चाण्डालश्च वराहश्च कुक्कुटः श्वा तथैव च ।
रजस्वला च षण्ढश्च नैक्षेरन्नश्नतो द्विजान् ॥

ਇੱਕ ਚੰਡਾਲ, ਸੂਰ, ਕੁੱਕੜ, ਕੁੱਤੇ, ਮਾਹਵਾਰੀ ਨਾਲ਼ ਜੂਝਦੀ ਔਰਤ ਅਤੇ ਹਿਜੜਿਆਂ ਲਈ ਲਾਜ਼ਮੀ ਹੈ ਕਿ ਉਹ ਖਾਣਾ ਖਾਂਦੇ ਬ੍ਰਹਮਣਾਂ ਵੱਲ ਦੇਖਣ ਦੀ ਜ਼ੁਰੱਅਤ ਨਾ ਕਰਨ।

— ਮਨੂਸਮ੍ਰਿਤੀ 3.239

ਨੌਂ ਸਾਲਾ ਇੰਦਰ ਕੁਮਾਰ ਮੇਘਵਾਲ਼ ਦਾ ਜ਼ੁਰਮ ਸਿਰਫ਼ ਇੰਨਾ ਕੁ ਸੀ ਕਿ ਉਹਨੇ ਚੋਰੀ-ਚੋਰੀ ਅਧਿਆਪਕ ਦੇ ਰਾਖਵੇਂ ਘੜੇ ਵੱਲ ਦੇਖਿਆ। ਪਰ ਉਹਨੂੰ ਕੀ ਪਤਾ ਸੀ ਕਿ ਉਹਨੇ ਬਹੁਤ ਵੱਡਾ ਅਪਰਾਧ ਕਰ ਲਿਆ ਹੈ। ਤੀਜੀ ਜਮਾਤ ਦਾ ਇਹ ਮਾਸੂਮ ਪਿਆਸ ਬਰਦਾਸ਼ਤ ਨਾ ਕਰ ਸਕਿਆ। ਇਸ ਦਲਿਤ ਮੁੰਡੇ ਨੇ 'ਉੱਚੀ ਜਾਤ'  ਦੇ ਮਾਸਟਰਾਂ ਲਈ ਇੱਕ ਪਾਸੇ ਰੱਖੇ ਇਸ ਘੜੇ ਵਿੱਚੋਂ ਪਾਣੀ ਪੀ ਲਿਆ।

ਉਹਨੇ 'ਅਪਰਾਧ' ਕੀਤਾ ਸੀ ਸੋ ਸਜਾ ਤਾਂ ਮਿਲ਼ਣੀ ਹੀ ਸੀ। ਰਾਜਸਥਾਨ ਦੇ ਸੁਰਾਣਾ ਪਿੰਡ ਵਿਖੇ ਸਥਿਤ ਸਰਸਵਤੀ ਵਿਦਯਾ ਮੰਦਰ ਦੇ ਉਹਦੇ 40 ਸਾਲਾ ਅਧਿਆਪਕ ਛੈਲ ਸਿੰਘ ਨੇ ਉਸ ਮਾਸੂਮ ਨੂੰ ਜਾਨਵਰਾਂ ਵਾਂਗ ਕੁੱਟਿਆ-ਮਾਰਿਆ।

ਇਸ ਘਟਨਾ ਦੇ 25 ਦਿਨਾਂ ਬਾਅਦ ਅਤੇ ਇਲਾਜ ਲਈ 7 ਹਸਪਤਾਲਾਂ ਦੇ ਚੱਕਰ ਲਾਉਣ ਤੋਂ ਬਾਅਦ, ਭਾਰਤ ਦੇ ਅਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਨੂੰ, ਜਾਲੋਰ ਜ਼ਿਲ੍ਹੇ ਦੇ ਇਸ ਛੋਟੇ ਜਿਹੇ ਮਾਸੂਮ ਨੇ ਅਹਿਮਦਾਬਾਦ ਸ਼ਹਿਰ ਵਿਖੇ ਅਖ਼ੀਰਲਾ ਸਾਹ ਲਿਆ।

ਪ੍ਰਤਿਸ਼ਠਾ ਪਾਂਡਿਆ ਦੀ ਅਵਾਜ਼ ਵਿੱਚ ਕਵਿਤਾ ਪਾਠ ਸੁਣੋ

ਘੜੇ ਅੰਦਰ ਕੈਦ ਕੀੜੇ

ਇੱਕ ਵਾਰ ਦੀ ਗੱਲ ਹੈ ਕਿਸੇ ਸਕੂਲ ਵਿੱਚ
ਇੱਕ ਘੜਾ ਪਿਆ ਸੀ।
ਅਧਿਆਪਕ ਕੋਈ ਦੇਵਤਾ ਸੀ,
ਤਿੰਨ ਝੋਲ਼ੇ ਸਨ ਭਰੇ ਹੋਏ -
ਇੱਕ 'ਤੇ ਹੱਕ ਸੀ ਬ੍ਰਾਹਮਣ ਦਾ,
ਇੱਕ 'ਤੇ ਹੱਕ ਸੀ ਰਾਜੇ ਦਾ,
ਤੇ ਤੀਜੇ ਝੋਲ਼ੇ ਦੀ ਇੱਕ
ਪਾਈ ਆਈ ਸੀ ਦਲਿਤਾਂ ਦੇ ਲੇਖੇ।

ਇੱਕ ਵਾਰੀਂ ਇਸ ਆਦਰਸ਼ ਧਰਤ 'ਤੇ
ਘੜਾ ਆਪੇ ਹੀ ਬਣ ਗਿਆ ਕੋਤਵਾਲ
ਹੱਥ ਲਾਇਆ ਬੱਚੇ ਨੇ
ਤਾਂ ਦਿੱਤਾ ਸਬਕ ਸਿਖਾ -
''ਪਿਆਸ ਇੱਕ ਸਜ਼ਾ ਹੈ।
ਬ੍ਰਹਮਣ ਹੀ ਗੁਰੂ ਹੈ,
ਜ਼ਿੰਦਗੀ ਇੱਕ ਫਟ ਹੈ,
ਤੇ ਬੱਚੇ, ਤੂੰ ਮਟਕੇ ਅੰਦਰ ਕੈਦ ਇੱਕ
ਕੀੜਾ ਹੈਂ ਕੀੜਾ!''

ਘੜੇ ਦਾ ਨਾਮ ਕੁਝ ਅਲੋਕਾਰੀ ਸੀ: ਸਨਾਤਨੀ ਦੇਸ਼ ,
''ਤੇਰੀ ਚਮੜੀ ਹੀ ਦੋਸ਼ ਹੈ ਤੇਰਾ,
ਤੇ ਬੱਚੇ, ਤੇਰੀ ਜਾਤ ਹੀ ਹੈ ਸ਼ਰਾਪੀ।''
ਇੰਨਾ ਸਿਖਾਏ ਦੇ ਬਾਵਜੂਦ ਵੀ, ਬੱਚੇ ਨੇ
ਸੁੱਕ ਕੇ ਤਾਲ਼ੂ ਨਾਲ਼ ਲੱਗੀ ਜ਼ੁਬਾਨ ਨੂੰ ਨਰਮ ਕਰਨ
ਲਈ ਇੱਕ ਛੋਟੀ ਜਿਹੀ ਬੂੰਦ ਪੀ ਲਈ।

ਹਾਏ ਰੱਬਾ!
ਪਿਆਸ ਹੀ ਤਾਂ ਜ਼ਰੀ ਨਾ ਗਈ,
ਕੀ ਕਿਤਾਬਾਂ ਨਾ ਕਹਿੰਦੀਆਂ: ''ਵੰਡ ਕੇ ਛਕੋ''?
ਘੜੇ ਨੂੰ ਦੇਖ ਸੁੱਤੇ-ਸਿੱਧ ਹੀ
ਉਹਦੇ ਹੱਥ ਵੱਧ ਤੁਰੇ,
ਮਾਸਟਰ ਤਾਂ ਦੇਵਤਾ ਸੀ,
ਅਤੇ ਉਹ,
ਸਿਰਫ਼ ਨੌ ਸਾਲ ਦਾ ਬੱਚਾ।

ਓਹ ਪਿਆ ਇੱਕ ਮੁੱਕਾ, ਆਹ ਵੱਜਾ ਠੁੱਡਾ
ਸੋਟੀ ਨਾਲ਼ ਨੀਲੋ-ਨੀਲ ਕਰ ਦਿੱਤਾ ਬੱਚਾ
ਜਦ ਬੱਚਾ ਹੋ ਗਿਆ ਅਧਮਰਿਆ,
ਤਦ ਕਿਤੇ ਜਾ ਕੇ ਸ਼ਾਂਤ ਹੋਇਆ ਗੁੱਸਾ,
ਦੇਵਤਾ ਹੱਸਿਆ, ਜਿਓਂ ਖੜਮਸਤੀ ਚੜ੍ਹੀ ਕੋਈ।

ਖੱਬੀ ਅੱਖ ਛਾਲਿਆਂ ਮਾਰੀ,
ਸੱਜੀ 'ਤੇ ਪਏ ਨੀਲ,
ਕਾਲ਼ੇ ਪੈ ਗਏ ਬੁੱਲ੍ਹ ਮਾਸੂਮ ਦੇ
ਕਿਤੇ ਜਾ ਗੁਰੂ ਦੇ ਕਾਲਜੇ ਠੰਡ ਪਈ।
ਉਹਦੀ ਪਿਆਸ ਪਾਕ ਸੀ, ਪਵਿਤਰ ਸੀ ਉਹਦੀ ਜਾਤ ਵੀ,
ਉਹਦਾ ਦਿਲ ਸੀ ਖੂਹ ਦੇ ਵਾਂਗਰ ਡੂੰਘਾ
ਬੱਸ ਇੱਥੇ ਹੀ ਤਾਂ ਮੌਤ ਘਰ ਕਰਦੀ ਸੀ।

ਇੱਕ ਠੰਡੇ ਹਾਊਕੇ ਤੇ ਭਖਦੇ ਸਵਾਲ ਨੇ
ਨਫ਼ਰਤ ਦੀ ਵੱਧਦੀ ਫ਼ਸੀਲ ਨੇ,
ਪਿਆਸ ਨੂੰ ਬਣਾ ਬਹਾਨਾ,
ਸਨਕ ਨੇਪਰੇ ਚਾੜ੍ਹ ਦਿੱਤੀ,
ਬਲੈਕਬੋਰਡ ਇੰਝ ਵਿਲ਼ਕਿਆ ਜਿਓਂ ਕਬਰਿਸਤਾਨ 'ਚ
ਪੈਂਦੇ ਹੋਣ ਵੈਣ।

ਇੱਕ ਵਾਰ ਦੀ ਗੱਲ ਹੈ
ਕਿਸੇ ਸਕੂਲ ਅੰਦਰ ਇੱਕ ਲਾਸ਼ ਪਈ ਸੀ,
ਹਾਂ ਜਨਾਬ! ਹਾਂ ਜਨਾਬ! ਤਿੰਨ ਤੁਪਕਿਆਂ ਦਾ ਮਸਲਾ ਸੀ!
ਪਹਿਲਾ ਮੰਦਰ ਲਈ,
ਦੂਜਾ ਬਾਦਸ਼ਾਹ ਲਈ,
ਅਤੇ ਤੀਜਾ ਤੁਪਕਾ, ਉਸ ਘੜੇ 'ਚ ਪਿਆ ਸੀ
ਜਿਸ 'ਚ ਡੁਬੋ ਮਾਸੂਮ ਦਲਿਤ ਸੀ ਮਾਰਿਆ।

ਤਰਜਮਾ: ਕਮਲਜੀਤ ਕੌਰ

Joshua Bodhinetra

ਜੋਸ਼ੁਆ ਬੋਧੀਨੇਤਰਾ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ (ਪਾਰੀ) ਵਿੱਚ ਭਾਰਤੀ ਭਾਸ਼ਾਵਾਂ ਦੇ ਪ੍ਰੋਗਰਾਮ ਪਾਰੀਭਾਸ਼ਾ ਦੇ ਸਮੱਗਰੀ ਮੈਨੇਜਰ ਹਨ। ਉਨ੍ਹਾਂ ਨੇ ਜਾਦਵਪੁਰ ਯੂਨੀਵਰਸਿਟੀ, ਕੋਲਕਾਤਾ ਤੋਂ ਤੁਲਨਾਤਮਕ ਸਾਹਿਤ ਵਿੱਚ ਐੱਮਫਿਲ ਕੀਤੀ ਹੈ। ਉਹ ਬਹੁਭਾਸ਼ਾਈ ਕਵੀ, ਅਨੁਵਾਦਕ, ਕਲਾ ਆਲੋਚਕ ਹੋਣ ਦੇ ਨਾਲ਼-ਨਾਲ਼ ਸਮਾਜਿਕ ਕਾਰਕੁਨ ਵੀ ਹਨ।

Other stories by Joshua Bodhinetra
Illustration : Labani Jangi

ਲਾਬਨੀ ਜਾਂਗੀ 2020 ਤੋਂ ਪਾਰੀ ਦੀ ਫੈਲੋ ਹਨ, ਉਹ ਵੈਸਟ ਬੰਗਾਲ ਦੇ ਨਾਦਿਆ ਜਿਲ੍ਹਾ ਤੋਂ ਹਨ ਅਤੇ ਸਵੈ-ਸਿੱਖਿਅਤ ਪੇਂਟਰ ਵੀ ਹਨ। ਉਹ ਸੈਂਟਰ ਫਾਰ ਸਟੱਡੀਜ ਇਨ ਸੋਸ਼ਲ ਸਾਇੰਸ, ਕੋਲਕਾਤਾ ਵਿੱਚ ਮਜ਼ਦੂਰ ਪ੍ਰਵਾਸ 'ਤੇ ਪੀਐੱਚਡੀ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹਨ।

Other stories by Labani Jangi
Editor : Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Other stories by Pratishtha Pandya
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur