੇ ਗੱਲਬਾਤ ਦੌਰਾਨ ਦੁਪਹਿਰ ਦੇ ਭੋਜਨ ਲਈ ਮੱਛੀ ਦੀ ਸਫ਼ਾਈ ਕਰਦੀ ਜਾਂਦੀ ਹਨ। ਉਨ੍ਹਾਂ ਗੱਲ ਜਾਰੀ ਰੱਖਦਿਆਂ ਕਿਹਾ,''ਉਹ ਰਾਤ ਕਦੇ ਭੁਲਾਈ ਨਹੀਂ ਜਾ ਸਕਦੀ। ਪੀਣ ਨੂੰ ਇੱਕ ਬੂੰਦ ਪਾਣੀ ਨਹੀਂ। ਕਿਸੇ ਤਰ੍ਹਾਂ ਪਲਾਸਟਿਕ ਦੇ ਥੈਲੇ ਵਿੱਚ ਮੀਂਹ ਦੀਆਂ ਕੁਝ ਬੂੰਦਾਂ ਇਕੱਠੀਆਂ ਕੀਤੀਆਂ ਅਤੇ ਆਪਣੀਆਂ ਦੋਵਾਂ ਧੀਆਂ ਅਤੇ ਭਤੀਜੀ ਦੇ ਬੁੱਲ੍ਹਾਂ ਨੂੰ ਗਿੱਲਿਆਂ ਕਰਦੀ ਰਹੀ। ਉਹ ਤਿਹਾਈਆਂ ਸਨ।'' ਇਸ ਵਾਕਿਆ ਬਾਬਤ ਗੱਲ ਕਰਦਿਆਂ ਉਨ੍ਹਾਂ ਦੀ ਅਵਾਜ਼ ਲਰਜ਼ ਲਰਜ਼ ਜਾਂਦੀ।
ਅਗਲੀ ਸਵੇਰ, ਆਪਣੇ ਪਿੰਡ ਤੱਕ ਪਹੁੰਚਣ ਵਾਸਤੇ ਉਨ੍ਹਾਂ ਨੇ ਇੱਕ ਬੇੜੀ ਦਾ ਆਸਰਾ ਲਿਆ। ਫਿਰ ਹੜ੍ਹ ਦੇ ਪਾਣੀ ਵਿੱਚ ਤੁਰ ਤੁਰ ਕੇ ਕਿਸੇ ਤਰ੍ਹਾਂ ਆਪਣੇ ਘਰ ਪਹੁੰਚੀ। ਕਾਜਲ ਲਤਾ ਦੱਸਦੀ ਹਨ,''ਮੇਰੀ ਵੱਡੀ ਧੀ ਤਨੂਸ਼੍ਰੀ (17 ਸਾਲਾ) ਬੜੀ ਮੁਸ਼ਕਲ ਨਾਲ਼ ਡੁਬਣੋਂ ਬਚੀ। ਵਢਭਾਗੀਂ ਉਹਨੇ ਆਪਣੀ ਚਾਚੀ ਦੀ ਸਾੜੀ ਦਾ ਲੜ ਫੜ੍ਹ ਲਿਆ।'' ਗੱਲਬਾਤ ਦੌਰਾਨ ਕਾਜਲ ਲਤਾ ਦੀਆਂ ਅੱਖਾਂ ਸਹਿਮ ਸਹਿਮ ਜਾਂਦੀਆਂ।
ਮਈ 2019 ਵਿੱਚ, ਉਨ੍ਹਾਂ ਦਾ ਡਰ 'ਫਾਨੀ' ਚੱਕਰਵਾਤ ਦਾ ਰੂਪ ਧਾਰੀ ਆ ਧਮਕਿਆ। ਇਤਫ਼ਾਕ ਦੇਖੋ, ਇਹੀ ਸਮਾਂ ਉਨ੍ਹਾਂ ਦੀ ਛੋਟੀ ਧੀ 25 ਸਾਲਾ ਅਨੁਸ਼੍ਰੀ ਦੇ ਵਿਆਹ ਦਾ ਵੀ ਸੀ।
ਵਿਆਹ ਦੀ ਤਰੀਕ 6 ਮਈ ਸੀ। ਪੰਚਾਇਤ ਦੁਆਰਾ ਲਾਊਡਸਪੀਕਰ ਰਾਹੀਂ ਅਤੇ ਸਰਕਾਰ ਦੁਆਰਾ ਰੇਡਿਓ ਜ਼ਰੀਏ ਚੱਕਰਵਾਤ ਫਾਨੀ ਬਾਰੇ ਇੱਕ ਦਿਨ ਪਹਿਲਾਂ ਹੀ ਐਲਾਨ ਸ਼ੁਰੂ ਹੋ ਗਿਆ ਸੀ। ਕਾਜਲ ਲਤਾ ਕਹਿੰਦੀ ਹਨ,''ਸਾਡੀ ਹਾਲਤ ਦੀ ਕਲਪਨਾ ਤਾਂ ਕਰਕੇ ਦੇਖੋ।'' ਉਹ ਹਊਕਾ ਲੈਂਦਿਆਂ ਕਹਿੰਦੀ ਹਨ,''ਅਸੀਂ ਘਬਰਾ ਗਏ ਸਾਂ ਕਿ ਹਵਾਵਾਂ ਅਤੇ ਮੀਂਹ ਨੇ ਸਾਰੀਆਂ ਤਿਆਰੀਆਂ ਤਬਾਹ ਕਰ ਦੇਣੀਆਂ ਨੇ। ਵਿਆਹ ਤੋਂ ਕੁਝ ਦਿਨ ਪਹਿਲਾਂ ਮੀਂਹ ਵਗੈਰਾ ਤਾਂ ਪੈਂਦਾ ਰਿਹਾ ਪਰ ਸ਼ੁਕਰ ਹੈ ਚੱਕਰਵਾਤ ਦਾ ਅਸਰ ਸਾਡੇ ਪਿੰਡ ਨਹੀਂ ਪਿਆ।''
2 ਮਈ ਨੂੰ, ਭਾਰਤ ਦੇ ਮੌਸਮ ਵਿਭਾਗ ਨੇ ਆਂਧਰਾ ਪ੍ਰਦੇਸ਼, ਓਡੀਸਾ (ਜੋ ਸਭ ਤੋਂ ਵੱਧ ਪ੍ਰਭਾਵਤ ਹੋਇਆ) ਅਤੇ ਪੱਛਮੀ ਬੰਗਾਲ ਵਿੱਚ ਫਾਨੀ ਦੇ ਆਉਣ ਦੀ ਚੇਤਾਵਨੀ ਜਾਰੀ ਕੀਤੀ ਸੀ। ਫਾਨੀ ਬਾਰੇ ਗੱਲ ਕਰਦਿਆਂ 80 ਸਾਲਾ ਕਿਸਾਨ ਅਤੇ ਰਜਤ ਜੁਬਲੀ ਪਿੰਡ ਦੇ ਸਾਬਕਾ ਅਧਿਆਪਕ, ਪ੍ਰਫੁੱਲ ਮੰਡਲ ਰਤਾ ਬੁਲੰਦ ਅਵਾਜ਼ ਵਿੱਚ ਕਹਿੰਦੇ ਹਨ,''ਫਾਨੀ ਤੋਂ ਸੁੰਦਰਬਨ ਬਾਮੁਸ਼ਕਲ ਬੱਚ ਨਿਕਲ਼ਿਆ। ਹਵਾਵਾਂ ਦੀ ਤੇਜ਼ ਅਵਾਜ਼ ਸਾਨੂੰ ਸੁਣਾਈ ਦੇ ਰਹੀ ਸੀ। ਜੇ ਕਿਤੇ ਇਹ ਚੱਕਰਵਾਤ ਸਾਡੇ ਪਿੰਡ ਨਾਲ਼ ਟਕਰਾਇਆ ਹੁੰਦਾ ਤਾਂ ਯਕੀਨਨ ਸਾਡੇ ਘਰ ਅਤੇ ਜ਼ਮੀਨ ਬਰਬਾਦ ਕਰ ਸੁੱਟਦਾ...''
ਜਿਵੇਂ ਕਿ ਮੰਡਲ ਅਤੇ ਕਾਜਲ ਲਤਾ ਦੋਵੇਂ ਹੀ ਇਸ ਗੱਲ਼ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਸੁੰਦਰਬਨ ਵਿੱਚ ਚੱਕਰਵਾਤ ਆਉਣਾ ਆਮ ਗੱਲ ਹੈ। ਪੱਛਮ ਬੰਗਾਲ ਸਰਕਾਰ, ਆਪਦਾ ਪ੍ਰਬੰਧਨ ਅਤੇ ਨਾਗਰਿਕ ਸੁਰੱਖਿਆ ਵਿਭਾਗ ਨੇ ਦੱਖਣ ਅਤੇ ਉੱਤਰ 24 ਪਰਗਨਾ, ਦੋਵੇਂ ਜ਼ਿਲ੍ਹਿਆਂ ਨੂੰ ਚੱਕਰਵਾਤਾਂ ਦੇ ਕਾਰਨ 'ਵਿਤੋਂਵੱਧ ਨੁਕਸਾਨੇ ਜਾਣ ਵਾਲ਼ੇ ਇਲਾਕੇ' ਦੇ ਰੂਪ ਵਿੱਚ ਵਰਗੀਕ੍ਰਿਤ ਕਰਦੀ ਹੈ।
ਮੰਡਲ ਦਾ ਪਿੰਡ ਦੱਖਣ 24 ਪਰਗਨਾ ਜ਼ਿਲ੍ਹੇ ਦੇ ਗੋਸਾਬਾ ਬਲਾਕ ਵਿੱਚ ਹੈ ਅਤੇ ਕਾਜਲ ਲਤਾ ਦਾ ਪਿੰਡ ਉੱਤਰ 24 ਪਰਗਨਾ ਜ਼ਿਲ੍ਹੇ ਦੇ ਹਿੰਗਲਗੰਜ ਬਲਾਕ ਵਿੱਚ ਹੈ। ਇਹ ਦੋਵੇਂ, ਪੱਛਮੀ ਬੰਗਾਲ ਵਿੱਚ ਭਾਰਤੀ ਸੁੰਦਰਬਨ ਵਿੱਚ ਸ਼ਾਮਲ 19 ਬਲਾਕਾਂ ਦਾ ਹਿੱਸਾ ਹਨ- ਉੱਤਰ 24 ਪਰਗਨਾ ਅਤੇ 6 ਬਲਾਕ ਅਤੇ ਦੱਖਣ 24 ਪਰਗਨਾ ਦੇ 13 ਬਲਾਕ।
ਭਾਰਤ ਅਤੇ ਬੰਗਲਾਦੇਸ਼ ਵਿੱਚ ਫ਼ੈਲਿਆ, ਸੁੰਦਰਬਨ ਇੱਕ ਵਿਸ਼ਾਲ ਡੈਲਟਾ ਹੈ, ਜਿਸ ਵਿੱਚ ਸ਼ਾਇਦ ਦੁਨੀਆ ਦਾ ਸਭ ਤੋਂ ਵੱਡਾ ਨਾਲ਼ ਖਹਿੰਦਾ ਮੈਂਗ੍ਰੋਵ ਜੰਗਲ ਹੈ, ਜੋ ਕਰੀਬ 10,200 ਵਰਗ ਕਿਲੋਮੀਟਰ ਵਿੱਚ ਫੈਲਿਆ ਹੈ। ਵਿਸ਼ਵ ਬੈਂਕ ਦੀ 'ਸੁੰਦਰਬਨ ਦੇ ਕੁੱਲ ਵਿਕਾਸ ਵਾਸਤੇ ਲਚੀਲੇਪਣ ਦਾ ਨਿਰਮਾਣ' (ਬਿਲਡਿੰਗ ਰਿਜ਼ਿਲੀਅੰਸ ਫਾਰ ਦਿ ਸਸਟੈਨਬਲ ਡਿਵਲੈਪਮੈਂਟ ਆਫ਼ ਦਿ ਸੁੰਦਰਬਨ) ਨਾਮਕ 2014 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ,''ਸੁੰਦਰਬਨ ਇਲਾਕਾ ਦੁਨੀਆ ਦੇ ਸਭ ਤੋਂ ਬਿਹਤਰੀਨ ਵਾਤਾਵਰਣਕ ਢਾਂਚੇ ਵਿੱਚੋਂ ਇੱਕ ਹੈ... ਪੂਰਾ ਮੈਂਗ੍ਰੋਵ ਜੰਗਲੀ ਇਲਾਕਾ ਆਪਣੀ ਅਸਧਾਰਣ ਜੀਵ ਵੰਨ-ਸੁਵੰਨਤਾ ਵਾਸਤੇ ਜਾਣਿਆ ਜਾਂਦਾ ਹੈ, ਜਿਸ ਵਿੱਚ ਅਲੋਪ ਹੋਣ ਦੇ ਕੰਢੇ ਖੜ੍ਹੀਆਂ ਕਈ ਨਸਲਾਂ ਸ਼ਾਮਲ ਹਨ, ਜਿਵੇਂ ਕਿ ਰਾਇਬ ਬੰਗਾਲ ਟਾਈਗਰ, ਖਾਰੇ ਪਾਣੀ ਦੇ ਮਗਰਮੱਛ, ਭਾਰਤੀ ਅਜਗਰ ਅਤੇ ਨਦੀਆਂ ਵਿੱਚ ਰਹਿਣ ਵਾਲ਼ੀਆਂ ਡੌਲਫ਼ੀਨ ਮੱਛੀ ਦੀਆਂ ਕਈ ਨਸਲਾਂ। ਇਹ ਭਾਰਤ ਵਿੱਚ ਪਾਈਆਂ ਜਾਣ ਵਾਲ਼ੀਆਂ 10 ਫ਼ੀਸਦ ਤੋਂ ਵੱਧ ਥਣਧਾਰੀ ਅਤੇ 25 ਫ਼ੀਸਦ ਪੰਛੀਆਂ ਦੀਆਂ ਨਸਲਾਂ ਦਾ ਘਰ ਹੈ।' '
ਕਰੀਬ 4,200 ਵਰਗ ਕਿਲੋਮੀਟਰ ਵਿੱਚ ਫ਼ੈਲਿਆ ਭਾਰਤੀ ਸੁੰਦਰਬਨ ਤਕਰੀਬਨ 4.5 ਮਿਲੀਅਨ ਲੋਕਾਂ ਦਾ ਘਰ ਵੀ ਹੈ, ਜਿਨ੍ਹਾਂ ਵਿੱਚੋਂ ਬਹੁਤੇਰੇ ਲੋਕ ਗ਼ਰੀਬੀ ਵਿੱਚ ਜੀਵਨ ਬਸਰ ਕਰਦੇ ਹਨ ਅਤੇ ਮਾਮੂਲੀ ਰੋਜ਼ੀਰੋਟੀ ਵਾਸਤੇ ਸੰਘਰਸ਼ ਕਰ ਰਹੇ ਹਨ। ਇਲਾਕੇ ਦੀਆਂ ਮੁਸ਼ਕਲਾਂ ਅਤੇ ਵਿਤੋਂਵੱਧ ਖ਼ਰਾਬ ਮੌਸਮ ਦਾ ਸਾਹਮਣਾ ਵੀ ਕਰ ਰਹੇ ਹਨ।
ਹਾਲਾਂਕਿ, ਇਸ ਇਲਾਕੇ ਵਿੱਚ ਆਇਲਾ ਤੋਂ ਬਾਅਦ ਕੋਈ ਵੱਡਾ ਚੱਕਰਵਾਤ ਨਹੀਂ ਦੇਖਿਆ ਗਿਆ ਹੈ, ਫਿਰ ਵੀ ਇੱਥੇ ਅਜਿਹੇ ਚੱਕਰਵਾਤਾਂ ਦਾ ਖ਼ਤਰਾ ਸਦਾ ਬਣਿਆ ਰਹਿੰਦਾ ਹੈ। ਪੱਛਮੀ ਬੰਗਾਲ ਸਰਕਾਰ ਦੇ ਆਪਦਾ ਪ੍ਰਬੰਧਨ ਵਿਭਾਗ ਲਈ ਤਿਆਰ ਕੀਤੀ ਗਈ ਭਾਰਤੀ ਤਕਨੀਕੀ ਸੰਸਥਾ, ਖੜਗਪੁਰ ਦੀ 2006 ਦੀ ਇੱਕ ਰਿਪੋਰਟ ਦੱਸਦੀ ਹੈ ਕਿ ਰਾਜ ਵਿੱਚ 1891 ਤੋਂ 2004 ਤੱਕ 71 ਚੱਕਰਵਾਤੀ ਤੂਫ਼ਾਨ ਆ ਚੁੱਕੇ ਹਨ। ਉਸ ਵਕਫ਼ੇ ਵਿੱਚ, ਦੱਖਣ 24 ਪਰਗਨਾ ਜ਼ਿਲ੍ਹਾ ਦਾ ਗੋਸਾਬਾ ਬਲਾਕ ਸਭ ਤੋਂ ਵੱਧ ਪ੍ਰਭਾਵਤ ਰਿਹਾ, ਜਿਹਨੇ ਛੇ ਗੰਭੀਰ ਚੱਕਰਵਾਤਾਂ ਅਤੇ 19 ਸਧਾਰਣ ਚੱਕਰਵਾਤਾਂ ਦਾ ਸਾਹਮਣਾ ਕੀਤਾ।
ਪ੍ਰਫੁੱਲ, ਆਇਲਾ ਤੋਂ ਪਹਿਲਾਂ ਦੇ ਚੱਕਰਵਾਤਾਂ ਨੂੰ ਵੀ ਚੇਤੇ ਕਰ ਸਕਦੇ ਹਾਂ। ਉਹ ਕਹਿੰਦੇ ਹਨ,''ਮੈਂ 1998 ਦੇ ਚੱਕਰਵਾਤਾਂ ਨੂੰ ਨਹੀਂ ਭੁੱਲ ਸਕਦਾ (ਜਿਹਨੂੰ ਅਜ਼ਾਦੀ ਤੋਂ ਬਾਅਦ ਦਾ 'ਸਭ ਤੋਂ ਪ੍ਰਬਲ ਤੂਫ਼ਾਨ' ਕਿਹਾ ਜਾਂਦਾ ਹੈ, ਜੋ ਆਇਲਾ ਤੋਂ ਵੀ ਖ਼ਤਰਨਾਕ ਇੱਕ 'ਗੰਭੀਰ ਚੱਕਰਵਾਤੀ ਤੂਫ਼ਾਨ' ਸੀ) ਜਿਹਦੀਆਂ ਹਵਾਵਾਂ ਕਾਫ਼ੀ ਤੇਜ਼ ਅਤੇ ਜਾਨਲੇਵਾ ਸਨ। ਇਸ ਤੋਂ ਵੀ ਪਹਿਲਾਂ, ਮੈਂ 1988 ਦੇ ਚੱਕਰਵਾਤ ਨੂੰ ਚੇਤਾ ਕਰ ਸਕਦਾ ਹਾਂ।''
ਕੋਲਕਾਤਾ ਦੇ ਸਮੁੰਦਰ ਵਿਗਿਆਨੀ, ਡਾ. ਅਭੀਜੀਤ ਮਿਸ਼ਰਾ 2019 ਵਿੱਚ ਪ੍ਰਕਾਸ਼ਤ ਆਪਣੀ ਕਿਤਾਬ, ਮੈਂਗ੍ਰੋਵ ਫੌਰਸਟਸ ਇਨ ਇੰਡੀਆ: ਐਕਸਪਲੋਰਿੰਗ ਇਕੋਸਿਸਟਮ ਸਰਵਿਸਜ ਵਿੱਚ ਲਿਖਦੇ ਹਨ ਕਿ ਇਸ ਤੂਫ਼ਾਨੀ ਅਤੀਤ ਦੇ ਬਾਵਜੂਦ, ਚੱਕਰਵਾਤੀ ਡਿਪ੍ਰੈਸ਼ਨ (ਸਮੁੰਦਰ ਵਿੱਚ ਇੱਕ ਗਰਮ ਖੰਡੀ ਮੌਸਮ ਦੀ ਗੜਬੜ, 31-60 ਕਿਲੋਮੀਟਰ ਪ੍ਰਤੀ ਘੰਟੇ ਦੀ ਸੀਮਾ ਵਿੱਚ, 62-82 ਕਿਲੋਮੀਟਰ ਦੇ ਚੱਕਰਵਾਤੀ ਤੂਫ਼ਾਨ ਦੀ ਸੀਮਾ ਦੇ ਹੇਠਾਂ) ਪਿਛਲੇ 10 ਸਾਲਾਂ ਵਿੱਚ ਗੰਗਾ ਦੇ ਹੇਠਲੇ ਡੈਲਟਾ ਵਿੱਚ (ਜਿੱਥੇ ਸੁੰਦਰਬਨ ਸਥਿਤ ਹੈ) 2.5 ਗੁਣਾ ਵੱਧ ਗਿਆ ਹੈ। ਉਹ ਕਹਿੰਦੇ ਹਨ,''ਇਹਦਾ ਮਤਲਬ ਹੈ ਕਿ ਚੱਕਰਵਾਤ ਹੁਣ ਅਕਸਰ ਆਉਣ ਲੱਗੇ ਹਨ।''
ਕਈ ਹੋਰ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਸੁੰਦਰਬਨ ਦੇ ਨੇੜੇ-ਤੇੜੇ ਬੰਗਾਲ ਦੀ ਖਾੜੀ ਵਿੱਚ ਚੱਕਰਵਾਤਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। 'ਡਾਈਵਰਸਿਟੀ' ਮੈਗ਼ਜ਼ੀਨ ਵਿੱਚ 2015 ਵਿੱਚ ਪ੍ਰਕਾਸ਼ਤ ਇੱਕ ਅਧਿਐਨ, 1881 ਅਤੇ 2001 ਦਰਮਿਆਨ ਹੋਏ ਇਸ ਵਾਧੇ ਨੂੰ ਕਰੀਬ 26 ਫ਼ੀਸਦ ਦੱਸਦਾ ਹੈ ਅਤੇ ਮਈ, ਅਕਤੂਬਰ ਅਤੇ ਨਵੰਬਰ ਦੌਰਾਨ ਬੰਗਾਲ ਦੀ ਖਾੜੀ ਵਿੱਚ ਚੱਕਰਵਾਤਾਂ 'ਤੇ 1877 ਤੋਂ 2005 ਤੱਕ ਦੇ ਉਪਲਬਧ ਅੰਕੜਿਆਂ ਦੀ ਵਰਤੋਂ ਕਰਦਿਆਂ, 2007 ਦਾ ਇੱਕ ਅਧਿਐਨ ਦੱਸਦਾ ਹੈ ਕਿ ਪਿਛਲ਼ੇ 129 ਸਾਲਾਂ ਵਿੱਚ ਇਨ੍ਹਾਂ ਗੰਭੀਰ ਚੱਕਰਵਾਤੀ ਮਹੀਨਿਆਂ ਦੌਰਾਨ ਇੱਥੇ ਤੇਜ਼ ਚੱਕਰਵਾਤੀ ਤੂਫ਼ਾਨਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਇਹਦਾ ਕਾਰਨ ਇੱਕ ਤਰੀਕੇ ਨਾਲ਼ ਸਮੁੰਦਰ ਦੀ ਸਤ੍ਹਾ ਦੇ ਤਾਪਮਾਨ ਵਿੱਚ ਹੋਣ ਵਾਲ਼ੇ ਵਾਧਾ ਹੈ (ਇਹਦਾ ਕਾਰਨ ਜਨਰਲ ਆਫ਼ ਅਰਥ ਸਾਇੰਸ ਐਂਡ ਕਲਾਇਮੈਟ ਚੇਂਜ ਦੇ ਇੱਕ ਪੇਪਰ ਵਿੱਚ ਦੱਸਿਆ ਗਿਆ ਹੈ)। ਇਹ ਤਾਪਮਾਨ ਭਾਰਤੀ ਸੁੰਦਰਬਨ ਵਿੱਚ 1980 ਤੋਂ 2007 ਤੱਕ ਪ੍ਰਤੀ ਦਹਾਕਾ 0.5 ਡਿਗਰੀ ਸੈਲਸੀਅਸ ਵਧਿਆ ਹੈ ਜੋ ਕਿ ਤਾਪਮਾਨ ਵਾਧਾ ਦੀ ਸੰਸਾਰ ਪੱਧਰੀ ਪ੍ਰਤੀ ਦਹਾਕਾ 0.06 ਡਿਗਰੀ ਸੈਲਸੀਅਸ ਦੀ ਦਰ ਨਾਲ਼ੋਂ ਵੱਧ ਹੈ।
ਇਹਦੇ ਕਈ ਭਿਆਨਕ ਨਤੀਜਾ ਸਾਹਮਣਾ ਆਏ ਹਨ। ਕੋਲਕਾਤਾ ਦੇ ਜਾਦਵਪੁਰ ਯੂਨੀਵਰਸਿਟੀ ਵਿੱਚ ਸਕੂਲ ਆਫ਼ ਓਸ਼ਨੋਗ੍ਰਾਫ਼ਿਕ ਸਟੱਡੀਜ਼ ਦੀ ਪ੍ਰੋਫ਼ੈਸਰ ਸੁਗਤਾ ਹਾਜ਼ਰਾ ਕਹਿੰਦੀ ਹਨ,''ਸੁੰਦਰਬਨ ਨੇ ਪਿਛਲੀ ਵਾਰ 2009 ਵਿੱਚ ਇੱਕ ਵੱਡੇ ਚੱਕਰਵਾਤ ਦਾ ਸਾਹਮਣਾ ਕੀਤਾ ਸੀ। ਬੰਗਾਲ ਦੀ ਉੱਤਰੀ ਖਾੜੀ ਵਿੱਚ ਆਉਣ ਵਾਲ਼ੇ ਚੱਕਰਵਾਤਾਂ ਕਾਰਨ ਬਾਰ-ਬਾਰ ਪਾਣੀ ਭਰਨ ਅਤੇ ਬੰਨ੍ਹ ਟੁੱਟਣ ਕਾਰਨ ਇਸ ਇਲਾਕੇ ਨੂੰ ਨੁਕਸਾਨ ਝੱਲਣਾ ਪਿਆ ਹੈ।''
ਵਿਸ਼ਵ ਬੈਂਕ ਦੀ ਰਿਪੋਰਟ ਕਹਿੰਦੀ ਹੈ, ਬੰਨ੍ਹ ''ਚੱਕਰਵਾਤੀ ਤੂਫ਼ਾਨਾਂ ਅਤੇ ਸਮੁੰਦਰ ਤਲ ਵਿੱਚ ਵਾਧੇ ਦੇ ਖ਼ਿਲਾਫ਼ ਰੱਖਿਆ ਪ੍ਰਣਾਲੀਆਂ ਦੇ ਰੂਪ ਵਿੱਚ ਸੁੰਦਰਬਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਡੈਲਟਾ ਦੇ ਧਸਣ, ਸਮੁੰਦਰ ਤਲ ਦੇ ਵਧਣ ਅਤੇ ਜਲਵਾਯੂ ਤਬਦੀਲੀ ਦੇ ਰੂਪ ਵਿੱਚ ਚੱਕਰਵਾਤ ਦੀ ਤੀਬਰਤਾ ਵਿੱਚ ਵਾਧੇ ਨਾਲ਼ ਲੋਕਾਂ ਅਤੇ ਉਨ੍ਹਾਂ ਦੇ ਖੇਤਾਂ ਦੀ ਉਤਪਾਦਕਤਾ ਵਾਸਤੇ ਖ਼ਤਰਾ ਪੈਦਾ ਹੋ ਗਿਆ ਹੈ ਅਤੇ 19ਵੀਂ ਸਦੀ ਵਿੱਚ ਬਣਾਏ ਗਓ 3,500 ਕਿਲੋਮੀਟਰ ਦੇ ਬੰਨ੍ਹਾਂ ਦੇ ਖ਼ੁਰਨ ਨਾਲ਼ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ ਹੈ...''
2011 ਦੇ ਵਰਲਡ ਵਾਈਡਲਾਈਫ਼ ਫੰਡ ਦੇ ਇੱਕ ਖੋਜਪੱਤਰ ਦਾ ਕਹਿਣਾ ਹੈ ਕਿ ਸੁੰਦਰਬਨ ਵਿੱਚ ਸਾਗਰ ਦੀਪ ਦੀ ਆਬਜ਼ਰਵੇਟਰੀ ਵਿਖੇ ਮਾਪਿਆ ਗਿਆ 2002-2009 ਦਾ ਸਪੇਖਕ ਔਸਤ ਸਮੁੰਦਰ ਤਲ 12 ਮਿਮੀ ਪ੍ਰਤੀ ਸਾਲ ਜਾਂ 25 ਸਾਲ ਵਾਸਤੇ 8 ਮਿਮੀ ਪ੍ਰਤੀ ਸਾਲ ਦੀ ਦਰ ਨਾਲ਼ ਵਧਿਆ।
ਤਪਸ਼ ਅਤੇ ਇਹਦੇ ਕਾਰਨ ਸਮੁੰਦਰ ਤਲ ਵਿੱਚ ਵਾਧਾ ਵੀ ਮੈਂਗ੍ਰੋਵ ਨੂੰ ਪ੍ਰਭਾਵਤ ਕਰ ਰਹੀ ਹੈ। ਇਹ ਜੰਗਲ ਚੱਕਰਵਾਤਾਂ ਅਤੇ ਕਟਾਅ ਨਾਲ਼ ਤੱਟੀ ਇਲਾਕਿਆਂ ਦੀ ਰੱਖਿਆ ਕਰਨ ਵਿੱਚ ਮਦਦ ਕਰਦੇ ਹਨ, ਮੱਛੀਆਂ ਅਤੇ ਹੋਰ ਨਸਲਾਂ ਵਾਸਤੇ ਪ੍ਰਜਨਨ ਖੇਤਰ ਦੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਬੰਗਾਲ ਟਾਈਗਰ ਦਾ ਨਿਵਾਸ ਸਥਾਨ ਵੀ ਹਨ। ਜਾਦਵਪੁਰ ਯੂਨੀਵਰਸਿਟੀ ਦੇ ਸਕੂਲ ਆਫ਼ ਓਸ਼ਨੋਗ੍ਰਿਫ਼ਕ ਸਟੱਡੀਜ ਦੁਆਰਾ 2010 ਦਾ ਇੱਕ ਖ਼ੋਜਪੱਤਰ, ਜਿਹਦਾ ਸਿਰਲੇਖ ਹੈ ਟੈਮਪੋਰਲ ਚੇਂਜ ਡਿਟੇਕਸ਼ਨ (2001-2008) ਸਟੱਡੀ ਆਫ਼ ਸੁੰਦਰਬਨ ਦਾ ਕਹਿਣਾ ਹੈ ਕਿ ਸਮੁੰਦਰ ਤਲ ਵਿੱਚ ਵਾਧੇ ਅਤੇ ਚੱਕਰਵਾਤ, ਜੰਗਲ ਦੇ ਰਕਬੇ ਨੂੰ ਘੱਟ ਕਰਕੇ ਸੁੰਦਰਬਨ ਦੇ ਮੈਂਗ੍ਰੋਵ ਦੀ ਸਿਹਤ ਨੂੰ ਗੰਭੀਰ ਰੂਪ ਨਾਲ਼ ਪ੍ਰਭਾਵਤ ਕਰ ਰਹੇ ਹਨ।
ਰਜਤ ਜੁਬਲੀ ਪਿੰਡ ਦੇ ਇੱਕ ਮਛੇਰੇ, ਅਰਜੁਨ ਮੰਡਲ, ਸੁੰਦਰਬਨ ਵਿੱਚ ਮੈਂਗ੍ਰੋਵ ਦੇ ਮਹੱਤਵ ਬਾਰੇ ਡੂੰਘਿਆਈ ਨਾਲ਼ ਜਾਣਦੇ ਸਨ। ਉਨ੍ਹਾਂ ਨੇ ਸੁੰਦਰਬਨ ਰੂਰਲ ਡਿਵਲੈਪਮੈਂਟ ਸੋਸਾਇਟੀ ਨਾਮਕ ਐੱਨਜੀਓ ਦੇ ਨਾਲ਼ ਕੰਮ ਕੀਤਾ। ਉਨ੍ਹਾਂ ਨੇ ਮਈ 2019 ਵਿੱਚ ਮੈਨੂੰ ਕਿਹਾ ਸੀ,''ਸਾਰਿਆਂ ਨੇ ਜਲਵਾਯੂ ਤਬਦੀਲੀ ਬਾਰੇ ਸੁਣਿਆ ਹੈ, ਪਰ ਸਾਨੂੰ ਇਹ ਵੱਧ ਜਾਣਨ ਦੀ ਲੋੜ ਹੈ ਕਿ ਇਹ ਸਾਨੂੰ ਪ੍ਰਭਾਵਤ ਕਿਵੇਂ ਕਰਦੀ ਹੈ।''
29 ਜੂਨ, 2019 ਨੂੰ ਇੱਕ ਬਾਘ, ਅਰਜੁਨ ਨੂੰ ਉਸ ਸਮੇਂ ਚੁੱਕ ਲੈ ਗਿਆ ਜਦੋਂ ਉਹ ਪੀਰਖਲੀ ਜੰਗਲ ਵਿੱਚ ਕੇਕੜੇ ਫੜ੍ਹ ਰਹੇ ਸਨ। ਸੁੰਦਰਬਨ ਵਿੱਚ ਬਾਘ ਲੰਮੇ ਸਮੇਂ ਤੋਂ ਮਨੁੱਖਾਂ 'ਤੇ ਹਮਲਾ ਕਰਦੇ ਰਹੇ ਹਨ; ਇਨ੍ਹਾਂ ਬਾਘਾਂ ਦੀਆਂ ਇਹ ਵੱਧਦੀਆਂ ਘਟਨਾਵਾਂ ਘੱਟ ਤੋਂ ਘੱਟ ਅੰਸ਼ਕ ਰੂਪ ਨਾਲ਼ ਸਮੁੰਦਰ ਤਲ ਦੇ ਵੱਧਣ ਨਾਲ਼ ਵਣ ਭੂਮੀ ਦੇ ਖੁਰਨ ਦੇ ਕਾਰਨ ਹੋ ਰਹੀਆਂ ਹਨ, ਜਿਹਦਾ ਕਾਰਨ ਕਰਕੇ ਇਹ ਬਾਘ ਇਨਸਾਨਾਂ ਦੀਆਂ ਬਸਤੀਆਂ ਦੇ ਵੱਧ ਨੇੜੇ ਆਉਂਦੇ ਜਾ ਰਹੇ ਹਨ।
ਇਸ ਇਲਾਕੇ ਵਿੱਚ ਬਾਰ-ਬਾਰ ਆਉਂਦੇ ਚੱਕਰਵਾਤਾਂ ਕਾਰਨ ਪਾਣੀ ਦੇ ਖਾਰੇਪਣ ਵਿੱਚ ਵੀ ਵਾਧਾ ਹੋਇਆ ਹੈ, ਖ਼ਾਸ ਕਰਕੇ ਕੇਂਦਰੀ ਸੁੰਦਰਬਨ ਵਿਖੇ ਉਸ ਥਾਵੇਂ ਜਿੱਥੇ ਗੋਸਾਬਾ ਪੈਂਦਾ ਹੈ। ਵਿਸ਼ਵ ਬੈਂਕ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ,''... ਸਮੁੰਦਰ ਤਲ ਵਿੱਚ ਵਾਧੇ ਦੇ ਨਾਲ਼ ਨਾਲ਼ ਡੈਲਟਾ ਵਿੱਚ ਮਿੱਠੇ ਪਾਣੀ ਦੇ ਪ੍ਰਵਾਹ ਵਿੱਚ ਘਾਟ ਕਾਰਨ, ਖਾਰੇਪਣ ਵਿੱਚ ਲੋੜੋਂ ਵੱਧ ਵਾਧਾ ਦਾ ਵਾਤਾਵਰਣਕ ਢਾਂਚੇ 'ਤੇ ਵੀ ਉਲਟ ਪ੍ਰਭਾਵ ਪੈ ਰਿਹਾ ਹੈ।''
ਡਾ. ਮਿਸ਼ਰਾ ਦੁਆਰਾ ਸਹਿ-ਲੇਖਣ ਇੱਕ ਖੋਜਪੱਤਰ ਨੇ ਸੁੰਦਰਬਨ ਦੇ ਪਾਣੀ ਨੂੰ 'ਵਿਤੋਂਵੱਧ ਖ਼ਾਰਾ' ਦੱਸਿਆ ਹੈ। ਡਾ. ਮਿਸ਼ਰਾ ਕਹਿੰਦੇ ਹਨ,''ਸੁੰਦਰਬਨ ਦੇ ਮੱਧ ਭਾਗ ਵਿੱਚ ਸਮੁੰਦਰੀ ਪੱਧਰ ਵੱਧਣ ਕਾਰਨ ਪਾਣੀ ਦਾ ਖਾਰਾਪਣ ਵੱਧ ਗਿਆ ਹੈ। ਇਹ ਸਪੱਸ਼ਟ ਰੂਪ ਨਾਲ਼ ਜਲਵਾਯੂ ਤਬਦੀਲੀ ਨਾਲ਼ ਜੁੜਿਆ ਹੋਇਆ ਹੈ।''
ਹੋਰ ਖ਼ੋਜਾਰਥੀਆਂ ਨੇ ਲਿਖਿਆ ਹੈ ਕਿ ਬਿਦਿਆਧਰੀ ਨਦੀ ਦੀ ਗਾਰ ਹੀ ਹੈ ਜੋ ਹਿਮਾਲਿਆ ਤੋਂ ਤਾਜ਼ੇ ਪਾਣੀ ਦੇ ਪ੍ਰਵਾਹ ਨੂੰ ਮੱਧ ਅਤੇ ਪੂਰਬੀ ਸੁੰਦਰਬਨ ਤੱਕ ਆਉਣ ਤੋਂ ਰੋਕਦੀ ਹੈ। ਖ਼ੋਜਾਰਥੀਆਂ ਨੇ ਗਾਰ ਵਾਸਤੇ ਭੂਮੀ-ਖੋਰਨ, ਖੇਤੀ, ਨਾਲ਼ਿਆਂ ਦੇ ਚਿੱਕੜ ਦੇ ਇਕੱਠਾ ਹੋਣੇ ਅਤੇ ਮੱਛੀ ਪਾਲਣ ਦੇ ਕਚਰੇ ਨੂੰ ਜ਼ਿੰਮੇਦਾਰ ਠਹਿਰਾਇਆ ਹੈ। 1975 ਵਿੱਚ ਫਰੱਕਾ ਬੈਰਾਜ ਦਾ ਨਿਰਮਾਣ ਵੀ (ਪੱਛਮ ਬੰਗਾਲ ਦੇ ਮੁਰਿਸ਼ਦਾਬਾਦ ਜ਼ਿਲ੍ਹੇ ਵਿੱਚ ਗੰਗਾ 'ਤੇ ਹੀ ਬਣਿਆ) ਕੇਂਦਰੀ ਸੁੰਦਰਬਨ ਦੇ ਵੱਧਦੇ ਖਾਰੇਪਣ ਦਾ ਇੱਕ ਕਾਰਕ ਬਣਿਆ।
ਰਜਤ ਜੁਬਲੀ ਰਹਿਣ ਵਾਲ਼ਾ ਮੰਡਲ ਪਰਿਵਾਰ ਉੱਚ ਖਾਰੇਪਣ ਦੇ ਪ੍ਰਭਾਵਾਂ ਨੂੰ ਜਾਣਦਾ ਹੈ- ਉਨ੍ਹਾਂ ਕੋਲ਼ ਆਇਲਾ ਤੋਂ ਬਾਅਦ ਤਿੰਨ ਸਾਲ ਤੱਕ, ਵੇਚਣ ਲਈ ਚੌਲ਼ ਤੱਕ ਨਾ ਰਹੇ। ਚੌਲ਼ ਵੇਚਣ ਤੋਂ ਹੋਣ ਵਾਲ਼ੀ 10,000-12,000 ਰੁਪਏ ਦੀ ਉਨ੍ਹਾਂ ਦੀ ਸਲਾਨਾ ਆਮਦਨੀ 'ਤੇ ਪਾਣੀ ਫਿਰ ਗਿਆ ਸੀ। ਪ੍ਰਫੁੱਲ ਚੇਤੇ ਕਰਦੇ ਹਨ,''ਚੌਲ਼ ਦੀ ਖੇਤੀ ਬੰਦ ਹੋ ਜਾਣ ਕਰਕੇ ਪੂਰਾ ਪਿੰਡ ਖਾਲੀ ਹੋ ਗਿਆ, ਕਿਉਂਕਿ ਇੱਥੋਂ ਦੇ ਪੁਰਸ਼ ਕੰਮ ਦੀ ਭਾਲ਼ ਵਿੱਚ ਤਮਿਲਨਾਡੂ, ਕਰਨਾਟਕ, ਗੁਜਰਾਤ ਅਤੇ ਮਹਾਰਾਸ਼ਟਰ ਚਲੇ ਗਏ, ਜਿੱਥੇ ਉਹ ਕਾਰਖਾਨਿਆਂ ਜਾਂ ਨਿਰਮਾਣ ਥਾਵਾਂ 'ਤੇ ਕੰਮ ਕਰਨ ਲੱਗੇ।''
ਪੂਰੇ ਰਾਜ ਅੰਦਰ, ਆਇਲਾ ਨੇ 2 ਲੱਖ ਹੈਕਟੇਅਰ ਤੋਂ ਵੱਧ ਫ਼ਸਲੀ ਜ਼ਮੀਨ ਅਤੇ 60 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਤ ਕੀਤਾ, 137 ਲੋਕਾਂ ਦੀ ਜਾਨ ਗਈ ਅਤੇ 10 ਲੱਖ ਤੋਂ ਵੱਧ ਘਰ ਤਬਾਹ ਹੋਏ। ਪ੍ਰਫੁੱਲ ਕਹਿੰਦੇ ਹਨ,''ਮੇਰੇ ਪਿੰਡ ਵਿੱਚ ਅਜਿਹਾ ਕੋਈ ਨਹੀਂ ਸੀ ਜਿਹਨੇ ਨੁਕਸਾਨ ਨਾ ਝੱਲਿਆ ਹੋਵੇ। ਮੇਰਾ ਘਰ ਅਤੇ ਮੇਰੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਏ। ਮੇਰੀਆਂ 14 ਬੱਕਰੀਆਂ ਰੁੜ੍ਹ ਗਈਆਂ ਅਤੇ ਤਿੰਨ ਸਾਲਾਂ ਤੱਕ ਝੋਨਾ ਨਾ ਬੀਜ ਸਕਿਆ। ਸਾਰਾ ਕੁਝ ਸਿਫ਼ਰ ਤੋਂ ਸ਼ੁਰੂ ਕਰਨਾ ਪਿਆ। ਉਹ ਬੜੇ ਔਖ਼ੇ ਸਾਲ ਸਨ। ਮੈਂ ਜੀਵਨ ਬਸਰ ਕਰਨ ਵਾਸਤੇ ਰਾਜਗਿਰੀ ਅਤੇ ਹੋਰ ਛੋਟੇ-ਮੋਟੇ ਕੰਮ ਫੜ੍ਹੇ।''
ਆਇਲਾ ਦੇ ਕਾਰਨ ਖਾਰਾਪਣ ਵਧਣ ਤੋਂ ਬਾਅਦ, ਕਾਜਲ ਲਤਾ ਦੇ ਪਰਿਵਾਰ ਨੂੰ ਵੀ ਆਪਣੀ 23 ਵਿਘਾ (7.6 ਏਕੜ) ਜ਼ਮੀਨ ਵਿੱਚੋਂ ਛੇ ਵਿਘੇ ਜ਼ਮੀਨ ਵੇਚਣੀ ਪਈ। ਉਹ ਕਹਿੰਦੀ ਹਨ,''ਦੋ ਸਾਲ ਤੱਕ ਘਾਹ ਦੀ ਤਿੜ ਤੱਕ ਨਹੀਂ ਉੱਗੀ, ਕਿਉਂਕਿ ਮਿੱਟੀ ਕਾਫ਼ੀ ਲੂਣੀ ਹੋ ਚੁੱਕੀ ਸੀ। ਚੌਲ਼ ਵੀ ਨਾ ਉੱਗ ਸਕੇ। ਹੌਲ਼ੀ-ਹੌਲ਼ੀ, ਸਰ੍ਹੋਂ, ਗੋਭੀ, ਫੁੱਲਗੋਭੀ ਅਤੇ ਲੌਕੀ ਜਿਹੀਆਂ ਸਬਜ਼ੀਆਂ ਫਿਰ ਤੋਂ ਉੱਗ ਰਹੀਆਂ ਹਨ ਜੋ ਸਾਡੀ ਖ਼ਪਤ ਲਈ ਕਾਫ਼ੀ ਹਨ, ਪਰ ਵੇਚਣ ਲਈ ਕਾਫ਼ੀ ਨਹੀਂ। ਸਾਡੇ ਕੋਲ਼ ਇੱਕ ਤਲਾਬ ਵੀ ਸੀ ਜਿਸ ਵਿੱਚ ਅੱਡੋ-ਅੱਡ ਕਿਸਮ ਦੀਆਂ ਮੱਛੀਆਂ ਹੁੰਦੀਆਂ ਸਨ ਜਿਵੇਂ ਸ਼ੋਲ, ਮਾਗੁਰ, ਰੋਹੂ ਵਗੈਰਾ ਅਤੇ ਉਨ੍ਹਾਂ ਨੂੰ ਵੇਚ ਕੇ ਇੱਕ ਸਾਲ ਵਿੱਚ 25,000-30,000 ਰੁਪਏ ਕਮਾ ਪਾਉਂਦੇ ਸਾਂ। ਪਰ ਆਇਲਾ ਦੇ ਬਾਅਦ, ਪਾਣੀ ਪੂਰੀ ਤਰ੍ਹਾਂ ਨਾਲ਼ ਖ਼ਾਰਾ ਹੋ ਗਿਆ, ਇਸਲਈ ਹੁਣ ਕੋਈ ਮੱਛੀ ਨਹੀਂ ਬਚੀ।''
2016 ਵਿੱਚ ਜਰਨਲ ਆਫ਼ ਐਕਸਪੇਰੀਮੈਂਟਲ ਬਾਓਲਾਜੀ ਐਂਡ ਐਗਰੀਕਲਚਰ ਸਾਇੰਸੇਜ ਵਿੱਚ ਛਪੇ ਇੱਕ ਲੇਖ ਮੁਤਾਬਕ, ਆਇਲਾ ਦੇ ਕਾਰਨ ਮਿੱਟੀ ਦਾ ਕਟਾਅ ਹੋਇਆ ਉੱਚ ਖਾਰੇਪਣ ਅਤੇ ਉੱਚ ਕਟਾਅ ਹੋਇਆ ਜਿਹਦੇ ਫਲਸਰੂਪ ਉੱਤਰ ਅਤੇ ਦੱਖਣ 24 ਪਰਗਨਾ ਦੇ ਬਹੁਤੇਰੇ ਹਿੱਸਿਆਂ ਵਿੱਚ ਚੰਗੀ ਤਰ੍ਹਾਂ ਝੋਨਾ ਵੀ ਨਾ ਉੱਗਿਆ। ਮੈਗ਼ਜ਼ੀਨ ਵਿੱਚ ਪ੍ਰਕਾਸ਼ਤ ਇੱਕ ਅਧਿਆਇ ਤੋਂ ਪਤਾ ਚੱਲਦਾ ਹੈ ਕਿ ਝੋਨੇ ਨੂੰ ਮੁੜ ਤੋਂ ਉਗਾਉਣ ਵਾਸਤੇ, ਫਾਸਫੇਟ ਅਤੇ ਪੋਟਾਸ਼ ਅਧਾਰਤ ਖਾਦ ਦੀ ਵਰਤੋਂ ਕਰਨ ਹੋਵੇਗੀ ਪਰ ਸਿਫ਼ਾਰਸ਼ ਕੀਤੇ ਪੱਧਰਾਂ ਮੁਤਾਬਕ ਹੀ।
''ਆਇਲਾ ਤੋਂ ਬਾਅਦ, ਖਾਦ ਦੀ ਵਰਤੋਂ ਵੱਧ ਗਈ ਹੈ। ਇਹਦੀ ਵਰਤੋਂ ਤੋਂ ਬਗ਼ੈਰ ਹੁਣ ਸਾਨੂੰ ਲੋੜੀਂਦਾ ਝਾੜ ਪ੍ਰਾਪਤ ਹੀ ਨਹੀਂ ਹੁੰਦਾ। ਇਹ ਖਾਣ ਲਈ ਤਾਂ ਸਿਹਤਮੰਦ ਨਹੀਂ ਹੈ ਫਿਰ ਵੀ ਸਾਨੂੰ ਇਹ ਖਾਣਾ ਹੀ ਪਵੇਗਾ। ਬਚਪਨ ਵਿੱਚ ਅਸੀਂ ਜਿਹੜੇ ਚੌਲ਼ ਖਾਂਦੇ ਸਾਂ ਉਹ ਮੈਨੂੰ ਅੱਜ ਵੀ ਚੇਤੇ ਹਨ। ਤੁਸੀਂ ਉਨ੍ਹਾਂ ਨੂੰ ਰੁੱਖੇ ਵੀ ਖਾ ਸਕਦੇ ਹੁੰਦੇ ਸੋ। ਪਰ ਹੁਣ ਇਹ ਵਾਲ਼ੇ ਚੌਲ਼ਾਂ ਵਿੱਚ ਭਾਵੇਂ ਸਬਜ਼ੀ ਵੀ ਰਲ਼ਾ ਲਓ ਤਾਂ ਵੀ ਸੁਆਦ ਅਜੀਬ ਜਿਹਾ ਹੀ ਰਹਿੰਦਾ ਹੈ,'' ਪ੍ਰਫੁੱਲ ਦੇ 48 ਸਾਲਾ ਬੇਟੇ, ਪ੍ਰਬੀਰ ਮੰਡਲ ਕਹਿੰਦੇ ਹਨ।
ਉਨ੍ਹਾਂ ਦੇ ਪਿਤਾ ਦੇ ਕੋਲ਼ 13 ਵਿਘਾ (4.29 ਏਕੜ) ਜ਼ਮੀਨ ਹੈ, ਜਿਸ ਅੰਦਰ ਪ੍ਰਤੀ ਵਿਘਾ 9 ਬਸਤਾ ਚੌਲ਼ ਪੈਦਾ ਹੁੰਦਾ ਹੈ- ਇੱਕ ਬਸਤਾ 60 ਕਿਲੋ ਦੇ ਬਰਾਬਰ ਹੁੰਦਾ ਹੈ। ਪ੍ਰਬੀਰ ਕਹਿੰਦੇ ਹਨ,''ਝੋਨਾ ਦੀ ਬੀਜਾਈ, ਕਟਾਈ ਅਤੇ ਢੋਆ-ਢੁਆਈ ਦੇ ਨਾਲ਼ ਨਾਲ਼ ਖਾਦ ਦੀ ਲਾਗਤ ਜੁੜਨ ਦਾ ਮਤਲਬ ਹੁੰਦਾ ਹੈ ਕਿ ਅਸੀਂ ਜੋ ਕੁਝ ਖ਼ਰਚ ਕੀਤਾ ਹੈ ਉਸ 'ਤੇ ਹੋਣ ਵਾਲ਼ੀ ਸਾਡੀ ਕਮਾਈ ਬਹੁਤ ਹੀ ਘੱਟ ਹੁੰਦੀ ਹੈ।''
2018 ਦੇ ਇੱਕ ਖ਼ੋਜਪੱਤਰ ਮੁਤਾਬਕ, ਆਇਲਾ ਤੋਂ ਬਾਅਦ ਸੁੰਦਰਬਨ ਵਿੱਚ ਝੋਨੇ ਦੀ ਪੈਦਾਵਰ ਅੱਧੀ ਰਹਿ ਗਈ ਹੈ- ਇੱਕ 1.6 ਹੈਕਟੇਅਰ ਮਗਰ 64-80 ਕੁਵਿੰਟਲ ਤੋਂ ਘੱਟ ਕੇ 32-40 ਕੁਵਿੰਟਲ। ਪ੍ਰਬੀਰ ਦਾ ਕਹਿਣਾ ਹੈ ਕਿ ਹਾਲਾਂਕਿ, ਝੋਨੇ ਦਾ ਉਤਪਾਦਨ ਹੁਣ ਆਇਲਾ ਤੋਂ ਪਹਿਲਾਂ ਵਾਲ਼ੇ ਪੱਧਰ 'ਤੇ ਆ ਗਿਆ ਹੈ, ਪਰ ਉਨ੍ਹਾਂ ਦਾ ਪਰਿਵਾਰ ਅਤੇ ਪਿੰਡ ਦੇ ਹੋਰ ਲੋਕ ਜੂਨ ਤੋਂ ਸਤੰਬਰ ਤੱਕ ਪੂਰੀ ਤਰ੍ਹਾਂ ਨਾਲ਼ ਮੀਂਹ 'ਤੇ ਹੀ ਨਿਰਭਰ ਰਹਿੰਦੇ ਹਨ।
ਅਤੇ ਇਹ ਮੀਂਹ ਵੀ ਅਣਕਿਆਸਿਆ ਹੋ ਨਿਬੜਿਆ ਹੈ। ਪ੍ਰੋ. ਹਾਜ਼ਰਾ ਕਹਿੰਦੀ ਹਨ,''ਸਮੁੰਦਰ ਦੇ ਪੱਧਰ ਵਿੱਚ ਤੀਬਰ ਵਾਧਾ ਅਤੇ ਮਾਨਸੂਨ ਵਿੱਚ ਦੇਰੀ ਅਤੇ ਮੀਂਹ ਵਿੱਚ ਘਾਟ, ਜਲਵਾਯੂ ਤਬਦੀਲੀ ਦੇ ਚਿਰੋਕਣੇ ਪ੍ਰਭਾਵ ਹਨ।''
ਕੋਲਕਾਤਾ ਦੇ ਸਕੂਲ ਆਫ਼ ਓਸ਼ਨੋਗ੍ਰਾਫ਼ਿਕ ਸਟੱਡੀਜ਼ ਵਿੱਚ ਚੱਲ ਰਹੀ ਇੱਕ ਖ਼ੋਜ ਮੁਤਾਬਕ, ਬੰਗਾਲ ਦੀ ਉੱਤਰੀ ਖਾੜੀ (ਜਿੱਥੇ ਸੁੰਦਰਬਨ ਸਥਿਤ ਹੈ) ਵਿੱਚ ਪਿਛਲੇ ਦੋ ਦਹਾਕਿਆਂ ਤੋਂ ਇੱਕ ਦਿਨ ਵਿੱਚ ਅਕਸਰ 100 ਮਿਲੀਮਟਰ ਤੋਂ ਵੱਧ ਮੀਂਹ ਪੈ ਰਿਹਾ ਹੈ। ਪ੍ਰੋ. ਹਾਜ਼ਰਾ ਦੱਸਦੀ ਹਨ ਕਿ ਬੀਜਾਈ ਦੇ ਮੌਸਮ ਵਿੱਚ ਮਾਨਸੂਨ ਦਾ ਮੀਂਹ ਅਕਸਰ ਘੱਟ ਹੁੰਦਾ ਹੈ, ਜਿਵੇਂ ਕਿ ਇਸ ਸਾਲ ਹੋਇਆ- 4 ਸਤੰਬਰ ਤੱਕ, ਦੱਖਣੀ 24 ਪਰਗਨਾ ਵਿੱਚ ਕਰੀਬ 307 ਮਿਲੀਮੀਟਰ ਘੱਟ ਅਤੇ ਉੱਤਰ ਪੂਰਬੀ ਪਰਗਨਾ ਵਿੱਚ ਕਰੀਬ 157 ਮਿਮੀ ਘੱਟ ਮੀਂਹ ਪਿਆ।
ਇੰਝ ਸਿਰਫ਼ ਇਸੇ ਸਾਲ ਨਹੀਂ ਹੋਇਆ- ਸੁੰਦਰਬਨ ਵਿੱਚ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਘੱਟ ਜਾਂ ਵੱਧ ਮੀਂਹ ਪੈਂਦਾ ਰਿਹਾ ਹੈ। ਦੱਖਣ 24 ਪਰਗਨਾ ਵਿੱਚ ਜੂਨ ਤੋਂ ਸਤੰਬਰ ਤੱਕ ਮਾਨਸੂਨ ਦਾ ਸਧਾਰਣ ਮੀਂਹ 1552.6 ਮਿਮੀ ਰਿਹਾ। ਜ਼ਿਲ੍ਹੇ ਦੇ 2012-2017 ਦੇ ਮਾਨਸੂਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਛੇ ਵਿੱਚੋਂ ਚਾਰ ਸਾਲਾਂ ਵਿੱਚ ਮੀਂਹ ਦੀ ਮਾਤਰਾ ਜ਼ਰੂਰ ਘਟੀ ਸੀ, ਜਿਸ ਵਿੱਚੋਂ ਸਭ ਤੋਂ ਘੱਟ ਮੀਂਹ 2017 (1173.3 ਮਿਮੀ) ਅਤੇ 2012 ਵਿੱਚ (1130.4 ਮਿਮੀ) ਪਿਆ।
ਉੱਤਰ 24 ਪਰਗਨਾ ਵਿੱਚ ਇਹਦਾ ਐਨ ਉਲਟਾ ਹੋਇਆ: ਭਾਵ ਵੱਧ ਮੀਂਹ। ਜਿੱਥੇ ਜੂਨ ਤੋਂ ਸਤੰਬਰ ਤੱਕ 1172.8 ਮਿਮੀ ਮੀਂਹ ਪੈਂਦਾ ਹੁੰਦਾ ਹੈ। 2012-2017 ਦੇ ਮਾਨਸੂਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਛੇ ਸਾਲਾਂ ਵਿੱਚੋਂ ਚਾਰ ਵਿੱਚ ਮੀਂਹ ਸਧਾਰਣ ਤੋਂ ਜ਼ਿਆਦਾ ਪਿਆ ਸੀ- ਅਤੇ 2015 ਵਿੱਚ ਸਭ ਤੋਂ ਜ਼ਿਆਦਾ, ਭਾਵ 1428 ਮਿਮੀ ਮੀਂਹ ਪਿਆ।
ਕਾਜਲ ਲਤਾ ਕਹਿੰਦੀ ਹਨ,''ਅਸਲੀ ਪਰੇਸ਼ਾਨੀ ਬੇਮੌਸਮੀ ਮੀਂਹ ਹੈ। ਇਸ ਸਾਲ ਫਰਵਰੀ ਵਿੱਚ ਬੜਾ ਮੀਂਹ ਪਿਆ, ਮਾਨਸੂਨ ਦੇ ਮੀਂਹ ਵਾਂਗਰ ਹੀ। ਇੱਥੋਂ ਤੱਕ ਕਿ ਬਜ਼ੁਰਗਾਂ ਦਾ ਵੀ ਇਹੀ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਸਮਾਂ ਚੇਤਾ ਹੀ ਨਹੀਂ ਕਿ ਕਦੇ ਫਰਵਰੀ ਵਿੱਚ ਇੰਨਾ ਮੀਂਹ ਪਿਆ ਹੋਵੇ।'' ਉਨ੍ਹਾਂ ਦਾ ਪਰਿਵਾਰ ਝੋਨੇ ਦੀ ਖੇਤੀ 'ਤੇ ਨਿਰਭਰ ਹੈ, ਜਿਹਦੀ ਬੀਜਾਈ ਜੂਨ-ਜੁਲਾਈ ਵਿੱਚ ਅਤੇ ਕਟਾਈ ਨਵੰਬਰ- ਦਸੰਬਰ ਵਿੱਚ ਹੁੰਦੀ ਹੈ। ''ਝੋਨੇ ਦੀ ਖੇਤੀ ਪੂਰੀ ਤਰ੍ਹਾਂ ਨਾਲ਼ ਮੀਂਹ 'ਤੇ ਨਿਰਭਰ ਹੈ। ਜੇ ਮੀਂਹ ਨਾ ਪਿਆ ਤਾਂ ਚੌਲ਼ ਨਹੀਂ ਹੋਣਗੇ।''
ਉਹ ਕਹਿੰਦੀ ਹਨ ਕਿ ਪਿਛਲੇ ਚਾਰ ਜਾਂ ਪੰਜ ਸਾਲਾਂ ਵਿੱਚ, ਉਨ੍ਹਾਂ ਦੇ ਪਿੰਡ ਵਿੱਚ ਮਾਨਸੂਨ ਦੇ ਮਹੀਨਿਆਂ ਤੋਂ ਛੁੱਟ, ਨਵੰਬਰ-ਦਸੰਬਰ ਵਿੱਚ ਵੀ ਮੀਂਹ ਪੈ ਰਿਹਾ ਹੈ। ਇਨ੍ਹਾਂ ਮਹੀਨਿਆਂ ਦੌਰਾਨ ਜੋ ਥੋੜ੍ਹਾ-ਬਹੁਤ ਮੀਂਹ ਆਮ ਤੌਰ 'ਤੇ ਇੱਥੇ ਪੈਂਦਾ ਹੈ ਉਹਦੀ ਤੀਬਰਤਾ ਝੋਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ''ਜਾਂ ਤਾਂ ਲੋੜ ਸਮੇਂ ਮੀਂਹ ਨਹੀਂ ਪੈਂਦਾ ਜਾਂ ਫਿਰ ਬੇਮੌਸਮੀ ਪੈ ਜਾਂਦਾ ਹੈ... ਉਹ ਵੀ ਬਹੁਤ ਜ਼ਿਆਦਾ। ਇਸ ਨਾਲ਼ ਫ਼ਸਲ ਤਬਾਹ ਹੋ ਰਹੀ ਹੈ। ਹਰ ਸਾਲ ਸਾਨੂੰ ਇੰਝ ਹੀ ਜਾਪਦਾ ਹੈ ਕਿ ਇਸ ਵਾਰ ਹੱਦੋਂ ਵੱਧ (ਬੇਮੌਸਮੀ) ਮੀਂਹ ਨਹੀਂ ਪਵੇਗਾ। ਪਰ ਬਹੁਤ ਜ਼ਿਆਦਾ ਮੀਂਹ ਪੈਣ ਲੱਗਦਾ ਹੈ ਅਤੇ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਜਾਂਦੀ ਹੈ। ਇਸੇਲਈ ਸਾਡੇ ਇੱਥੇ ਇੱਕ ਕਹਾਵਤ ਹੈ, ' ਆਸ਼ਾਯ ਮੋਰੇ ਚਾਸਾ ' (ਉਮੀਦ ਕਿਸਾਨ ਨੂੰ ਮਾਰ ਮੁਕਾਉਂਦੀ ਹੈ)।''
ਰਜਤ ਜੁਬਲੀ ਪਿੰਡ ਦੇ ਵਾਸੀ ਪ੍ਰਬੀਰ ਮੰਡਲ ਵੀ ਫ਼ਿਕਰਮੰਦ ਹਨ। ''ਜੂਨ ਅਤੇ ਜੁਲਾਈ ਦੌਰਾਨ, ਮਾਸਾ ਮੀਂਹ ਨਹੀਂ ਪਿਆ (ਮੇਰੇ ਪਿੰਡ ਵਿਖੇ)। ਝੋਨੇ ਦੀ ਪੱਤੇ ਸੁੱਕ ਗਏ। ਸ਼ੁਕਰ ਰਿਹਾ ਕਿ ਅਗਸਤ ਵਿੱਚ ਮੀਂਹ ਆ ਗਿਆ। ਪਰ ਕੀ ਇਹ ਕਾਫ਼ੀ ਰਹੇਗਾ? ਕੀ ਬਣੂ ਜੇ ਵਿਤੋਂਵੱਧ ਮੀਂਹ ਹੈ ਗਿਆ ਅਤੇ ਫ਼ਸਲ ਹੀ ਡੁੱਬ ਗਈ?''
ਬਤੌਰ ਸਿਹਤਕਰਮੀ (ਵਿਕਲਪਕ ਮੈਡੀਸੀਨ ਵਿੱਚ ਬੀ.ਏ. ਦੀ ਡਿਗਰੀ ਹੈ) ਪ੍ਰਬੀਰ ਕਹਿੰਦੇ ਹਨ ਕਿ ਉਨ੍ਹਾਂ ਕੋਲ਼ ਆਉਣ ਵਾਲ਼ੇ ਰੋਗੀ ਵੀ ਅਕਸਰ ਗਰਮੀ ਦੀ ਸ਼ਿਕਾਇਤ ਕਰਕਦੇ ਹਨ। ਉਹ ਦੱਸਦੇ ਹਨ,''ਕਈ ਲੋਕਾਂ ਨੂੰ ਲੂ ਲੱਗ ਜਾਂਦੀ ਹੈ। ਇਹ ਕਿਸੇ ਵੀ ਸਮੇਂ ਲੱਗ ਜਾਂਦੀ ਹੈ ਅਤੇ ਕਾਫ਼ੀ ਮਾਰੂ ਸਾਬਤ ਹੋ ਸਕਦੀ ਹੈ।''
ਸਮੁੰਦਰ ਤਲ ਦੇ ਵੱਧਦੇ ਤਾਪਮਾਨ ਤੋਂ ਇਲਾਵਾ ਸੁੰਦਰਬਨ ਵਿੱਚ ਭੂਮੀ ਦਾ ਤਾਪਮਾਨ ਵੀ ਵੱਧ ਰਿਹਾ ਹੈ। ਨਿਊਯਾਰਕ ਟਾਈਮਸ ਦੇ ਇੱਕ ਇੰਟਰੈਕਟਿਵ ਪੋਰਟਲ 'ਤੇ ਜਲਵਾਯੂ ਅਤੇ ਆਲਮੀ ਤਪਸ਼ ਦੇ ਅੰਕੜਿਾਂ ਦੇ ਮੁਤਾਬਕ, ਸਾਲ 1960 ਵਿੱਚ ਇੱਥੇ ਸਾਲ ਦੇ 180 ਅਜਿਹੇ ਹੋਇਆ ਕਰਦੇ ਸਨ ਜਦੋਂ ਤਾਪਮਾਨ 32 ਡਿਗਰੀ ਜਾਂ ਉਸ ਤੋਂ ਕੁਝ ਵੱਧ ਹੁੰਦਾ ਸੀ, ਹੁਣ 2017 ਵਿੱਚ ਇਨ੍ਹਾਂ ਦਿਨਾਂ ਦੀ ਗਿਣਤੀ ਵੱਧ ਕੇ 188 ਹੋ ਗਈ। ਸਦੀ ਦੇ ਅਖੀਰ ਤੱਕ ਅਜਿਹੇ ਦਿਨਾਂ ਦੀ ਗਿਣਤੀ ਵੱਧ ਕੇ 213 ਤੋਂ 258 ਤੀਕਰ ਹੋਣ ਦੀ ਸੰਭਾਵਨਾ ਹੈ।
ਵੱਧਦੀ ਗਰਮੀ, ਚੱਕਰਵਾਤ, ਅਣਕਿਆਸਿਆ ਮੀਂਹ, ਖਾਰਾਪਣ, ਅਲੋਪ ਹੁੰਦੇ ਮੈਂਗ੍ਰੋਵ ਆਦਿ ਨਾਲ਼ ਬਾਰ ਬਾਰ ਲੜਦੇ ਰਹਿਣ ਵਾਲ਼ੇ ਸੁੰਦਰਬਨ ਵਾਸੀ ਸਦਾ ਅਨਿਸ਼ਚਤਤਾ ਦੀ ਹਾਲਤ ਵਿੱਚ ਰਹਿੰਦੇ ਹਨ। ਕਈ ਤੂਫ਼ਾਨਾਂ ਅਤੇ ਚੱਕਰਵਾਤਾਂ ਦੇ ਗਵਾਹ ਰਹਿ ਚੁੱਕੇ ਪ੍ਰਫੁੱਲ ਮੰਡਲ ਚਿੰਤਾ ਜ਼ਾਹਰ ਕਰਦੇ ਹਨ: ''ਕੋਈ ਨਹੀਂ ਜਾਣਦਾ ਕਿ ਅੱਗੇ ਕੀ ਕੀ ਹੋਣ ਵਾਲ਼ਾ ਹੈ?''
ਜਲਵਾਯੂ ਤਬਦੀਲੀ ਨੂੰ ਲੈ ਕੇ ਪਾਰੀ (PARI) ਦੀ ਰਾਸ਼ਟਰਵਿਆਪੀ ਰਿਪੋਰਟਿੰਗ, ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP-ਸਮਰਥਨ ਪ੍ਰਾਪਤ ਪਹਿਲ ਦਾ ਇੱਕ ਹਿੱਸਾ ਹੈ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ