ਮਈ ਦੇ ਸ਼ੁਰੂਆਤ ਵਿੱਚ ਅਜੇ ਕੁਮਾਰ ਸਾ ਨੇ ਧਿਆਨ ਦਿੱਤਾ ਕਿ ਉਨ੍ਹਾਂ ਦਾ ਬੁਖਾਰ ਨਹੀਂ ਲੱਥ ਰਿਹਾ। ਇਸਲਈ ਉਹ ਝਾਰਖੰਡ ਦੇ ਚਤਰਾ ਜਿਲ੍ਹੇ ਦੇ ਆਪਣੇ ਪਿੰਡ ਅਸਾਰ੍ਹਿਆ ਤੋਂ ਕਰੀਬ ਅੱਠ ਕਿਲੋਮੀਟਰ ਦੂਰ ਇਟਖੋਰੀ ਸ਼ਹਿਰ ਦੇ ਇੱਕ ਨਿੱਜੀ ਕਲੀਨਿਕ ਵਿੱਚ ਇੱਕ ਡਾਕਟਰ ਨੂੰ ਮਿਲ਼ਣ ਗਏ।

ਡਾਕਟਰ ਨੇ ਕੋਵਿਡ ਜਾਂਚ ਕਰਨ ਦੀ ਬਜਾਇ, 25 ਸਾਲਾ ਕੱਪੜਾ ਵਿਕਰੇਤਾ ਅਜੈ (ਕਵਰ ਫੋਟੋ ਵਿੱਚ ਆਪਣੇ ਬੇਟੇ ਦੇ ਨਾਲ਼) ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਟਾਇਫਾਇਡ ਅਤੇ ਮਲੇਰੀਆ ਹੈ। ਵੈਸੇ ਉਨ੍ਹਾਂ ਨੇ ਅਜੈ ਦੇ ਲਹੂ ਵਿੱਚ ਆਕਸੀਜਨ ਪੱਧਰ ਦੀ ਜਾਂਚ ਕੀਤੀ- ਜੋ ਕਿ 75 ਤੋਂ 80 ਪ੍ਰਤੀਸ਼ਤ ਸੀ। (ਆਮ ਤੌਰ 'ਤੇ ਆਕਸੀਜਨ ਪੱਧਰ 95-100 ਦੇ ਵਿਚਕਾਰ ਹੋਣਾ ਚਾਹੀਦਾ ਹੈ)। ਇਸ ਤੋਂ ਬਾਅਦ ਅਜੈ ਨੂੰ ਘਰ ਭੇਜ ਦਿੱਤਾ ਗਿਆ।

2-3 ਘੰਟਿਆਂ ਬਾਅਦ ਉਨ੍ਹਾਂ ਨੂੰ ਸਾਹ ਲੈਣ ਵਿੱਚ ਕਠਿਆਈ ਹੋਣੀ ਸ਼ੁਰੂ ਹੋਈ ਅਤੇ ਉਹ ਚਿੰਤਤ ਹੋ ਉੱਠੇ। ਉਹ ਉਸੇ ਦਿਨ ਕਿਸੇ ਹੋਰ ਡਾਕਟਰ ਕੋਲ਼ ਗਏ, ਇਸ ਵਾਰ ਇਹ ਨਿੱਜੀ ਕਲੀਨਿਕ ਹਜ਼ੀਰਾਬਾਗ (ਅਸਾਰ੍ਹਿਆ ਤੋਂ ਮੋਟਾ-ਮੋਟੀ 45 ਕਿਲੋਮੀਟਰ ਦੂਰ) ਵਿੱਚ ਸੀ। ਇੱਥੇ ਵੀ ਉਨ੍ਹਾਂ ਦੀ ਟਾਈਫਾਇਡ ਅਤੇ ਮਲੇਰੀਆ ਦੀ ਹੀ ਜਾਂਚ ਹੋਈ, ਕੋਵਿਡ-19 ਦੀ ਨਹੀਂ।

ਹਾਲਾਂਕਿ, ਅਜੈ ਉਸੇ ਪਿੰਡ ਵਿੱਚ ਰਹਿਣ ਵਾਲ਼ੇ ਵੀਡਿਓ ਐਡੀਟਰ ਹਯੁੱਲ ਰਹਿਮਾਨ ਅੰਸਾਰੀ ਨੂੰ ਕਹਿੰਦੇ ਹਨ ਕਿ ਹਾਲਾਂਕਿ ਉਹਦੀ ਕੋਵਿਡ ਜਾਂਚ ਨਹੀਂ ਕਰਵਾਈ ਗਈ ''ਡਾਕਟਰ ਨੇ ਮੈਨੂੰ ਦੇਖਿਆ ਅਤੇ ਕਿਹਾ ਕਿ ਮੈਨੂੰ ਕਰੋਨਾ ਹੈ। ਉਨ੍ਹਾਂ ਨੇ ਮੈਨੂੰ ਸਦਰ ਹਸਪਤਾਲ (ਹਜ਼ਾਰੀਬਾਗ ਦਾ ਸਰਕਾਰੀ ਹਸਪਤਾਲ) ਜਾਣ ਲਈ ਕਿਹਾ ਕਿਉਂਕਿ ਜੇਕਰ ਉਨ੍ਹਾਂ ਨੇ ਮੇਰਾ ਇਲਾਜ ਕੀਤਾ ਤਾਂ ਕਾਫੀ ਪੈਸਾ ਖਰਚ ਹੋਵੇਗਾ। ਡਰ ਦੇ ਮਾਰੇ ਅਸੀਂ ਕਿਹਾ ਕਿ ਜੋ ਵੀ ਖਰਚ ਆਵੇਗਾ ਅਸੀਂ ਅਦਾ ਕਰਾਂਗੇ। ਸਾਨੂੰ ਸਰਕਾਰੀ ਹਸਪਤਾਲ 'ਤੇ ਭਰੋਸਾ ਹੀ ਨਹੀਂ ਹੈ। ਉੱਥੇ ਇਲਾਜ (ਕੋਵਿਡ) ਕਰਾਉਣ ਜਾਣ ਵਾਲਾ ਬੱਚਦਾ ਹੀ ਨਹੀਂ।''

ਮਹਾਂਮਾਰੀ ਤੋਂ ਪਹਿਲਾਂ, ਅਜੈ ਆਪਣੀ ਮਾਰੂਤੀ ਵੈਨ ਵਿੱਚ ਪਿੰਡੋ-ਪਿੰਡੀ ਜਾ ਕੇ ਕੱਪੜਾ ਵੇਚਿਆ ਕਰਦੇ ਸਨ ਅਤੇ ਮਹੀਨੇ ਦਾ 5,000-6,000 ਰੁਪਏ ਕਮਾਉਂਦੇ ਸਨ

ਵੀਡਿਓ ਦੇਖੋ : ਅਸਾਰ੍ਹਿਆ ਵਿੱਚ : ਕੋਵਿਡ ਨਾਲ਼ ਮੁਕਾਬਲਾ ਕਰਦੇ ਕਰਦੇ, ਕਰਜ਼ੇ ਵੱਲੋਂ ਨਿਗਲਿਆ ਜਾਣਾ

ਕਹਾਣੀ ਦੇ ਸਹਿ-ਲੇਖਕ ਹਯੁੱਲ ਰਹਿਮਾਨ ਅੰਸਾਰੀ ਇੱਕ ਸਾਲ ਦੇ ਅੰਦਰ ਅੰਦਰ ਦੂਜੀ ਵਾਰੀ ਅਪ੍ਰੈਲ ਮਹੀਨੇ ਵਿੱਚ ਘਰ ਵਾਪਸ ਪਰਤੇ ਹਨ। ਉਹ ਉਸੇ ਮਹੀਨੇ ਮੁੰਬਈ ਵਿੱਚ ਇੱਕ ਨਵੀਂ ਨੌਕਰੀ ਸ਼ੁਰੂ ਕਰਨ ਵਾਲੇ ਸਨ, ਜਦੋਂ ਮਹਾਰਾਸ਼ਟਰ ਵਿੱਚ 2021 ਤਾਲਾਬੰਦੀ ਦਾ ਐਲਾਨ ਕੀਤਾ ਗਿਆ। ਕੋਵਿਡ-19 ਦੇ ਕਾਰਨ ਦੇਸ਼-ਵਿਆਪੀ ਤਾਲਾਬੰਦੀ ਦੇ ਦੌਰਾਨ ਉਹ ਪਹਿਲੀ ਵਾਰੀ 5 ਮਈ ਨੂੰ ਘਰ ਗਏ ਸਨ (ਉਨ੍ਹਾਂ ਨੂੰ ਲੈ ਕੇ ਪਾਰੀ (PARI) ਦੀ ਸਟੋਰੀ ਇੱਥੇ ਦੇਖੋ )। ਉਹ ਅਤੇ ਉਨ੍ਹਾਂ ਦਾ ਪਰਿਵਾਰ ਆਪਣੇ 10 ਏਕੜ ਦੇ ਖੇਤ ਵਿੱਚ ਝੋਨੇ ਦੀ ਕਾਸ਼ਤ ਕਰਦੇ ਹਨ, ਉਹਦੇ ਵਿੱਚੋਂ ਕੁਝ ਫ਼ਸਲ ਆਪਣੀ ਵਰਤੋਂ ਲਈ ਰੱਖਦੇ ਹੋਏ ਬਾਕੀ ਮੰਡੀ ਵਿੱਚ ਵੇਚ ਦਿੰਦੇ ਹਨ।

ਆਸਰ੍ਹਿਆ ਵਿੱਚ 33 ਸਾਲਾ ਰਹਿਮਾਨ ਨੂੰ ਨੌਕਰੀ ਨਹੀਂ ਮਿਲੀ। ਪਿੰਡ ਵਿੱਚ, ਉਨ੍ਹਾਂ ਦੇ ਵੀਡਿਓ ਐਡੀਟਿੰਗ ਸਬੰਧੀ ਹੁਨਰ ਬੇਕਾਰ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੇ 10 ਏਕੜ ਖੇਤ ਵਿੱਚ ਜੂਨ ਦੇ ਅੱਧ ਵਿੱਚ ਚੌਲ਼ ਅਤੇ ਮੱਕੀ ਦੀ ਖੇਤੀ ਸ਼ੁਰੂ ਹੋਈ। ਉਦੋਂ ਤੱਕ ਉਨ੍ਹਾਂ ਕੋਲ਼ ਕਰਨ ਲਈ ਕੁਝ ਵੀ ਨਹੀਂ ਸੀ। ਉਨ੍ਹਾਂ ਕੋਲ਼ ਮਾਸ ਕਮਿਊਨਿਕੇਸ਼ਨ ਵਿੱਚ ਬੀ.ਏ. ਦੀ ਡਿਗਰੀ ਹੈ ਅਤੇ 10 ਸਾਲਾਂ ਤੋਂ ਮੁੰਬਈ ਵਿੱਚ ਬਤੌਰ ਵੀਡਿਓ ਐਡੀਟਰ ਕੰਮ ਕਰਦੇ ਰਹੇ ਹਨ। ਇਸਲਈ, ਉਨ੍ਹਾਂ ਦੀ ਮੀਡੀਆ ਪਿੱਠਭੂਮੀ ਨੂੰ ਦੇਖਦੇ ਹੋਏ, ਅਸਾਂ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਹ ਮਹਾਂਮਾਰੀ ਤੋਂ ਪ੍ਰਭਾਵਤ ਆਸਰ੍ਹਿਆ ਦੇ ਲੋਕਾਂ 'ਤੇ ਰਿਪੋਰਟ ਕਰਨਾ ਚਾਹੁੰਣਗੇ। ਇਸ ਵਿਚਾਰ ਨਾਲ਼ ਉਹ ਬੜੇ ਖੁਸ਼ ਹੋਏ।

ਇਸ ਵੀਡਿਓ ਵਿੱਚ, ਰਹਿਮਾਨ ਸਾਨੂੰ ਅਜੈ ਕੁਮਾਰ ਸਾ ਅਤੇ ਉਨ੍ਹਾਂ ਦੇ ਵੱਧਦੇ ਕਰਜ਼ੇ ਨਾਲ਼ ਦੋ ਹੱਥ ਹੋਣ ਬਾਰੇ ਦੱਸਦੇ ਹਨ। ਸਰਕਾਰੀ ਹਸਪਤਾਲਾਂ ਤੋਂ ਸਹਿਮੇ ਅਜੈ ਅਤੇ ਉਨ੍ਹਾਂ ਦੇ ਪਰਿਵਾਰ ਨੇ ਹਜ਼ਾਰੀਬਾਗ ਦੇ ਇੱਕ ਨਿੱਜੀ ਕਲੀਨਿਕ/ਨਰਸਿੰਗ ਹੋਮ ਵਿੱਚ ਇਲਾਜ ਕਰਾਉਣ ਦਾ ਫੈਸਲਾ ਕੀਤਾ, ਜਿੱਥੇ ਉਨ੍ਹਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਅਤੇ ਕੋਵਿਡ ਦੀ ਦਵਾਈ ਦਿੱਤੀ। ਉਨ੍ਹਾਂ ਨੇ ਕਲੀਨਿਕ ਵਿੱਚ 13 ਮਈ ਤੋਂ ਲੈ ਕੇ ਸੱਤ ਦਿਨ ਬਿਤਾਏ ਸਨ। ਉਨ੍ਹਾਂ ਨੇ ਸੋਚਿਆ ਤੱਕ ਨਹੀਂ ਸੀ ਕਿ ਇੰਨੇ ਸਮੇਂ ਵਿੱਚ 1.5 ਲੱਖ ਦਾ ਖ਼ਰਚਾ ਆਵੇਗਾ। ਅਜੈ ਦੇ ਪਰਿਵਾਰ ਲਈ ਇਸ ਖਰਚੇ ਨੂੰ ਝੱਲਣ ਦਾ ਇੱਕੋ-ਇੱਕ ਤਰੀਕਾ ਵੱਖੋ-ਵੱਖ ਸ੍ਰੋਤਾਂ ਪਾਸੋਂ ਉਧਾਰ ਲੈਣਾ ਸੀ-ਜਿਵੇਂ ਕਿ ਸ਼ਾਹੂਕਾਰ ਕੋਲੋਂ, ਔਰਤਾਂ ਦੇ ਉਸ ਸਮੂਹ ਕੋਲ਼ੋਂ ਵੀ ਜਿੱਥੇ ਉਨ੍ਹਾਂ ਦੀ ਮਾਂ ਮੈਂਬਰ ਹਨ ਅਤੇ ਆਪਣੇ ਦਾਦਕੇ ਪਰਿਵਾਰ ਪਾਸੋਂ ਵੀ।

ਮਹਾਂਮਾਰੀ ਤੋਂ ਪਹਿਲਾਂ ਅਜੈ ਆਪਣੀ ਮਰੂਤੀ ਵੈਨ ਵਿੱਚ ਸਵਾਰ ਹੋ ਕੇ ਪਿੰਡੋ-ਪਿੰਡੀ ਕੱਪੜਾ ਵੇਚ ਕੇ ਮਹੀਨੇ ਦਾ 3000-5000 ਰੁਪਏ ਕਮਾਉਂਦੇ ਸਨ। ਉਨ੍ਹਾਂ ਨੂੰ ਪਿਛਲੇ ਸਾਲ ਦੀ ਤਾਲਾਬੰਦੀ ਅਤੇ ਫਿਰ ਇਸ ਸਾਲ ਦੇ ਬੰਦ ਦੌਰਾਨ ਕਾਰੋਬਾਰ ਬੰਦ ਕਰਨਾ ਪਿਆ। ਦਸੰਬਰ 2018 ਵਿੱਚ, ਉਨ੍ਹਾਂ ਨੇ 3 ਲੱਖ ਰੁਪਏ ਦਾ ਕਰਜ਼ਾ ਲੈ ਕੇ ਕਾਰ ਖਰੀਦੀ ਸੀ ਜਿਹਦੀਆਂ ਕਿਸ਼ਤਾਂ ਅਜੇ ਵੀ ਬਾਕੀ ਹਨ। ਬੀਤੇ ਸਾਲ ਉਨ੍ਹਾਂ ਦਾ ਪਰਿਵਾਰ ਆਪਣੇ ਇੱਕ ਏਕੜ ਦੇ ਖੇਤ ਵਿੱਚ ਝੋਨਾ ਉਗਾ ਕੇ ਅਤੇ ਕੁਝ ਹੋਰ ਕਰਜ਼ਾ ਲੈ ਕੇ ਬਚ ਗਿਆ। ਉਹ ਰਹਿਮਾਨ ਨੂੰ ਕਹਿੰਦੇ ਹਨ,''ਜਿਵੇਂ ਹੀ ਅਸੀਂ ਕਮਾਉਣਾ ਸ਼ੁਰੂ ਕੀਤਾ ਅਸੀਂ ਹੌਲੀ-ਹੌਲੀ ਕਰਜ਼ਾ ਲਾਹ ਲਵਾਂਗੇ।''

ਤਰਜਮਾ: ਕਮਲਜੀਤ ਕੌਰ

Subuhi Jiwani

ਸੁਬੁਹੀ ਜੀਵਾਨੀ ਇੱਕ ਲੇਖਿਕਾ ਅਤੇ ਮੁੰਬਈ ਅਧਾਰਤ ਵੀਡਿਓ-ਮੇਕਰ ਹਨ। ਉਹ 2017 ਤੋਂ 2019 ਤੱਕ ਪਾਰੀ (PARI) ਵਿਖੇ ਸੀਨੀਅਰ ਐਡੀਟਰ ਰਹੀ ਸਨ।

Other stories by Subuhi Jiwani
Haiyul Rahman Ansari

Haiyul Rahman Ansari, originally from Asarhia village in Jharkhand’s Chatra district, has worked as a video editor in Mumbai for a decade.

Other stories by Haiyul Rahman Ansari
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur