ਜਦੋਂ ਤੱਕ ਇਸ ਭੂਚਾਲ਼ ਦੇ ਝਟਕੇ ਸ਼ਾਹੀ ਦਰਬਾਰ ਤੀਕਰ ਪਹੁੰਚਦੇ ਬੜੀ ਦੇਰ ਹੋ ਚੁੱਕੀ ਸੀ। ਦੇਰ ਹੋ ਚੁੱਕੀ ਸੀ ਇਨ੍ਹਾਂ ਤਿੜਕੇ ਬੁਰਜ਼ਾਂ ਦੀ ਮੁਰੰਮਤ ਵਿੱਚ... ਦੇਰ ਹੋ ਚੁੱਕੀ ਸੀ ਉਸ ਤਾਨਾਸ਼ਾਹ ਦੇ ਝੰਡਾ ਬਰਦਾਰ ਨੂੰ ਝੰਡਾ ਉੱਚਾ ਚੁੱਕੀ ਰੱਖਣ ਵਿੱਚ।
ਇੱਕ ਖਾਈ ਇੱਕ ਪਾੜਾ ਹੁਕਮਰਾਨ ਲਈ ਫ਼ਖਰ ਦੀ ਗੱਲ ਹੁੰਦਾ ਹੈ। ਦੇਖੋ, ਉਸੇ ਖਾਈ ਵਿੱਚੋਂ ਕਣਕ ਦੀ ਬੱਲੀ ਨੇ ਮਹਿਕਾਂ ਛੱਡੀਆਂ, ਹਾਕਮ ਦੀ ਨਫ਼ਰਤੀ ਖਾਈ ਨਾਲ਼ੋਂ ਕਿਤੇ ਡੂੰਘੀ ਹੋ ਨਿਬੜੀ ਲੋਕਾਈ ਦੀ ਭੁੱਖ, ਜੋ ਚੌੜੀ ਹੈ ਉਸ ਦੀ ਅਕਾਸ਼ਗੰਗਾ ਜਿੰਨੀ ਚੌੜੀ ਛਾਤੀ ਨਾਲ਼ੋਂ, ਭੁੱਖ ਜਿਹਨੇ ਦੌੜ ਲਾਈ ਉਹਦੇ ਮਹਿਲੀਂ, ਗਲ਼ੀਆਂ ਪਾਰ ਕਰਦੀ ਹੋਈ ਬਜ਼ਾਰਾਂ ਨੂੰ ਪਿਛਾਂਹ ਛੱਡਦੀ ਹੋਈ, ਗਊਸ਼ਾਲਾਵਾਂ ਦੀਆਂ ਕੰਧਾਂ ਨੂੰ ਟੱਪ ਨਿਕਲ਼ ਬਾਹਰ ਗਈ। ਪਰ...ਸੱਚੀਓ ਬੜੀ ਦੇਰੀ ਹੋ ਗਈ।
ਦੇਰ ਹੋ ਗਈ... ਹਾਕਮ ਦੇ ਪਾਲਤੂ ਕਾਵਾਂ ਨੂੰ ਖੁੱਲ੍ਹਿਆਂ ਛੱਡਣ ਵਿੱਚ, ਕਾਵਾਂ-ਰੌਲ਼ੀ ਪਾਉਂਦੇ ਅਤੇ ਗਾਹ ਪਾਉਂਦੇ ਕਾਵਾਂ ਨੂੰ ਦੇਰ ਹੋ ਗਈ। ਦੇਰ ਹੋ ਗਈ ਲਰਜ਼ ਪੈਦਾ ਕਰਦੇ ਇਸ ਝੁੰਡ ਨੂੰ ਦਹਿਸ਼ਤਗਰਦ ਐਲਾਨਨ ਵਿੱਚ। ਹਾਏ ਦੇਰ ਹੋ ਗਈ ਕਦਮਤਾਲ ਕਰਦੇ ਪੈਰਾਂ ਨੂੰ ਤੁੱਛ ਕਹਿਣ ਵਿੱਚ। ਹਾਏ ਉਹ ਲਹੂ-ਲੁਹਾਨ ਛਾਲਿਆਂ ਮਾਰੇ ਧੁੱਪ ਸੰਵਲਾਏ ਪੈਰ, ਇਹ ਲੜਖੜਾਉਂਦੇ ਪੈਰ ਉਹਦਾ ਸਿੰਘਾਸਨ ਕਿਵੇਂ ਡੁਲਾਉਣਗੇ! ਬੜੀ ਦੇਰ ਹੋ ਗਈ ਇਹ ਪ੍ਰਚਾਰਨ ਵਿੱਚ ਕਿ ਇਹ ਪਵਿੱਤਰ ਸਾਮਰਾਜ ਹਜ਼ਾਰਾਂ-ਹਜ਼ਾਰ ਸਾਲ ਚੱਲੇਗਾ... ਉਨ੍ਹਾਂ ਦੇ ਦਿਮਾਗ਼ਾਂ ਵਿੱਚ ਤੂੜੀ ਭਰਨ ਲਈ ਸੱਚਿਓ ਦੇਰੀ ਹੋ ਗਈ। ਕਿਸਾਨੀਂ ਹੱਥ ਜੋ ਮਿੱਟੀ ਨੂੰ ਸੋਨਾ ਬਣਾ ਦੇਣ, ਸੁਨਹਿਰੀ ਫ਼ਸਲਾਂ ਉਗਾ ਦੇਣ... ਦੇਖੋ ਉਹੀ ਹੱਥ ਆਸਮਾਨ ਛੂਹ ਰਹੇ ਸਨ।
ਪਰ ਦੇਖੋ ਇਨ੍ਹਾਂ ਸ਼ੈਤਾਨੀ ਮੁੱਠੀਆਂ ਵੱਲ... ਇਹ ਕਿਸਦੀਆਂ ਸਨ? ਉਨ੍ਹਾਂ ਵਿੱਚੋਂ ਅੱਧੀਆਂ ਔਰਤਾਂ ਸਨ ਅਤੇ ਇੱਕ-ਤਿਹਾਈ ਉਹ ਜਿਨ੍ਹਾਂ ਨੇ ਦਾਸਤਾ ਦੇ ਜੂਲੇ ਨੂੰ ਕਿਸਮਤ ਦਾ ਨਾਮ ਦਿੱਤਾ, ਇੱਕ ਚੌਥਾਈ ਮੁੱਠੀਆਂ ਖ਼ੁਦ ਨੂੰ ਬਾਕੀ ਸਭ ਨਾਲ਼ੋਂ ਪ੍ਰਾਚੀਨ ਮੁੱਠੀਆਂ ਕਹਿੰਦੀਆਂ ਸਨ। ਕੁਝ ਸ਼ਾਨਦਾਰ ਇੰਦਰਧਨੁਖ ਨਾਲ਼ ਸਜੀਆਂ ਸਨ, ਕਈ ਸੁਰਖ਼ ਲਾਲ ਰੰਗ ਨਾਲ਼ ਲਿਬੜੀਆਂ ਅਤੇ ਕਈ ਪੀਲ਼ੇ ਰੰਗ ਨਾਲ਼.. ਕੁਝ ਕੁ ਮੁੱਠੀਆਂ ਲੀਰੋ-ਲੀਰ ਸਨ। ਚੀਥੜੇ ਜੋ ਇੱਕ ਬਾਦਸ਼ਾਹ ਦੀਆਂ ਬੇਸ਼ਕੀਮਤੀ ਪੁਸ਼ਾਕਾਂ ਨਾਲ਼ੋਂ ਕਿਤੇ ਵੱਧ ਕੀਮਤੀ ਸਨ। ਉਹ ਸਨ ਜੀਵਨ ਦੇ ਹਰਕਾਰੇ... ਮੌਤ ਨੂੰ ਹਰਾਉਣ ਵਾਲ਼ੇ ਜੋ ਤੁਰਦੇ ਜਾਂਦੇ, ਗਾਉਂਦੇ ਜਾਂਦੇ, ਮੁਸਕਰਾਉਂਦੇ ਜਾਂਦੇ ਅਤੇ ਆਪਣੀ ਕਰਨੀ ਤੋਂ ਸੁਰਖ਼ਰੂ ਸਨ। ਦੇਖੋ ਉਹ ਤਾਂ ਹਲ-ਵਾਹਕ ਸਨ ਜੰਗਲੀ ਜਿਹੇ ਗੰਵਾਰ ਜਿਹੇ... ਪਰ ਫਿਰ ਵੀ ਜਿਨ੍ਹਾਂ ਨੂੰ ਮਾਰ ਨਾ ਸਕੀਆਂ ਉਨ੍ਹਾਂ ਦੀਆਂ ਪਵਿੱਤਰ ਗੁਲੇਲਾਂ ਅਤੇ ਬੰਦੂਕਾਂ ਵੀ ।
ਜਦੋਂ ਤੱਕ ਇਸ ਭੂਚਾਲ਼ ਦੇ ਝਟਕੇ ਉਸ ਸੁਰਾਖ਼ ਤੀਕਰ ਅੱਪੜਦੇ ਜਿੱਥੇ ਕਦੇ ਦਿਲ ਧੜਕਦਾ ਹੋਣਾ... ਸੱਚਿਓ ਬੜੀ ਦੇਰ ਹੋ ਚੁੱਕੀ ਸੀ।



