ਸ਼ਾਂਤੀਲਾਲ, ਸ਼ਾਂਤੂ, ਟੀਨਿਓ: ਇੱਕ ਸਖ਼ਸ਼ ਤਿੰਨ ਨਾਮ। ਪਰ ਹੋ ਸਕਦਾ ਸਾਨੂੰ ਉਹਦਾ ਚੌਥਾ ਨਾਮ ਹੀ ਪਸੰਦ ਆਵੇ। ਸਾਬਰਕਾਂਠਾ ਜ਼ਿਲ੍ਹੇ ਦੇ ਵਡਾਲੀ ਪਿੰਡ ਦੀ ਬੋਲੀ ਵਿੱਚ ਉਹਦਾ ਨਾਮ 'ਸ਼ੋਂਤੂ' ਹੋ ਜਾਵੇਗਾ। ਚਲੋ ਅਸੀਂ ਵੀ ਉਹਨੂੰ ਸ਼ੋਂਤੂ ਕਹਿੰਦੇ ਹਾਂ।
ਸ਼ੋਂਤੂ ਇੱਕ ਨਿਵੇਕਲਾ ਕਿਰਦਾਰ ਹੈ। ਇਸਲਈ ਨਹੀਂ ਕਿ ਉਹ ਆਪਣੇ ਅੰਦਰ ਅਸਧਾਰਣ, ਵਿਲੱਖਣ, ਪ੍ਰਸਿੱਧ ਹੋਣ ਜਿਹੇ ਵਿਸ਼ੇਸ਼ਣ ਸਮੋਈ ਬੈਠਾ ਹੈ। ਸਗੋਂ ਇਸਲਈ ਕਿ ਇੱਕ ਨੇਕ, ਗ਼ਰੀਬ, ਦੱਬਿਆ-ਕੁਚਲਿਆ ਤੇ ਦਲਿਤ ਹੋਣ ਦੇ ਨਾਲ਼-ਨਾਲ਼ ਉਹ ਇੱਕ ਅਜਿਹਾ ਕਿਰਦਾਰ ਹੈ ਜਿਹਨੇ ਸਬਰ ਦੇ ਘੁੱਟ ਭਰੇ ਤੇ ਆਪਣਾ ਡਾਵਾਂਡੋਲ ਜੀਵਣ ਜਿਊਣਾ ਜਾਰੀ ਰੱਖਿਆ। ਕਈ ਵਾਰੀਂ ਸ਼ੋਂਤੂ ਯਕਦਮ ਵਜੂਦ-ਹੀਣਾ ਜਾਪਦਾ ਹੈ ਤੇ ਕਈ ਵਾਰੀਂ ਉਹ ਆਮ ਇਨਸਾਨ ਨਾਲ਼ੋਂ ਵੀ ਆਮ ਮਲੂਮ ਹੁੰਦਾ ਹੈ।
ਪਰਿਵਾਰ ਵਿੱਚ ਉਹਦੇ ਮਾਪੇ, ਇੱਕ ਵੱਡਾ ਭਰਾ ਤੇ ਦੋ ਭੈਣਾਂ (ਇੱਕ ਉਸ ਨਾਲ਼ੋਂ ਛੋਟੀ) ਸਨ ਤੇ ਘਰ ਦੀ ਭਿਆਨਕ ਗ਼ਰੀਬੀ ਵਿੱਚ ਹੀ ਉਹਦਾ ਪਾਲਣ-ਪੋਸ਼ਣ ਹੋਇਆ। ਪਰਿਵਾਰ ਨੇ ਆਪਣੀਆਂ ਇੱਛਾਵਾਂ ਦੇ ਦਾਇਰੇ ਨੂੰ ਸਦਾ ਸੀਮਤ ਕਰੀ ਰੱਖਿਆ। ਮਾਪੇ ਤੇ ਵੱਡੇ ਭੈਣ-ਭਰਾ ਰਲ਼ ਕੇ ਜਿਵੇਂ-ਕਿਵੇਂ ਦੋ ਡੰਗ ਰੋਟੀ ਜੁਟਾ ਪਾਉਂਦੇ। ਪਿਤਾ ਮੈਟਾਡੋਰ ਚਲਾਉਂਦੇ ਤੇ ਸਮਾਨ ਢੋਂਹਦੇ। ਕਿਉਂਕਿ ਇਹ ਸਵਾਰੀ-ਵਾਹਨ ਨਹੀਂ ਸੀ ਇਸਲਈ ਕੋਈ ਵੱਖਰੀ ਆਮਦਨੀ ਨਾ ਹੋ ਪਾਉਂਦੀ। ਮਾਂ ਦਿਹਾੜੀ ਮਜ਼ਦੂਰ ਸੀ, ਜਿਹਦੀ ਕਦੇ ਦਿਹਾੜੀ ਲੱਗਦੀ ਤੇ ਕਦੇ ਨਾ। ਘਰ ਨੂੰ ਬੱਸ ਇੱਕੋ ਵਰਦਾਨ ਸੀ ਕਿ ਪਿਤਾ ਸ਼ਰਾਬ ਨਹੀਂ ਪੀਂਦੇ ਸਨ, ਜਿਸ ਕਾਰਨ ਘਰ ਅੰਦਰ ਕਲੇਸ਼ ਵੀ ਨਹੀਂ ਰਹਿੰਦਾ ਸੀ। ਪਰ ਸ਼ੋਂਤੂ ਨੂੰ ਇਸ ਗੱਲ ਦਾ ਅਹਿਸਾਸ ਬੜੀ ਬਾਅਦ ਵਿੱਚ ਹੋਇਆ।
ਜਦੋਂ ਸ਼ੋਂਤੂ ਵਡਾਲੀ ਦੇ ਸ਼ਾਰਧਾ ਹਾਈ ਸਕੂਲ ਵਿੱਚ 9ਵੀਂ ਜਮਾਤ ਦਾ ਵਿਦਿਆਰਥੀ ਸੀ ਤਾਂ ਉਨ੍ਹਾਂ ਦੇ ਪਿੰਡ ਸਰਕਸ ਲੱਗੀ। ਪਰ ਟਿਕਟਾਂ ਖ਼ਾਸੀਆਂ ਮਹਿੰਗੀਆਂ ਸਨ। ਹਾਲਾਂਕਿ ਸਕੂਲ ਦੇ ਵਿਦਿਆਰਥੀਆਂ ਲਈ 5 ਰੁਪਏ ਟਿਕਟ ਰੱਖੀ ਗਈ ਸੀ। ਸ਼ੋਂਤੂ ਕੋਲ਼ ਕੋਈ ਪੈਸਾ ਨਹੀਂ ਸੀ ਜੋ ਉਹ ਟਿਕਟ ਦੇ ਪੈਸੇ ਜਮ੍ਹਾ ਕਰਵਾ ਪਾਉਂਦਾ। ''ਖੜ੍ਹਾ ਹੋ,'' ਅਧਿਆਪਕਾ ਨੇ ਹੁਕਮ ਦਿੱਤਾ। ''ਤੂੰ ਪੈਸੇ ਕਿਉਂ ਨਹੀਂ ਜਮ੍ਹਾ ਕਰਵਾਏ, ਬੱਚੇ?'' ਅਧਿਆਪਕਾ ਨੇ ਬੜੇ ਪਿਆਰ ਨਾਲ਼ ਪੁੱਛਿਆ। ''ਮੈਮ, ਮੇਰੇ ਪਿਤਾ ਬੀਮਾਰ ਨੇ ਤੇ ਮਾਂ ਨੂੰ ਰੂੰ-ਤੁੰਬਣ ਦੇ ਕੰਮ ਦੇ ਹਜੇ ਪੈਸੇ ਨਹੀਂ ਮਿਲ਼ੇ,'' ਇੰਨਾ ਕਹਿ ਸ਼ੋਂਤੂ ਰੋਣ ਲੱਗਿਆ।
ਅਗਲੇ ਦਿਨ ਉਹਦੀ ਸਹਿਪਾਠਣ ਕੁਸੁਮ ਪਠਾਣ ਨੇ ਉਹਨੂੰ 10 ਰੁਪਏ ਫੜ੍ਹਾ ਦਿੱਤੇ ਜੋ ਉਹਨੂੰ ਰਮਜ਼ਾਨ ਦੌਰਾਨ ਕੀਤਾ ਗਿਆ ਇੱਕ ਨੇਕ ਕੰਮ ਲੱਗਿਆ। ਅਗਲੇ ਦਿਨ ਉਹਨੇ ਸ਼ੋਂਤੂ ਨੂੰ ਪੁੱਛਿਆ,''ਜੋ ਪੈਸੇ ਮੈਂ ਤੈਨੂੰ ਦਿੱਤੇ ਸੀ, ਤੂੰ ਉਹਦਾ ਕੀ ਕੀਤਾ?'' ਸ਼ੋਂਤੂ ਨੇ ਬੜੀ ਸੰਜੀਦਗੀ ਨਾਲ਼ ਜਵਾਬ ਦਿੱਤਾ,''ਪੰਜ ਰੁਪਈਏ ਮੈਂ ਸਰਕਸ 'ਤੇ ਖਰਚ ਦਿੱਤੇ ਤੇ ਪੰਜ ਰੁਪਈਏ ਘਰ ਖਰਚ ਲਈ ਦੇ ਦਿੱਤੇ।'' ਕੁਸੁਮ, ਰਮਜ਼ਾਨ, ਸ਼ੋਂਤੂ ਤੇ ਸਰਕਸ- ਇੱਕ ਅਰਥਭਰਪੂਰ ਕਾਂਡ।
ਜਦੋਂ ਉਨ੍ਹਾਂ ਦੇ ਕੱਚੇ ਘਰ ਨੂੰ ਇੱਟਾਂ ਤੇ ਸੀਮਿੰਟ ਨਾਲ਼ ਦੋਬਾਰਾ ਉਸਾਰਨਾ ਪਿਆ ਸੀ ਤਦ ਸ਼ੋਂਤੂ 11ਵੀਂ ਜਮਾਤ ਵਿੱਚ ਸੀ, ਘਰ ਤਾਂ ਉਸਰ ਗਿਆ ਪਰ ਪਲੱਸਤਰ ਨਹੀਂ ਹੋ ਸਕਿਆ ਸੀ। ਇੰਨਾ ਖ਼ਰਚਾ ਉਹ ਝੱਲ ਨਾ ਸਕੇ। ਸਿਰਫ਼ ਇੱਕੋ ਮਿਸਤਰੀ ਦਿਹਾੜੀ 'ਤੇ ਲਾਇਆ ਗਿਆ ਸੀ ਤੇ ਪੂਰੇ ਪਰਿਵਾਰ ਨੇ ਆਪ ਮਜ਼ਦੂਰੀ ਕੀਤੀ। ਇਸ ਕੰਮ ਵਿੱਚ ਖ਼ਾਸਾ ਸਮਾਂ ਲੱਗ ਗਿਆ ਤੇ ਇਸ ਤੋਂ ਪਹਿਲਾਂ ਕਿ ਸ਼ੋਂਤੂ ਨੂੰ ਪਤਾ ਲੱਗ ਪਾਉਂਦਾ, ਪੱਕੇ ਪੇਪਰ ਸਿਰ 'ਤੇ ਆ ਗਏ। ਸਕੂਲੇ ਉਹਦੀ ਹਾਜ਼ਰੀ ਪੂਰੀ ਨਹੀਂ ਸੀ। ਹੈੱਡਮਾਸਟਰ ਕੋਲ਼ ਹਾੜੇ ਕੱਢਣ ਤੇ ਹਾਲਾਤ ਸਮਝਾਉਣ ਤੋਂ ਬਾਅਦ ਕਿਤੇ ਜਾ ਕੇ ਸ਼ੋਂਤੂ ਨੂੰ ਪੇਪਰਾਂ ਵਿੱਚ ਬੈਠਣ ਦੀ ਆਗਿਆ ਮਿਲ਼ੀ।
ਉਹ 12ਵੀਂ ਜਮਾਤ ਵਿੱਚ ਹੋ ਗਿਆ ਤੇ ਅੱਗੇ ਤੋਂ ਬਿਹਤਰ ਕੰਮ ਕਰਨ ਦੀ ਸਹੁੰ ਚੁੱਕੀ। ਸ਼ੋਂਤੂ ਨੇ ਸਖ਼ਤ ਮਿਹਨਤ ਸ਼ੁਰੂ ਕਰ ਦਿੱਤੀ ਪਰ ਐਨ ਉਦੋਂ ਹੀ ਉਹਦੀ ਮਾਂ ਬੀਮਾਰ ਪੈ ਗਈ। ਬੀਮਾਰੀ ਦਿਨੋਂ-ਦਿਨ ਵੱਧਦੀ ਚਲੀ ਗਈ ਤੇ ਪੱਕੇ ਪੇਪਰਾਂ ਤੋਂ ਠੀਕ ਪਹਿਲਾਂ ਮਾਂ ਦੀ ਮੌਤ ਹੋ ਗਈ। ਮਾਂ ਦੀ ਮੌਤ ਕਾਰਨ ਪੇਪਰਾਂ ਦੀ ਤਿਆਰੀ ਲਈ ਬਹੁਤ ਘੱਟ ਸਮਾਂ ਮਿਲ਼ਣ ਕਾਰਨ ਸ਼ੋਂਤੂ ਦਬਾਅ ਹੇਠ ਆ ਗਿਆ ਤੇ ਪਹਿਲਾਂ ਦੀ ਕੀਤੀ ਕਰਾਈ ਮਿਹਨਤ ਵੀ ਕਿਸੇ ਲੇਖੇ ਨਾ ਲੱਗੀ। ਉਹਨੇ 65 ਪ੍ਰਤੀਸ਼ਤ ਨੰਬਰ ਹਾਸਲ ਕੀਤੇ। ਸ਼ੋਂਤੂ ਅੱਗੇ ਪੜ੍ਹਾਈ ਜਾਰੀ ਰੱਖਣ ਦਾ ਵਿਚਾਰ ਮਨੋਂ ਕੱਢਣ ਲੱਗਿਆ।
ਉਹਨੂੰ ਪੜ੍ਹਨਾ ਪਸੰਦ ਸੀ, ਸੋ ਉਹ ਪਬਲਿਕ ਲਾਈਬ੍ਰੇਰੀ ਜਾਣ ਲੱਗਿਆ ਤੇ ਕਿਤਾਬਾਂ ਘਰੇ ਲਿਆਉਣ ਲੱਗਿਆ। ਪੜ੍ਹਾਈ ਵਿੱਚ ਉਹਦੀ ਰੁਚੀ ਦੇਖ ਕੇ ਇੱਕ ਦੋਸਤ ਨੇ ਉਹਨੂੰ ਇਤਿਹਾਸ ਵਿੱਚ ਬੈਚਲਰ ਦੀ ਡਿਗਰੀ ਲੈਣ ਲਈ ਵਡਾਲੀ ਆਰਟਸ ਕਾਲਜ ਵਿੱਚ ਦਾਖ਼ਲੇ ਵਾਸਤੇ ਰਾਜੀ ਕਰ ਲਿਆ। ''ਤੈਨੂੰ ਬੜੀਆਂ ਵਧੀਆ ਕਿਤਾਬਾਂ ਪੜ੍ਹਨ ਦਾ ਮੌਕਾ ਮਿਲ਼ੇਗਾ,'' ਉਹਨੇ ਕਿਹਾ। ਸ਼ੋਂਤੂ ਨੇ ਦਾਖ਼ਲਾ ਤਾਂ ਲੈ ਲਿਆ ਪਰ ਕਾਲਜ ਸਿਰਫ਼ ਉਦੋਂ ਹੀ ਜਾਂਦਾ ਜਦੋਂ ਲਾਈਬ੍ਰੇਰੀ ਤੋਂ ਕਿਤਾਬਾਂ ਲੈਣੀਆਂ ਜਾਂ ਮੋੜਨੀਆਂ ਹੁੰਦੀਆਂ। ਬਾਕੀ ਦਾ ਦਿਨ ਉਹ ਰੂੰ-ਤੁੰਬਣ ਦਾ ਕੰਮ ਕਰਦਾ। ਸ਼ਾਮੀਂ ਉਹ ਕਿਤਾਬਾਂ ਪੜ੍ਹਦਾ ਤੇ ਥੋੜ੍ਹਾ ਬਹੁਤ ਘੁੰਮ-ਫਿਰ ਵੀ ਲੈਂਦਾ। ਉਹਨੇ ਬੀ.ਏ. ਦੇ ਪਹਿਲੇ ਸਾਲ ਵਿੱਚ 63 ਪ੍ਰਤੀਸ਼ਤ ਅੰਕ ਹਾਸਲ ਕੀਤੇ।
ਜਦੋਂ ਉਹਦੇ ਪ੍ਰੋਫ਼ੈਸਰ ਨੇ ਉਹਦਾ ਨਤੀਜਾ ਦੇਖਿਆ ਤਾਂ ਉਹਨੂੰ ਰੋਜ਼ਾਨਾ ਕਾਲਜ ਆਉਣ ਲਈ ਕਿਹਾ ਤੇ ਇੰਝ ਸ਼ੋਂਤੂ ਨੂੰ ਆਪਣੀ ਪੜ੍ਹਾਈ ਵਿੱਚ ਮਜ਼ਾ ਆਉਣ ਲੱਗਿਆ। ਜਦੋਂ ਉਹ ਤੀਜੇ ਵਰ੍ਹੇ ਵਿੱਚ ਹੋਇਆ ਤਾਂ ਉਸ ਵੇਲ਼ੇ ਵਡਾਲੀ ਦੇ ਇਸੇ ਆਰਟ ਕਾਲਜ ਨੇ ਪੜ੍ਹਨ ਵਿੱਚ ਸ਼ਾਨਦਾਰ (ਹੁਨਰ) ਪ੍ਰਦਰਸ਼ਨ ਕਾਰਨ ਕਿਸੇ ਇੱਕ ਵਿਦਿਆਰਥੀ ਨੂੰ ਮੈਰਿਟ ਸਰਟੀਫ਼ਿਕੇਟ ਦੇਣ ਦਾ ਫ਼ੈਸਲਾ ਕੀਤਾ ਜੋ ਸ਼ੋਂਤੂ ਦੇ ਹਿੱਸੇ ਆਇਆ। ''ਸ਼ਾਂਤੀਲਾਲ, ਤੈਨੂੰ ਲਾਈਬ੍ਰੇਰੀ ਜਾ ਕੇ ਕਿਤਾਬਾਂ ਲੈਣ ਦੀ ਵਿਹਲ ਕਦੋਂ ਮਿਲ਼ਦੀ ਏ?'' ਉਹਦੇ ਪ੍ਰੋਫ਼ੈਸਰ ਨੇ ਹੈਰਾਨੀ ਨਾਲ਼ ਪੁੱਛਿਆ। 2003 ਵਿੱਚ ਸ਼ੋਂਤੂ ਨੇ ਬੀ.ਏ. ਦਾ ਤੀਜਾ ਵਰ੍ਹਾ 66 ਪ੍ਰਤੀਸ਼ਤ ਅੰਕਾਂ ਨਾਲ਼ ਪਾਸ ਕੀਤਾ।
ਅੱਗੇ ਮਾਸਟਰ ਡਿਗਰੀ ਕਰਨ ਲਈ ਉਹ ਮਹਿਸਾਨਾ ਜ਼ਿਲ੍ਹੇ ਦੇ ਨਾਲ਼ ਲੱਗਦੇ ਵਿਸਨਗਰ ਦੇ ਸਰਕਾਰੀ ਕਾਲਜ ਗਿਆ। ਉੱਥੇ ਹੋਸਟਲ ਦਾ ਕਮਰਾ ਲੈਣ ਵਾਸਤੇ ਉਹਨੂੰ ਪੱਕੇ ਪੇਪਰਾਂ ਵਿੱਚ 60 ਪ੍ਰਤੀਸ਼ਤ ਅੰਕ ਲੈਣੇ ਪੈਣੇ ਸਨ। ਇਹ ਜ਼ਰੂਰੀ ਸੀ ਤੇ ਬੀ.ਏ. ਦੇ ਹਾਸਲ ਆਪਣੇ ਅੰਕਾਂ ਕਾਰਨ ਉਹਨੇ ਪਹਿਲੇ ਵਰ੍ਹੇ ਦੀ ਇਹ ਸ਼ਰਤ ਪੂਰੀ ਕਰ ਲਈ ਸੀ। ਹਾਲਾਂਕਿ, ਸ਼ੋਂਤੂ ਨੂੰ ਅਗਲੇ ਸਾਲ ਹੋਸਟਲ ਨਾ ਮਿਲ਼ਿਆ ਕਿਉਂਕਿ ਉਹਨੇ ਪਹਿਲੇ ਸਾਲ ਦੇ ਫ਼ਾਈਨਲ ਵਿੱਚ 59 ਪ੍ਰਤੀਸ਼ਤ ਅੰਕ ਹਾਸਲ ਕੀਤੇ ਜੋ ਕਿ ਟੀਚੇ ਨਾਲ਼ੋਂ ਘੱਟ ਸਨ।
ਉਹ ਰੋਜ਼ ਵਡਾਲੀ ਤੋਂ ਵਿਸਨਗਰ ਜਾਣ-ਆਉਣ ਲੱਗਿਆ। ਇਸ ਸਫ਼ਰ 'ਤੇ ਡੇਢ ਘੰਟਾ (ਇੱਕ ਪਾਸੇ ਦਾ) ਲੱਗਦਾ। ਉਸ ਵਰ੍ਹੇ ਦੀਵਾਲੀ ਤੋਂ ਬਾਅਦ ਅਚਾਨਕ ਪਿਤਾ ਹੱਥੋਂ ਕੰਮ ਖੁੱਸ ਗਿਆ। ਟੈਂਪੂ ਖਰੀਦਣ ਲਈ ਜੋ ਬੈਂਕ ਤੋਂ ਕਰਜਾ ਲਿਆ ਸੀ ਉਹਦੀ ਕਿਸ਼ਤ ਭਰਨੀ ਤਾਂ ਦੂਰ ਦੀ ਗੱਲ ਰਹੀ, ਇੱਥੇ ਤਾਂ ਖਾਣ ਦੇ ਲਾਲੇ ਪੈਣ ਲੱਗੇ। ਉਹਦਾ ਵੱਡਾ ਭਰਾ ਰਾਜੂ ਕੱਪੜੇ ਸਿਉਂ-ਸਿਉਂ ਕੇ ਜਿਵੇਂ ਕਿਵੇਂ ਕਰਕੇ ਘਰ ਦਾ ਖਰਚਾ ਚਲਾਉਣ ਦੀ ਕੋਸ਼ਿਸ਼ ਕਰਨ ਲੱਗਿਆ। ਅਜਿਹੇ ਹਾਲਾਤਾਂ ਵਿੱਚ ਸ਼ੋਂਤੂ ਆਪਣੇ ਭਰਾ ਕੋਲ਼ੋਂ ਹੋਰ ਅਹਿਸਾਨ ਲੈਣ ਤੋਂ ਝਿਜਕਣ ਲੱਗਿਆ। ਇੱਕ ਵਾਰ ਦੋਬਾਰਾ ਉਹਦਾ ਕਾਲਜ ਜਾਣਾ ਅਨਿਯਮਿਤ ਹੋ ਗਿਆ।
ਉਹਨੂੰ ਬੈਗਾਂ ਵਿੱਚ ਰੂੰ ਭਰਨ ਤੇ ਫਿਰ ਮਾਲ਼ ਨੂੰ ਟਰੱਕ ਵਿੱਚ ਲੱਦਣ ਦਾ ਕੰਮ ਮਿਲ਼ ਗਿਆ, ਜਿਸ ਬਦਲੇ ਉਹਨੂੰ 100 ਤੋਂ 200 ਰੁਪਏ ਦਿਹਾੜੀ ਮਿਲ਼ਦੀ। ਉਸ ਮਾਰਚ ਮਹੀਨੇ, ਉਹਦੀ ਹਾਜ਼ਰੀ ਘੱਟ ਗਈ ਤੇ ਉਹਨੂੰ ਇਮਤਿਹਾਨ ਵਿੱਚ ਬੈਠਣ ਦੀ ਆਗਿਆ ਨਾ ਮਿਲ਼ੀ। ਕੁਝ ਦੋਸਤਾਂ ਨੇ ਵਿੱਚ ਪੈ ਕੇ ਮਦਦ ਕੀਤੀ ਤੇ ਸ਼ੋਂਤੂ ਨੇ 58.38 ਪ੍ਰਤੀਸ਼ਤ ਅੰਕਾਂ ਨਾਲ਼ ਐੱਮ.ਏ. ਪਾਸ ਕਰ ਲਈ। ਸ਼ੋਂਤੂ ਅੱਗੇ ਐੱਮ.ਫਿਲ ਵੀ ਕਰਨੀ ਲੋਚਦਾ ਸੀ ਪਰ ਉਹਨੂੰ ਪੈਸਿਆਂ ਦੀ ਕਿੱਲਤ ਦਾ ਡਰ ਸਤਾ ਗਿਆ।
ਇੱਕ ਸਾਲ ਦੀ ਦੇਰੀ ਨਾਲ਼, ਸ਼ੋਂਤੂ ਨੇ ਵਿਸਨਗਰ ਦੇ ਸਰਕਾਰੀ ਬੀਐੱਡ ਕਾਲਜ ਵਿੱਚ ਦਾਖਲੇ ਲਈ ਜ਼ਰੂਰੀ ਫ਼ਾਰਮ ਭਰ ਦਿੱਤੇ। ਤੁਰੰਤ ਹੀ ਰਾਜੂਭਾਈ ਨੇ ਸ਼ੋਂਤੂ ਵਾਸਤੇ 3 ਫੀਸਦ ਵਿਆਜ ਦਰ 'ਤੇ 7,000 ਰੁਪਏ ਦਾ ਕਰਜਾ ਲੈ ਲਿਆ। 3,500 ਰੁਪਏ ਦਾਖ਼ਲੇ ਦੀ ਫੀਸ ਤੇ 2,500 ਰੁਪਏ ਕੰਪਿਊਟਰ ਦੇ ਲਾਜ਼ਮੀ ਵਿਸ਼ੇ ਦੀ ਫ਼ੀਸ ਚਲੀ ਗਈ। ਸ਼ੋਂਤੂ ਕੋਲ਼ ਸਿਰਫ਼ 1,000 ਰੁਪਏ ਬਚੇ ਤੇ ਇੰਨੇ ਪੈਸਿਆਂ ਨਾਲ਼ ਹੀ ਉਹਨੇ ਬਾਕੀ ਖਰਚੇ ਪੂਰੇ ਕਰਨੇ ਸਨ। ਪੜ੍ਹਾਈ ਖ਼ਾਤਰ ਵਿਸਨਗਰ ਆਉਣ ਦਾ ਇਹ ਉਹਦਾ ਦਾ ਤੀਜਾ ਸਾਲ ਸੀ।
ਹਰ ਵੇਲ਼ੇ ਉਹ ਆਪਣੇ ਪਰਿਵਾਰ ਦੀ ਮਾਲੀ ਹਾਲਤ ਤੋਂ ਸੁਚੇਤ ਵੀ ਰਹਿੰਦਾ ਤੇ ਪਰੇਸ਼ਾਨ ਵੀ। ਉਹਨੇ ਰਾਜੂਭਾਈ ਨਾਲ਼ ਆਪਣੀ ਪੜ੍ਹਾਈ ਛੱਡ ਦੇਣ ਦਾ ਵਿਚਾਰ ਵੀ ਸਾਂਝਾ ਕੀਤਾ। ''ਤੇਰੇ ਲਈ ਚੰਗਾ ਹੋਊ ਜੇ ਤੂੰ ਤੰਗੀਆਂ ਤੇ ਮਜ਼ਬੂਰੀਆਂ 'ਚ ਜੀਊਣਾ ਸਿੱਖ ਲਵੇਂ ਤਾਂ,'' ਉਹਦੇ ਵੱਡੇ ਭਰਾ ਨੇ ਅੱਗਿਓਂ ਜਵਾਬ ਦਿੱਤਾ। ''ਘਰ ਦੀ ਚਿੰਤਾ ਛੱਡ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ। ਦੇਖਦੇ ਹੀ ਦੇਖਦੇ ਇਹ ਸਾਲ ਵੀ ਲੰਘ ਜਾਵੇਗਾ। ਜੇ ਰੱਬ ਨੇ ਚਾਹਿਆ ਤਾਂ ਬੀਐੱਡ ਤੋਂ ਬਾਅਦ ਤੈਨੂੰ ਵਧੀਆ ਨੌਕਰੀ ਮਿਲ਼ ਜਾਣੀ।'' ਭਰਾ ਦੇ ਇਨ੍ਹਾਂ ਅਲਫ਼ਾਜ਼ਾਂ ਨੇ ਸ਼ੋਂਤੂ ਅੰਦਰ ਜਿਵੇਂ ਊਰਜਾ ਭਰ ਦਿੱਤੀ ਤੇ ਪੜ੍ਹਾਈ ਦੇ ਇਸ ਬਿਖੜੇ ਪੈਂਡੇ 'ਤੇ ਉਹ ਅੱਗੇ ਨੂੰ ਕਦਮ ਪੁੱਟਣ ਲੱਗਿਆ।
ਸਿਆਲ ਆਇਆ ਤੇ ਪਿਤਾ ਦੀ ਸਿਹਤ ਵਿਗੜ ਗਈ। ਸਾਰੀ ਕਮਾਈ ਉਨ੍ਹਾਂ ਦੀ ਬੀਮਾਰੀ 'ਤੇ ਲੱਗ ਗਈ। ਸ਼ੋਂਤੂ ਇਸ ਗੱਲੋਂ ਪਰੇਸ਼ਾਨ ਸੀ ਕਿ ਰਾਜੂਭਾਈ ਨੂੰ ਇਕੱਲਿਆਂ ਹੀ ਉਹਦੀ ਪੜ੍ਹਾਈ ਦਾ ਖਰਚਾ ਝੱਲਣਾ ਪੈਂਦਾ ਸੀ। ਬੀਐੱਡ ਕੋਰਸ ਦੌਰਾਨ ਸ਼ੋਂਤੂ ਨੇ ਇੱਕ ਗੱਲ ਜ਼ਰੂਰ ਸਿੱਖੀ ਕਿ ਪੜ੍ਹਾਈ ਤੇ ਪੈਸਾ (ਖ਼ਰਚਾ) ਦੋ ਅਜਿਹੇ ਸ਼ਬਦ ਹਨ ਜੋ ਇੱਕ ਦੂਜੇ ਬਗ਼ੈਰ ਨਹੀਂ ਚੱਲਦੇ ਅਤੇ ਜੇ ਇੱਕ ਨਾ ਹੋਵੇ ਤਾਂ ਦੂਜਾ ਵੀ ਨਹੀਂ ਰਹਿੰਦਾ। ਇੰਟਰਨਸ਼ਿਪ ਤੇ ਸਰਵ- ਸਿੱਖਿਆ ਅਭਿਆਨ (ਸਰਵ-ਵਿਆਪੀ ਪ੍ਰਾਇਮਰੀ ਸਿੱਖਿਆ ਦਾ ਰਾਸ਼ਟਰੀ ਪੱਧਰੀ ਪ੍ਰੋਗਰਾਮ) ਲਈ ਕੰਮ ਕਰਨ ਦਾ ਮਤਲਬ ਇਹ ਹੋਇਆ ਕਿ ਉਸ ਨੂੰ 10 ਦਿਨਾਂ ਵਾਸਤੇ ਵਿਸਨਗਰ ਤਾਲੁਕਾ ਦੇ ਬੋਕਰਵਾੜਾ ਤੇ ਭਾਂਡੂ ਪਿੰਡਾਂ ਵਿੱਚ ਜਾਣਾ ਪਿਆ। ਖਾਣ-ਪੀਣ ਦਾ ਬੰਦੋਬਸਤ ਬੋਕਰਵਾੜਾ ਪ੍ਰਾਇਮਰੀ ਸਕੂਲ ਵੱਲੋਂ ਸੀ ਪਰ ਰਹਿਣ ਦਾ ਖ਼ਰਚਾ ਖ਼ੁਦ ਕਰਨਾ ਪਿਆ ਜੋ ਇੱਕ ਅੱਡ ਸਮੱਸਿਆ ਬਣਿਆ। ਉਹ ਰਾਜੂਭਾਈ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਕਾਲਜ ਦੇ ਐਡਮਿਨ ਦਫਤਰ ਦੇ ਮਹਿੰਦਰ ਸਿੰਘ ਠਾਕੋਰ ਤੋਂ 300 ਰੁਪਏ ਉਧਾਰ ਲਏ।
''ਅਸੀਂ ਪਿੰਡ ਦੇ ਪੁਜਾਰੀ ਨੂੰ ਪੁੱਛਿਆ। ਉਹਨੇ ਕਿਹਾ ਕਿ ਉਹ ਸਾਡੇ ਲਈ ਖਾਣਾ ਪਕਾ ਸਕਦਾ ਹੈ। ਇੱਕ ਪਲੇਟ ਰੋਟੀ 25 ਰੁਪਏ ਦੀ ਪੈਂਦੀ। ਅਸੀਂ ਸਾਰੇ ਦੋਸਤਾਂ ਨੇ ਪੁਜਾਰੀ ਘਰ ਚਾਰ ਦਿਨ ਖਾਣਾ ਖਾਧਾ। ਮੈਂ ਹਫ਼ਤੇ ਵਿੱਚ ਦੋ ਦਿਨ ਖਾਣਾ ਨਾ ਖਾ ਕੇ 50 ਰੁਪਏ ਬਚਾਏ,'' ਸ਼ੋਂਤੂ ਚੇਤੇ ਕਰਦਾ ਹੈ। ਉਸ ਤੋਂ ਬਾਅਦ ਉਹਨੇ ਅਗਲੇ ਪੰਜ ਦਿਨ ਨਾਲ਼ ਦੇ ਪਿੰਡ ਭੋਂਡੂ ਵਿਖੇ ਬਿਤਾਏ, ਜਿੱਥੇ ਉਹ ਸਾਰੇ ਰਹਿਣ ਦਾ ਜੁਗਾੜ ਨਾ ਕਰ ਸਕੇ। ਸੋ ਨਤੀਜਾ ਇਹ ਹੋਇਆ ਕਿ ਸ਼ੋਂਤੂ ਨੂੰ ਬੋਕਰਵਾੜਾ ਵਾਪਸ ਆਉਣ ਤੇ ਫਿਰ ਜਾਣ ਲਈ ਇੱਕ ਪਾਸੇ ਦੇ 10 ਰੁਪਏ ਅੱਡ ਤੋਂ ਖਰਚਣੇ ਪੈਂਦੇ। ਸ਼ੋਂਤੂ ਨੇ ਮਹਿੰਦਰ ਸਿੰਘ ਤੋਂ 200 ਰੁਪਏ ਹੋਰ ਉਧਾਰ ਲਏ।
ਖਾਣ-ਪੀਣ ਦਾ ਇੰਤਜ਼ਾਮ ਭਾਂਡੂ ਦੇ ਇੰਜੀਨਅਰਿੰਗ ਕਾਲਜ ਵਿੱਚ ਕੀਤਾ ਗਿਆ, ਪਰ ਉੱਥੇ ਇੱਕ ਪਲੇਟ 25 ਰੁਪਏ ਦੀ ਸੀ। ਸ਼ੋਂਤੂ ਨੇ ਹੋਰ ਦੋ ਦਿਨ ਕੁਝ ਨਾ ਖਾਧਾ। ਦੋਸਤਾਂ ਨੂੰ ਇਹ ਗੱਲ ਚੰਗੀ ਨਾ ਲੱਗਦੀ। ਉਨ੍ਹਾਂ ਵਿੱਚੋਂ ਇੱਕ ਨੇ ਸੁਝਾਅ ਦਿੰਦਿਆਂ ਕਿਹਾ,''ਸ਼ਾਂਤੀਲਾਲ, ਅਸੀਂ ਪੰਜ ਦਿਨਾਂ ਦੇ ਖਾਣੇ ਦੇ ਪੈਸੇ ਪਹਿਲਾਂ ਹੀ ਦਿੱਤੇ ਹੋਏ ਨੇ। ਸਿਰਫ਼ ਤੂੰ ਹੀ ਖਾਣਾ ਖਾਣ ਤੋਂ ਬਾਅਦ ਪੈਸੇ ਦਿੰਦਾ ਏਂ। ਜਦੋਂ ਅਸੀਂ ਖਾਣਾ ਖਾ ਕੇ ਨਿਕਲ਼ਦੇ ਹਾਂ ਤਾਂ ਕੋਈ ਪੈਸਿਆਂ ਬਾਰੇ ਨਹੀਂ ਪੁੱਛਦਾ। ਤੂੰ ਵੀ ਸਾਡੇ ਨਾਲ਼ ਬੈਠਿਆ ਤੇ ਸਾਡੇ ਨਾਲ਼ ਹੀ ਉੱਠਿਆ ਕਰ!'' ਸ਼ੋਂਤੂ ਨੇ ਇੰਝ ਹੀ ਕੀਤਾ। ''ਮੈਂ ਉਨ੍ਹਾਂ ਦੀ ਗੱਲ ਮੰਨੀ ਤੇ ਅਗਲੇ ਕੁਝ ਦਿਨ ਬਗ਼ੈਰ ਪੈਸਾ ਦਿੱਤਿਆਂ ਖਾਣਾ ਖਾਂਦਾ ਰਿਹਾ,'' ਸ਼ੋਂਤੂ ਕਹਿੰਦਾ ਹੈ।
ਇੰਝ ਕਰਕੇ ਉਹ ਪਹਿਲਾਂ ਹੀ ਖ਼ੁਸ਼ ਨਹੀਂ ਸੀ, ਇਸ ਸਭ ਦੇ ਬਾਵਜੂਦ ਵੀ ਉਹਨੂੰ ਆਪਣੇ ਪ੍ਰੋਫ਼ੈਸਰ, ਐੱਚ.ਕੇ. ਪਟੇਲ ਪਾਸੋਂ 500 ਰੁਪਏ ਉਧਾਰ ਚੁੱਕਣੇ ਪਏ। ''ਮੇਰੇ ਸਕਾਲਰਸ਼ਿਪ ਦੇ ਪੈਸੇ ਮਿਲ਼ਦਿਆਂ ਹੀ ਮੈਂ ਇਹ ਪੈਸੇ ਮੋੜ ਦਿਆਂਗਾ,'' ਮੈਂ ਕਿਹਾ ਸੀ। ਹਰ ਆਉਂਦੀ ਦਿਹਾੜੀ ਖ਼ਰਚੇ ਵੱਧਦੇ ਜਾਂਦੇ ਸਨ। ਇੱਥੋਂ ਤੱਕ ਕਿ ਉਨ੍ਹਾਂ ਤੋਂ ਇਹ ਉਮੀਦ ਤੱਕ ਕੀਤੀ ਜਾਂਦੀ ਕਿ ਉਹ ਭਾਂਡੂ ਦੇ ਸਕੂਲੀ ਅਧਿਆਪਕਾਂ ਦੇ ਚਾਹ-ਪਾਣੀ ਤੇ ਖ਼ਾਤਰਦਾਰੀ ਲਈ ਪੈਸੇ ਖਰਚਣ।
ਇੱਕ ਦਿਨ ਐੱਚ.ਕੇ. ਪਟੇਲ ਨੇ ਸ਼ੋਂਤੂ ਨੂੰ ਸਟਾਫ਼ ਰੂਮ ਵਿੱਚ ਬੁਲਾਇਆ ਤੇ ਕਿਹਾ,''ਤੇਰੇ ਪਿਤਾ ਬੀਮਾਰ ਨੇ,'' ਤੇ 100 ਰੁਪਏ ਦਾ ਨੋਟ ਫੜ੍ਹਾਉਂਦਿਆਂ ਕਿਹਾ,''ਛੇਤੀ ਘਰ ਜਾ।'' ਘਰੇ, ''ਹਰ ਕੋਈ ਮੇਰੀ ਉਡੀਕ ਕਰ ਰਿਹਾ ਸੀ,'' ਸ਼ੋਂਤੂ ਕਹਿੰਦਾ ਹੈ। ''ਉਨ੍ਹਾਂ ਨੇ ਮੈਨੂੰ ਪਿਤਾ ਦਾ ਮੂੰਹ ਦਿਖਾਇਆ ਤੇ ਅੰਤਮ ਸਸਕਾਰ ਦੀਆਂ ਕਿਰਿਆਵਾਂ ਕਰਨ ਲੱਗੇ।'' ਪਰਿਵਾਰ ਸਿਰ ਬਿਪਤਾ ਦਾ ਇੱਕ ਹੋਰ ਪਹਾੜ ਟੁੱਟ ਪਿਆ। ਮਾਪਿਆਂ ਦੀ ਮੌਤ ਦੇ 11ਵੇਂ ਦਿਨ ਦਾ ਰਿਵਾਜ ਨਿਭਾਇਆ ਜਾਣਾ ਵੀ ਲਾਜ਼ਮੀ ਸੀ। ਜਿਹਦਾ ਮਤਲਬ ਸੀ ਘੱਟੋਘੱਟ 40,000 ਰੁਪਏ ਦਾ ਖਰਚਾ।
ਮਾਂ ਦੀ ਮੌਤ ਵੇਲ਼ੇ ਉਹ ਇਹ ਰਸਮ ਅਦਾ ਨਾ ਕਰ ਸਕੇ, ਸੋ ਇਸ ਵਾਰੀ ਰਸਮ ਦੇ ਨਿਭਾਏ ਜਾਣ ਤੋਂ ਛੁਟਕਾਰਾ ਨਹੀਂ ਮਿਲ਼ਣਾ ਸੀ। ਭਾਈਚਾਰਕ ਇਕੱਠ ਬੁਲਾਇਆ ਗਿਆ। ਵਡਾਲੀ ਦੇ ਕੁਝ ਬਜ਼ੁਰਗਾਂ ਨੇ ਰਿਵਾਜ 'ਚੋਂ ਛੋਟ ਦਿੱਤੇ ਜਾਣ ਦੀ ਬੇਨਤੀ ਕੀਤੀ। ''ਮੁੰਡੇ ਛੋਟੇ ਨੇ; ਇੱਕ ਭਰਾ ਅਜੇ ਪੜ੍ਹ ਰਿਹਾ ਏ ਤੇ ਦੂਜਾ ਹੀ ਘਰ ਸਾਂਭਦਾ ਏ। ਸਾਰੀਆਂ ਜ਼ਿੰਮੇਦਾਰੀਆਂ ਉਸ ਇਕੱਲੇ ਦੇ ਸਿਰ ਪੈ ਗਈਆਂ ਨੇ, ਉਨ੍ਹਾਂ ਵਾਸਤੇ ਇੰਨਾ ਖ਼ਰਚਾ ਝੱਲ ਸਕਣਾ ਸੰਭਵ ਨਹੀਂ,'' ਉਨ੍ਹਾਂ ਨੇ ਕਿਹਾ। ਸੋ ਇੱਕ ਸਹਿਮਤੀ ਬਣੀ ਤੇ ਪਰਿਵਾਰ ਸਿਰ ਖਰਚੇ ਦਾ ਪਹਾੜ ਟੁੱਟਣੋਂ ਬਚ ਗਿਆ।
ਸ਼ੋਂਤੂ ਨੇ 76 ਪ੍ਰਤੀਸ਼ਤ ਅੰਕਾਂ ਨਾਲ਼ ਬੀਐੱਡ ਪੂਰੀ ਕੀਤੀ ਤੇ ਨੌਕਰੀ ਲੱਭਣੀ ਜਾਰੀ ਰੱਖੀ। ਉਸੇ ਦੌਰਾਨ, ਮਾਨਸੂਨ ਮਹੀਨਿਆਂ ਵਿੱਚ ਰਾਜੂਭਾਈ ਦੀ ਆਮਦਨੀ ਘੱਟ ਗਈ। ''ਮੈਂ ਨੌਕਰੀ ਕਰਨ ਦਾ ਸੁਪਨਾ ਤਿਆਗ ਦਿੱਤਾ ਤੇ ਖੇਤਾਂ ਵਿੱਚ ਕੰਮ ਕਰਨ ਲੱਗਿਆ,'' ਸ਼ੋਂਤੂ ਕਹਿੰਦਾ ਹੈ। ਉੱਥੇ ਕਈ ਨਵੇਂ ਬੀ.ਐੱਡ. ਕਾਲਜ (ਸੈਲਫ਼-ਫਾਇਨਾਂਸਡ) ਖੁੱਲ੍ਹੇ ਸਨ ਪਰ ਉਨ੍ਹਾਂ ਵਿੱਚ ਅਧਿਆਪਨ ਦੀ ਨੌਕਰੀ ਲਈ ਬਿਨੈਕਾਰਾਂ ਦੀ ਮੈਰਿਟ ਬਹੁਤ ਉੱਚੀ ਰੱਖੀ ਗਈ ਸੀ। ਉਹ ਉਨ੍ਹਾਂ ਦੇ ਸਾਹਮਣੇ ਸਾਬਤ ਕਦਮ ਕਿਵੇਂ ਰਹਿ ਸਕਦਾ ਸੀ? ਨਾਲ਼ ਹੀ, ਭਰਤੀਆਂ ਵਿੱਚ ਖੁੱਲ੍ਹੇਆਮ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ। ਇਸ ਸਭ ਕਾਸੇ ਨੇ ਸ਼ੋਂਤੂ ਨੂੰ ਪਰੇਸ਼ਾਨ ਕਰ ਸੁੱਟਿਆ।
ਕੁਝ ਸਮੇਂ ਬਾਅਦ ਸ਼ੋਂਤੂ ਨੇ ਲੀਹ ਬਦਲ ਕੇ ਕੰਪਿਊਟਰ ਦੇ ਕੰਮ ਵਿੱਚ ਹੱਥ ਅਜਮਾਉਣ ਦਾ ਫ਼ੈਸਲਾ ਕੀਤਾ। ਉਹਨੇ ਆਪਣੇ ਸਾਬਰਕਾਂਠਾ ਜ਼ਿਲ੍ਹੇ ਦੇ ਵਿਜੈਨਗਰ ਦੇ ਪੀਜੀਡੀਸੀਏ ਟੈਕਨੀਕਲ ਕਾਲਜ ਵਿਚ ਇੱਕ ਸਾਲਾ ਡਿਪਲੋਮੇ ਲਈ ਅਰਜ਼ੀ ਦਿੱਤੀ। ਮੈਰਿਟ ਲਿਸਟ ਵਿੱਚ ਉਹਦਾ ਨਾਮ ਵੀ ਆ ਗਿਆ। ਪਰ ਸ਼ੋਂਤੂ ਕੋਲ਼ ਇਹਦੀ ਫ਼ੀਸ ਜੋਗੇ ਪੈਸੇ ਨਹੀਂ ਸਨ।
ਉਹ ਵਡਾਲੀ ਤੋਂ ਦੋ ਕਿਲੋਮੀਟਰ ਦੂਰ ਕੋਠੀਕੰਪਾ ਦੇ ਚਿੰਤਨ ਮਹਿਤਾ ਨੂੰ ਮਿਲ਼ੇ। ਮਹਿਤਾ ਨੇ ਕਾਲਜ ਦੇ ਟਰੱਸਟੀਆਂ ਨਾਲ਼ ਗੱਲ ਕੀਤੀ ਤੇ ਉਨ੍ਹਾਂ ਨੂੰ ਸਕਾਲਰਸ਼ਿਪ ਦੀ ਰਾਸ਼ੀ ਵਿੱਚੋਂ ਸ਼ੋਂਤੂ ਦੀਆਂ ਫ਼ੀਸਾਂ ਨੂੰ ਐਡਜੈਸਟ ਕਰਨ ਲਈ ਕਿਹਾ। ਅਗਲੇ ਦਿਨ ਸ਼ੋਂਤੂ ਵਿਜੈਨਗਰ ਚਲਾ ਗਿਆ। ਕਾਲਜ ਦੇ ਦਫ਼ਤਰ ਦੇ ਕਲਰਕ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹਨੇ ਕਿਹਾ,''ਇੱਥੇ ਪੂਰੇ ਪ੍ਰਸ਼ਾਸਨ ਨੂੰ ਅਸੀਂ ਹੀ ਸੰਭਾਲ਼ਦੇ ਹਾਂ।'' ਲਗਾਤਾਰ ਤਿੰਨ ਦਿਨ ਫ਼ੀਸ ਨਾ ਭਰਨ ਕਾਰਨ ਸ਼ੋਂਤੂ ਦਾ ਨਾਮ ਮੈਰਿਟ ਲਿਸਟ ਵਿੱਚੋਂ ਕੱਢ ਦਿੱਤਾ ਗਿਆ।
ਸ਼ੋਂਤੂ ਨੇ ਉਮੀਦ ਨਾ ਛੱਡੀ। ਉਹਨੂੰ ਕਲਰਕ ਪਾਸੋਂ ਪਤਾ ਚੱਲਿਆ ਕਿ ਕਾਲਜ ਨੇ ਕੁਝ ਵਾਧੂ ਸੀਟਾਂ ਲਈ ਅਰਜ਼ੀ ਲਾਈ ਹੈ। ਉਹਨੇ ਕਾਲਜ ਪਾਸੋਂ ਸੀਟਾਂ ਨੂੰ ਮਨਜ਼ੂਰੀ ਮਿਲ਼ਣ ਤੱਕ ਕਲਾਸਾਂ ਲਾ ਲੈਣ ਦੀ ਆਗਿਆ ਮੰਗੀ। ਆਗਿਆ ਮਿਲ਼ ਗਈ। ਭਾਵੇਂ ਕਿ ਉਹਦਾ ਦਾਖ਼ਲਾ ਅਜੇ ਹਵਾ-ਹਵਾਈ ਗੱਲ ਸੀ ਪਰ ਫਿਰ ਵੀ ਉਹਨੇ ਵਡਾਲੀ ਤੋਂ ਵਿਜੈਨਗਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ ਜਿਸ ਵਾਸਤੇ 50 ਰੁਪਏ ਕਿਰਾਇਆ ਲੱਗਦਾ। ਦੋਸਤਾਂ ਨੇ ਮਦਦ ਦੇ ਹੱਥ ਵਧਾਏ। ਉਨ੍ਹਾਂ ਵਿੱਚੋਂ ਇੱਕ ਸ਼ਸ਼ੀਕਾਂਤ ਨੇ ਬੱਸ ਪਾਸ ਲਈ ਉਹਨੂੰ 250 ਰੁਪਏ ਉਧਾਰ ਦਿੱਤੇ। ਬਾਰ ਬਾਰ ਹਾੜੇ ਕੱਢਣ ਤੋਂ ਬਾਅਦ ਇੱਕ ਕਲਰਕ ਨੇ ਉਹਦੇ ਬੱਸ ਦੇ ਸਫ਼ਰ ਦੇ ਰਿਆਇਤੀ ਪਾਸ 'ਤੇ ਦਫ਼ਤਰੀ ਮੋਹਰ ਲਗਾ ਦਿੱਤੀ। ਦਾਖ਼ਲਾ ਮਿਲ਼ਣ ਦੀ ਉਮੀਦ ਰੱਖੀ ਸ਼ੋਂਤੂ ਨੇ ਕਰੀਬ ਡੇਢ ਮਹੀਨਾ ਵਡਾਲੀ ਤੋਂ ਵਿਜੈਨਗਰ ਪੈਂਡਾ ਮਾਰਿਆ। ਪਰ ਕਾਲਜ ਨੂੰ ਵਾਧੂ ਸੀਟਾਂ ਨਹੀਂ ਦਿੱਤੀਆਂ ਗਈਆਂ। ਜਿਸ ਦਿਨ ਸ਼ੋਂਤੂ ਨੂੰ ਇਸ ਬਾਰੇ ਪਤਾ ਲੱਗਿਆ, ਉਹਨੇ ਕਾਲਜ ਜਾਣਾ ਬੰਦ ਕਰ ਦਿੱਤਾ।
ਸ਼ੋਂਤੂ ਨੇ ਇੱਕ ਵਾਰ ਦੋਬਾਰਾ ਬਤੌਰ ਖੇਤ ਮਜ਼ਦੂਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੋਰਾਡ ਪਿੰਡ ਦੇ ਖੇਤ ਵਿੱਚ ਇੱਕ ਮਹੀਨਾ ਕੰਮ ਕਰਨ ਤੋਂ ਬਾਅਦ ਉਹਨੇ ਰਾਜੂਭਾਈ ਨਾਲ਼ ਦਰਜੀ ਦਾ ਕੰਮ ਸ਼ੁਰੂ ਕਰ ਦਿੱਤਾ। ਵਡਾਲੀ ਪਿੰਡ ਦੇ ਰੇਪੜੀਮਾਤਾ ਮੰਦਰ ਦੇ ਨੇੜੇ ਉਨ੍ਹਾਂ ਦੀ ਇੱਕ ਛੋਟੀ ਜਿਹਾ ਦੁਕਾਨ ਸੀ। ਪੂਰਨਮਾਸ਼ੀ ਤੋਂ ਤਿੰਨ ਦਿਨ ਪਹਿਲਾਂ ਸ਼ੋਂਤੂ ਆਪਣੇ ਦੋਸਤ ਸ਼ਸ਼ੀਕਾਂਤ ਕੋਲ਼ ਗਿਆ। ''ਸ਼ਾਂਤੀਲਾਲ, ਕਲਾਸ ਵਿੱਚ ਕਾਫ਼ੀ ਸਾਰੇ ਵਿਦਿਆਰਥੀਆਂ ਨੇ ਪੀਜੀਡੀਸੀਏ ਕੋਰਸ ਅੱਧ-ਵਿਚਾਲ਼ੇ ਛੱਡ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਕਲਾਸ ਵਿੱਚ ਪੜ੍ਹਾਈ ਹੀ ਪੱਲੇ ਨਹੀਂ ਪਈ। ਕਲਾਸ ਵਿੱਚ ਵਿਦਿਆਰਥੀ ਘੱਟ ਰਹਿ ਗਏ ਨੇ ਤੇ ਇਸ ਵੇਲ਼ੇ ਤੈਨੂੰ ਦੋਬਾਰਾ ਮੌਕਾ ਮਿਲ਼ ਸਕਦਾ ਹੈ,'' ਸ਼ਸ਼ੀਕਾਂਤ ਨੇ ਕਿਹਾ।
ਅਗਲੇ ਹੀ ਦਿਨ ਸ਼ੋਂਤੂ ਵਿਜੈਨਕਰ ਦੇ ਕਲਰਕ ਨੂੰ ਦੋਬਾਰਾ ਮਿਲ਼ਿਆ। ਕਲਰਕ ਨੇ ਫ਼ੀਸ ਭਰਾਉਣ ਲਈ ਕਿਹਾ। ਸ਼ੋਂਤੂ ਨੇ 1,000 ਰੁਪਏ ਜਮ੍ਹਾ ਕਰਵਾ ਦਿੱਤੇ ਜੋ ਉਹਨੇ ਰਾਜੂਭਾਈ ਨਾਲ਼ ਕੰਮ ਕਰਕੇ ਕਮਾਏ ਸਨ। ''ਬਾਕੀ ਦੇ 5,200 ਰੁਪਏ ਮੈਂ ਦਿਵਾਲੀ ਤੀਕਰ ਭਰਾ ਦਿਆਂਗਾ,'' ਉਹਨੇ ਕਿਹਾ ਤੇ ਆਪਣਾ ਦਾਖ਼ਲਾ ਪੱਕਾ ਕਰ ਲਿਆ।
ਦਾਖ਼ਲੇ ਤੋਂ 15 ਦਿਨਾਂ ਬਾਅਦ ਪਹਿਲੇ ਇੰਟਰਨਲ ਪੇਪਰ ਆ ਗਏ। ਸ਼ੋਂਤੂ ਪਾਸ ਨਾ ਹੋ ਸਕਿਆ। ਦਰਅਸਲ ਉਹਦੀ ਕੋਈ ਤਿਆਰੀ ਹੀ ਨਹੀਂ ਸੀ। ਉਹਦੇ ਅਧਿਆਪਕਾਂ ਨੇ ਉਹਨੂੰ ਪੈਸੇ ਬਰਬਾਦ ਨਾ ਕਰਨ ਦੀ ਸਲਾਹ ਦਿੱਤੀ ਕਿਉਂਕਿ ਉਹ ਕੋਰਸ ਵਿੱਚ ਹੀ ਕਾਫ਼ੀ ਲੇਟ ਸ਼ਾਮਲ ਹੋਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ੋਂਤੂ ਕੋਰਸ ਕਲੀਅਰ ਨਹੀਂ ਕਰ ਪਾਵੇਗਾ। ਪਰ ਸ਼ੋਂਤੂ ਨੇ ਉਮੀਦ ਨਾ ਛੱਡੀ। ਵਡਾਲੀ ਦੇ ਹਿਮਾਂਸ਼ੂ ਭਵਸਰ ਤੇ ਗਜੇਂਦਰ ਸੋਲਾਂਕੀ ਅਤੇ ਇਦਰ ਦੇ ਸ਼ਸ਼ੀਕਾਂਤ ਪਰਮਾਰ ਨੇ ਸ਼ੋਂਤੂ ਨੂੰ ਉਹ ਸਭ ਕੁਝ ਸਮਝਣ ਵਿੱਚ ਮਦਦ ਕੀਤੀ ਜੋ ਕੁਝ ਉਹਦੇ ਕੋਲ਼ੋਂ ਛੁੱਟ ਗਿਆ ਸੀ। ਪਹਿਲੇ ਸਮੈਸਟਰ ਦੇ ਪੇਪਰਾਂ ਵਿੱਚ ਸ਼ੋਂਤੂ ਨੇ 50 ਫ਼ੀਸਦੀ ਅੰਕ ਲਏ। ਉਹਦੇ ਅਧਿਆਪਕਾਂ ਲਈ ਇਹ ਸਭ ਯਕੀਨੋਂ ਬਾਹਰੀ ਹੋ ਗਿਆ।
ਸ਼ੋਂਤੂ ਪਾਸ ਨਾ ਹੋ ਸਕਿਆ। ਦਰਅਸਲ ਉਹਦੀ ਕੋਈ ਤਿਆਰੀ ਹੀ ਨਹੀਂ ਸੀ। ਉਹਦੇ ਅਧਿਆਪਕਾਂ ਨੇ ਉਹਨੂੰ ਪੈਸੇ ਬਰਬਾਦ ਨਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ੋਂਤੂ ਕੋਰਸ ਕਲੀਅਰ ਨਹੀਂ ਕਰ ਪਾਵੇਗਾ। ਪਰ ਸ਼ੋਂਤੂ ਨੇ ਉਮੀਦ ਨਾ ਛੱਡੀ
ਫਿਰ ਦੂਜੇ ਸਮੈਸਟਰ ਦੀ 9,300 ਰੁਪਏ ਫ਼ੀਸ ਸਿਰ 'ਤੇ ਆਣ ਪਈ। ਸ਼ੋਂਤੂ ਦੇ ਪਹਿਲੇ ਸਮੈਸਟਰ ਦੇ ਵੀ ਅਜੇ 5,200 ਰੁਪਏ ਬਕਾਇਆ ਸਨ, ਸੋ ਕੁੱਲ ਮਿਲ਼ਾ ਕੇ 14,500 ਰੁਪਏ ਬਣਦੇ ਸਨ। ਇਹ ਰਾਸ਼ੀ ਉਹਦੇ ਲਈ ਚੁਕਾਉਣੀ ਅਸੰਭਵ ਸੀ। ਬੇਨਤੀਆਂ ਕਰਨ ਤੇ ਸਿਫ਼ਾਰਸ਼ਾਂ ਲਾਉਣ ਕਾਰਨ ਕਿਸੇ ਨਾ ਕਿਸੇ ਤਰ੍ਹਾਂ ਦੂਜੇ ਸਮੈਸਟਰ ਦੇ ਪੇਪਰਾਂ ਤੱਕ ਦੀ ਮੋਹਲਤ ਮਿਲ਼ ਗਈ। ਪਰ ਫ਼ੀਸ ਭਰਨ ਦੀ ਤਲਵਾਰ ਤਾਂ ਲਮਕ ਹੀ ਰਹੀ ਸੀ। ਸ਼ੋਂਤੂ ਫੱਸ ਗਿਆ ਤੇ ਕੋਈ ਵੀ ਹੀਲਾ-ਵਸੀਲਾ ਉਹਨੂੰ ਬਾਹਰ ਨਾ ਕੱਢ ਸਕਿਆ। ਅਖ਼ੀਰ, ਸਕਾਲਰਸ਼ਿਪ ਰੌਸ਼ਨੀ ਦੀ ਕਿਰਨ ਬਣ ਕੇ ਉੱਭਰੀ।
ਉਹ ਕਲਰਕ ਨੂੰ ਮਿਲ਼ਿਆ ਤੇ ਸਕਾਲਰਸ਼ਿਪ ਦੀ ਮਿਲ਼ਣ ਵਾਲ਼ੀ ਰਾਸ਼ੀ ਵਿੱਚੋਂ ਫ਼ੀਸ ਦੇ ਪੈਸੇ ਕੱਟ ਲੈਣ ਦੀ ਬੇਨਤੀ ਕੀਤੀ। ਅਖ਼ੀਰ ਕਲਰਕ ਨੇ ਇੱਕ ਸ਼ਰਤ 'ਤੇ ਹਾਮੀ ਭਰੀ। ਸ਼ੋਂਤੂ ਨੂੰ ਦੇਨਾ ਬੈਂਕ ਦੀ ਵਿਜੈਨਗਰ ਸ਼ਾਖਾ ਵਿਖੇ ਆਪਣਾ ਖਾਤਾ ਖੁੱਲ੍ਹਵਾਉਣਾ ਪੈਣਾ ਸੀ ਤੇ ਬਤੌਰ ਸਕਿਊਰਿਟੀ ਹਸਤਾਖ਼ਰ ਕੀਤਾ ਇੱਕ ਖਾਲੀ ਚੈੱਕ ਵੀ ਜਮ੍ਹਾ ਕਰਵਾਉਣਾ ਪੈਣਾ ਸੀ। ਸ਼ੋਂਤੂ ਕੋਲ਼ ਤਾਂ ਖਾਤਾ ਖੁੱਲ੍ਹਵਾਉਣ ਲਈ ਲੋੜੀਂਦੇ 500 ਰੁਪਏ ਤੱਕ ਨਹੀਂ ਸਨ।
ਵੈਸੇ ਬੈਂਕ ਆਫ਼ ਬੜੌਦਾ ਵਿੱਚ ਉਹਦਾ ਖਾਤਾ ਤਾਂ ਸੀ ਪਰ ਬੈਂਕ ਨੇ ਸਿਰਫ਼ 700 ਰੁਪਏ ਦੀ ਜਮ੍ਹਾ ਰਾਸ਼ੀ 'ਤੇ ਚੈੱਕ ਬੁੱਕ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਉਹਨੇ ਆਪਣੇ ਜਾਣਕਾਰ, ਰਮੇਸ਼ਭਾਈ ਸੋਲਾਂਕੀ ਨੂੰ ਆਪਣੀ ਹਾਲਤ ਦੱਸੀ। ਰਮੇਸ਼ਭਾਈ ਨੂੰ ਸ਼ੋਂਤੂ ਦੀਆਂ ਗੱਲਾਂ 'ਤੇ ਯਕੀਨ ਕੀਤਾ ਤੇ ਉਹਨੂੰ ਦੇਨਾ ਬੈਂਕ ਤੋਂ ਇੱਕ ਖਾਲੀ ਚੈੱਕ ਦਵਾਇਆ ਜਿਸ 'ਤੇ ਉਨ੍ਹਾਂ ਦੇ ਆਪਣੇ ਹਸਤਾਖ਼ਰ ਸਨ। ਸ਼ੋਂਤੂ ਨੇ ਚੈੱਕ ਕਾਲਜ ਜਮ੍ਹਾ ਕਰਵਾਇਆ ਤੇ ਇੰਝ ਉਹਨੂੰ ਇਮਤਿਹਾਨ ਵਿੱਚ ਬੈਠਣ ਦੀ ਆਗਿਆ ਮਿਲ਼ੀ।
ਉਸ ਨੇ ਉੱਤਰੀ ਗੁਜਰਾਤ ਦੀ ਹੇਮਚੰਦਰਾਚਾਰੀਆਂ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਫ਼ਾਈਨਲ ਪੇਪਰਾਂ ਵਿੱਚ 58 ਪ੍ਰਤੀਸ਼ਤ ਅੰਕ ਹਾਸਲ ਕੀਤੇ। ਪਰ ਉਸਨੂੰ ਮਾਰਕਸ਼ੀਟ ਕਦੇ ਨਹੀਂ ਦਿੱਤੀ ਗਈ।
ਸ਼ੋਂਤੂ ਨੇ ਨੌਕਰੀ ਲਈ ਅਪਲਾਈ ਕੀਤਾ, ਇਹ ਸੋਚ ਕੇ ਕਿ ਕਾਲ ਲੈਟਰ ਆਉਣ ਤੋਂ ਪਹਿਲਾਂ-ਪਹਿਲਾਂ ਮਾਰਕਸ਼ੀਟ ਤਾਂ ਮਿਲ਼ ਹੀ ਜਾਣੀ ਹੈ, ਪਰ ਮਾਰਕਸ਼ੀਟ ਨਹੀਂ ਮਿਲ਼ੀ। ਮਾਰਕਸ਼ੀਟ ਨੂੰ ਉਦੋਂ ਤੀਕਰ ਰੋਕੀ ਰੱਖਿਆ ਜਦੋਂ ਤੱਕ ਉਹਦੀ ਸਕਾਲਰਸ਼ਿਪ ਮਨਜ਼ੂਰ ਨਹੀਂ ਹੋ ਗਈ ਤੇ ਸ਼ੋਂਤੂ ਦੀ ਫ਼ੀਸ ਦਾ ਹਿਸਾਬ-ਕਿਤਾਬ ਨਹੀਂ ਹੋ ਗਿਆ। ਸ਼ੋਂਤੂ ਕਿਸੇ ਇੰਟਰਵਿਊ ਲਈ ਨਹੀਂ ਗਿਆ ਕਿਉਂਕਿ ਉਹਦੇ ਕੋਲ਼ ਅਸਲੀ ਮਾਰਕਸ਼ੀਟ ਤਾਂ ਸੀ ਹੀ ਨਹੀਂ, ਜੋ ਲੋੜੀਂਦੀ ਸੀ।
ਉਹਨੇ ਸਾਬਰਕਾਂਠਾ ਦੇ ਇਦਰ ਵਿਖੇ ਨਵੇਂ ਖੁੱਲ੍ਹੇ ਆਈਟੀਆਈ ਕਾਲਜ ਵਿੱਚ ਮਹਿਜ 2,500 ਰੁਪਏ ਤਨਖ਼ਾਹ 'ਤੇ ਕੰਮ ਕਰਨਾ ਸ਼ੁਰੂ ਕੀਤਾ, ਉਹ ਵੀ ਇਸ ਸ਼ਰਤ 'ਤੇ ਕਿ ਉਹ ਇੱਕ ਮਹੀਨੇ ਦੇ ਅੰਦਰ-ਅੰਦਰ ਆਪਣੀ ਮਾਰਕਸ਼ੀਟ ਪੇਸ਼ ਕਰੇਗਾ। ਪਰ ਇੱਕ ਮਹੀਨੇ ਤੋਂ ਬਾਅਦ ਵੀ, ਮਾਰਕਸ਼ੀਟ ਨਾ ਮਿਲ਼ੀ। ਜਦੋਂ ਉਹਨੇ ਸਮਾਜ ਭਲਾਈ ਵਿਭਾਗ ਦੇ ਦਫ਼ਤਰੋਂ ਪੁੱਛ-ਪੜਤਾਲ਼ ਕੀਤੀ ਤਾਂ ਪਤਾ ਚੱਲਿਆ ਕਿ ਸਕਾਲਰਸ਼ਿਪ ਦੀ ਰਾਸ਼ੀ ਤਾਂ ਪਹਿਲਾਂ ਹੀ ਕਾਲਜ ਨੂੰ ਟ੍ਰਾਂਸਫਰ ਕਰ ਦਿੱਤੀ ਜਾ ਚੁੱਕੀ ਸੀ। ਸ਼ੋਂਤੂ ਵਿਜੈਨਗਰ ਗਿਆ ਤੇ ਕਲਰਕ ਨੂੰ ਮਿਲ਼ਿਆ। ਕਲਰਕ ਨੇ ਕਿਹਾ ਕਿ ਗ੍ਰਾਂਟ ਰਾਸ਼ੀ ਤਾਂ ਮਿਲ਼ ਚੁੱਕੀ ਹੈ ਪਰ ਕਾਲਜ ਵੱਲੋਂ ਪ੍ਰਵਾਨਗੀ ਮਿਲ਼ਣ 'ਤੇ ਹੀ ਉਹਦੀ ਫ਼ੀਸ ਕੱਟੀ ਜਾ ਸਕਦੀ ਸੀ। ਫਿਰ ਕਿਤੇ ਜਾ ਕੇ ਉਹਨੂੰ ਮਾਰਕਸ਼ੀਟ ਮਿਲ਼ ਸਕੇਗੀ।
ਤਦ ਸ਼ੋਂਤੂ ਨੇ ਰਮੇਸ਼ਭਾਈ ਵੱਲੋਂ ਸਾਈਨ ਕੀਤਾ ਖਾਲੀ ਚੈੱਕ ਵਾਪਸ ਮੰਗਿਆ। ''ਉਹ ਤੈਨੂੰ ਮਿਲ਼ ਜਾਊਗਾ,'' ਕਲਰਕ ਨੇ ਖਰ੍ਹਵਾ ਜਵਾਬ ਦਿੱਤਾ ਤੇ ਉਹਨੂੰ ਦੋਬਾਰਾ ਆਉਣ ਦੀ ਖੇਚਲ ਨਾ ਕਰਨ ਲਈ ਕਿਹਾ। ''ਬੱਸ ਮੈਨੂੰ ਫ਼ੋਨ ਕਰ ਲਵੀਂ ਤੇ ਆਪਣਾ ਖਾਤਾ ਨੰਬਰ ਦੱਸ ਦੇਵੀਂ,'' ਕਲਰਕ ਨੇ ਕਿਹਾ। ਸ਼ੋਂਤੂ ਨੇ ਦੀਵਾਲੀ ਤੇ ਨਵੇਂ ਸਾਲ ਦੇ ਵਿਚਕਾਰਲੇ ਕਿਸੇ ਦਿਨ ਕਲਰਕ ਨੂੰ ਫ਼ੋਨ ਕੀਤਾ। ਕਲਰਕ ਨੇ ਅੱਗੋਂ ਪੁੱਛਿਆਂ,''ਤੇਰਾ ਖਾਤਾ ਕਿਹੜੀ ਬੈਂਕ ਵਿੱਚ ਹੈ?'' ''ਬੜੌਦਾ ਬੈਂਕ,'' ਸ਼ੋਂਤੂ ਨੇ ਜਵਾਬ ਦਿੱਤਾ। ਕਲਰਕ ਨੇ ਮੋੜਵੇਂ ਜਵਾਬ ਵਿੱਚ ਕਿਹਾ,''ਪਹਿਲਾਂ ਤੈਨੂੰ ਦੇਨਾ ਬੈਂਕ ਵਿੱਚ ਖਾਤਾ ਖੋਲ੍ਹਣਾ ਪੈਣਾ ਏ।''
ਅਖ਼ੀਰ ਜੂਨ 2021 ਨੂੰ ਸ਼ੋਂਤੂ ਨੂੰ ਸਰਵ-ਸਿੱਖਿਆ ਅਭਿਆਨ ਤਹਿਤ 11 ਮਹੀਨਿਆਂ ਲਈ ਠੇਕੇ ਦੀ ਨੌਕਰੀ ਮਿਲ਼ ਗਈ ਜੋ ਕਿ ਸਾਬਰਕਾਂਠਾ ਜ਼ਿਲ੍ਹੇ ਦੇ ਬੀਆਰਸੀ ਭਵਨ ਖੇਡਬ੍ਰਹਮਾ ਵਿੱਚ ਸੀ। ਇਸ ਵੇਲ਼ੇ ਉਹ ਡਾਟਾ ਐਂਟਰੀ ਅਪਰੇਟਰ ਸਹਿ ਆਫ਼ਿਸ ਅਸਸਿਟੈਂਟ ਵਜੋਂ ਕੰਮ ਕਰ ਰਿਹਾ ਹੈ ਤੇ ਮਹੀਨੇ ਦੇ 10,500 ਰੁਪਏ ਕਮਾ ਰਿਹਾ ਹੈ।
ਇਹ ਕਹਾਣੀ ਲੇਖਕ ਦੇ ਗੁਜਾਰਾਤੀ ਵਿੱਚ ਸਿਰਜਣਾਤਮਕ ਗ਼ੈਰ-ਗਲਪ ਸੰਗ੍ਰਹਿ , ਮਾਟੀ ਤੋਂ ਤਿਆਰ ਕੀਤੀ ਗਈ ਹੈ।
ਤਰਜਮਾ: ਕਮਲਜੀਤ ਕੌਰ