ਕੀ ਇਸ ਨਗਰ ਦੇ ਬੱਚੇ ਯਤੀਮ ਨੇ?
1. ਕੈਲੰਡਰ ਦੇਖੋ
ਅਗਸਤ ਆਉਂਦਾ ਏ ਬੀਤ ਜਾਂਦਾ ਏ
ਜੋ ਨਹੀਂ ਬਿਤਾ ਪਾਉਂਦੇ, ਉਨ੍ਹਾਂ ਦੀਆਂ ਅੱਖਾਂ ਵਹਾ ਦਿੰਦੀਆਂ ਨੇ
ਕੰਬਦੇ ਹੱਥਾਂ ਤੋਂ ਡਿੱਗਦਾ ਐ ਤੇ ਟੁੱਟ ਜਾਂਦਾ ਏ
ਨੱਕ ਅੰਦਰ ਸਾਹ ਨਹੀਂ ਵੜ੍ਹਨ ਦਿੰਦਾ
ਸਾਹ ਖੋਹ ਲੈਂਦਾ ਹੈ
ਕਈਆਂ ਲਈ ਮਾੜਾ ਸੁਪਨਾ
ਕਈਆਂ ਦੇ ਗਲ਼ੇ ਦੀ ਹੱਡੀ ਹੈ
ਮੇਰੇ ਗੋਰਖਪੁਰ ਦੀਆਂ ਮਾਵਾਂ ਦਾ
ਲਾਲ ਹੈ
ਕਈਆਂ ਲਈ ਅਗਸਤ, ਪੂਰਾ ਇੱਕ ਸਾਲ ਹੈ
2. ਪਰ ਮਾਵਾਂ ਦਾ ਡਰ ਜਾਇਜ਼ ਨਹੀਂ
ਪਿਤਾ ਨੇ ਵੀ ਝੂਠ ਬੋਲਿਐ ਸਭ ਕਹਿੰਦੇ ਨੇ
ਹਸਪਤਾਲਾਂ 'ਚ ਜੀਵਨ-ਦੇਊ ਹਵਾ ਦਾ ਨਾ ਮਿਲ਼ਣਾ
ਇੱਕ ਮੁਗ਼ਲਾਂ ਦੀ ਸਾਜ਼ਸ਼ ਸੀ
ਅਸਲ ਵਿੱਚ ਇੰਨੀ ਆਕਸੀਜਨ ਸੀ
ਕਿ ਹਰ ਗਲੀਏ ਹਰ ਨੁੱਕੜ 'ਤੇ
ਆਕਸੀਜਨ ਲੈਂਦੀ ਅਤੇ ਛੱਡਦੀ ਨਜ਼ਰੀਂ ਪੈਂਦੀ ਹੈ ਗਊ ਮਾਤਾ
ਇੰਨਾ ਆਮ ਸ਼ਬਦ ਹੈ ਆਕਸੀਜਨ ਕਿ ਨਾਂਅ ਲੈਂਦੇ ਹੀ
ਸਾਹ ਘੁੱਟਣ ਲੱਗਦੈ
3. ਇਹ ਕੀਹਦੇ ਬੱਚੇ ਨੇ ਜੋ ਯਤੀਮ ਪਏ ਜਾਪਦੇ ਨੇ
ਇਹ ਕੀਹਦੇ ਬੱਚੇ ਨੇ ਜਿਨ੍ਹਾਂ ਨੂੰ ਮੱਛਰ ਕੱਟ ਜਾਂਦਾ ਏ
ਇਹ ਕੀਹਦੇ ਬੱਚੇ ਨੇ
ਜਿਨ੍ਹਾਂ ਦੇ ਹੱਥਾਂ 'ਚ ਬੰਸਰੀ ਨਹੀਂ
ਕੌਣ ਨੇ ਇਨ੍ਹਾਂ ਦੇ ਮਾਂ-ਬਾਪ
ਕਿੱਥੋਂ ਆਉਂਦੇ ਨੇ ਇਹ ਲੋਕ...
ਜਿਨ੍ਹਾਂ ਦੀਆਂ ਝੁੱਗੀਆਂ ਦੂਜੀ ਦੁਨੀਆ
ਦੀਆਂ ਝਾਂਕੀਆਂ ਵਿੱਚ ਸ਼ਾਮਲ ਨੀਂ ਹੁੰਦੀਆਂ
ਜਿਨ੍ਹਾਂ ਦੇ ਘਰਾਂ ਅੰਦਰ ਅੱਧੀ ਰਾਤੀਂ
ਅਵਤਾਰ ਨੀਂ ਲੈਂਦੇ ਭਗਵਾਨ ਕ੍ਰਿਸ਼ਨ
ਬੱਸ ਜੰਮ ਪੈਂਦੇ ਨੇ
ਅਤੇ ਇਨ੍ਹਾਂ ਨੂੰ ਆਕਸੀਜਨ ਚਾਹੀਦੀ ਏ!
ਚਾਹੀਦਾ ਇਨ੍ਹਾਂ ਨੂੰ ਹਸਪਤਾਲ ਦਾ ਬੈੱਡ ਵੀ!
ਕਮਾਲ ਦੀ ਗੱਲ ਆ!
4. ਗੋਰਖ ਦੀ ਧਰਤੀ ਹੁਣ ਫਟੀ ਕਿ ਫਟੀ
ਕਬੀਰ ਸ਼ੌਕ ਨਾਚ 'ਚ ਰੁਝੇ ਨੇ
ਲਪਟਾਂ 'ਚ ਪਏ ਮੱਚਦੇ ਨੇ ਰਾਪਤੀ ਦੇ ਕੰਢੇ
ਜਿਸ ਸ਼ਹਿਰ ਨੇ ਵੈਣ ਪਾਉਣੇ ਸਨ
ਉਹਦੀ ਅਵਾਜ਼ ਬੰਦ ਏ
ਸੂਬੇ ਦੇ ਮਹੰਤ ਦਾ ਕਹਿਣਾ ਏ
ਦੇਵਤਾਵਾਂ ਦਾ ਪਵਿੱਤਰੀਕਰਨ
ਬੱਚਿਆਂ ਦੀ ਬਲ਼ੀ ਪਿਆ ਮੰਗਦੈ



