1980 ਦੇ ਦਹਾਕੇ ਦੀ ਬਾਲੀਵੁੱਡ ਫ਼ਿਲਮਾ ਦਾ ਇੱਕ ਗਾਣਾ, ਲਾਊਡਸਪੀਕਰ 'ਤੇ ਵੱਜਦਾ ਹੋਇਆ ਹਵਾ ਵਿੱਚ ਤੈਰਨ ਲੱਗਦਾ ਹੈ ਅਤੇ ਰਾਣੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਵਾਸਤੇ ਅਗਲੇ 45 ਮਿੰਟ ਪੇਸ਼ਕਾਰੀ ਕਰਨ ਵਾਸਤੇ ਤਿਆਰੀ ਸ਼ੁਰੂ ਕਰਦੀ ਹੈ। ਇਸ ਵਾਰ ਰਾਣੀ ਦੇ ਦਰਸ਼ਕ ਕੋਈ ਆਮ ਨਹੀਂ ਹਨ ਸਗੋਂ ਸਿੰਘੂ ਬਾਰਡਰ 'ਤੇ ਪ੍ਰਦਰਸ਼ਨ ਕਰਦੇ ਕਿਸਾਨਾਂ ਦਾ ਸਮੂਹ ਹੈ:
''
ਯੇ ਆਂਸੂ ਯੇ ਜਜ਼ਬਾਤ ਤੁਮ ਬੇਚਤੇ ਹੋ, ਗ਼ਰੀਬੋਂ ਕੇ ਹਾਲਾਤ
ਤੁਮ ਬੇਚਤੇ ਹੋ, ਅਮੀਰੋਂ ਦੀ ਸ਼ਾਮ ਗ਼ਰੀਬੋਂ ਕੇ ਨਾਮ ''
ਸਤੰਬਰ 2021 ਹੈ। ਕੋਵਿਡ-19 ਦੀ ਦੂਜੀ ਲਹਿਰ ਜਾਨਲੇਵਾ ਲਹਿਰ ਵੀ ਕੁਝ ਕੁਝ ਸ਼ਾਂਤ ਹੋ ਗਈ ਹੈ ਅਤੇ 26 ਸਾਲਾ ਵਿਕਰਮ ਨਟ, ਉਨ੍ਹਾਂ ਦੀ 22 ਸਾਲਾ ਪਤਨੀ ਲੀਲ ਅਤੇ ਉਨ੍ਹਾਂ ਦੀ 12 ਸਾਲਾ ਸਾਲੀ ਰਾਣੀ ਰਲ਼ ਕੇ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ਵਿਖੇ ਆਪਣੇ ਕਰਤਬ ਦਿਖਾ ਰਹੇ ਹਨ।
ਅਪ੍ਰੈਲ 2021 ਵਿੱਚ ਉਹ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ, ਦੂਜੀ ਵਾਰ ਛੱਤੀਸਗੜ੍ਹ ਵਿੱਚ ਆਪਣੇ ਪਿੰਡ ਬੜਗਾਓਂ ਗਏ ਸਨ। ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਸਾਂ ਉਸ ਤੋਂ ਕਰੀਬ ਇੱਕ ਮਹੀਨੇ ਬਾਅਦ, ਉਦੋਂ ਮੈਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰ ਰਿਹਾ ਸਾਂ। ਉਹ ਕਿਸਾਨਾਂ ਵਾਸਤੇ ਪ੍ਰਦਰਸ਼ਨ ਕਰਨ ਮਾਰਚ ਮਹੀਨੇ ਸਿੰਘੂ ਚਲੇ ਗਏ ਸਨ। ਉਹ ਅਜੇ ਵੀ ਉਹੀ ਕੁਝ ਕਰਦੇ ਹਨ।
ਰਾਣੀ ਆਪਣੇ ਹੱਥਾਂ ਵਿੱਚ 16 ਫੁੱਟ ਲੰਬਾ ਅਤੇ ਚਾਰ ਕਿਲੋ ਭਾਰਾ ਲੱਕੜ ਦਾ ਡੰਡਾ ਫੜ੍ਹਦੀ ਹਨ। ਉਹ ਦੋ ਖੰਭਿਆਂ ਦਰਮਿਆਨ ਬੱਝੀ 18-20 ਫੁੱਟ ਦੀ ਹਝੋਕੇ ਖਾਂਦੀ ਕੇਬਲ 'ਤੇ ਨੰਗੇ ਪੈਰੀਂ ਤੁਰਦੀ ਹੈ ਅਤੇ ਆਪਣੇ ਸਿਰ 'ਤੇ ਟਿਕਾਏ ਤਿੰਨ ਪਿੱਤਲ ਦੇ ਭਾਂਡਿਆਂ ਦਾ ਸੰਤੁਲਨ ਬਣਾਉਂਦੀ ਹਨ। ਪਿੱਤਲ ਦੇ ਭਾਂਡਿਆਂ ਦੇ ਸਿਖ਼ਰ 'ਤੇ ਇੱਕ ਛੋਟਾ ਜਿਹਾ ਝੰਡਾ ਲਹਿਰਾਉਂਦਾ ਰਹਿੰਦਾ ਹੈ ਜਿਸ 'ਤੇ ਲਿਖਿਆ ਹੈ: ਜੇ ਕਿਸਾਨ ਨਹੀਂ ਤਾਂ ਅੰਨ ਵੀ ਨਹੀਂ।
ਕੁਝ ਪੁਲਾਂਘਾਂ ਪੁੱਟਣ ਤੋਂ ਬਾਅਦ ਰਾਣੀ ਆਪਣੇ ਪੈਰਾਂ ਹੇਠ ਇੱਕ ਪਲੇਟ ਰੱਖਦੀ ਹਨ ਅਤੇ ਹਾਈ-ਵਾਇਰ (ਉੱਚੀ ਬੱਝੀ ਰੱਸੀ) 'ਤੇ, ਸਾਈਕਲ ਦੇ ਪਹੀਏ ਦੇ ਨਾਲ਼ ਇੱਕ ਨਵਾਂ ਸਟੰਟ ਕਰਨ ਤੋਂ ਪਹਿਲਾਂ, ਫਿਰ ਤੋਂ ਉਸੇ ਦੂਰੀ ਨੂੰ ਪਾਰ ਕਰਨ ਲਈ ਆਪਣੇ ਗੋਡਿਆਂ ਪਰਨੇ ਬਹਿ ਜਾਂਦੀ ਹਨ। ਉਹ ਜ਼ਮੀਨ ਤੋਂ 10 ਫੁੱਟ ਇਸ ਆਰਜੀ ਹਾਈ-ਵਾਇਰ (ਉੱਚੀ ਬੱਝੀ ਰੱਸੀ) 'ਤੇ, ਛੋਹਲੇ ਪੈਰੀਂ ਪੂਰੀ ਤਾਲ ਵਿੱਚ, ਦ੍ਰਿੜ ਇਕਾਗਰਤਾ ਦੇ ਨਾਲ਼ ਹਵਾ ਵਿੱਚ ਡਾਵਾਂਡੋਲ ਹੁੰਦੀ ਅੱਗੇ ਵੱਧਦੀ ਜਾਂਦੀ ਹੈ।
''ਉਹ ਡਿੱਗੇਗੀ ਨਹੀਂ,'' ਵਿਕਰਮ ਮੈਨੂੰ ਭਰੋਸਾ ਦਿੰਦੇ ਹਨ। ''ਇਹ ਸਾਡਾ ਸਦੀਆਂ ਪੁਰਾਣਾ ਪਰੰਪਰਾਗਤ ਨਾਚ ਹੈ। ਸਾਡਾ ਇਹ ਹੁਨਰ ਸਾਨੂੰ ਪੀੜ੍ਹੀ ਦਰ ਪੀੜ੍ਹੀ ਮਿਲ਼ਿਆ ਹੈ। ਅਸੀਂ ਇਸ ਵਿੱਚ ਮਾਹਰ ਹਾਂ,'' ਉਹ ਸੰਗੀਤ ਅਤੇ ਲਾਊਡਸਪੀਕਰ ਦਾ ਧਿਆਨ ਰੱਖਦਿਆਂ ਮੈਨੂੰ ਦੱਸਦੇ ਹਨ।
ਵਿਕਰਮ ਅਤੇ ਉਨ੍ਹਾਂ ਦਾ ਪਰਿਵਾਰ ਦਿੱਲੀ ਤੋਂ 1,200 ਕਿਲੋਮੀਟਰ ਦੂਰ, ਛੱਤੀਸਗੜ੍ਹ ਦੇ ਜਾਂਜਗੀਰ-ਚਾਂਪਾ ਜ਼ਿਲ੍ਹੇ ਤੋਂ ਹਨ ਅਤੇ ਨਟ ਜਾਤੀ ਨਾਲ਼ ਸਬੰਧ ਰੱਖਦੇ ਹਨ ਜੋ ਆਪਣੀ ਕਲਾਬਾਜ਼ੀ ਦੇ ਜ਼ੌਹਰ ਦਿਖਾਉਣ ਵਾਲ਼ਾ ਇੱਕ ਦਲਿਤ ਭਾਈਚਾਰਾ ਹੈ।
ਵਿਕਰਮ ਦੀ ਪਤਨੀ ਲੀਲ ਰੱਸੀ ਦੇ ਹੇਠਾਂ ਚੱਲ ਰਹੀ ਹੈ। ਉਹ ਮੈਨੂੰ ਭਰੋਸਾ ਦਵਾਉਂਦੇ ਹਨ ਕਿ ਲੀਲ, ਰਾਣੀ ਦੇ ਡਿੱਗਣ ਦੀ ਹਾਲਤ ਵਿੱਚ ਉਹਨੂੰ ਦਬੋਚਨ ਵਿੱਚ ਮਾਹਰ ਹੈ। ਲੀਲ ਕਹਿੰਦੀ ਹਨ,''ਜਦੋਂ ਮੈਂ ਰਾਣੀ ਦੀ ਉਮਰ ਦੀ ਸਾਂ, ਤਾਂ ਮੈਂ ਵੀ ਰੱਸੀਆਂ 'ਤੇ ਨੱਚਦੀ ਹੁੰਦੀ ਸਾਂ। ਪਰ ਹੁਣ ਨਹੀਂ ਕਰ ਪਾਉਂਦੀ। ਮੇਰਾ ਸਰੀਰ ਹੁਣ ਇਹਦੀ ਇਜਾਜ਼ਤ ਨਹੀਂ ਦਿੰਦਾ।'' ਲੀਲ ਆਪਣੇ ਕਰਤਬਾਂ ਵਿੱਚ ਕਈ ਵਾਰ ਡਿੱਗਦੀ ਰਹੀ ਹਨ। ਉਹ ਕਹਿੰਦੀ ਹਨ,''ਰਾਣੀ ਨੇ ਤਾਂ ਤਿੰਨ ਸਾਲ ਦੀ ਉਮਰੇ ਹੀ ਅਭਿਆਸ ਕਰਨਾ ਸ਼ੁਰੂ ਕੀਤਾ ਅਤੇ ਛੇਤੀ ਹੀ ਪੇਸ਼ਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ।''
ਜਿੱਥੋਂ ਤੱਕ ਵਿਕਰਮ ਨੂੰ ਚੇਤੇ ਹੈ, ਬੜਗਾਓਂ ਦੇ ਨਟ ਮੁਹੱਲੇ ਵਿੱਚ ਰਹਿੰਦਾ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਕੁਝ ਲੋਕਾਂ ਵਿੱਚ ਸ਼ਾਮਲ ਰਿਹਾ ਹੈ ਜੋ ਪੰਜ ਪੀੜ੍ਹੀਆਂ ਤੋਂ ਰੱਸੀ 'ਤੇ ਇਸ ਨਾਚ ਕਲਾ ਦਾ ਅਭਿਆਸ ਅਤੇ ਪੇਸ਼ਕਾਰੀ ਕਰਦੇ ਆਏ ਹਨ। ਉਹ ਰਾਜਸਥਾਨ, ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਭਟਕਦੇ ਰਹੇ ਹਨ ਅਤੇ ਟ੍ਰੈਫ਼ਿਕ ਲਾਈਟਾਂ ਕੋਲ਼ ਪੇਸ਼ਕਾਰੀ ਕਰਕੇ ਜੀਵਨ ਜਿਊਂਦੇ ਆਏ ਹਨ।
ਵਿਕਰਮ ਬਾਮੁਸ਼ਕਲ ਨੌ ਸਾਲਾਂ ਦੇ ਸਨ, ਜਦੋਂ ਉਨ੍ਹਾਂ ਨੇ ਪਹਿਲੀ ਦਫ਼ਾ ਦਿੱਲੀ ਵਿਖੇ ਆਪਣੇ ਦਾਦਾ ਦੇ ਕੰਮ ਵਿੱਚ ਸ਼ਾਮਲ ਹੋਏ, ਜਿੱਥੇ ਸੀਨੀਅਰ ਕਲਾਕਾਰ ਕਾਫ਼ੀ ਪਹਿਲਾਂ ਤੋਂ ਪੇਸ਼ਕਾਰੀ ਕਰਦੇ ਆਏ ਸਨ। ਉਹ ਕਹਿੰਦੇ ਹਨ,''ਜਦੋਂ ਨਹਿਰੂ ਆਪਣੇ ਕੋਟ 'ਤੇ ਗੁਲਾਬ ਦਾ ਫੁੱਲ ਟੰਗੀ ਘੁੰਮਿਆ ਕਰਦੇ ਸਨ, ਉਦੋਂ ਤੋਂ।''
ਪਿਛਲੇ ਸਾਲ, ਵਿਕਰਮ ਅਤੇ ਉਨ੍ਹਾਂ ਦਾ ਪਰਿਵਾਰ, ਪੱਛਮੀ ਦਿੱਲੀ ਦੇ ਪਟੇਲ ਨਗਰ ਰੇਲਵੇ ਸਟੇਸ਼ਨ ਦੇ ਕੋਲ਼ ਇੱਕ ਝੁੱਗੀ ਬਸਤੀ ਵਿੱਚ ਰਹਿ ਰਹੇ ਸਨ, ਪਰ ਮਾਰਚ 2020 ਵਿੱਚ ਪੂਰੇ ਦੇਸ਼ ਅੰਦਰ ਲੱਗੀ ਤਾਲਾਬੰਦੀ ਤੋਂ ਥੋੜ੍ਹਾ ਸਮਾਂ ਪਹਿਲਾਂ ਉਹ ਆਪਣੇ ਪਿੰਡ ਵਾਪਸ ਚਲੇ ਗਏ ਸਨ। ਵਿਕਰਮ ਕਹਿੰਦੇ ਹਨ,''ਅਸੀਂ ਸੁਣਿਆ ਕਿ ਕੋਈ ਕਰੋਨਾਵਾਇਰਸ ਆਇਆ ਹੈ ਅਤੇ ਸਾਡੇ ਜਿਹੇ ਗ਼ਰੀਬ ਲੋਕਾਂ ਦੀ ਦੇਖਭਾਲ਼ ਲਈ ਕੋਈ ਹਸਪਤਾਲ ਜਾਂ ਡਾਕਟਰ ਤਾਂ ਹੋਵੇਗਾ ਨਹੀਂ। ਉਹ ਅਮੀਰਾਂ ਦੇ ਇਲਾਜ ਵਿੱਚ ਰੁੱਝੇ ਰਹਿਣਗੇ। ਇਸ ਤੋਂ ਇਲਾਵਾ, ਭਾਵੇਂ ਸਾਨੂੰ ਮਰਨਾ ਪਵੇ, ਅਸੀਂ ਆਪਣੇ ਘਰਾਂ ਅੰਦਰ ਮਰਨਾ ਪਸੰਦ ਕਰਦੇ ਹਾਂ, ਜਿੱਥੇ ਸਾਡੇ ਮਾਤਾ-ਪਿਤਾ ਅਤੇ ਪਰਿਵਾਰ ਰਹਿੰਦੇ ਹਨ।''
ਵਿਕਰਮ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪਰਿਵਾਰ ਨਵੰਬਰ 2020 ਵਿੱਚ ਦਿੱਲੀ ਵਾਪਸ ਆਇਆ, ਉਸ ਤੋਂ ਪਹਿਲਾਂ ਆਪਣੇ ਨਗਰ ਵਿਖੇ ਉਨ੍ਹਾਂ ਕੋਲ਼ ਆਮਦਨੀ ਦਾ ਕੋਈ ਪੱਕਾ ਵਸੀਲਾ ਨਹੀਂ ਸੀ। ਉਨ੍ਹਾਂ ਨੇ ਮਨਰੇਗਾ (ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਐਕਟ) ਤਹਿਤ ਕੰਮ ਕੀਤਾ ਅਤੇ ਪੈਸਾ ਕਮਾਇਆ, ਪਰ ਉਹ ਕਾਫ਼ੀ ਨਹੀਂ ਸੀ। ਬਕੌਲ ਵਿਕਰਮ,''ਮੈਂ ਇੱਕ ਕਮਰੇ ਦੇ ਬਰਾਬਰ ਮਿੱਟੀ ਪੁੱਟਦਾ ਸੀ ਅਤੇ ਉਹਦੇ ਬਦਲੇ ਮੈਨੂੰ ਮਜ਼ਦੂਰੀ ਦੇ ਤੌਰ 'ਤੇ 180 ਰੁਪਏ ਮਿਲ਼ਦੇ ਸਨ। ਅਸੀਂ ਉਸ ਸਾਰੇ ਪੈਸੇ ਦਾ ਇਸਤੇਮਾਲ ਟ੍ਰੇਨ ਰਾਹੀਂ ਦਿੱਲੀ ਵਾਪਸ ਆਉਣ ਲਈ ਕਿਹਾ। ਟ੍ਰੇਨ ਜ਼ਰੀਏ ਆਉਣ ਦੌਰਾਨ, ਜਦੋਂ ਵੀ ਸਾਨੂੰ ਭੁੱਖ ਲੱਗਦੀ ਸੀ, ਅਸੀਂ ਥੋੜ੍ਹਾ ਬਹੁਤ ਹੀ ਖਾਂਦੇ ਸਾਂ, ਤਾਂਕਿ ਖਾਣਾ ਛੇਤੀ ਨਾ ਮੁੱਕ ਜਾਵੇ।''
ਸਾਲ 2021 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਵਿਕਰਮ ਅਤੇ ਉਨ੍ਹਾਂ ਦਾ ਪਰਿਵਾਰ, ਗਾਜ਼ਿਆਬਾਦ ਵਿੱਚ ਰੱਸੀ 'ਤੇ ਕਰਤਬ ਦਿਖਾ ਰਹੇ ਸਨ, ਪਰ ਜਦੋਂ ਉਨ੍ਹਾਂ ਨੇ ਦਿੱਲੀ ਦੇ ਸਿੰਘੂ ਅਤੇ ਟੀਕਰੀ ਬਾਰਡਰ ਵਿਖੇ ਕਿਸਾਨਾਂ ਦੇ ਚੱਲ ਰਹੇ ਪ੍ਰਦਸ਼ਨ ਬਾਰੇ ਸੁਣਿਆ ਤਾਂ ਉਹ ਲੋਕ ਸਿੰਘੂ ਬਾਰਡਰ ਵੱਲ ਆ ਗਏ। ਉਨ੍ਹਾਂ ਨੇ ਸਿੰਘੂ ਬਾਰਡਰ ਦੇ ਧਰਨਾ ਸਥਲ ਦੇ ਕੋਲ਼ ਹੀ ਇੱਕ ਕਮਰਾ ਕਿਰਾਏ 'ਤੇ ਲਿਆ, ਜਿਹਦਾ ਹਰ ਮਹੀਨੇ ਦਾ ਕਿਰਾਇਆ 2,000 ਰੁਪਏ ਸੀ। ਪਰਿਵਰ ਇੱਥੇ ਰਹਿ ਕੇ ਕਰਤਬ ਦਿਖਾਉਣ ਲੱਗਿਆ। ਹਾਲਾਂਕਿ, ਵਿਕਰਮ ਅਤੇ ਉਨ੍ਹਾਂ ਦਾ ਪਰਿਵਾਰ ਖੇਤੀ ਦੇ ਕੰਮਾਂ ਨਾਲ਼ ਜੁੜਿਆ ਰਿਹਾ ਹੈ, ਪਰ ਵਿਕਰਮ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਸੰਘਰਸ਼ ਬਾਰੇ ਸਮਝਦੇ ਹਨ। ਵਿਕਰਮ ਨੇ ਦੱਸਿਆ,''ਸਾਨੂੰ ਨਹੀਂ ਪਤਾ ਕਿ ਸਾਡੇ ਕੋਲ਼ ਜ਼ਮੀਨ ਸੀ ਜਾਂ ਨਹੀਂ, ਪਰ ਪਰਿਵਾਰ ਵਾਲ਼ੇ ਦੱਸਦੇ ਹਨ ਕਿ ਸਾਡੇ ਪੁਰਖੇ ਖੇਤੀ ਕਰਿਆ ਕਰਦੇ ਸਨ। ਸਾਡੇ ਪੁਰਖਿਆਂ ਨੇ ਜ਼ਮੀਨਾਂ ਨੂੰ ਵੇਚ ਦਿੱਤਾ ਜਾਂ ਫਿਰ ਦੂਸਰੇ ਲੋਕਾਂ ਨੇ ਇਸ 'ਤੇ ਕਬਜ਼ਾ ਕਰ ਲਿਆ।''
ਲੀਲ ਦੱਸਦੀ ਹਨ ਕਿ ਆਮ ਤੌਰ 'ਤੇ ਲੋਕਾਂ ਦਾ ਉਨ੍ਹਾਂ ਪ੍ਰਤੀ ਰਵੱਈਆ ਦਰੁੱਸਤ ਨਹੀਂ ਹੁੰਦਾ, ਪਰ ਸਿੰਘੂ ਬਾਰਡਰ 'ਤੇ ਉਨ੍ਹਾਂ ਦਾ ਤਜ਼ਰਬਾ ਬਿਲਕੁਲ ਅੱਡ ਰਿਹਾ ਹੈ। 'ਇੱਥੇ ਕਿਸਾਨ ਬੜੇ ਪਿਆਰ ਨਾਲ਼ ਉਨ੍ਹਾਂ ਦੀ ਆਓ-ਭਗਤ ਕਰਦੇ ਹਨ'
ਵਿਕਰਮ ਨੇ ਦੱਸਿਆ ਕਿ ਪਹਿਲਾਂ ਉਹ ਰੱਸੀ 'ਤੇ ਤੁਰਨ ਵਾਲ਼ੇ ਕਰਤਬ ਦਿਖਾ ਕੇ, ਆਮ ਤੌਰ 'ਤੇ ਹਰ ਰੋਜ਼ 400-500 ਰੁਪਏ ਕਮਾ ਲੈ ਰਹੇ ਸਨ, ਪਰ ਸਿੰਘੂ ਬਾਰਡਰ ਵਿਖੇ ਉਹ ਇੱਕ ਦਿਨ ਵਿੱਚ 800 ਤੋਂ 1500 ਰੁਪਏ ਕਮਾ ਲੈਂਦੇ ਹਨ। ਲੀਲ ਨੇ ਦੱਸਿਆ,''ਅਸੀਂ ਇੱਥੇ ਪੈਸਾ ਕਮਾਉਣ ਆਏ ਸਾਂ, ਪਰ ਹੁਣ ਅਸੀਂ ਕਿਸਾਨਾਂ ਦਾ ਸਾਥ ਦੇਣ ਦੀ ਲੋੜ ਨੂੰ ਸਮਝ ਚੁੱਕੇ ਹਾਂ। ਅਸੀਂ ਕਿਸਾਨਾਂ ਦੀ ਹਮਾਇਤ ਕਰਦੇ ਹਾਂ। ਮੈਂ ਭਗਵਾਨ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਜਿਹੜੀਆਂ ਮੰਗਾਂ ਕਾਰਨ ਕਿਸਾਨਾਂ ਨੂੰ ਇੱਥੇ ਆਉਣਾ ਪਿਆ ਹੈ ਉਹ ਸਾਰੀਆਂ ਮੰਗਾਂ ਪੂਰੀ ਹੋ ਜਾਣ।'' ਵਿਕਰਮ ਨੇ ਦੱਸਿਆ ਕਿ ਉਹ ਸਿੰਘੂ ਬਾਰਡਰ 'ਤੇ ਪੂਰੇ ਦਿਲੋਂ ਕਿਸਾਨ ਅੰਦੋਲਨ ਪ੍ਰਤੀ ਇਕਜੁੱਟਤਾ ਦਿਖਾਉਂਦੇ ਹੋਏ ਪੇਸ਼ਕਾਰੀ ਕਰ ਰਹੇ ਹਨ। ਸਾਰੇ ਕਿਸਾਨ ਸਤੰਬਰ, 2020 ਵਿੱਚ ਸੰਸਦ ਵਿੱਚ ਪਾਸ ਕੀਤੇ ਗਏ ਸਾਰੇ ਖੇਤੀ ਕਨੂੰਨਾਂ ਦਾ ਪੁਰਜ਼ੋਰ ਵਿਰੋਧ ਕਰ ਰਹੇ ਹਨ ।''
ਧਰਨਾ ਸਥਲ 'ਤੇ ਮੌਜੂਦ ਕਿਸਾਨ ਉਨ੍ਹਾਂ ਦੇ ਨਾਲ਼ ਦਿੱਲੀ ਦੇ ਹੋਰਨਾਂ ਲੋਕਾਂ ਵਾਂਗ ਪੱਖਪਾਤ ਨਹੀਂ ਕਰਦੇ। ਉਨ੍ਹਾਂ ਨੂੰ (ਵਿਕਰਮ) ਉਹ ਸਮਾਂ ਚੇਤਾ ਆਉਂਦਾ ਹੈ ਜਦੋਂ ਰਾਣੀ ਪਹਿਲੀ ਵਾਰ ਸ਼ਹਿਰ ਆਈ ਸੀ ਅਤੇ ਮੈਟਰੋ ਟ੍ਰੇਨ 'ਤੇ ਝੂਟੇ ਲੈਣਾ ਚਾਹੁੰਦੀ ਸੀ, ਪਰ ਕਈ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ ਉਹ ਰਾਣੀ ਨੂੰ ਮੈਟਰੋ ਟ੍ਰੇਨ ਅੰਦਰ ਨਹੀਂ ਲਿਜਾ ਸਕੇ। ''ਮੈਟਰੋ ਸਟੇਸ਼ਨ 'ਤੇ ਤਾਇਨਾਤ ਸੁਰੱਖਿਆ-ਕਰਮੀ ਨੇ ਸਾਨੂੰ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਦਿੱਤੀ। ਉਨ੍ਹਾਂ ਲੋਕਾਂ ਨੇ ਕਿਹਾ ਕਿ 'ਤੁਸੀਂ ਗੰਦੇ-ਮੰਦੇ ਦਿੱਸਦੇ ਹੋ','' ਵਿਕਰਮ ਨੇ ਕਿਹਾ। ਉਹ ਵੀ ਉਦੋਂ ਕਿਹਾ ਗਿਆ ਜਦੋਂ ਉਨ੍ਹਾਂ ਨੇ ਕੁਝ ਸਾਫ਼ ਕੱਪੜੇ ਪਾਏ ਹੋਏ ਸਨ ਅਤੇ ਸਿਰਫ਼ ਇਸਲਈ ਆਏ ਸਨ ਕਿ ਕਿਸੇ ਤਰ੍ਹਾਂ ਮੈਟਰੋ ਦੀ ਸਵਾਰੀ ਕਰ ਸਕਣ। ਪਰ ਉਹ ਮੈਟਰੋ ਵਿੱਚ ਨਹੀਂ ਬਹਿ ਸਕੇ। ਅਖ਼ੀਰ ਉਨ੍ਹਾਂ ਨੇ ਠੇਲਾ ਲਿਆ ਅਤੇ ਉਸ ਅੱਗੇ ਮੋਟਰ ਜੋੜ ਲਈ, ਜਿਸ ਰਾਹੀਂ ਆਪਣੇ ਟੂਲ ਅਤੇ ਸਮਾਨ ਲਿਜਾ ਸਕਣ। ਵਿਕਰਮ ਕਹਿੰਦੇ ਹਨ,''ਇਹ ਸਾਡੀ ਮੈਟਰੋ ਦੀ ਸਵਾਰੀ ਹੈ। ਸਾਡੇ ਕੋਲ਼ ਆਪਣੇ ਗੱਡੀ ਹੈ ਅਤੇ ਅਸੀਂ ਇਸ ਵਿੱਚ ਬਹਿ ਕੇ ਵੀ ਦਿੱਲੀ ਦੇਖ ਲਈਦੀ ਹੈ।''
ਵਿਕਰਮ ਨੇ ਆਪਣੇ ਰੋਜ਼ਮੱਰਾ ਦੀ ਜ਼ਿੰਦਗੀ ਬਾਰੇ ਦੱਸਦਿਆਂ ਕਿਹਾ,''ਅਸੀਂ ਜਦੋਂ ਵੀ ਪਾਰਕਾਂ ਅਤੇ ਬਜ਼ਾਰ ਵਿੱਚ ਆਪਣੇ ਕਰਤਬ ਦਿਖਾਉਂਦੇ ਹਾਂ ਤਾਂ ਲੋਕ ਸਾਨੂੰ ਉੱਥੋ ਭਜਾ ਦਿੰਦੇ ਹਨ। ਜਦੋਂ ਟ੍ਰੈਫਿਕ ਲਾਈਟ 'ਤੇ ਗੱਡੀਆਂ ਰੁਕਦੀਆਂ ਹਨ ਤਾਂ ਉਸ ਸਮੇਂ ਸੜਕਾਂ ਕੰਢੇ ਕਰਤਬ ਦਿਖਾਉਂਦੇ ਹਾਂ। ਅਸੀਂ ਲੋਕਾਂ ਕੋਲ਼ੋਂ 10-10 ਰੁਪਏ ਲੈ ਕੇ ਵੀ ਖ਼ੁਸ਼ ਰਹਿੰਦੇ ਹਾਂ। ਕਈ ਵਾਰੀ ਤਾਂ ਸਾਨੂੰ 10-10 ਰੁਪਏ ਵੀ ਨਹੀਂ ਮਿਲ਼ਦੇ ਕਿਉਂਕਿ ਲੋਕ ਸਾਨੂੰ ਭਜਾ ਦਿੰਦੇ ਹਨ।''
ਹਾਲਾਂਕਿ, ਇੱਥੇ ਸਿੰਘੂ ਬਾਰਡਰ 'ਤੇ ਪਰਿਵਾਰ ਦਾ ਤਜ਼ਰਬਾ ਬਿਲਕੁਲ ਵੱਖ ਰਿਹਾ ਹੈ। ਉਨ੍ਹਾਂ ਲੋਕਾਂ ਤੋਂ ਐਨ ਉਲਟ ਜੋ ਉਨ੍ਹਾਂ ਨਾਲ਼ ਬੁਰਾ ਸਲੂਕ ਕਰਦੇ ਹਨ, ਲੀਲ ਦਾ ਕਹਿਣਾ ਹੈ ਕਿ ''ਇੱਥੇ ਅੰਦੋਲਨ ਕਰਨ ਵਾਲ਼ੇ ਕਿਸਾਨ ਸਾਡੇ ਨਾਲ਼ ਨਿੱਘ ਅਤੇ ਆਦਰ ਨਾਲ਼ ਪੇਸ਼ ਆਉਂਦੇ ਹਨ। ਕਿਸਾਨ ਸਾਨੂੰ ਆਪਣੇ ਪਰਿਵਾਰ ਦੇ ਹਿੱਸਾ ਮੰਨ ਕੇ ਖਾਣਾ ਖੁਆਉਂਦੇ ਹਨ। ਦੂਸਰੀਆਂ ਥਾਵਾਂ ਤੋਂ ਸਾਨੂੰ ਦਬਕੇ ਮਾਰ ਮਾਰ ਭਜਾ ਦਿੱਤਾ ਜਾਂਦਾ ਹੈ, ਪਰ ਇੱਥੇ ਅਸੀਂ ਬੜੇ ਖ਼ੁਸ਼ ਹਾਂ। ਜਿੰਨਾ ਮਾਣ ਸਾਨੂੰ ਇੱਥੇ ਆ ਕੇ ਮਿਲ਼ਿਆ ਹੈ, ਹੋਰ ਕਦੇ ਕਿਤੇ ਵੀ ਨਹੀਂ ਮਿਲ਼ਿਆ ਹੋਣਾ।''
ਲੀਲ ਕਹਿੰਦੀ ਹਨ,''ਦੁਨੀਆ ਸਾਡੀਆਂ ਭਾਵਨਾਵਾਂ ਨੂੰ ਨਹੀਂ ਸਮਝਦੀ। ਮੀਡਿਆ ਦੇ ਲੋਕ ਵੀ ਸਾਡਾ ਨਿਰਾਦਰ ਕਰਦੇ ਹਨ। ਇਸਲਈ, ਅਸੀਂ ਉਨ੍ਹਾਂ ਨਾਲ਼ ਗੱਲ ਹੀ ਨਹੀਂ ਕਰਦੇ। ਇਹੀ ਕਾਰਨ ਹੈ ਕਿ ਸਾਨੂੰ ਬੁਰੇ ਤਜ਼ਰਬਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਿਸ ਸਾਨੂੰ ਜੇਲ੍ਹਾਂ ਵਿੱਚ ਡੱਕ ਦਿੰਦੀ ਹੈ। ਜੇਲ੍ਹ ਅੰਦਰ ਸਾਡਾ ਸਰੀਰ ਹੁੰਦਾ ਹੈ ਤੇ ਲਾਠੀਆਂ ਉਨ੍ਹਾਂ ਦੀਆਂ।''
ਵਿਕਰਮ ਨੇ ਸ਼ਿਕਾਇਤ ਕਰਦਿਆਂ ਕਿਹਾ, ਇੱਕ ਵਾਰ ਉਹ ਲੋਕ ਸਿੰਘੂ ਬਾਰਡਰ ਤੋਂ ਕਰੀਬ 7 ਕਿਲੋਮੀਟਰ ਦੂਰ ਨਰੇਲਾ ਵਿੱਚ ਰੱਸੀ 'ਤੇ ਕਰਤਬ ਦਿਖਾ ਰਹੇ ਸਨ,''ਉਦੋਂ ਹੀ ਪੁਲਿਸ ਆਈ ਅਤੇ ਸਾਡੀ ਦੋ ਦਿਨਾਂ ਦੀ ਕਮਾਈ ਇਹ ਕਹਿ ਕੇ ਖੋਹ ਲਈ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਨਾਲ਼ ਖੇਡ ਰਹੇ ਹਾਂ।'' ਇੱਕ ਵਾਰ ਤਾਂ ਇੰਝ ਹੋਇਆ ਕਿ ਪੁਲਿਸ ਉਨ੍ਹਾਂ ਨੂੰ ਚੋਰੀ ਦੇ ਸ਼ੱਕ ਵਿੱਚ ਗਾਜ਼ਿਆਬਾਦ ਦੀ ਜੇਲ੍ਹ ਵਿੱਚ ਲੈ ਗਈ। ਉਨ੍ਹਾਂ ਨੇ ਪੁਲਿਸ ਨੂੰ ਕਿਹਾ ਕਿ '' ਅਗਰ ਚੁਰਾਨਾ ਹੋਗਾ ਤੋ ਅੰਬਾਨੀ ਕਾ ਅਲਮੀਰਾ ਚੁਰਾਏਂਗੇ '', ਇਹ ਸੁਣ ਪੁਲਿਸ ਨੇ ਬੜਾ ਕੁੱਟਿਆ।''
ਕਿਸਾਨ ਦੂਸਰਿਆਂ ਤੋਂ ਐਨ ਮੁਖਤਲਿਫ਼ ਹੁੰਦੇ ਹਨ। ਵਿਕਰਮ ਨੇ ਦੱਸਿਆ,''ਉਹ ਨਾ ਤਾਂ ਸਾਨੂੰ ਪੁੱਠਾ-ਸਿੱਧਾ ਬੋਲਦੇ ਹਨ ਅਤੇ ਨਾ ਹੀ ਸਾਨੂੰ ਇੱਥੋਂ ਭਜਾਉਂਦੇ ਹਨ। ਸਿਰਫ਼ ਜਦੋਂ ਮੰਚ ਤੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ ਹੈ ਤਾਂ ਬੜੇ ਨਿਮਰ ਭਾਵ ਨਾਲ਼ ਸਾਨੂੰ ਆਪਣੇ ਲਾਊਡ-ਸਪੀਕਰ ਦੀ ਅਵਾਜ਼ ਘਟਾਉਣ ਲਈ ਕਹਿੰਦੇ ਹਨ।
ਸਿੰਘੂ ਬਾਰਡਰ 'ਤੇ ਉਹ ਸਿਰਫ਼ 5 ਮਹੀਨੇ ਹੀ ਰੁੱਕ ਪਾਏ, ਕਿਉਂਕਿ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਬਚਣ ਲਈ ਉਨ੍ਹਾਂ ਨੂੰ ਪਿੰਡ ਜਾਣਾ ਪਿਆ। ਹਾਲਾਂਕਿ, ਸਤੰਬਰ ਮਹੀਨੇ ਵਿੱਚ ਜਦੋਂ ਉਹ ਵਾਪਸ ਆਏ, ਤਾਂ ਉਹ ਕਮਰਾ ਹੁਣ ਖਾਲੀ ਨਾ ਰਿਹਾ ਜੋ ਉਨ੍ਹਾਂ ਨੇ ਕਿਰਾਏ 'ਤੇ ਲਿਆ ਸੀ। ਧਰਨਾ ਸਥਲ 'ਤੇ ਕਿਸਾਨਾਂ ਨੇ ਜੋ ਤੰਬੂ ਗੱਡ ਗੱਡ ਛੋਟੇ ਘਰ ਬਣਾਏ ਹਨ ਹੁਣ ਉਹੀ ਉਨ੍ਹਾਂ ਦੇ ਘਰ ਹਨ। ਟਰੈਕਟਰ ਅਤੇ ਟਰਾਲੀ ਰਾਹੀਂ ਲੋਕ ਹੁਣ ਵੀ ਇੱਥੇ ਆਉਂਦੇ ਜਾਂਦੇ ਰਹਿੰਦੇ ਹਨ। ਪਰ, ਅਜੇ ਖੇਤੀ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਇਸ ਕਾਰਨ ਕਰਕੇ, ਪਹਿਲਾਂ ਦੀ ਮੁਕਾਬਲੇ ਇੱਥੇ ਲੋਕ ਕੁਝ ਘੱਟ ਹਨ। ਇਸ ਕਾਰਨ ਕਰਕੇ ਹੁਣ ਵਿਕਰਮ ਦੇ ਪਰਿਵਾਰ ਦੀ ਕਮਾਈ ਕੁਝ ਘੱਟ ਜ਼ਰੂਰ ਗਈ ਹੈ।
ਆਪਣੀ ਕਮਾਈ ਵਧਾਉਣ ਲਈ ਵਿਕਰਮ ਦੇ ਪਰਿਵਾਰ ਨੂੰ ਆਸ-ਪਾਸ ਦੇ ਇਲਾਕਿਆਂ ਵਿੱਚ ਜਾ ਕੇ ਕਰਤਬ ਦਿਖਾਉਣੇ ਪੈਂਦੇ ਹਨ। ਹਾਲਾਂਕਿ, ਹੁਣ ਵੀ ਉਹ ਸਿੰਘੂ ਬਾਰਡਰ ਦੇ ਨੇੜੇ ਹੀ ਰਹਿੰਦੇ ਹਨ। ਹਫ਼ਤੇ ਦੇ ਤਿੰਨ ਦਿਨ ਉਹ ਕਿਸਾਨਾਂ ਲਈ ਕਰਤਬ ਦਿਖਾਉਂਦੇ ਹਨ ਤਾਂਕਿ ਕਿਸਾਨਾਂ ਦੇ ਲੰਬੇ ਚੱਲਦੇ ਇਸ ਸੰਘਰਸ ਵਿੱਚ ਆਪਣੀ ਇਕਜੁਟਤਾ ਪ੍ਰਗਟਾ ਸਕਣ।
ਤਰਜਮਾ: ਕਮਲਜੀਤ ਕੌਰ