ਇਹ ਸਮਾਂ ਕਣਕ ਦੀ ਫ਼ਸਲ ਨੂੰ ਪਾਣੀ ਲਾਉਣ ਦਾ ਹੈ ਅਤੇ ਸਬਾਰਨ ਸਿੰਘ ਇਸ ਲੋੜੀਂਦੇ ਸਮੇਂ (ਖੇਤਾਂ ਨੂੰ ਪਾਣੀ ਲਾਏ ਬਿਨਾਂ) ਵਿੱਚ ਆਪਣੇ ਖੇਤ ਤੋਂ ਦੂਰ ਨਹੀਂ ਰਹਿ ਸਕਦਾ। ਇਸਲਈ ਉਹ ਦਸਬੰਰ ਦੇ ਪਹਿਲੇ ਹਫ਼ਤੇ ਹੀ ਹਰਿਆਣਾ-ਦਿੱਲੀ ਦੇ ਸਿੰਘੂ ਤੋਂ ਵਾਪਸ ਆਪਣੇ ਪਿੰਡ (ਪੰਜਾਬ) ਮੁੜ ਗਿਆ।
ਪਰ ਉਹ ਉਸ ਧਰਨਾ-ਸਥਲ ਨੂੰ ਛੱਡ ਨਹੀਂ ਰਿਹਾ ਸੀ, ਜਿੱਥੇ ਉਹ ਬੀਤੀ 26 ਨਵੰਬਰ ਤੋਂ ਡਟਿਆ ਬੈਠਾ ਸੀ। ਕੁਝ ਹੀ ਦਿਨਾਂ ਬਾਅਦ, ਉਹ ਆਪਣੀ 12 ਏਕੜ ਦੀ ਜ਼ਮੀਨ ਛੱਡ ਕੇ ਵਾਪਸ ਸਿੰਘੂ ਮੁੜ ਗਿਆ, ਜੋ ਕਿ ਉਹਦੇ ਖੰਟ ਪਿੰਡ ਤੋਂ 250 ਕਿਲੋਮੀਟਰ ਦੂਰ ਹੈ। "ਇੰਝ ਕਰਨ ਵਾਲ਼ਾ ਮੈਂ ਇਕੱਲਾ ਨਹੀਂ ਹਾਂ," 70 ਸਾਲਾ ਬਜ਼ੁਰਗ ਕਿਸਾਨ ਕਹਿੰਦਾ ਹੈ। "ਇੱਥੇ ਕਈ ਲੋਕ ਹਨ ਜੋ ਆਪਣੇ ਪਿੰਡਾਂ ਤੋਂ ਧਰਨਾ ਸਥਲ ਅਤੇ ਧਰਨਾ-ਸਥਲ ਤੋਂ ਪਿੰਡ ਦਾ ਚੱਕਰ ਲਾਉਂਦੇ ਆ ਰਹੇ ਹਨ।"
ਰਿਲੇ ਦਾ ਤਰੀਕਾ ਅਪਣਾਉਣ ਦਾ ਜੋ ਫੈਸਲਾ ਕਿਸਾਨਾਂ ਨੇ ਕੀਤਾ ਹੈ ਉਸ ਨਾਲ਼ ਸਿੰਘੂ ਵਿਖੇ ਕਿਸਾਨਾਂ ਦੀ ਗਿਣਤੀ ਮਜ਼ਬੂਤ ਬਣੀ ਰਹੀ ਹੈ, ਇਸ ਤਰੀਕੇ ਨਾਲ਼ ਉਹ ਇਹ ਵੀ ਯਕੀਨੀ ਬਣਾਉਂਦੇ ਰਹੇ ਕਿ ਉਨ੍ਹਾਂ ਦੀ ਫ਼ਸਲ ਦੀ ਅਣਦੇਖੀ ਨਹੀਂ ਹੋ ਰਹੀ।
"ਇਹੀ ਸਮਾਂ ਹੈ ਜਦੋਂ ਅਸੀਂ ਕਣਕ ਦੀ ਕਾਸ਼ਤ ਸ਼ੁਰੂ ਕਰਦੇ ਹਾਂ," ਨਵੰਬਰ-ਦਸੰਬਰ ਦੇ ਸਮੇਂ ਦਾ ਜ਼ਿਕਰ ਕਰਦਿਆਂ ਸਬਾਰਨ ਕਹਿੰਦਾ ਹੈ। "ਜਦੋਂ ਮੈਂ ਸਿੰਘੂ ਤੋਂ ਦੂਰ ਸਾਂ ਤਾਂ ਪਿੰਡ ਦੇ ਮੇਰੇ ਕੁਝ ਦੋਸਤਾਂ ਨੇ ਮੇਰੀ ਥਾਂ ਲੈ ਲਈ।"
ਪੂਰੇ ਅੰਦੋਲਨ ਵਿੱਚ ਕਈ ਪ੍ਰਦਰਸ਼ਨਕਾਰੀਆਂ ਨੇ ਇਸ ਤਰੀਕੇ ਪਾਲਣ ਕੀਤਾ। "ਸਾਡੇ ਵਿੱਚ ਕਈਆਂ ਕੋਲ਼ ਚੌਪਹੀਆ ਵਾਹਨ ਹਨ," ਸਬਰਾਨ ਕਹਿੰਦਾ ਹੈ, ਜੋ ਸਾਬਕਾ ਫ਼ੌਜੀ ਵੀ ਹੈ। "ਇਨ੍ਹਾਂ ਵਾਹਨਾਂ ਸਦਕਾ ਅਸੀਂ ਪਿੰਡ ਤੋਂ ਬਾਰਡਰ ਅਤੇ ਬਾਰਡਰ ਤੋਂ ਪਿੰਡ ਕਰਦੇ ਰਹਿੰਦੇ ਹਾਂ। ਪਰ ਇਹ ਕਾਰਾਂ ਕਦੇ ਵੀ ਖਾਲੀ ਨਹੀਂ ਹੁੰਦੀਆਂ। ਜੇਕਰ ਚਾਰ ਲੋਕਾਂ ਨੂੰ ਪਿੰਡ ਲਾਹਿਆ ਜਾ ਰਿਹਾ ਹੁੰਦਾ ਹੈ ਤਾਂ ਚਾਰ ਹੋਰ ਇਸੇ ਕਾਰ ਵਿੱਚ ਆ ਬੈਠਦੇ ਹਨ।"






