"ਨਾ ਮੇਰੇ ਕੋਲ਼ ਅਤੇ ਨਾ ਹੀ ਮੇਰੇ ਪੁਰਖਿਆਂ ਕੋਲ਼ ਪੈਲੀ ਸੀ," ਕਮਲਜੀਤ ਕੌਰ ਦਾ ਕਹਿਣਾ ਹੈ। "ਬਾਵਜੂਦ ਇਹਦੇ, ਮੈਂ ਇੱਥੇ ਹਾਂ ਅਤੇ ਆਪਣੇ ਹੀ ਤਰੀਕੇ (ਛੋਟੇ) ਨਾਲ਼ ਕਿਸਾਨਾਂ ਦੀ ਮਦਦ ਕਰ ਰਹੀ ਹਾਂ, ਕਿਉਂਕਿ ਮੈਨੂੰ ਖ਼ਦਸ਼ਾ ਹੈ ਕਿ ਜੇਕਰ ਮੈਂ ਇੰਝ ਨਾ ਕੀਤਾ, ਤਾਂ ਮੈਨੂੰ ਆਪਣੇ ਬੱਚਿਆਂ ਦੀ ਪਲੇਟ ਵਿੱਚ ਆਖ਼ਰੀ ਬੁਰਕੀ ਬਚਾਉਣ ਖਾਤਰ ਕਾਰਪੋਰੇਟਾਂ ਦੇ ਲਾਲਚ ਨਾਲ਼ ਨਜਿੱਠਣਾ ਪਵੇਗਾ।"
ਕਮਲਜੀਤ, ਉਮਰ 35 ਸਾਲ, ਪੰਜਾਬ ਦੇ ਲੁਧਿਆਣਾ ਸ਼ਹਿਰ ਵਿਖੇ ਅਧਿਆਪਕਾ ਹਨ ਅਤੇ ਇੱਥੇ ਸਿੰਘੂ ਵਿਖੇ ਆਪਣੀਆਂ ਕੁਝ ਸਹੇਲੀਆਂ ਦੇ ਨਾਲ਼ ਛਾਂ-ਦਾਰ ਥਾਂ 'ਤੇ ਬੈਠ ਕੇ ਦੋ ਸਿਲਾਈ ਮਸ਼ੀਨਾਂ ਨਾਲ਼ ਕੰਮ ਚਲਾ ਰਹੀ ਹੈ। ਉਹ ਵਾਰੋ-ਵਾਰੀ ਧਰਨਾ-ਸਥਲ 'ਤੇ ਆਉਂਦੀਆਂ ਹਨ, ਇੱਕ ਵਾਰ ਆ ਕੇ ਤਿੰਨ ਦਿਨ ਰੁਕਦੀਆਂ ਹਨ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਝੱਗਿਆਂ ਦੇ ਟੁੱਟੇ ਬੀੜੇ ਜਾਂ ਪਾਟੇ ਲੀੜਿਆਂ (ਸਲਵਾਰ-ਕਮੀਜ਼) ਦੀ ਮੁਫ਼ਤ ਮੁਰੰਮਤ ਕਰਦੀਆਂ ਹਨ। ਉਨ੍ਹਾਂ ਦੇ ਕੋਲ਼ ਹਰ ਰੋਜ਼ ਕਰੀਬ 200 ਲੋਕ ਸੇਵਾ ਲੈਣ ਆਉਂਦੇ ਹਨ।
ਸਿੰਘੂ ਵਿਖੇ, ਪ੍ਰਦਰਸ਼ਨ ਪ੍ਰਤੀ ਆਪਣੀ ਇਕਜੁਟਤਾ ਦਿਖਾਉਣ ਦੇ ਕਈ ਤਰ੍ਹਾਂ ਦੇ ਤਰੀਕਿਆਂ ਨਾਲ਼ ਇਹ ਸੇਵਾਵਾਂ ਵੰਨ-ਸੁਵੰਨੇ ਰੂਪਾਂ ਵਿੱਚ ਉਪਲਬਧ ਹਨ।
ਉਨ੍ਹਾਂ ਸੇਵਾ ਦੇਣ ਵਾਲਿਆਂ ਵਿੱਚੋਂ ਇੱਕ ਇਰਸ਼ਾਦ (ਪੂਰਾ ਨਾਂਅ ਉਪਲਬਧ ਨਹੀਂ) ਵੀ ਹਨ। ਸਿੰਘੂ ਬਾਰਡਰ ਤੋਂ ਕਰੀਬ ਚਾਰ ਕਿਲੋਮੀਟਰ ਦੀ ਦੂਰੀ 'ਤੇ, ਕੁੰਡਲੀ ਉਦਯੋਗਿਕ ਖੇਤਰ ਵਿੱਚ ਸਥਿਤ ਟੀਡੀਆਈ ਮਾਲ ਦੇ ਬਾਹਰ ਭੀੜੀ ਨੁਕਰੇ, ਉਹ ਸਿੱਖ ਪ੍ਰਦਰਸ਼ਨਕਾਰੀਆਂ ਦੇ ਨੰਗੇ ਸਿਰਾਂ ਦੀ ਮਾਲਸ਼ ਕਰ ਰਹੇ ਹਨ। ਕਈ ਹੋਰ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਇਰਸ਼ਾਦ ਕੁਰੂਕਸ਼ੇਤਰ ਦੇ ਰਹਿਣ ਵਾਲੇ ਨਾਈ ਹਨ ਅਤੇ ਕਹਿੰਦੇ ਹਨ ਕਿ ਸਾਂਝ-ਭਿਆਲੀ (ਬਰਾਦਰੀ) ਦੀ ਭਾਵਨਾ ਸਦਕਾ ਇੱਥੇ ਆਏ ਹਨ।
ਇਸੇ ਰਸਤੇ 'ਤੇ, ਆਪਣੇ ਮਿਨੀ-ਟਰੱਕ ਦੇ ਬਾਹਰ ਸਰਦਾਰ ਗੁਰਮੀਕ ਸਿੰਘ ਵੀ ਬੈਠੇ ਹੋਏ ਹਨ, ਜਿਨ੍ਹਾਂ ਦੇ ਚੁਫੇਰੇ ਮੁਫ਼ਤ ਵਿੱਚ ਮਾਲਸ਼ ਕਰਾਉਣ ਵਾਲਾ ਅਜਿਹਾ ਹਜੂਮ ਜਮ੍ਹਾ ਹੈ, ਜਿਨ੍ਹਾਂ ਦੇ ਪੰਜਾਬ ਤੋਂ ਸਿੰਘੂ ਤੱਕ ਦਾ ਘੰਟਿਆਂ-ਬੱਧੀ ਪੈਂਡਾ ਟਰਾਲੀਆਂ ਦੇ ਮੁਕੰਮਲ ਕਰਨ ਤੋਂ ਪੱਠਿਆਂ ਵਿੱਚ ਪੀੜ੍ਹ ਹੋ ਰਹੀ ਹੈ। "ਇਸ ਸਮੇਂ ਉਹ ਕਈ ਹੋਰ ਤਰ੍ਹਾਂ ਦੀਆਂ ਪੀੜ੍ਹਾਂ ਵਿੱਚੋਂ ਦੀ ਲੰਘ ਰਹੇ ਹਨ..." ਉਨ੍ਹਾਂ ਦਾ ਕਹਿਣਾ ਹੈ ਕਿ ਇਹੀ ਉਹ ਗੱਲ ਹੈ ਜੋ ਉਨ੍ਹਾਂ ਨੂੰ ਇੱਥੇ ਮਦਦ ਵਾਸਤੇ ਖਿੱਚ ਲਿਆਈ ਹੈ।
ਚੰਡੀਗੜ੍ਹ ਦੇ ਡਾਕਟਰ ਸੁਰਿੰਦਰ ਕੁਮਾਰ, ਸਿੰਘੂ ਵਿੱਚ ਹੋਰਨਾਂ ਡਾਕਟਰਾਂ ਨਾਲ਼ ਮਿਲ਼ ਕੇ ਮੈਡੀਕਲ ਕੈਂਪ ਚਲਾ ਕੇ ਆਪਣੀ ਸੇਵਾ ਨਿਭਾਅ ਰਹੇ ਹਨ। ਇਹ ਕੈਂਪ ਧਰਨਾ-ਸਥਲ 'ਤੇ ਮੌਜੂਦ ਕਈ ਮੈਡੀਕਲ ਕੈਂਪਾਂ ਵਿੱਚ ਇੱਕ ਹੈ- ਉਨ੍ਹਾਂ ਵਿੱਚ ਕੁਝ ਤਾਂ ਕੋਲਕਾਤਾ ਜਾਂ ਹੈਦਰਾਬਾਦ ਜਿਹੇ ਦੁਰੇਡੇ ਇਲਾਕਿਆਂ ਤੋਂ ਆਏ ਡਾਕਟਰਾਂ ਦੁਆਰਾ ਚਲਾਏ ਜਾ ਰਹੇ ਹਨ। "ਅਸੀਂ ਡਿਗਰੀ ਕਰਦੇ ਸਮੇਂ ਚੁੱਕੀ ਗਈ ਸਹੁੰ ਦਾ ਪਾਲਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ-ਸਾਡੀ ਕੋਸ਼ਿਸ਼ ਦਿਨੋ-ਦਿਨ ਵੱਧਦੀ ਠੰਡ ਦਾ ਸਾਹਮਣਾ ਕਰ ਰਹੇ ਬਜੁਰਗਾਂ ਦੇ ਸੇਵਾ ਕਰਨ ਦੇ ਰੂਪ ਵਿੱਚ ਹੈ ਜੋ ਖੁੱਲ੍ਹੀਆਂ ਸੜਕਾਂ 'ਤੇ ਆਪਣੇ ਦਿਨ ਕੱਟ ਰਹੇ ਹਨ," ਸੁਰਿੰਦਰ ਕਹਿੰਦੇ ਹਨ।

















