ਤਾਲਬ ਹੁਸੈਨ ਨਾਂ ਦਾ ਇੱਕ ਨੌਜਵਾਨ ਸਾਬਣ ਰਲ਼ੇ ਗਰਮ ਪਾਣੀ ਵਿੱਚ ਡੁਬੋਏ ਕੰਬਲ ਨੂੰ ਪੈਰਾਂ ਘਚੱਲ ਰਿਹਾ ਹੈ। ਦੂਰੋਂ ਦੇਖਿਆ ਇਓਂ ਜਾਪਦਾ ਜਿਓਂ ਉਹ ਨੱਚ ਰਿਹਾ ਹੋਵੇ। ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ ਸੀ। ਉਹ ਕਹਿੰਦੇ ਹਨ, "ਸੰਤੁਲਨ ਬਣਾਈ ਰੱਖਦਿਆਂ ਤੁਹਾਨੂੰ ਭਿੱਜੇ ਹੋਏ ਕੰਬਲ 'ਤੇ ਖੜ੍ਹੇ ਹੋਣਾ ਪੈਂਦਾ ਹੈ।'' ਜਦੋਂ ਇੱਕ ਦੂਜਾ ਆਦਮੀ ਇਸ ਵੱਡੇ ਸਾਰੇ ਘਾਮੇਲਾ (ਤਸਲੇ) ਵਿੱਚ ਸਾਬਣ ਵਾਲ਼ਾ ਹੋਰ ਪਾਣੀ ਉਲਟਾਉਣ ਲੱਗਦਾ ਹੈ, ਤਾਂ ਤਾਲਬ ਸੰਤੁਲਨ ਬਣਾਉਣ ਵਾਸਤੇ ਆਪਣੇ ਸਾਹਮਣੇ ਲੱਗੇ ਰੁੱਖ ਨੂੰ ਫੜ ਲੈਂਦੇ ਹਨ।
ਜੰਮੂ ਦੇ ਸਾਂਬਾ ਜ਼ਿਲ੍ਹੇ ਵਿੱਚ ਪੈਂਦੀ ਇੱਕ ਛੋਟੀ ਜਿਹੀ ਬਕਰਵਾਲ ਬਸਤੀ ਵਿੱਚ ਇਹ ਸਰਦ ਕਾਲ਼ੀ ਰਾਤ ਹੈ। ਉੱਥੇ, ਸਰਦੀਆਂ ਦੀ ਰਾਤ ਨੂੰ, ਨਵੇਂ ਬਣੇ ਉੱਨ ਦੇ ਕੰਬਲਾਂ ਨੂੰ ਧੋਣ ਲਈ ਚੁੱਲ੍ਹੇ 'ਤੇ ਹੀ ਪਾਣੀ ਗਰਮ ਕੀਤਾ ਜਾਂਦਾ ਸੀ। ਇੰਝ ਕਰਨ ਨਾਲ਼ ਕੰਬਲ ਵਿਚਲੀ ਧੂੜ, ਕੱਚੇ ਰੰਗਾਂ ਤੇ ਫਾਲਤੂ ਧਾਗਿਆਂ ਨੂੰ ਛੁਡਾਇਆ ਜਾਂਦਾ ਹੈ। ਉੱਥੇ ਬੱਸ ਚੁੱਲ੍ਹੇ ਦੀ ਰੌਸ਼ਨੀ ਹੀ ਇੱਕੋ-ਇੱਕ ਲੋਅ ਹੁੰਦੀ ਹੈ।
ਉੱਨੀ ਕੰਬਲ ਅਨੁਸੂਚਿਤ ਕਬੀਲੇ ਦੇ ਭਾਈਚਾਰਿਆਂ ਦੇ ਮੈਂਬਰਾਂ ਦੁਆਰਾ ਬਣਾਏ ਜਾਂਦੇ ਹਨ - ਮੇਘ ਅਤੇ ਮੀਂਗ ਭਾਈਚਾਰੇ ਉੱਨ ਦੇ ਆਪਣੇ ਸ਼ਿਲਪ ਲਈ ਜਾਣੇ ਜਾਂਦੇ ਹਨ। ਕੰਬਲ ਬਣਾਉਣ ਤੋਂ ਬਾਅਦ, ਉਨ੍ਹਾਂ ਨੂੰ ਬਕਰਵਾਲ ਦੇ ਆਦਮੀਆਂ ਦੁਆਰਾ ਧੋਇਆ ਅਤੇ ਸੁਕਾਇਆ ਜਾਂਦਾ ਹੈ। ਕੰਬਲਾਂ ਲਈ ਵਰਤੀਂਦਾ ਸੂਤ ਜਾਂ ਧਾਗਾ ਆਮ ਤੌਰ 'ਤੇ ਬਕਰਵਾਲ ਔਰਤਾਂ ਦੁਆਰਾ ਬਣਾਇਆ ਜਾਂਦਾ ਹੈ ਅਤੇ ਬਕਰਵਾਲ ਪਰਿਵਾਰਾਂ ਦੁਆਰਾ ਹੀ ਧਾਗਾ ਰੰਗਿਆ (ਘਰੇ) ਜਾਂਦਾ ਹੈ।












