ਹੱਥਾਂ ਵਿੱਚ ਲਾਲ, ਪੀਲ਼ੇ, ਹਰੇ, ਚਿੱਟੇ ਅਤੇ ਕੇਸਰੀ ਰੰਗੇ ਝੰਡੇ ਉਹ ਚੁੱਕੀ ਸਟੇਜ ਦੇ ਮਗਰ ਚਲੇ ਗਏ। ਔਰਤਾਂ ਦਾ ਇੱਕ ਦਲ ਮਾਰਚ ਕਰਦਾ ਹੋਇਆ ਸਟੇਜ 'ਤੇ ਆਇਆ, ਉਨ੍ਹਾਂ ਸਾਰੀਆਂ ਦੇ ਸਿਰ ਹਰੀਆਂ ਚੁੰਨ੍ਹੀਆਂ ਨਾਲ਼ ਢੱਕੇ ਹੋਏ ਸਨ। ਟਰੈਕਟਰਾਂ 'ਤੇ ਸਵਾਰ ਪੁਰਸ਼ਾਂ ਦੀ ਇੱਕ ਟੁਕੜੀ ਅੱਗੇ ਆਈ ਅਤੇ ਉਨ੍ਹਾਂ ਦੇ ਸਿਰਾਂ 'ਤੇ ਸਲੇਟੀ ਅਤੇ ਨਾਭੀ ਰੰਗੀਆਂ, ਪੀਲ਼ੀਆਂ ਅਤੇ ਹਰੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ। ਪੂਰਾ ਦਿਨ ਕਈ ਜੱਥੇ ਆਪਣੇ ਮੋਢਿਆਂ 'ਤੇ ਝੰਡੇ ਰੱਖੀ ਸਟੇਜ ਮਗਰ ਆਉਂਦੇ ਜਾਂਦੇ ਰਹੇ ਅਤੇ ਹਰੇਕ ਰੰਗ ਇਓਂ ਲਿਸ਼ਕਦੇ ਜਿਓਂ ਮਹਾਂਕਾਵਿ ਕਵਿਤਾ ਦੇ ਛੰਦ ਹੋਣ।
ਪੂਰਾ ਵਰ੍ਹਾ ਬੀਤ ਗਿਆ ਜਦੋਂ 26 ਨਵੰਬਰ 2020 ਨੂੰ ਉਨ੍ਹਾਂ ਵਿੱਚੋਂ ਕਈ ਕਿਸਾਨ ਸੰਸਦ ਵਿੱਚ ਪਾਸ ਹੋਏ ਇਨ੍ਹਾਂ ਤਿੰਨੋਂ ਖੇਤੀ ਕਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਲੈ ਕੇ ਦਿੱਲੀ ਦੀਆਂ ਬਰੂਹਾਂ 'ਤੇ ਜਾ ਬੈਠੇ। ਆਪਣੇ ਪ੍ਰਦਰਸ਼ਨ ਦੀ ਵਰ੍ਹੇਗੰਢ ਨੂੰ ਚਿੰਨ੍ਹਿਤ ਕਰਨ ਲਈ, ਪਿਛਲੇ ਸ਼ੁੱਕਰਵਾਰ ਕਿਸਾਨਾਂ ਅਤੇ ਅੰਦੋਲਨ ਦੇ ਹਮਦਰਦਾਂ ਨੇ ਇੱਕ ਵਾਰ ਫਿਰ ਸਿੰਘੂ, ਟੀਕਰੀ ਅਤੇ ਗਾਜ਼ੀਪੁਰ ਦੇ ਕੋਨੇ ਕੋਨੇ ਨੂੰ ਭਰ ਦਿੱਤਾ।
ਇਹ ਦਿਨ ਸੀ ਜਿੱਤ ਦਾ ਹੰਝੂਆਂ ਦਾ, ਯਾਦਾਂ ਦਾ ਅਤੇ ਨਵੀਂਆਂ ਯੋਜਨਾਵਾਂ ਉਲੀਕਣ ਦਾ। ਅਜੇ ਇੱਕ ਲੜਾਈ ਜਿੱਤੀ ਗਈ ਹੈ, ਜੰਗ ਅਜੇ ਬਾਕੀ ਹੈ, 33 ਸਾਲਾ ਗੁਰਜੀਤ ਸਿੰਘ ਨੇ ਕਿਹਾ ਜੋ ਸਿੰਘੂ ਵਿਖੇ ਮੌਜੂਦ ਹਨ ਅਤੇ 19 ਨਵੰਬਰ ਨੂੰ ਵੀ ਮੌਜੂਦ ਸਨ ਜਦੋਂ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਤਿੰਨੋਂ ਕਨੂੰਨ ਰੱਦ ਕੀਤੇ ਜਾਣਗੇ। ਸਿੰਘ ਸਾਹਬ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਜ਼ੀਰਾ ਤਹਿਸੀਲ ਦੇ ਪਿੰਡ ਅਰਾਈਆਂ ਵਿਖੇ 25 ਏਕੜ ਵਿੱਚ ਖੇਤੀ ਕਰਦੇ ਹਨ।
''ਬੇਸ਼ੱਕ ਇਹ ਜਿੱਤ ਲੋਕਾਂ ਦੀ ਜਿੱਤ ਹੈ। ਅਸਾਂ ਇੱਕ ਢੀਠ ਅਤੇ ਜ਼ਿੱਦੀ ਪ੍ਰਸ਼ਾਸਨ ਨੂੰ ਮਾਤ ਦਿੱਤੀ ਹੈ ਅਤੇ ਅਸੀਂ ਖ਼ੁਸ਼ ਹਾਂ,'' 45 ਸਾਲਾ ਗੁਰਜੀਤ ਸਿੰਘ ਅਜ਼ਾਦ ਨੇ ਕਿਹਾ ਅਤੇ ਉਹ ਵੀ ਉਸ ਦਿਨ ਸਿੰਘੂ ਵਿਖੇ ਹੀ ਸਨ। ਅਜ਼ਾਦ ਹੋਰਾਂ ਦਾ ਪਿੰਡ ਭੱਟੀਆਂ ਗੁਰਦਾਸਪੁਰ ਜ਼ਿਲ੍ਹੇ ਦੀ ਕਾਹਨੂੰਵਾਨ ਤਹਿਸੀਲ ਵਿੱਚ ਪੈਂਦਾਂ ਜਿੱਥੇ ਉਨ੍ਹਾਂ ਦੇ ਚਾਚਾ ਆਪਣੀ ਦੋ ਏਕੜ ਦੀ ਜ਼ਮੀਨ ਵਿੱਚ ਕਣਕ ਅਤੇ ਝੋਨੇ ਦੀ ਕਾਸ਼ਤ ਕਰਦੇ ਹਨ। ''ਇਸ ਲੜਾਈ ਦਾ ਆਗਾਜ਼ 26 ਨਵੰਬਰ (2020) ਨੂੰ ਨਹੀਂ ਹੋਇਆ। ਜਿਸ ਦਿਨ ਕਿਸਾਨਾਂ ਦਾ ਹਜ਼ੂਮ ਦਿੱਲੀ ਦੀਆਂ ਬਰੂਹਾਂ 'ਤੇ ਜਾ ਅੱਪੜਿਆ ਸੀ,'' ਉਹ ਨੇ ਕਿਹਾ ਅਤੇ ਗੱਲ ਜਾਰੀ ਰੱਖੀ। ''ਕਿਸਾਨਾਂ ਨੇ ਤਾਂ ਬੜੀ ਪਹਿਲਾਂ ਹੀ ਧਰਨੇ-ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ ਸਨ ਜਦੋਂ ਇਹ ਬਿੱਲ ਕਨੂੰਨ ਬਣੇ ਸਨ। ਫਿਰ ਜਦੋਂ ਸਤੰਬਰ 2020 ਨੂੰ ਇਹ ਤਿੰਨੋਂ ਖੇਤੀ ਕਨੂੰਨ ਪਾਸ ਹੋ ਗਏ ਤਾਂ ਦਿੱਲੀ ਵੱਲ ਕੂਚ ਕਰਨ ਲਈ ਵੰਗਾਰਿਆ ਗਿਆ... ਬੱਸ ਇੱਕ ਵੰਗਾਰ ਅਤੇ ਉਸ 'ਤੇ ਫੁੱਲ ਚੜ੍ਹਾਏ।''
ਉਨ੍ਹਾਂ ਨੇ ਬੀਤੇ ਸਾਲ ਦੀ ਘਟਨਾਵਾਂ ਭਰੀ ਮਾਰਚ ਚੇਤੇ ਕੀਤੀ: ''ਜਿਓਂ ਹੀ ਅਸੀਂ ਰਾਜਧਾਨੀ ਵੱਲ ਨੂੰ ਵਧੇ, ਸਰਕਾਰ ਨੇ ਪਾਣੀ ਦੀਆਂ ਵਾਛੜਾਂ ਦਾ ਸਹਾਰਾ ਲਿਆ। ਉਨ੍ਹਾਂ ਨੇ ਟੋਏ ਪੁੱਟੇ। ਪਰ ਅਸੀਂ ਉਨ੍ਹਾਂ ਦੀਆਂ ਉੱਚੀਆਂ ਉੱਚੀਆਂ ਵਾੜਾ ਅਤੇ ਕੰਡਿਆਲ਼ੀਆਂ ਤਾਰਾਂ ਦੇ ਅੜਿੱਕੇ ਚੜ੍ਹਨ ਲਈ ਨਹੀਂ ਸਾਂ ਆ ਰਹੇ ਨਾ ਹੀ ਅਸੀਂ ਇੰਝ ਰੋਕਿਆਂ ਰੁਕਣ ਹੀ ਵਾਲ਼ੇ ਸਾਂ।'' (ਪਿਛਲੇ ਸਾਲ, 62 ਸਾਲਾ ਕਿਸਾਨ ਜੋਗਰਾਜ ਸਿੰਘ ਨੇ ਮੈਨੂੰ ਦੱਸਿਆ ਸੀ ਕਿ ਉਨ੍ਹਾਂ ਜਿਹੇ ਹੀ ਕਿਸਾਨ ਹਨ ਜਿਨ੍ਹਾਂ ਨੇ ਪੁਲਿਸ ਵਾਲ਼ਿਆਂ ਨੂੰ ਲੰਗਰ ਛਕਾਇਆ ਅਤੇ ਦੱਸਿਆ ਕਿ ਇਹ ਪੁਲਿਸ ਵਾਲ਼ੇ ਵੀ ਉਨ੍ਹਾਂ ਦੇ ਬੱਚਿਆਂ ਜਿਹੇ ਹੀ ਹਨ। ਉਨ੍ਹਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਲਾਠੀਆਂ ਨੂੰ ਵੀ 'ਖ਼ੁਰਾਕ' ਚਾਹੀਦੀ ਹੈ ਤਾਂ ਕਿਸਾਨਾਂ ਦੀਆਂ ਪਿੱਠਾਂ ਇਹ ਖ਼ੁਰਾਕ ਦੇਣ ਨੂੰ ਵੀ ਰਾਜ਼ੀ ਸਨ।)




















