ਜੁਲਾਹੇ ਦਾ ਕੰਮ ਕਰਨ ਵਾਲ਼ੇ 40 ਸਾਲਾ ਅਲੀ ਕਹਿੰਦੇ ਹਨ,“ਭਦੋਹੀ ਗਲੀਚਿਆਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਮੈਂ ਇੱਥੇ ਆਪਣਾ ਬਚਪਨ ਬਿਤਾਇਆ ਹੈ ਤੇ ਬੱਸ ਇਵੇਂ ਹੀ ਮੈਂ ਬੁਣਾਈ ਦਾ ਕੰਮ ਸਿੱਖਿਆ।” ਹਾਲਾਂਕਿ, ਹੁਣ ਗਲੀਚਿਆਂ ਤੋਂ ਕੋਈ ਖ਼ਾਸ ਆਮਦਨੀ ਨਾ ਹੋਣ ਕਾਰਨ ਅਲੀ ਨੇ ਸਿਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਡਿਵੀਜ਼ਨ ਵਿੱਚ ਪੈਂਦਾ ਭਦੋਹੀ ਜ਼ਿਲ੍ਹਾ, ਦੇਸ਼ ਵਿੱਚ ਗਲੀਚਾ ਬੁਣਾਈ ਦੇ ਸਭ ਤੋਂ ਵੱਡੇ ਸਮੂਹ ਦਾ ਕੇਂਦਰ ਹੈ। ਇਸ ਸਮੂਹ ਵਿੱਚ ਮਿਰਜ਼ਾਪੁਰ, ਵਾਰਾਣਸੀ, ਗਾਜ਼ੀਪੁਰ, ਸੋਨਭੱਦਰ, ਕੌਸ਼ੰਬੀ, ਅਲਾਹਾਬਾਦ, ਜੌਨਪੁਰ, ਚੰਦੌਲੀ ਆਦਿ ਜ਼ਿਲ੍ਹੇ ਆਉਂਦੇ ਹਨ। ਇਹ ਉਦਯੋਗ 20 ਲੱਖ ਦੇ ਕਰੀਬ ਮਜ਼ਦੂਰਾਂ ਨੂੰ ਰੁਜ਼ਗਾਰ ਦਿੰਦਾ ਹੈ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਗਿਣਤੀ ਔਰਤਾਂ ਦੀ ਹੈ।
ਇੱਥੋਂ ਦੇ ਗਲੀਚਿਆਂ ਦੀ ਗੱਲ ਹੀ ਅੱਡ ਹੈ ਕਿਉਂਕਿ ਇਨ੍ਹਾਂ ਦੀ ਬੁਣਾਈ ਹੱਥੀਂ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਵਿੱਚ ਗਲੀਚਿਆਂ ਨੂੰ ਲੰਬਕਾਰੀ ਕਰਘਿਆਂ ‘ਤੇ ਬੁਣਿਆ ਜਾਂਦਾ ਹੈ ਅਤੇ ਹਰ ਇੱਕ ਵਰਗ ਇੰਚ ਵਿੱਚ 30 ਤੋਂ 300 ਗੰਢਾਂ ਮਾਰੀਆਂ ਜਾਂਦੀਆਂ ਹਨ। ਪਿਛਲੀਆਂ ਦੋ ਸਦੀਆਂ ਤੋਂ ਗਲੀਚਾ ਬੁਣਾਈ ਦੀ ਪ੍ਰਕਿਰਿਆ ਅਤੇ ਲੋੜੀਂਦਾ ਕੱਚਾ ਮਾਲ਼ (ਉੱਨ, ਸੂਤੀ ਤੇ ਰੇਸ਼ਮੀ ਧਾਗਾ) ਨਹੀਂ ਬਦਲਿਆ। ਕਰਘਿਆਂ ‘ਤੇ ਹੱਥੀਂ ਗੰਢ ਮਾਰਨ ਦੀ ਕਲਾ ਬੁਣਕਰਾਂ ਦੇ ਬੱਚਿਆਂ ਨੂੰ ਵਿਰਸੇ ਵਿੱਚ ਮਿਲ਼ਦੀ ਹੈ।
ਬੁਣਾਈ ਦੇ ਇਸ ਵਿਲੱਖਣ ਤਰੀਕੇ ਨੂੰ ਉਦੋਂ ਮਾਨਤਾ ਮਿਲ਼ੀ, ਜਦੋਂ ਭਦੋਹੀ ਦੇ ਗਲੀਚਿਆਂ ਨੂੰ 2010 ਵਿੱਚ ਭੂਗੋਲਿਕ ਸੰਕੇਤ (ਜਿਓਗ੍ਰਾਫੀਕਲ ਇੰਡੀਕੇਸ਼ਨ/ਜੀਆਈ) ਪ੍ਰਮਾਣੀਕਰਨ ਮਿਲ਼ਿਆ। ਜੀਆਈ ਟੈਗ ਦਾ ਮਿਲ਼ਣਾ ਇਸ ਉਦਯੋਗ ਵਿੱਚ ਜਾਨ ਫ਼ੂਕੇ ਜਾਣ ਵਿੱਚ ਮਦਦਗਾਰ ਸਮਝਿਆ ਗਿਆ। ਪਰ ਜੋ ਵੀ ਹੋਇਆ, ਗਲੀਚਾ ਬੁਣਕਰਾਂ ਦੇ ਧੰਦੇ ਵਿੱਚ ਕੋਈ ਸੁਧਾਰ ਨਾ ਆਇਆ।
ਮਿਸਾਲ ਵਜੋਂ, 1935 ਵਿੱਚ ਸਥਾਪਤ ਮੁਬਾਰਕ ਅਲੀ ਐਂਡ ਸੰਸ 2016 ਤੱਕ- ਭਾਵ ਗਲੀਚਿਆਂ ਦੇ ਘੱਟਦੇ ਆਰਡਰਾਂ ਕਾਰਨ ਆਪਣੀ ਦੁਕਾਨ ਬੰਦ ਹੋਣ ਤੀਕਰ- ਯੂਨੀਟੇਡ ਕਿੰਗਟਮ, ਸੰਯੁਕਤ ਰਾਜ ਅਮੇਰੀਕਾ, ਯੂਰਪੀ ਸੰਘ ਤੇ ਜਪਾਨ ਜਿਹੇ ਦੇਸ਼ਾਂ ਵਿੱਚ ਭਦੋਹੀ ਦੇ ਗਲੀਚਿਆਂ ਦਾ ਨਿਰਯਾਤ ਕਰਦਾ ਰਿਹਾ ਸੀ। ਇਸ ਨਿਰਯਾਤਕ ਕੰਪਨੀ ਦੇ ਮੋਢੀ ਤੇ ਪੁਰਾਣੇ ਮਾਲਕ ਮੁਬਾਰਕ ਦੇ ਪੋਤੇ, 67 ਸਾਲਾ ਖਾਲਿਦ ਖ਼ਾਨ ਦੱਸਦੇ ਹਨ,“ਮੇਰੇ ਦਾਦਾ ਦੇ ਪਿਤਾ ਸਿਰਫ਼ ਇਹੀ ਕਾਰੋਬਾਰ ਕਰਦੇ ਸਨ। ਸਾਡਾ ਕਾਰੋਬਾਰ ਬ੍ਰਿਟਿਸ਼ ਕਾਲ ਦੌਰਾਨ ਸ਼ੁਰੂ ਹੋਇਆ ਸੀ, ਉਸ ਵੇਲ਼ੇ ਜਦੋਂ ਗਲੀਚਿਆਂ ਨੂੰ ‘ਮੇਡ ਇਨ ਬ੍ਰਿਟਿਸ਼ ਇੰਡੀਆ’ ਦਾ ਲੇਬਲ ਲਾ ਕੇ ਨਿਰਯਾਤ ਕੀਤਾ ਜਾਂਦਾ ਸੀ।”


