''ਅਸੀਂ ਰਬਾੜੀ ਤਾਰਿਆਂ ਨੂੰ ਅੱਡ ਨਾਮ ਲੈ ਕੇ ਬੁਲਾਉਂਦੇ ਹਾਂ,'' ਤਜ਼ਰਬੇ ਦੇ ਅਧਾਰ 'ਤੇ ਮਸ਼ਰੂਭਾਈ ਕਹਿੰਦੇ ਹਨ। '' ਤੁਮਾਰਾ ਧਰੁਵ ਤਾਰਾ , ਹਮਾਰਾ ਪਾਰੋਦੀਆ ।''

ਅਸੀਂ ਵਾਰਧਾ ਜ਼ਿਲ੍ਹੇ ਦੇ ਪਿੰਡ ਦੇਨੋਡਾ ਪਿੰਡ ਵਿਖੇ ਉਨ੍ਹਾਂ ਦੇ ਡੇਰੇ (ਆਰਜੀ ਖੇਮਾ) ਵਿਖੇ ਹਾਂ। ਇਹ ਥਾਂ ਨਾਗਪੁਰ ਨਾਲ਼ੋਂ 60 ਕਿਲੋਮੀਟਰ ਅਤੇ ਕੱਛ ਨਾਲ਼ੋਂ 1,300 ਕਿਲੋਮੀਟਰ ਦੂਰ ਹੈ, ਉਹ ਥਾਂ ਜਿਹਨੂੰ ਉਹ ਆਪਣਾ ਫਿਲਹਾਲ ਦਾ ਘਰ ਕਹਿੰਦੇ ਹਨ।

ਰਬਾੜੀ ਡੇਰੇ ਵਿਖੇ ਧੁੰਦਲਕਾ ਫਿਰਨ ਲੱਗਿਆ ਹੈ। ਇਹ ਸ਼ੁਰੂਆਤੀ ਮਾਰਚ ਦਾ ਸਮਾਂ ਹੈ ਜਦੋਂ ਮੌਸਮ ਸਿਆਲ ਤੋਂ ਗਰਮੀਆਂ ਵੱਲ ਨੂੰ ਵੱਧ ਰਿਹਾ ਹੁੰਦਾ ਹੈ ਤੇ ਅਜਿਹੀਆਂ ਸ਼ਾਮਾਂ ਨੂੰ ਅਸਮਾਨ ਕਾਫ਼ੀ ਦੇਰ ਤੱਕ ਸੰਦੂਰੀ ਹੋਇਆ ਰਹਿੰਦਾ ਹੈ। ਫ਼ੁਟਾਲੇ ਦੇ ਇਸ ਮੌਸਮ ਵਿੱਚ ਜੰਗਲ ਵੀ ਲਸ਼-ਲਸ਼ ਖਿੜ ਉੱਠਦੇ ਹਨ, ਪਲਾਸ਼ ਤੇ ਕੇਸੁਦੋ ( Beautea Monosperma ) ਫੁੱਲ ਧਰਤੀ ਨੂੰ ਕੇਸਰੀ ਰੰਗ ਨਾਲ਼ ਢੱਕ ਦਿੰਦੇ ਹਨ। ਰੰਗਾਂ ਦਾ ਤਿਓਹਾਰ ਹੋਲੀ ਵੀ ਆਉਣ ਨੂੰ ਤਿਆਰ ਖੜ੍ਹਾ ਹੁੰਦਾ ਹੈ।

ਮਸ਼ਰੂ ਮਾਮਾ (ਲੋਕੀਂ ਪਿਆਰ ਨਾਲ਼ ਉਨ੍ਹਾਂ ਨੂੰ ਇਸੇ ਨਾਮ ਨਾਲ਼ ਸੱਦਦੇ ਹਨ) ਅਤੇ ਮੈਂ ਵਿਦਰਭਾ ਇਲਾਕੇ ਦੀਆਂ ਤਿਰਕਾਲਾਂ ਦੇ ਇਸ ਨਿਰਮਲ ਅਕਾਸ਼ ਨੂੰ ਘੂਰ ਰਹੇ ਹਾਂ। ਅਸੀਂ ਨਰਮੇ ਦੇ ਖੇਤਾਂ ਦੇ ਐਨ ਵਿੱਚਕਾਰ ਕਰਕੇ ਡਾਹੇ ਮੰਜੇ 'ਤੇ ਬੈਠੇ ਹਾਂ ਅਤੇ ਇੱਧਰ-ਓਧਰ ਦੀਆਂ ਗੱਲਾਂ ਵਿੱਚ ਮਸ਼ਰੂਫ਼ ਹੋਏ ਪਏ ਹਾਂ। ਅਸੀਂ ਛੁਪਦੇ ਸੂਰਜ ਸਾਵੇਂ ਹਰ ਚੀਜ਼ ਬਾਰੇ ਗੱਲ ਕਰ ਰਹੇ ਹਾਂ। ਅਸੀਂ ਤਾਰਿਆਂ, ਤਾਰਾ-ਮੰਡਲ, ਬਦਲਦੀ ਜਲਵਾਯੂ ਅਤੇ ਵਾਤਾਵਰਣ, ਆਪਣੇ ਲੋਕਾਂ ਅਤੇ ਜਾਨਵਰਾਂ ਦੇ ਅੱਡੋ-ਅੱਡ ਮਿਜ਼ਾਜ, ਟੱਪਰੀਵਾਸਾਂ ਦੀ ਜ਼ਿੰਦਗੀ ਬਾਰੇ ਗੱਲਾਂ ਕਰ ਰਹੇ ਹਾਂ, ਜੋ ਮੁਸ਼ਕਲਾਂ ਨਾਲ਼ ਭਰੀ ਹੁੰਦੀ ਹੈ, ਸਦਾ ਭਟਕਦੇ ਰਹਿਣਾ ਪੈਂਦਾ ਹੈ। ਇਨ੍ਹਾਂ ਲੋਕਾਂ ਦੀਆਂ ਗੱਲਾਂ-ਬਾਤਾਂ ਵਿੱਚ ਰਬਾੜੀਆਂ ਦੀਆਂ ਕਹਾਵਤਾਂ ਅਤੇ ਲੋਕ-ਕਥਾਵਾਂ ਵਗੈਰਾ ਵੀ ਸ਼ਾਮਲ ਹਨ।

ਰਬਾੜੀਆਂ ਦੇ ਜੀਵਨ ਵਿੱਚ ਤਾਰਿਆਂ ਦਾ ਬੜਾ ਖ਼ਾਸ ਮਹੱਤਵ ਹੈ ਕਿਉਂਕਿ ਇਹ ਤਾਰੇ ਹੀ ਹਨ ਜੋ ਰਾਤ ਵੇਲੇ ਰਬਾੜੀਆਂ ਲਈ ਰਾਹ-ਦਰਸੇਵਾ ਬਣਦੇ ਹਨ। ''ਸੱਤ ਤਾਰੇ..., ਸਪਤਰਿਸ਼ੀ ਸਾਡੇ ਲਈ ਹਰਨ (ਹਿਰਨ) ਹਨ,'' ਉਹ ਸਮਝਾਉਣ ਦੇ ਲਹਿਜੇ ਵਿੱਚ ਕਹਿੰਦੇ ਹਨ। ''ਤੜਕਸਾਰ ਭਾਵੇਂ ਇਹ ਸੱਤੋ ਤਾਰ ਅਲੋਪ ਹੋ ਜਾਂਦੇ ਹੋਣ ਪਰ ਜਦੋਂ ਥੋੜ੍ਹਾ ਜਿਹਾ ਵੀ ਹਨ੍ਹੇਰਾ ਹੁੰਦਾ ਹੈ ਤਾਂ ਇਹ ਨਵੇਂ ਦਿਨ, ਨਵੀਂਆਂ ਚੁਣੋਤੀਆਂ ਤੇ ਹੋਰ-ਹੋਰ ਸੰਭਾਵਨਾਵਾਂ ਦਾ ਐਲਾਨ ਕਰਦੇ ਹਨ,'' ਉਹ ਕਿਸੇ ਦਾਰਸ਼ਨਿਕ ਵਾਂਗਰ ਗੱਲ ਪੂਰੀ ਕਰਦੇ ਹਨ।

PHOTO • Jaideep Hardikar
PHOTO • Jaideep Hardikar

ਮਸ਼ਰੂਰਬਾੜੀ (ਖੱਬੇ) ਅਤੇ ਰਬਾੜੀ ਭਾਈਚਾਰੇ ਦੇ ਹੋਰ ਮੈਂਬਰ, ਵਰਧਾ ਜ਼ਿਲ੍ਹੇ ਦੇ ਪਿੰਡ ਦੇਨੋਡਾ ਵਿਖੇ ਆਪਣੇ ਡੇਰੇ ਵਿੱਚ। ਸਾਲ ਦੇ ਪ੍ਰਵਾਸ ਦੌਰਾਨ ਇਹ ਡੇਰਾ ਨਾਗਪੁਰ, ਵਰਧਾ, ਚੰਦਰਪੁਰ ਤੇ ਯਵਾਤਮਲ ਜ਼ਿਲ੍ਹਿਆਂ ਤੇ ਹੋਰ ਗੁਆਂਢੀਆਂ ਇਲਾਕਿਆਂ ਵਿੱਚ ਘੁੰਮਦਾ-ਫਿਰਦਾ ਰਹਿੰਦਾ ਹੈ

65-66 ਸਾਲਾ ਨੂੰ ਢੁੱਕਣ ਵਾਲ਼ੇ ਮਸ਼ਰੂ ਮਾਮਾ ਲੰਬੇ ਤੇ ਸੁੱਘੜ ਸਰੀਰ ਦੇ ਮਾਲਕ ਹਨ, ਉਨ੍ਹਾਂ ਦੀਆਂ ਸੰਘਣੀਆਂ ਮੁੱਛਾਂ ਤੇ ਚਿੱਟੇ ਵਾਲ਼ ਹਨ। ਉਨ੍ਹਾਂ ਦੀਆਂ ਤਲ਼ੀਆਂ ਜਿੰਨੀਆਂ ਵੱਡੀਆਂ ਹਨ ਓਨਾ ਵੱਡਾ ਦਿਲ ਵੀ ਹੈ ਤੇ ਉਹ ਡੇਰੇ ਦੇ ਵੀ ਸਭ ਤੋਂ ਵੱਡੇ ਮੈਂਬਰ ਹਨ। ਉਹ ਤੇ ਡੇਰੇ ਦੇ ਬਾਕੀ ਦੇ ਪਰਿਵਾਰ ਦੋ ਦਿਨ ਪਹਿਲਾਂ ਹੀ ਇੱਥੇ ਅਪੜੇ। ''ਅੱਜ ਅਸੀਂ ਇੱਥੇ ਹਾਂ ਤੇ ਆਉਣ ਵਾਲ਼ੇ 15 ਦਿਨ ਨਾਗਪਰੁ ਜ਼ਿਲ੍ਹੇ ਵਿਖੇ ਰਹਾਂਗੇ। ਜਦੋਂ ਮੀਂਹ ਪੈਣੇ ਸ਼ੁਰੂ ਹੋਏ ਤਾਂ ਅਸੀਂ ਤੁਹਾਨੂੰ ਯਵਾਤਮਲ ਦੇ ਪਾਂਡਰਕਵਾੜਾ ਨੇੜੇ ਮਿਲ਼ਾਂਗੇ। ਅਸੀਂ ਪੂਰਾ ਸਾਲ ਇਨ੍ਹਾਂ ਜਾਣ-ਪਛਾਣ ਦੀਆਂ ਥਾਵਾਂ 'ਤੇ ਹੀ ਘੁੰਮਦੇ ਰਹਿੰਦੇ ਹਾਂ ਤੇ ਉੱਥੇ ਖੇਤਾਂ ਵਿੱਚ ਰੁੱਕਦੇ ਹਾਂ,'' ਉਹ ਮੈਨੂੰ ਦੱਸਦੇ ਹਨ।

ਸਾਲ ਦਾ ਪੂਰਾ ਸਮਾਂ ਇਹ ਖੇਤ ਹੀ ਸਾਡਾ ਘਰ ਤੇ ਅਸਮਾਨ ਹੀ ਸਿਰ ਦੀ ਛੱਤ ਰਹਿੰਦਾ ਹੈ।

*****

ਰਬਾੜੀ ਮੂਲ ਰੂਪ ਵਿੱਚ ਗੁਜਰਾਤ ਦੇ ਕੱਛ ਖੇਤਰ ਤੋਂ ਇੱਕ ਅਰਧ-ਖ਼ਾਨਾਬਦੋਸ਼ ਆਜੜੀ ਭਾਈਚਾਰਾ ਹੈ। ਮਸ਼ਰੂ ਮਾਮਾ ਵਾਂਗ, ਬਹੁਤ ਸਾਰੇ ਰਬਾੜੀਆਂ ਨੇ ਮੱਧ ਭਾਰਤ ਦੇ ਵਿਦਰਭ ਨੂੰ ਪੀੜ੍ਹੀਆਂ ਤੋਂ ਆਪਣਾ ਘਰ ਬਣਾਇਆ ਹੈ। ਉਹ ਵੱਡੀ ਗਿਣਤੀ ਵਿੱਚ ਬੱਕਰੀਆਂ, ਭੇਡਾਂ ਅਤੇ ਊਠਾਂ ਨੂੰ ਪਾਲਦੇ ਹਨ। ਕੱਛ ਵਿੱਚ ਰਹਿਣ ਵਾਲ਼ੇ ਜ਼ਿਆਦਾਤਰ ਰਬਾੜੀ ਅਜੇ ਵੀ ਪਿਛਾਂਹ ਰਹਿ ਕੇ ਆਪਣੇ ਖੇਤਾਂ ਵਿੱਚ ਕੰਮ ਕਰਦੇ ਹਨ। ਜਦੋਂ ਕਿ ਮਸ਼ਰੂ ਮਾਮਾ ਜਿਹੇ ਬਾਕੀ ਰਬਾੜੀ ਘੁੰਮਦੇ ਫਿਰਦੇ ਰਹਿੰਦੇ ਹਨ।

ਮਸ਼ਰੂ ਮਾਮਾ ਦਾ ਅਨੁਮਾਨ ਹੈ ਕਿ ਵਿਦਰਭ ਅਤੇ ਗੁਆਂਢੀ ਛੱਤੀਸਗੜ੍ਹ ਵਿੱਚ ਅਜਿਹੇ 3,000 ਤੋਂ ਵੱਧ ਡੇਰੇ ਹੋਣਗੇ। ਇਨ੍ਹਾਂ ਸਾਰਿਆਂ ਦੇ ਆਪਣੇ-ਆਪਣੇ ਪ੍ਰਵਾਸ ਦੇ ਸਮੇਂ ਅਤੇ ਨਿਯਮ ਹਨ, ਪਰ ਉਨ੍ਹਾਂ ਦੇ ਰਹਿਣ ਦੇ ਸਥਾਨ ਕਦੇ ਵੀ ਨਿਸ਼ਚਿਤ ਨਹੀਂ ਹੁੰਦੇ।

ਉਹ ਕਈ ਜ਼ਿਲ੍ਹਿਆਂ ਵਿੱਚੋਂ ਲੰਘਦੇ ਹਨ ਅਤੇ ਆਉਂਦੇ ਕੁਝ ਦਿਨਾਂ ਬਾਅਦ ਵੱਖ-ਵੱਖ ਥਾਵਾਂ 'ਤੇ ਆਪਣੇ ਤੰਬੂ ਲਗਾਉਂਦੇ ਹਨ। ਇਹ ਕਹਿਣਾ ਮੁਸ਼ਕਲ ਹੈ ਕਿ ਉਹ ਆਪਣੀ ਯਾਤਰਾ ਵਿੱਚ ਕਿੰਨੀਆਂ ਥਾਵਾਂ 'ਤੇ ਕੈਂਪ ਲਗਾਉਣਗੇ, ਪਰ ਇੱਕ ਅੰਦਾਜ਼ੇ ਅਨੁਸਾਰ, ਉਹ ਇੱਕ ਸੀਜ਼ਨ ਵਿੱਚ 50 ਤੋਂ 75 ਥਾਵਾਂ' ਤੇ ਰਹਿੰਦੇ ਹਨ। ਇਹ ਵੀ ਹੁੰਦਾ ਹੈ ਕਿ ਇੱਕ ਦਿਨ ਉਹ ਵਰਧਾ ਦੇ ਇੱਕ ਪਿੰਡ ਵਿੱਚ ਰਹਿੰਦੇ ਹਨ ਅਤੇ ਅਗਲੇ ਦਿਨ ਉਹ ਯਵਤਮਾਲ ਜ਼ਿਲ੍ਹੇ ਦੇ ਵਾਨੀ ਪਿੰਡ ਦੇ ਨੇੜੇ ਜਾਂਦੇ ਹਨ। ਉਹ ਕਿਸ ਥਾਂਵੇਂ ਕਿੰਨੇ ਦਿਨ ਰਹਿਣਗੇ, ਇਹ ਵੀ ਪਹਿਲਾਂ ਤੋਂ ਤੈਅ ਨਹੀਂ ਹੁੰਦਾ। ਉਹ ਆਮ ਤੌਰ 'ਤੇ ਦੋ ਦਿਨਾਂ ਤੋਂ ਪੰਦਰਵਾੜੇ ਤੱਕ ਕਿਤੇ ਵੀ ਰਹਿ ਸਕਦੇ ਹਨ। ਇਹ ਸਭ ਮੌਸਮ ਅਤੇ ਸਥਾਨਕ ਕਿਸਾਨਾਂ ਨਾਲ਼ ਉਨ੍ਹਾਂ ਦੇ ਸੰਬੰਧਾਂ 'ਤੇ ਨਿਰਭਰ ਕਰਦਾ ਹੈ।

PHOTO • Jaideep Hardikar
PHOTO • Jaideep Hardikar

ਮਸ਼ਰੂ ਮਾਮਾ ਬੱਕਰੀਆਂ, ਭੇਡਾਂ ਅਤੇ ਊਠਾਂ ਦਾ ਇੱਕ ਵੱਡਾ ਝੁੰਡ ਪਾਲ਼ਦੇ ਹਨ। ਰਮਾ (ਖੱਬੇ) ਜਾਨਵਰਾਂ 'ਤੇ ਨਜ਼ਰ ਰੱਖਦੇ ਹਨ ਅਤੇ ਉਹਨਾਂ ਦੀ ਦੇਖਭਾਲ ਕਰਨ ਦੇ ਨਾਲ਼-ਨਾਲ਼ ਉਹਨਾਂ ਨੂੰ ਅਗਲੀ ਠ੍ਹਾਰ (ਸਟਾਪ) 'ਤੇ ਸੁਰੱਖਿਅਤ ਤਰੀਕੇ ਨਾਲ਼ ਪਹੁੰਚਾਉਣ ਵਿੱਚ ਮਦਦ ਕਰਦੇ ਹਨ

ਕਿਸਾਨਾਂ ਅਤੇ ਰਬਾੜੀਆਂ ਦਾ ਰਿਸ਼ਤਾ ਸਹਿਜ-ਪ੍ਰੇਮ ਦਾ ਹੁੰਦਾ ਹੈ। ਕਿਸਾਨ ਪਸ਼ੂਆਂ ਨੂੰ ਖੇਤਾਂ ਵਿੱਚ ਸੁਤੰਤਰ ਰੂਪ ਵਿੱਚ ਚਰਾਉਣ ਦੀ ਆਗਿਆ ਦਿੰਦੇ ਹਨ ਕਿਉਂਕਿ ਇਹ ਉਹਨਾਂ ਦੇ ਖੇਤਾਂ ਦੇ ਨਦੀਨਾਂ ਅਤੇ ਫ਼ਾਲਤੂ ਦੀ ਜੜ੍ਹੀ-ਬੂਟੀ (ਬਨਸਪਤੀ) ਨੂੰ ਸਾਫ਼ ਕਰਦੇ ਹਨ। ਬਦਲੇ ਵਿੱਚ, ਛੋਟੇ ਪਸ਼ੂਆਂ ਦੇ ਮਲ਼-ਮੂਤਰ ਨਾਲ਼ ਖੇਤ ਦੇ ਉਪਜਾਊਪੁਣੇ ਵਿੱਚ ਮਦਦ ਮਿਲ਼ਦੀ ਹੈ।

ਕਈ ਵਾਰ ਤਾਂ ਕਿਸਾਨ ਆਪਣੇ ਖੇਤਾਂ ਵਿੱਚ ਭੇਡਾਂ ਅਤੇ ਬੱਕਰੀਆਂ ਦੇ ਝੁੰਡਾਂ ਨੂੰ ਚਰਾਉਣ ਦੇ ਬਦਲੇ ਅਪਰੈਲ ਤੋਂ ਜੁਲਾਈ ਦੇ ਵਿਚਕਾਰ ਚੰਗੀ-ਭਲ਼ੀ ਰਕਮ ਵੀ ਅਦਾ ਕਰਦੇ ਹਨ। ਇਸ ਲੈਣ-ਦੇਣ ਦੀ ਕੀਮਤ ਕਿੰਨੀ ਹੋਵੇਗੀ, ਇਹ ਚਰਨ ਵਾਲ਼ੇ ਪਸ਼ੂਆਂ ਦੀ ਗਿਣਤੀ 'ਤੇ ਨਿਰਭਰ ਕਰਦਾ ਹੈ। ਪਰ ਇੱਕ ਅੰਦਾਜ਼ੇ ਮੁਤਾਬਕ ਇਹ ਰਕਮ ਹਰ ਸਾਲ 2-3 ਲੱਖ ਰੁਪਏ ਤੱਕ ਹੋ ਸਕਦੀ ਹੈ। ਜਿਵੇਂ ਕਿ ਨਾਗਪੁਰ ਸਥਿਤ ਸੈਂਟਰ ਫਾਰ ਪੀਪਲਜ਼ ਕਲੈਕਟਿਵ ਦੁਆਰਾ ਕੀਤੇ ਗਏ ਅਧਿਐਨ ਵਿੱਚ ਅਜੇ ਤੱਕ ਪ੍ਰਕਾਸ਼ਿਤ ਹੋਣ ਵਾਲੇ ਅੰਕੜੇ ਦੱਸਦੇ ਹਨ। ਪਰ, ਇਸ ਅਧਿਐਨ ਦੇ ਨਤੀਜਿਆਂ ਨੂੰ ਅਜੇ ਅਧਿਕਾਰਿਤ ਤੌਰ 'ਤੇ ਪ੍ਰਕਾਸ਼ਿਤ ਕੀਤਾ ਜਾਣਾ ਬਾਕੀ ਹੈ। ਚਰਾਉਣ ਤੋਂ ਬਾਅਦ ਖੇਤੀਬਾੜੀ ਉਤਪਾਦਕਤਾ ਵਿੱਚ ਮਹੱਤਵਪੂਰਨ ਵਾਧਾ ਹੁੰਦਾ ਹੈ।

ਮਾਮਾ ਕੋਲ਼ ਇੱਕ ਹਜ਼ਾਰ ਤੋਂ ਵੱਧ ਪਸ਼ੂ ਹਨ ਅਤੇ ਪਸ਼ੂਆਂ ਦੀ ਇਹੀ ਗਿਣਤੀ ਹੀ ਉਨ੍ਹਾਂ ਲਈ ਤੁਰੂਪ ਦਾ ਪੱਤਾ ਹੈ।

ਉਨ੍ਹਾਂ ਦੇ ਤਿੰਨ ਊਠ ਹੁਣੇ ਹੀ ਨੇੜਲੇ ਝਾੜੀਨੁਮਾ ਜੰਗਲ ਵਿੱਚੋਂ ਚਰ ਕੇ ਵਾਪਸ ਆਏ ਹਨ। ਕੱਛੀ ਪ੍ਰਜਾਤੀ ਦੇ ਇਹ ਊਠ ਤੈਰਨ ਵਾਲ਼ੇ ਖਰਾਈ ਊਠਾਂ ਤੋਂ ਵੱਖਰੀ ਨਸਲ ਦੇ ਹਨ। ਉਹ ਮਾਮਾ ਦੇ ਇੱਕ ਭਰੋਸੇਮੰਦ ਸਹਾਇਕ ਦੀ ਨਿਗਰਾਨੀ ਹੇਠ ਚਰਨ ਗਏ ਸਨ। ਉਸ ਦਾ ਨਾਂ ਰਾਮਾ ਹੈ। ਪਸ਼ੂਆਂ 'ਤੇ ਨਜ਼ਰ ਰੱਖਣ ਤੋਂ ਇਲਾਵਾ, ਰਾਮਾ ਉਨ੍ਹਾਂ ਨੂੰ ਅਗਲੇ ਸਟਾਪ' ਤੇ ਸੁਰੱਖਿਅਤ ਲਿਜਾਣ ਵਿੱਚ ਵੀ ਮਦਦ ਕਰਦਾ ਹੈ। ਅਸੀਂ ਜਿਸ ਥਾਵੇਂ ਬੈਠੇ ਗੱਪਾਂ ਮਾਰ ਰਹੇ ਹਾਂ, ਉੱਥੋਂ ਊਠਾਂ ਨੂੰ ਦੇਖਿਆ ਨਹੀਂ ਜਾ ਸਕਦਾ, ਹਾਂ ਪਰ ਅਸੀਂ ਨੇੜੇ ਦੇ ਦਰੱਖਤ ਤੋਂ ਉਨ੍ਹਾਂ ਦੀਆਂ ਅਵਾਜ਼ਾਂ ਸੁਣ ਸਕਦੇ ਹਾਂ। ਤਿਰਕਾਲਾਂ ਦੀ ਢਲ਼ਦੀ ਰੌਸ਼ਨੀ ਵਿੱਚ ਉਨ੍ਹਾਂ ਦੇ ਪਰਛਾਵੇਂ ਜ਼ਮੀਨ ‘ਤੇ ਪੈ ਰਹੇ ਹਨ।

ਡੇਰੇ ਦੇ ਸਾਹਮਣੇ ਨਰਮੇ ਦੇ ਖੇਤ ਵਿੱਚ ਤੰਬੂ ਤੋਂ ਕੁਝ ਮੀਟਰ ਦੀ ਦੂਰੀ 'ਤੇ, ਉਨ੍ਹਾਂ ਦੀਆਂ ਬੱਕਰੀਆਂ ਅਤੇ ਭੇਡਾਂ ਤਾਜ਼ਾ ਹਰਾ ਘਾਹ ਖਾ ਰਹੀਆਂ ਹਨ। ਤੁਹਾਨੂੰ ਹਰ ਤੰਬੂ ਵਿੱਚ ਹਮੇਸ਼ਾਂ ਇੱਕ ਕੁੱਤਾ ਮਿਲ਼ੇਗਾ ਹੀ ਅਤੇ ਇੱਥੇ ਮਾਮਾ ਦਾ ਕੁੱਤਾ, ਮੋਤੀ ਸਾਡੇ ਮੰਜੇ ਦੇ ਨੇੜੇ ਕਰਕੇ ਪਏ ਨਰਮ ਜੋਹੋੜ (ਕੰਬਲ) ਨਾਲ਼ ਮਸਤੀ ਕਰ ਰਿਹਾ ਹੈ। ਇਹ ਕੰਬਲ ਰਬਾੜੀ ਔਰਤਾਂ ਨੇ ਬਣਾਇਆ ਹੈ।

PHOTO • Jaideep Hardikar

ਮਸ਼ਰੂ ਮਾਮਾ ਇੱਕ ਹਜ਼ਾਰ ਤੋਂ ਵੱਧ ਪਸ਼ੂਆਂ ਦੇ ਮਾਲਕ ਹਨ ਅਤੇ ਉਨ੍ਹਾਂ ਦੇ ਨਾਲ਼ ਹੀ ਯਾਤਰਾ ਕਰਦੇ ਹਨ। 'ਇਹ ਸਰਦੀਆਂ ਅਤੇ ਬਾਰਸ਼ਾਂ ਵਿੱਚ ਨਰਮ ਹੋ ਜਾਂਦੇ ਹਨ ਅਤੇ ਗਰਮੀਆਂ ਆਉਂਦਿਆਂ ਹੀ ਲੂ ਕਾਰਨ ਸਖ਼ਤ'

*****

ਮਾਨਸੂਨ 'ਤੇ ਨਿਰਭਰ ਰਹਿਣ ਵਾਲ਼ੇ ਅਤੇ ਇੱਕ-ਫ਼ਸਲ ਉਪਜਾਉਣ ਵਾਲ਼ੇ ਮਹਾਰਾਸ਼ਟਰ ਦੇ ਪੂਰਬੀ ਹਿੱਸਿਆਂ ਦੇ ਛੋਟੇ ਕਿਸਾਨਾਂ ਦੇ ਜ਼ਿਆਦਾਤਰ ਖੇਤ ਇਸ ਸਮੇਂ ਖਾਲੀ ਪਏ ਹਨ। ਕਪਾਹ ਦੀ ਕਟਾਈ ਪੂਰੀ ਹੋ ਚੁੱਕੀ ਹੈ। ਸਰਦੀਆਂ ਦੀਆਂ ਫ਼ਸਲਾਂ ਜਿਵੇਂ ਕਿ ਛੋਲੀਆ, ਕਣਕ ਅਤੇ ਜਵਾਰ ਦੀਆਂ ਫ਼ਸਲਾਂ ਕਟਾਈ ਲਈ ਲਗਭਗ ਤਿਆਰ ਖੜ੍ਹੀਆਂ ਹਨ। ਅਗਲੇ ਪੰਦਰਵਾੜੇ ਤੱਕ ਇਹ ਫ਼ਸਲਾਂ ਪੂਰੀ ਤਰ੍ਹਾਂ ਪੱਕ ਜਾਣਗੀਆਂ। ਮਸ਼ਰੂ ਮਾਮਾ ਅਗਲੇ ਦੋ ਦਿਨਾਂ ਵਿੱਚ ਨਵੇਂ ਖੇਤਾਂ ਦਾ ਰਾਹ ਫੜ੍ਹ ਲੈਣਗੇ। ਉਨ੍ਹਾਂ ਦੀਆਂ ਭੇਡਾਂ ਅਤੇ ਬੱਕਰੀਆਂ ਤਾਜ਼ੇ ਘਾਹ ਦੀ ਅਖ਼ੀਰਲੀ ਤਿੜ ਤੱਕ ਨੂੰ ਡਕਾਰ ਚੁੱਕੀਆਂ ਹਨ।

ਜਦੋਂ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਡੇਰੇ ਦੇ ਮਰਦ ਅਤੇ ਔਰਤਾਂ - ਜਿਨ੍ਹਾਂ ਦੀ ਗਿਣਤੀ 15 ਤੋਂ 20 ਤੱਕ ਹੁੰਦੀ ਹੈ, ਜੋ ਆਪਸ ਵਿੱਚ ਰਿਸ਼ਤੇਦਾਰ ਵੀ ਹੁੰਦੇ ਹਨ - ਤਰਪਾਲਾਂ ਨਾਲ਼ ਢੱਕੇ ਮੰਜਿਆਂ ਹੇਠਾਂ ਪਨਾਹ ਲੈਂਦੇ ਹਨ। ਉਨ੍ਹਾਂ ਦੇ ਊਠ, ਭੇਡਾਂ ਅਤੇ ਬੱਕਰੀਆਂ ਮੀਂਹ ਵਿੱਚ ਨਹਾਉਂਦੀਆਂ ਰਹਿੰਦੀਆਂ ਹਨ। ਉਹ ਕਹਿੰਦੇ ਹਨ,"ਇਹ ਸਰਦੀਆਂ ਅਤੇ ਵਰਖਾ ਵਿੱਚ ਨਰਮ ਹੋ ਜਾਂਦੇ ਹਨ ਅਤੇ ਗਰਮੀਆਂ ਆਉਂਦਿਆਂ ਹੀ ਲੂ ਕਾਰਨ ਸਖ਼ਤ। ਰਬਾੜੀ ਲੋਕ ਸੱਚਮੁੱਚ ਮੌਸਮ ਦੇ ਪਹਿਰੇਦਾਰ ਮੰਨੇ ਜਾਂਦੇ ਹਨ।"

ਉਹ ਹੱਸਦੇ ਹੋਏ ਕਹਿੰਦੇ ਹਨ, "ਸਾਡੀ ਜੀਵਨ 'ਚ ਬੇਯਕੀਨੀ ਤੋਂ ਇਲਾਵਾ ਕੁਝ ਵੀ ਟਿਕਾਊ ਨਹੀਂ ਹੁੰਦਾ। ਉਨ੍ਹਾਂ ਦਾ ਡੇਰਾ ਨਾਗਪੁਰ, ਵਾਰਧਾ, ਚੰਦਰਪੁਰ ਅਤੇ ਯਵਤਮਾਲ ਜ਼ਿਲ੍ਹਿਆਂ ਅਤੇ ਨਾਲ਼ ਲੱਗਦੇ ਇਲਾਕਿਆਂ ਵਿੱਚ ਘੁੰਮਦਾ ਰਹਿੰਦਾ ਹੈ। "ਮਾਨਸੂਨ ਬਦਲ ਰਿਹਾ ਹੈ। ਜੰਗਲ ਹੁਣ ਖ਼ਤਮ ਹੋ ਚੁੱਕੇ ਹਨ। ਖੇਤਾਂ ਵਿੱਚ ਲਾਏ ਗਏ ਦਰੱਖਤ ਵੀ ਹੁਣ ਸੁੱਕ ਗਏ ਹਨ। ਮਸ਼ਰੂ ਮਾਮਾ ਨੇ ਖੇਤੀ ਨਾਲ਼ ਜੁੜੀਆਂ ਸਮੱਸਿਆਵਾਂ ਅਤੇ ਕਿਸਾਨਾਂ ਦੇ ਜੀਵਨ ਦੀ ਬਦਕਿਸਮਤੀ ਨੂੰ ਨੇੜਿਓਂ ਦੇਖਿਆ ਹੈ। ਅਜਿਹੇ ਸਮੇਂ ਵਿੱਚ ਜਦੋਂ ਅਰਥਚਾਰਾ ਬਹੁਤ ਤੇਜ਼ੀ ਨਾਲ਼ ਬਦਲ ਰਿਹਾ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਵਾਤਾਵਰਣ ਦੀਆਂ ਜਟਿਲਤਾਵਾਂ ਅਤੇ ਜਲਵਾਯੂ ਨਾਲ਼ ਜੁੜੇ ਕਾਰਨਾਂ ਦੀ ਵੀ ਵੱਡੀ ਭੂਮਿਕਾ ਹੈ।

ਜਲਵਾਯੂ ਤਬਦੀਲੀ ਇੱਕ ਮਾੜੀ ਸ਼ੁਰੂਆਤ ਹੈ। ਮਸ਼ਰੂ ਮਾਮਾ ਅਨੁਸਾਰ ਇਹ ਖੇਤੀ, ਪਾਣੀ, ਜੰਗਲਾਂ ਅਤੇ ਜਾਨਵਰਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਉਨ੍ਹਾਂ ਦੀਆਂ ਪੁਰਾਣੀਆਂ ਥਾਵਾਂ ਅਤੇ ਸਥਾਨ ਹੁਣ ਸੰਕਟ ਵਿੱਚ ਹਨ। ਮਸ਼ਰੂ ਮਾਮਾ ਦਾ ਕਹਿਣਾ ਹੈ ਕਿ ਹੁਣ ਚਰਾਂਦਾਂ, ਜ਼ਮੀਨ ਅਤੇ ਖੇਤਾਂ ਵਿੱਚ ਓਨੀ ਹਰਿਆਲੀ ਨਜ਼ਰ ਨਹੀਂ ਆਉਂਦੀ ਜਿੰਨੀ 30 ਸਾਲ ਪਹਿਲਾਂ ਹੁੰਦੀ ਸੀ। ਇਸ ਕਾਰਨ ਉਨ੍ਹਾਂ ਦੇ ਪਸ਼ੂ ਪ੍ਰੇਸ਼ਾਨ ਹਨ। ਇਸ ਤਜ਼ਰਬੇਕਾਰ ਖ਼ਾਨਾਬਦੋਸ਼ ਆਜੜੀ ਦਾ ਕਹਿਣਾ ਹੈ, " ਦੇਖੀਏ ਪ੍ਰਾਕਿਰਤੀ ਮੇਂ ਪ੍ਰਾਬਲਮ ਹੂਆ , ਤੋ ਆਦਮੀ ਕੋ ਪਤਾ ਭੀ ਨਹੀਂ ਚਲੇਗਾ ਕਿ ਅਬ ਕਯਾ ਕਰਨਾ ਹੈ। ''

PHOTO • Jaideep Hardikar
PHOTO • Jaideep Hardikar

ਸ਼ਾਮ ਢਲ਼ਦਿਆਂ ਹੀ ਮਸ਼ਰੂ ਮਾਮਾ ਦੇ ਊਠ ਨੇੜਲੇ ਝਾੜੀਨੁਮਾ ਜੰਗਲ ਵਿੱਚੋਂ ਚਰ ਕੇ ਡੇਰੇ ਨੂੰ ਪਰਤ ਆਉਂਦੇ ਹਨ। 'ਊਠ ਸਿਰਫ਼ ਸਾਡੇ ਜਹਾਜ਼ ਹੀ ਨਹੀਂ ਹਨ, ਸਗੋਂ ਸਾਡੇ ਦੇਵਤੇ ਵੀ ਹਨ'

ਹਾਲੀਆ ਸਮੇਂ ਹੈਦਰਾਬਾਦ ਦੇ ਇੱਕ ਕਸਾਈਖਾਨੇ ਵਿੱਚ ਊਠਾਂ ਦੀ ਤਸਕਰੀ ਦੇ ਇੱਕ ਗਲਤ ਦੋਸ਼ ਵਿੱਚ ਫਸੇ ਕੁਝ ਰਬਾੜੀ ਆਜੜੀਆਂ ਦੀ ਦੁਖਦ ਘਟਨਾ ਨੂੰ ਉਦਾਸੀ ਨਾਲ਼ ਯਾਦ ਕਰਦੇ ਹੋਏ ਉਹ ਕਹਿੰਦੇ ਹਨ, "ਜਿਹੜੇ ਲੋਕ ਸਾਨੂੰ ਸਹੀ ਤਰ੍ਹਾਂ ਨਹੀਂ ਜਾਣਦੇ, ਉਹ ਸਾਡੇ ਊਠਾਂ ਨਾਲ਼ ਸਾਡੇ ਰਿਸ਼ਤੇ ਨੂੰ ਨਹੀਂ ਜਾਣਦੇ। (ਪੜ੍ਹੋ: ਪੁਲਿਸ ਹਿਰਾਸਤ ਵਿੱਚ ਕੈਦ...ਮਾਰੂਥਲ ਦੇ 58 ਜਹਾਜ਼ )।

ਉਹ ਕਹਿੰਦੇ ਹਨ,"ਊਠ ਸਾਡੇ ਜਹਾਜ਼ ਵੀ ਹਨ, ਸਾਡੇ ਦੇਵਤੇ ਵੀ। ਹਰ ਇੱਕ ਡੇਰੇ ਦੇ ਕੋਲ਼ ਇੱਕ ਥਾਂ ਤੋਂ ਦੂਜੀ ਥਾਵੇਂ ਜਾਣ ਵੇਲ਼ੇ ਘੱਟੋ-ਘੱਟ ਤਿੰਨ ਜਾਂ ਚਾਰ ਊਠ ਹੋਣੇ ਚਾਹੀਦੇ ਹਨ ਜਿਨ੍ਹਾਂ 'ਤੇ ਡੇਰੇ ਦਾ ਸਮਾਨ ਅਤੇ ਬੱਚਿਆਂ ਨੂੰ ਢੋਇਆ ਜਾ ਸਕੇ।''

ਮੱਧ ਭਾਰਤ ਦੇ ਰਬਾੜੀਆਂ 'ਤੇ ਸਭ ਤੋਂ ਘੱਟ ਖ਼ੋਜ ਕੀਤੀ ਗਈ ਜਾਪਦੀ ਹੈ। ਇੱਥੋਂ ਤੱਕ ਕਿ ਸਰਕਾਰ ਦੇ ਜ਼ੋਨਲ ਦਫਤਰ ਵੀ ਅਧਿਕਾਰਤ ਤੌਰ 'ਤੇ ਇਹ ਜ਼ਿਕਰ ਨਹੀਂ ਕਰਦੇ ਕਿ ਉਹ ਉਨ੍ਹਾਂ ਦੇ ਭੂਗੋਲਿਕ ਅਧਿਕਾਰ ਖੇਤਰ ਵਿੱਚ ਰਹਿੰਦੇ ਹਨ। ਮਸ਼ਰੂ ਮਾਮਾ ਦਾ ਜਨਮ ਵਰਧਾ ਜ਼ਿਲ੍ਹੇ ਦੇ ਇੱਕ ਖੇਤ ਵਿੱਚ ਹੋਇਆ ਸੀ। ਉਨ੍ਹਾਂ ਦਾ ਵਿਆਹ ਵੀ ਖੇਤ ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਪਰਿਵਾਰ ਵੀ ਵਿਦਰਭ ਦੇ ਖੇਤਾਂ ਵਿੱਚ ਜੰਮਿਆ-ਪਲ਼ਿਆ। ਇਸ ਦੇ ਬਾਵਜੂਦ ਉੱਥੋਂ ਦੇ ਸਥਾਨਕ ਲੋਕ ਆਪਣੇ ਦਰਮਿਆਨ ਉਨ੍ਹਾਂ ਦੀ ਮੌਜੂਦਗੀ ਨੂੰ ਪ੍ਰਵਾਨ ਨਹੀਂ ਕਰਦੇ।

ਉਹ ਵਿਦਰਭ ਦੇ ਪੱਛਮੀ ਹਿੱਸਿਆਂ ਵਿਖੇ ਰਹਿੰਦੇ ਮਰਾਠਿਆਂ ਦੁਆਰਾ ਬੋਲੀ ਜਾਣ ਵਾਲ਼ੀ ਸਥਾਨਕ ਭਾਸ਼ਾ ਵਰਹਾੜੀ ਵਿੱਚ ਸੰਚਾਰ ਕਰਨ ਵਿੱਚ ਓਨੇ ਹੀ ਸਹਿਜ ਹਨ, ਜਿੰਨੀ ਸਹਿਜਤਾ ਨਾਲ਼ ਉਹ ਗੁਜਰਾਤੀ ਵਿੱਚ ਗੱਲਬਾਤ ਕਰ ਸਕਦੇ ਹਨ। ਮਸ਼ਰੂ ਮਾਮਾ ਕਹਿੰਦੇ ਹਨ, "ਇੱਕ ਤਰ੍ਹਾਂ ਨਾਲ਼, ਮੈਂ ਇੱਕ ਵਰਹਾੜੀ ਹਾਂ।'' ਉਨ੍ਹਾਂ ਦੇ ਖ਼ਾਸ ਰਬਾੜੀ ਪਹਿਰਾਵੇ ਭਾਵ ਪੂਰੇ ਚਿੱਟੇ ਕੱਪੜਿਆਂ ਨੂੰ ਦੇਖ ਕੇ ਲੋਕਾਂ ਨੂੰ ਲੱਗਦਾ ਜਿਵੇਂ ਉਹ ਕੋਈ ਬਾਹਰੀ ਵਿਅਕਤੀ ਹਨ। ਉਹ ਇੱਕ ਚੁੰਨੀਦਾਰ ਕੁੜਤਾ, ਧੋਤੀ ਅਤੇ ਚਿੱਟੀ ਪੱਗ ਬੰਨ੍ਹਦੇ ਹਨ। ਪਰ ਪਰੰਪਰਾ ਦੇ ਦ੍ਰਿਸ਼ਟੀ ਤੋਂ ਦੇਖੀਏ ਤਾਂ ਉਹ ਪੂਰੀ ਤਰ੍ਹਾਂ ਸਥਾਨਕ ਹਨ ਅਤੇ ਸਥਾਨਕ ਰੀਤੀ ਰਿਵਾਜਾਂ ਅਤੇ ਪਰੰਪਰਾਵਾਂ ਨੂੰ ਚੰਗੀ ਤਰ੍ਹਾਂ ਜਾਣਦੇ-ਸਮਝਦੇ ਹੈ। ਲੋੜ ਪੈਣ 'ਤੇ ਉਹ ਸਥਾਨਕ ਭਾਸ਼ਾ ਵਿੱਚ ਗਾਲ਼੍ਹਾਂ ਕੱਢਣ ਵਿੱਚ ਵੀ ਮਾਹਰ ਹਨ।

ਹਾਲਾਂਕਿ ਰਬਾੜੀ ਕੱਛ ਦੀਆਂ ਆਪਣੀਆਂ ਜੜ੍ਹਾਂ ਤੋਂ ਬਹੁਤ ਦੂਰ ਰਹਿੰਦੇ ਹਨ, ਪਰ ਇਸ ਕਬੀਲੇ ਨੇ ਅੱਜ ਵੀ ਆਪਣੀਆਂ ਪਰੰਪਰਾਵਾਂ ਅਤੇ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਹੈ। ਉਹ ਆਪਣੇ ਜੱਦੀ ਘਰ, ਦੂਰ-ਦੁਰਾਡੇ ਕੱਛ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ਼ ਸੰਪਰਕ ਬਣਾਈ ਰੱਖਦੇ ਹਨ। ਮਸ਼ਰੂ ਮਾਮਾ ਦੀ ਪਤਨੀ ਇਸ ਸਮੇਂ ਕੱਛ ਜ਼ਿਲ੍ਹੇ ਦੀ ਅੰਜਾਰ ਤਹਿਸੀਲ ਦੇ ਭਦਰੋਈ ਪਿੰਡ ਵਿੱਚ ਹੀ ਹਨ। ਉਸ ਦੀਆਂ ਦੋ ਵੱਡੀਆਂ ਧੀਆਂ ਦਾ ਵਿਆਹ ਉੱਥੋਂ ਦੇ ਸਥਾਨਕ ਵਸਨੀਕਾਂ ਨਾਲ਼ ਹੀ ਹੋਇਆ ਹੈ।

PHOTO • Jaideep Hardikar
PHOTO • Jaideep Hardikar

ਸਾਰਾ ਸਾਲ ਮਸ਼ਰੂ ਮਾਮਾ ਦਾ ਘਰ ਅਸਮਾਨ ਹੇਠਾਂ ਖੁੱਲ੍ਹੇ ਮੈਦਾਨ ਵਿੱਚ ਹੀ ਰਹਿੰਦਾ ਹੈ। ਜਦੋਂ ਕੋਈ ਮਹਿਮਾਨ ਆਉਂਦਾ ਹੈ, ਤਾਂ ਡੇਰੇ ਦੀਆਂ ਔਰਤਾਂ ਉਸ ਲਈ ਅਤੇ ਆਪਣੇ ਪਰਿਵਾਰਾਂ ਲਈ ਵਧੀਆ ਭੋਜਨ ਬਣਾਉਂਦੀਆਂ ਹਨ, ਅਤੇ ਸਾਰੇ ਲੋਕੀਂ ਇਕੱਠਿਆਂ ਹੋ ਖਾਣਾ ਖਾਂਦੇ ਹਨ

ਉਹ ਕਹਿੰਦੇ ਹਨ, "ਨਵੀਂ ਪੀੜ੍ਹੀ ਇੱਥੇ ਨਹੀਂ ਰਹਿਣਾ ਚਾਹੁੰਦੀ।" ਛੋਟੇ ਬੱਚਿਆਂ ਨੂੰ ਬਾਕੀ ਪਰਿਵਾਰ ਨਾਲ਼ ਰਹਿਣ ਲਈ ਡੇਰੇ ਤੋਂ ਦੂਰ ਭੇਜਿਆ ਜਾਂਦਾ ਹੈ, ਤਾਂ ਜੋ ਉਹ ਸਕੂਲਾਂ ਵਿੱਚ ਦਾਖਲਾ ਲੈ ਸਕਣ ਅਤੇ ਪੜ੍ਹਾਈ ਕਰ ਸਕਣ ਅਤੇ ਆਪਣੇ ਲਈ ਨੌਕਰੀਆਂ ਪ੍ਰਾਪਤ ਕਰ ਸਕਣ। ਮਸ਼ਰੂ ਮਾਮਾ ਕਹਿੰਦੇ ਹਨ, "ਲੋਕ ਸਖ਼ਤ ਮਿਹਨਤ ਵੀ ਨਹੀਂ ਕਰ ਰਹੇ; ਉਨ੍ਹਾਂ ਦਾ ਆਪਣਾ ਪੁੱਤਰ ਭਰਤ ਨੌਕਰੀ ਦੀ ਭਾਲ਼ ਵਿੱਚ ਦੂਰ ਮੁੰਬਈ ਵਿੱਚ ਰਹਿੰਦਾ ਹੈ। ਉਸ ਨੇ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ ਹੋਇਆ ਹੈ।

ਉਨ੍ਹਾਂ ਦੀ ਸਭ ਤੋਂ ਛੋਟੀ ਧੀ ਉਨ੍ਹਾਂ ਦੇ ਨਾਲ਼ ਹੀ ਰਹਿੰਦੀ ਹੈ। ਉਹ ਡੇਰੇ ਦੀਆਂ ਹੋਰ ਪੰਜ ਔਰਤਾਂ ਨਾਲ਼ ਰਾਤ ਦੇ ਖਾਣੇ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਦੀ ਆਪਸੀ ਘੁਸਰ-ਮੁਸਰ ਜਾਨਵਰਾਂ ਅਤੇ ਪੰਛੀਆਂ ਦੀਆਂ ਆਵਾਜ਼ਾਂ ਨਾਲ਼ ਰਲ਼ਗਡ ਹੋਈ ਪਈ ਹੈ। ਚੁੱਲ੍ਹਾ ਮਘਾਇਆ ਜਾ ਚੁੱਕਿਆ ਹੈ ਅਤੇ ਉੱਠਣ ਵਾਲ਼ੀ ਅੱਗ ਦੀਆਂ ਲਪਟਾਂ ਕਰਕੇ ਨੇੜੇ ਬੈਠੀਆਂ ਔਰਤਾਂ ਦੇ ਚਿਹਰਿਆਂ 'ਤੇ ਸੁਨਹਿਰੀ ਰਿਸ਼ਮਾਂ ਪੈ ਰਹੀਆਂ ਹਨ। ਸਾਰੀਆਂ ਔਰਤਾਂ ਨੇ ਕਾਲ਼ੇ ਰੰਗ ਦੇ ਕੱਪੜੇ ਪਾਏ ਹੋਏ ਹਨ।

ਸਾਰੀਆਂ ਔਰਤਾਂ ਨੇ ਕਾਲ਼ੇ ਅਤੇ ਮਰਦਾਂ ਨੇ ਚਿੱਟੇ ਕੱਪੜੇ ਕਿਉਂ ਪਾਏ ਹੋਏ ਹਨ?

ਇਸ ਦਾ ਜਵਾਬ ਦੇਣ ਲਈ, ਮਸ਼ਰੂ ਮਾਮਾ ਮਾਂ ਸਤੀ ਦੀ ਇੱਕ ਕਹਾਣੀ ਸੁਣਾਉਂਦੇ ਹਨ। ਸਤੀ ਮਾਤਾ ਉਨ੍ਹਾਂ ਦੇ ਭਾਈਚਾਰੇ ਦੀ ਕੁਲ ਦੇਵੀ ਹੈ ਅਤੇ ਕਲਪ ਯੁੱਗ ਵਿੱਚ ਉਨ੍ਹਾਂ ਦੇ ਅਤੇ ਇੱਕ ਗੁਸੈਲ ਰਾਜੇ ਵਿਚਾਲੇ ਇੱਕ ਸੁੰਦਰੀ ਰਬਾੜੀ ਰਾਜਕੁਮਾਰੀ ਨੂੰ ਲੈ ਕੇ ਜੰਗ ਛਿੜ ਗਈ। ਰਾਜਾ ਉਸ 'ਤੇ ਲੱਟੂ ਸੀ ਤੇ ਉਸ ਨਾਲ਼ ਵਿਆਹ ਕਰਨਾ ਚਾਹੁੰਦਾ ਸੀ। ਪਰ ਰਬਾੜੀਆਂ ਨੂੰ ਇਹ ਗੱਲ ਸਵੀਕਾਰ ਨਹੀਂ ਸੀ। ਆਖ਼ਰਕਾਰ ਜੈਸਲਮੇਰ ਵਿਖੇ ਦੋਵਾਂ ਵਿਚਾਲ਼ੇ ਲੜਾਈ ਹੋ ਗਈ। ਜੰਗ ਵਿੱਚ ਬਹੁਤ ਹਿੰਸਾ ਹੋਈ ਅਤੇ ਜੰਗ ਉਦੋਂ ਤੱਕ ਖ਼ਤਮ ਨਾ ਹੋਈ ਜਦੋਂ ਤੱਕ ਰਾਜਕੁਮਾਰੀ ਨੇ ਆਪਣੇ ਆਪ ਨੂੰ ਜ਼ਮੀਨ ਵਿੱਚ ਦਫ਼ਨਾ ਨਹੀਂ ਲਿਆ। ਇਸ ਪਿੱਛੇ ਮਕਸਦ ਇਹੀ ਸੀ ਕਿ ਧਰਤੀ 'ਤੇ ਸੁੱਖ-ਚੈਨ ਵਾਪਸ ਆ ਸਕੇ। ਉਹ ਕਹਿੰਦੇ ਹਨ, "ਅੱਜ ਵੀ ਅਸੀਂ ਉਨ੍ਹਾਂ ਦੀ ਮੌਤ ਦਾ ਸੋਗ ਮਨਾਉਂਦੇ ਹਾਂ।''

ਰਾਤ ਹਨ੍ਹੇਰੀ ਹੋ ਚੁੱਕੀ ਹੈ। ਖਾਣਾ ਵੀ ਤਿਆਰ ਹੈ। ਆਮ ਤੌਰ 'ਤੇ, ਡੇਰੇ ਦੇ ਪੰਜ ਤੋਂ ਛੇ ਪਰਿਵਾਰ ਵੱਖ-ਵੱਖ ਭੋਜਨ ਪਕਾਉਂਦੇ ਹਨ। ਪਰ ਜਦ ਮਹਿਮਾਨ ਆਉਂਦੇ ਹਨ – ਜਿਵੇਂ ਕਿ ਅੱਜ ਰਾਤ ਅਸੀਂ ਆਏ ਹਾਂ – ਤਾਂ ਉਹ ਸਾਰੇ ਇੱਕ ਜਸ਼ਨ ਵਾਂਗ ਇਕੱਠਿਆਂ ਖਾਣਾ ਪਕਾਉਂਦੇ ਅਤੇ ਖਾਂਦੇ ਹਨ। ਅੱਜ ਦੇ ਖਾਣੇ ਵਿੱਚ ਖ਼ਾਸ ਕਰਕੇ ਚੌਲ਼ਾਂ, ਗੁੜ, ਘਿਓ ਅਤੇ ਭੇਡ ਦੇ ਦੁੱਧ ਦੀ ਖੀਰ ਪਕਾਈ ਗਈ ਹੈ। ਨਾਲ਼ ਰੋਟੀਆਂ, ਭੇਡ ਦੇ ਦੁੱਧ ਦੀ ਲੱਸੀ, ਦਾਲ ਅਤੇ ਚੌਲ਼ ਰਿੰਨ੍ਹੇ ਗਏ ਹਨ।

ਅਸੀਂ ਸਾਰੇ ਮੋਬਾਇਲ ਫ਼ੋਨ ਦੀ ਟਾਰਚ ਦੀ ਰੌਸ਼ਨੀ ਵਿੱਚ ਰਾਤ ਦਾ ਖਾਣਾ ਖਾਣ ਲਈ ਬੈਠ ਜਾਂਦੇ ਹਾਂ।

ਤਰਜਮਾ: ਕਮਲਜੀਤ ਕੌਰ

Jaideep Hardikar

Jaideep Hardikar is a Nagpur-based journalist and writer, and a PARI core team member.

Other stories by Jaideep Hardikar
Editor : Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Other stories by Pratishtha Pandya
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur