ਬੇਲਡਾਂਗਾ ਸ਼ਹਿਰ ਤੋਂ ਕੋਲਕਾਤਾ ਨੂੰ ਜਾਣ ਵਾਲ਼ੀ ਹਜ਼ਾਰੀਦਵਾਰੀ ਐਕਸਪ੍ਰੈੱਸ ਅਜੇ ਹੁਣੇ ਪਲਾਸੀ ਵਿੱਚੋਂ ਦੀ ਹੋ ਕੇ ਲੰਘੀ ਅਤੇ ਅਚਾਨਕ ਹੀ ਇੱਕਤਾਰਾ ਦੀ ਅਵਾਜ਼ ਡੱਬੇ ਵਿੱਚ ਤੈਰਨ ਲੱਗੀ। ਅਚਾਨਕ ਸੰਜੈ ਬਿਸ਼ਵਾਸ ਸਾਹਮਣੇ ਆਉਂਦੇ ਹਨ ਅਤੇ ਉਨ੍ਹਾਂ ਦੇ ਕੋਲ਼ ਲੱਕੜ ਦੇ ਸਾਜੋ-ਸਮਾਨ- ਇੱਕ ਚਰਖਾ, ਟੇਬਲ-ਲੈਂਪ, ਕਾਰ, ਬੱਸ- ਨਾਲ਼ ਭਰੀ ਵੱਡੀ ਸਾਰੀ ਟੋਕਰੀ ਹੈ ਅਤੇ ਉਨ੍ਹਾਂ ਨੇ ਇੱਕਤਾਰਾ ਫੜ੍ਹਿਆ ਹੋਇਆ ਹੈ।
ਇੱਕ ਪਾਸੇ ਭਾਵੇਂ ਚੀਨ ਦਾ ਬਣਿਆ ਰੰਗ-ਬਿਰੰਗਾ ਸਮਾਨ (ਖਿਡੌਣੇ, ਚਾਬੀ ਦੇ ਛੱਲੇ, ਛੱਤਰੀਆਂ, ਟੋਰਚਾਂ, ਲਾਈਟਰ) ਹੈ ਪਰ ਫਿਰ ਵੀ ਲੱਕੜ ਦੇ ਸਮਾਨ 'ਤੇ ਹੱਥੀਂ ਕੀਤੀ ਇਸ ਸੂਖ਼ਮ ਕਲਾਕਾਰੀ ਦੀ ਤਾਂ ਗੱਲ ਹੀ ਅਲੱਗ ਹੈ। ਡੱਬੇ ਵਿੱਚ ਹੋਰ ਵੀ ਕਈ ਫੇਰੀ ਵਾਲ਼ੇ ਰੁਮਾਲ, ਪੰਚਾਂਗ, ਮਹਿੰਦੀ ਦੀ ਕਿਤਾਬ, ਝਾਲ਼-ਮੁੜੀ, ਉਬਲ਼ੇ ਆਂਡੇ, ਚਾਹ, ਮੂੰਗਫਲੀ, ਸਮੋਸੇ ਅਤੇ ਮਿਨਰਲ ਵਾਟਰ ਵਗੈਰਾ ਵੇਚ ਰਹੇ ਹਨ। ਇਨ੍ਹਾਂ ਰੇਲਾਂ ਵਿੱਚ ਹਰੇਕ ਸਮਾਨ ਵੇਚਣ ਵਾਲ਼ੇ ਵੈਂਡਰ ਲਈ ਰੂਟ ਅਤੇ ਡੱਬੇ ਤੈਅ ਕੀਤੇ ਗਏ ਹੁੰਦੇ ਹਨ।
ਯਾਤਰੀ ਸੌਦੇਬਾਜ਼ੀ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਫ਼ੇਰੀਵਾਲ਼ੇ, ਮੁਰਸ਼ਿਦਾਬਾਦ ਜ਼ਿਲ੍ਹੇ ਦੇ ਬਹਰਾਮਪੁਰ ਸਬ-ਡਿਵੀਜ਼ਨ ਦੇ ਬੇਲਡਾਂਗਾ ਅਤੇ ਰਾਨਾਘਾਟ ਦਰਮਿਆਨ 100 ਕਿਲੋਮੀਟਰ ਦੀ ਦੂਰੀ ਨੂੰ ਰੇਲ ਰਾਹੀਂ ਦੋ ਘੰਟਿਆਂ ਵਿੱਚ ਤੈਅ ਕਰਦਿਆਂ, ਫੁਰਤੀ ਨਾਲ਼ ਵਪਾਰ ਕਰ ਲੈਂਦੇ ਹਨ। ਬਹੁਤੇਰੇ ਫੇਰੀਵਾਲ਼ੇ ਰਾਨਾਘਾਟ ਉੱਤਰ ਜਾਂਦੇ ਹਨ ਅਤੇ ਕੁਝ ਕੁ ਕ੍ਰਿਸ਼ਨਾਨਗਰ ਉੱਤਰਦੇ ਹਨ। ਇਹ ਦੋਵੇਂ ਥਾਵਾਂ ਹੀ ਇਸ ਸਫ਼ਰ ਦੇ ਮੁੱਖ ਰੇਲਵੇ ਜੰਕਸ਼ਨ ਹਨ। ਇੱਥੋਂ ਸਾਰੇ ਲੋਕ ਆਪਣੇ ਪਿੰਡਾਂ ਅਤੇ ਕਸਬਿਆਂ ਤੱਕ ਜਾਣ ਲਈ ਲੋਕਲ ਰੇਲਾਂ ਫੜ੍ਹਦੇ ਹਨ।
ਕਿਸੇ ਨੇ ਸੰਜੈ ਕੋਲ਼ੋਂ ਇੱਕਤਾਰਾ ਦਾ ਭਾਅ ਪੁੱਛਿਆ। ਉਹ ਕਹਿੰਦੇ ਹਨ 300 ਰੁਪਏ। ਸੰਭਾਵਤ ਖਰੀਦਦਾਰ ਲੈਣ ਤੋਂ ਮਨ੍ਹਾ ਕਰਦਾ ਹੈ। ਸੰਜੈ ਕਹਿੰਦੇ ਹਨ,''ਇਹ ਸਸਤਾ ਖਿਡੌਣਾ ਨਹੀਂ ਹੈ, ਮੈਂ ਇਹਨੂੰ ਬੜੀ ਬਰੀਕੀ ਤੇ ਸਾਂਭ-ਸੰਭਾਲ਼ ਨਾਲ਼ ਬਣਾਉਂਦਾ ਹਾਂ। ਇਸ ਵਿੱਚ ਇਸਤੇਮਾਲ ਹੋਏ ਕੱਚੇ ਮਾਲ਼ ਦੀ ਕੁਆਲਿਟੀ ਬੇਹੱਦ ਸ਼ਾਨਦਾਰ ਹੈ। ਤੁਸੀਂ ਇੱਕਤਾਰੇ ਦੇ ਹੇਠਾਂ ਜੋ ਹਿੱਸੇ ਦੇਖ ਰਹੇ ਹੋ, ਉਹ ਅਸਲੀ ਚਮੜਾ ਹੈ।'' ਇੱਕ ਹੋਰ ਯਾਤਰੀ ਤਰਕ ਦਿੰਦਾ ਹੈ: ''ਲੋਕਲ ਮੇਲਿਆਂ 'ਤੇ ਇਹ ਬੜਾ ਸਸਤਾ ਮਿਲ਼ ਜਾਂਦਾ ਹੈ।'' ਜਵਾਬ ਵਿੱਚ ਸੰਜੈ ਕਹਿੰਦੇ ਹਨ,''ਇਹ ਓਹ ਸਸਤਾ ਵਾਲ਼ਾ ਇੱਕਤਾਰਾ ਨਹੀਂ ਜੋ ਤੁਹਾਨੂੰ ਲੋਕਲ ਮੇਲਿਆਂ 'ਤੇ ਮਿਲ਼ਦਾ ਹੈ। ਮੇਰਾ ਕੰਮ ਲੋਕਾਂ ਨੂੰ ਧੋਖਾ ਦੇਣਾ ਨਹੀਂ ਹੈ।''
ਉਹ ਡੱਬੇ ਦੇ ਗਲਿਆਰੇ ਵਿੱਚ ਰਤਾ ਅੱਗੇ ਵੱਧਦੇ ਹਨ, ਆਪਣੀਆਂ ਕਲਾਕ੍ਰਿਤੀਆਂ ਦਿਖਾਉਂਦੇ ਹੋਏ ਅਤੇ ਛੋਟੀ-ਛੋਟੀਆਂ ਚੀਜ਼ਾਂ ਵੇਚਦੇ ਹੋਏ। ''ਤੁਸੀਂ ਇਨ੍ਹਾਂ ਨੂੰ ਛੂਹ ਕੇ ਫੜ੍ਹ ਕੇ ਦੇਖੋ, ਇਨ੍ਹਾਂ ਨੂੰ ਫੜ੍ਹ ਕੇ ਦੇਖਣ ਦੀ ਕੋਈ ਕੀਮਤ ਨਹੀਂ।'' ਇਸੇ ਦਰਮਿਆਨ ਇੱਕ ਜੋਸ਼ ਨਾਲ਼ ਭਰਿਆ ਜੋੜਾ ਬਗ਼ੈਰ ਸੌਦੇਬਾਜ਼ੀ ਕੀਤਿਆਂ ਇੱਕਤਾਰਾ ਖਰੀਦ ਲੈਂਦਾ ਹੈ। ਸੰਜੈ ਦਾ ਚਿਹਰਾ ਚਮਕ ਉੱਠਦਾ ਹੈ। ''ਇਹਨੂੰ ਬਣਾਉਣ ਲਈ ਬੜੀ ਮਿਹਨਤ ਲੱਗੀ ਹੈ- ਇਹਦੀ ਧੁਨ ਸੁਣ ਕੇ ਦੇਖੋ।''




