ਜਲ੍ਹਿਆਂਵਾਲ਼ੇ ਬਾਗ਼ ਦੀ ਘਟਨਾ ਰਾਸ਼ਟਰੀ ਚੇਤਨਾ ਦੀ ਫੁਟਦੀ ਕਰੂੰਬਰ ਲਈ ਮੀਲ਼ ਪੱਥਰ ਸਾਬਤ ਹੋਈ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਹ ਸੁਣਦਿਆਂ ਵੱਡੇ ਹੋਏ ਹਨ ਕਿ ਭਗਤ ਸਿੰਘ ਦੀ ਕਹਾਣੀ ਉੱਥੋਂ ਸ਼ੁਰੂ ਹੋਈ ਸੀ-ਜਦੋਂ 10 ਸਾਲ ਦੀ ਉਮਰੇ, ਉਨ੍ਹਾਂ ਨੇ ਉਸ ਥਾਂ ਦਾ ਦੌਰਾ ਕੀਤਾ ਤੇ ਖੂਨ ਨਾਲ਼ ਲਥਪਥ ਮਿੱਟੀ ਇੱਕ ਛੋਟੀ ਜਿਹੀ ਸ਼ੀਸ਼ੀ ਵਿੱਚ ਭਰ ਕੇ ਆਪਣੇ ਪਿੰਡ ਲੈ ਆਏ ਸਨ। ਉੱਥੇ, ਉਨ੍ਹਾਂ ਨੇ ਆਪਣੀ ਭੈਣ ਨਾਲ਼ ਰਲ਼ ਕੇ ਉਸ ਮਿੱਟੀ ਨੂੰ ਦਾਦਾ ਦੇ ਘਰ ਬਣੇ ਬਗੀਚੇ ਵਿੱਚ ਇੱਕ ਖਾਸ ਥਾਂ 'ਤੇ ਖਲਾਰ ਦਿੱਤਾ। ਫਿਰ, ਉਸ ਥਾਵੇਂ ਉਨ੍ਹਾਂ ਨੇ ਹਰ ਸਾਲ ਫੁੱਲ ਬੀਜੇ।

ਇੰਝ ਜਾਪਦਾ ਹੈ ਕਿ 13 ਅਪ੍ਰੈਲ, 1919 ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਹਜ਼ਾਰ ਨਿਹੱਥੇ ਨਾਗਰਿਕਾਂ (ਅੰਗਰੇਜ਼ਾਂ ਮੁਤਾਬਕ ਸਿਰਫ਼ 379) ਦਾ ਕਤਲੋਗਾਰਤ, ਅਪਰਾਧੀਆਂ ਜਾਂ ਉਨ੍ਹਾਂ ਦੀਆਂ ਆਉਣ ਵਾਲ਼ੀਆਂ ਸਰਕਾਰਾਂ ਦੇ ਈਮਾਨ ਨੂੰ ਹਾਲੇ ਤੀਕਰ ਹਲੂਣ ਨਹੀਂ ਸਕਿਆ। ਬ੍ਰਿਟਿਸ਼ ਪ੍ਰਧਾਨਮੰਤਰੀ ਟੇਰੇਸਾ ਮੇ ਨੇ ਇਸ ਹਫ਼ਤੇ ਆਪਣੀ ਸੰਸਦ ਵਿੱਚ ਇਸ ਮਾਮਲੇ 'ਤੇ ਖੇਦ ਪ੍ਰਗਟ ਕੀਤਾ- ਪਰ ਇਸ ਭਿਆਨਕ ਤਸ਼ੱਦਦ ਬਦਲੇ ਕੋਈ ਮੁਆਫੀ ਨਹੀਂ ਮੰਗੀ।

Jallianwala Bagh
PHOTO • The Tribune, Amritsar
Jallianwala Bagh
PHOTO • Vishal Kumar, The Tribune, Amritsar

ਜਦੋਂ ਵੀ ਤੁਸੀਂ ਜਲ੍ਹਿਆਂਵਾਲ਼ੇ ਬਾਗ਼ ਦਾ ਦੌਰਾ ਕਰੋ ਤਾਂ ਤੁਹਾਨੂੰ ਮੁਰਦਾ ਸ਼ਾਂਤੀ ਨਾਲ਼ ਭਰੇ ਰਹਿਣਾ ਪਵੇਗਾ। ਇੱਕ ਪੂਰੀ ਸਦੀ ਬੀਤ ਗਈ ਪਰ ਉਸ ਬਗੀਚੇ ਅੰਦਰ ਅੱਜ ਵੀ ਚੀਕਾਂ ਸੁਣੀਦੀਂਆਂ ਹਨ। ਲਗਭਗ 35 ਸਾਲ ਪਹਿਲਾਂ ਜਦੋਂ ਮੈਂ ਉੱਥੇ ਗਿਆ ਸਾਂ ਤਾਂ ਨੇੜਲੀ ਕੰਧ 'ਤੇ ਇਹ ਸਤਰਾਂ ਝਰੀਟੇ ਬਿਨਾਂ ਨਾ ਰਹਿ ਸਕਿਆ:

ਸਾਡੇ ਨਿਹੱਥਿਆਂ ' ਤੇ ਵਾਰ ਕੀਤੇ

ਭੀੜ ਕੁਰਲਾ ਉੱਠੀ

ਉਨ੍ਹਾਂ ਡਾਂਗਾ-ਸੋਟੀਆਂ ਅਜ਼ਮਾਈਆਂ

ਸਾਡੀਆਂ ਹੱਡੀਆਂ ਤਿੜਕ ਗਈਆਂ

ਉਨ੍ਹਾਂ ਗੋਲ਼ੀ ਚਲਾਈ

ਹਰ ਸਾਹ ਰੁੱਕ ਗਿਆ

ਪਰ ਸਾਡੀ ਹਿੰਮਤ ਨਹੀਂ ਟੁੱਟੀ

ਉਨ੍ਹਾਂ ਦਾ ਸਾਮਰਾਜ ਟੁੱਟ ਗਿਆ।

ਤਰਜਮਾ: ਕਮਲਜੀਤ ਕੌਰ

ਪੀ ਸਾਈਨਾਥ People’s Archive of Rural India ਦੇ ਮੋਢੀ-ਸੰਪਾਦਕ ਹਨ। ਉਹ ਕਈ ਦਹਾਕਿਆਂ ਤੋਂ ਦਿਹਾਤੀ ਭਾਰਤ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾ ਰਹੇ ਹਨ। Everybody Loves a Good Drought ਉਨ੍ਹਾਂ ਦੀ ਪ੍ਰਸਿੱਧ ਕਿਤਾਬ ਹੈ। ਅਮਰਤਿਆ ਸੇਨ ਨੇ ਉਨ੍ਹਾਂ ਨੂੰ ਕਾਲ (famine) ਅਤੇ ਭੁੱਖਮਰੀ (hunger) ਬਾਰੇ ਸੰਸਾਰ ਦੇ ਮਹਾਂ ਮਾਹਿਰਾਂ ਵਿਚ ਸ਼ੁਮਾਰ ਕੀਤਾ ਹੈ।

Other stories by P. Sainath
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur