''ਕਿਸੇ ਨੂੰ ਇਹ ਗੀਤ ਪੜ੍ਹਨ ਲਈ ਕਹੋ ਅਤੇ ਮੈਂ ਉਨ੍ਹਾਂ ਨੂੰ ਦੁਬਾਰਾ ਤੁਹਾਡੇ ਲਈ ਤਿਆਰ ਕਰਾਂਗਾ ਅਤੇ ਗਾਵਾਂਗਾ ਵੀ,'' ਦਾਦੂ ਸਾਲਵੇ ਸਾਨੂੰ ਦੱਸਦੇ ਹਨ।
ਆਪਣੀ ਉਮਰ ਦੇ ਸੱਤਰਵਿਆਂ ਵਿੱਚ ਅਪੜਨ ਵਾਲ਼ੇ, ਅੰਬੇਦਕਰਵਾਦੀ ਲਹਿਰ ਦੇ ਪ੍ਰਤੀਬੱਧ ਸਿਪਾਹੀ, ਇਸ ਬਜ਼ੁਰਗ ਨੇ ਨਾ-ਬਰਾਬਰੀ ਖ਼ਿਲਾਫ਼ ਅੱਜ ਵੀ ਆਪਣੀ ਅਵਾਜ਼ ਬੁਲੰਦ ਰੱਖੀ ਹੋਈ ਹੈ ਤੇ ਉਹਦੇ ਹੱਥਾਂ ਨੇ ਸਮਾਜਿਕ ਤਬਦੀਲੀ ਲਿਆਉਣ ਹਰਮੋਨੀਅਮ ਵਜਾਉਣਾ ਜਾਰੀ ਰੱਖਿਆ ਹੈ।
ਅਹਿਮਦਨਗਰ ਸ਼ਹਿਰ ਵਿਖੇ ਆਪਣੇ ਇੱਕ ਕਮਰੇ ਦੇ ਘਰ ਵਿੱਚ, ਅੰਬੇਦਕਰ ਨੂੰ ਸ਼ਰਧਾਂਜਲੀ ਦਿੰਦੇ ਇਸ ਬਜ਼ੁਰਗ ਦੇ ਜੀਵਨ ਦੀਆਂ ਕਈ ਪਰਤਾਂ ਖੁੱਲ੍ਹਦੀਆਂ ਹਨ। ਕੰਧ 'ਤੇ ਬਣੀ ਇੱਕ ਅਲਮਾਰੀ ਵਿੱਚ ਉਨ੍ਹਾਂ ਨੇ ਆਪਣੇ ਗੁਰੂ ਭੀਮ ਸ਼ਾਹੀਰ ਵਾਮਨਦਾਦਾ ਕਰਡਕ ਦੀ ਫ਼ੋਟੋ ਸਜਾਈ ਹੋਈ ਹੈ ਤੇ ਇੱਕ ਪਾਸੇ ਉਨ੍ਹਾਂ ਦੇ ਭਰੋਸੇਮੰਦ ਸਾਥੀ: ਉਨ੍ਹਾਂ ਦਾ ਹਰਮੋਨੀਅਮ, ਤਬਲਾ ਤੇ ਢੋਲਕੀ ਵੀ ਨਜ਼ਰ ਆ ਰਹੇ ਹਨ।
ਦਾਦੂ ਸਾਲਵੇ ਹੇਠਾਂ ਬਹਿ ਜਾਂਦੇ ਹਨ ਤੇ ਭੀਮ ਦੇ ਗੀਤ ਗਾਉਂਦਿਆਂ ਬਿਤਾਏ ਆਪਣੇ ਛੇ ਦਹਾਕਿਆਂ ਬਾਰੇ ਦੱਸਣ ਲੱਗਦੇ ਹਨ।
ਮਹਾਰਾਸ਼ਟਰ ਦੇ ਅਹਿਮਦਨਗਰ ਕਸਬੇ (ਜ਼ਿਲ੍ਹੇ) ਦੇ ਨਾਲੇਗਾਓਂ (ਜਿਹਨੂੰ ਗੌਤਮਨਗਰ ਵੀ ਕਿਹਾ ਜਾਂਦਾ ਹੈ) ਵਿਖੇ 9 ਜਨਵਰੀ 1952 ਨੂੰ ਸਾਲਵੇ ਦਾ ਜਨਮ ਹੋਇਆ। ਉਨ੍ਹਾਂ ਦੇ ਪਿਤਾ ਨਾਨਾ ਯਾਦਵ ਫ਼ੌਜ ਵਿੱਚ ਸਨ ਤੇ ਮਾਤਾ ਤੁਲਸਾਬਾਈ ਘਰ-ਬਾਰ ਸਾਂਭਦੀ ਦੇ ਦਿਹਾੜੀ-ਧੱਪਾ ਕਰਦੀ।
ਉਨ੍ਹਾਂ ਦੇ ਪਿਤਾ ਵਾਂਗਰ ਹੀ ਬ੍ਰਿਟਿਸ਼ ਸੈਨਾ ਲਈ ਕੰਮ ਕਰਨ ਵਾਲ਼ਿਆਂ ਨੇ ਦਲਿਤ ਮਾਨਸਿਕਤਾ ਵਿੱਚ ਬਦਲਾਅ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ। ਫਿਰ ਪੱਕੀ ਨੌਕਰੀ ਤੋਂ ਮਿਲ਼ਣ ਵਾਲ਼ੀ ਚੰਗੀ ਤਨਖ਼ਾਹ ਤੇ ਰੱਜਵੇਂ ਖਾਣੇ ਨੇ ਜੀਵਨ ਸੁਖਾਲ਼ਾ ਬਣਾਇਆ ਤੇ ਇੰਝ ਹਾਲਾਤਾਂ ਨੇ ਉਹ ਪੁਲ ਉਸਾਰਿਆ ਜਿਹਨੇ ਰਸਮੀ ਸਿੱਖਿਆ ਤੱਕ ਉਨ੍ਹਾਂ ਦੀ ਪਹੁੰਚ ਨੂੰ ਸੁਗਮ ਬਣਾਇਆ ਤੇ ਦੁਨੀਆ ਨੂੰ ਦੇਖਣ ਦੀ ਇੱਕ ਖਿੜਕੀ ਖੋਲ੍ਹੀ। ਇਸ ਸਭ ਨੇ ਦੁਨੀਆ ਨੂੰ ਦੇਖਣ ਦਾ ਉਨ੍ਹਾਂ ਦਾ ਨਜ਼ਰੀਆ ਬਦਲ ਦਿੱਤਾ ਤੇ ਇੰਝ ਉਹ ਜ਼ੁਲਮ ਖ਼ਿਲਾਫ਼ ਲੜਨ ਲਈ ਵੱਧ ਚੰਗੇ ਤਰੀਕੇ ਨਾਲ਼ ਲੈਸ ਹੋ ਸਕੇ ਤੇ ਪ੍ਰੇਰਿਤ ਵੀ।
ਫਿਰ ਦਾਦੂ ਦੇ ਪਿਤਾ ਸੈਨਾ 'ਚੋਂ ਸੇਵਾਮੁਕਤ ਹੋਏ ਤੇ ਭਾਰਤੀ ਡਾਕ ਵਿਭਾਗ ਲਈ ਕੰਮ ਕਰਨ ਲੱਗੇ। ਉਨ੍ਹੀਂ ਦਿਨੀਂ ਅੰਬੇਦਕਰਵਾਦੀ ਲਹਿਰ ਪੂਰੇ ਜ਼ੋਰਾਂ 'ਤੇ ਸੀ ਤੇ ਇਹਦੇ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਸੀ। ਲਹਿਰ ਵਿੱਚ ਆਪਣੇ ਪਿਤਾ ਦੀ ਸਰਗਰਮ ਭੂਮਿਕਾ ਕਾਰਨ ਹੀ ਦਾਦੂ ਨੂੰ ਇਸ ਅੰਦੋਲਨ ਨੂੰ ਅੰਦਰੋਂ ਮਹਿਸੂਸ ਕਰਨ ਤੇ ਸਮਝਣ ਦਾ ਮੌਕਾ ਮਿਲ਼ਿਆ।
ਆਪਣੇ ਮਾਪਿਆਂ ਤੋਂ ਛੁੱਟ ਜੋ ਵਿਅਕਤੀ ਦਾਦੂ ਲਈ ਪ੍ਰੇਰਨਾ ਦਾ ਸ੍ਰੋਤ ਬਣਿਆ, ਉਹ ਸੀ ਉਨ੍ਹਾਂ ਦੇ ਦਾਦਾ, ਯਾਦਵ ਸਾਲਵੇ, ਜਿਨ੍ਹਾਂ ਨੂੰ ਕਡੂਬਾਬਾ ਵੀ ਕਿਹਾ ਜਾਂਦਾ ਹੈ।
ਉਹ ਸਾਨੂੰ ਇੱਕ ਲੰਬੀ ਦਾੜ੍ਹੀ ਵਾਲ਼ੇ ਬਜ਼ੁਰਗ ਬੰਦੇ ਦੀ ਕਹਾਣੀ ਸੁਣਾਉਂਦੇ ਹਨ ਜਿਨ੍ਹਾਂ ਕੋਲ਼ੋਂ ਵਿਦੇਸ਼ੀ ਧਰਤੀ ਤੋਂ ਆਈ ਇੱਕ ਖੋਜਾਰਥੀ ਨੇ ਪੁੱਛਿਆ,''ਤੁਸੀਂ ਇੰਨੀ ਲੰਬੀ ਦਾੜ੍ਹੀ ਕਿਉਂ ਵਧਾਈ ਹੋਈ ਆ?'' ਇਹ ਸੁਣ 80 ਸਾਲਾ ਵਿਅਕਤੀ ਪਹਿਲਾਂ ਤਾਂ ਜ਼ਾਰੋ-ਜ਼ਾਰ ਰੋਇਆ; ਜਦੋਂ ਸ਼ਾਂਤ ਹੋਇਆ ਤਾਂ ਉਸ ਕੁੜੀ ਨੂੰ ਆਪਣੀ ਕਹਾਣੀ ਕਹਿ ਸੁਣਾਈ।
ਪਰ ਬਾਬਾਸਾਹੇਬ ਉਨ੍ਹਾਂ ਕੋਲ਼ ਆਉਣ ਦਾ ਸਮਾਂ ਨਾ ਕੱਢ ਸਕੇ ਤੇ ਇਸ ਬਜ਼ੁਰਗ ਬੰਦੇ ਨੂੰ ਫਿਰ ਕਦੇ ਆਉਣ ਦਾ ਵਾਅਦਾ ਦੇ ਗਏ। ਉਦੋਂ ਹੀ ਇਸ ਬੰਦੇ ਨੇ ਪ੍ਰਣ ਲਿਆ ਕਿ ਉਹ ਉਦੋਂ ਹੀ ਦਾੜ੍ਹੀ ਕਟਵਾਏਗਾ ਜਦੋਂ ਬਾਬਾਸਾਹੇਬ ਉਹਦੇ ਪਿੰਡ ਆਉਣਗੇ।
ਉਹਨੇ ਕਈ ਸਾਲ ਉਡੀਕ ਕੀਤੀ; ਉਹਦੀ ਦਾੜ੍ਹੀ ਵੀ ਵੱਧਦੀ ਚਲੀ ਗਈ। ਸਾਲ 1956 ਵਿੱਚ ਬਾਬਾਸਾਹੇਬ ਦੀ ਮੌਤ ਹੋ ਗਈ। ''ਦਾੜ੍ਹੀ ਸੀ ਕਿ ਵੱਧਦੀ ਰਹੀ। ਇਹ ਤਾਂ ਹੁਣ ਮੇਰੀ ਮੌਤ ਤੱਕ ਵੱਧਦੀ ਹੀ ਜਾਣੀ,'' ਬਜ਼ੁਰਗ ਆਦਮੀ ਨੇ ਹਿਰਖੇ ਮਨ ਨਾਲ਼ ਕਿਹਾ। ਇਹ ਖੋਜਰਾਥੀ ਅੰਬੇਦਕਰਵਾਦੀ ਲਹਿਰ ਦੀ ਮੰਨੀ-ਪ੍ਰਮੰਨੀ ਵਿਦਵਾਨ ਏਲੇਨੋਰ ਜੇਲਿਯਟ ਸੀ ਤੇ ਉਹ ਬਜ਼ੁਰਗ ਵਿਅਕਤੀ ਦਾਦੂ ਸਾਲਵੇ ਦੇ ਦਾਦਾ ਕਡੂਬਾਬਾ ਸਨ।
*****
ਜਦੋਂ ਦਾਦੂ ਅਜੇ ਮਹਿਜ ਪੰਜ ਦਿਨਾਂ ਦੇ ਸਨ ਤਾਂ ਉਨ੍ਹਾਂ ਦੀ ਨਜ਼ਰ ਚਲੀ ਗਈ। ਕਿਸੇ ਨੇ ਉਨ੍ਹਾਂ ਦੀਆਂ ਦੋਵਾਂ ਅੱਖਾਂ ਵਿੱਚ ਦਾਰੂ ਪਾ ਦਿੱਤਾ ਸੀ, ਜਿਸ ਨਾਲ਼ ਉਨ੍ਹਾਂ ਦੀਆਂ ਨਜ਼ਰਾਂ ਨੂੰ ਗੰਭੀਰ ਨੁਕਸਾਨ ਪੁੱਜਾ। ਕੋਈ ਵੀ ਇਲਾਜ ਕੰਮ ਨਾ ਆਇਆ ਤੇ ਉਹ ਦੋਬਾਰਾ ਕਦੇ ਦੇਖ ਨਾ ਸਕੇ। ਉਹ ਘਰੇ ਹੀ ਬੱਝ ਕੇ ਰਹਿ ਗਏ ਤੇ ਸਕੂਲੀ ਸਿੱਖਿਆ ਪ੍ਰਾਪਤ ਕਰਨ ਦੀ ਤਾਂ ਗੱਲ ਹੀ ਦੂਰ ਰਹੀ।
ਉਹ ਆਪਣੇ ਗੁਆਂਢ ਵਿੱਚ ਰਹਿੰਦੇ ਉਨ੍ਹਾਂ ਗਾਇਕਾਂ ਨਾਲ਼ ਜਾ ਰਲ਼ੇ, ਜੋ ਇੱਕਤਾਰੀ 'ਤੇ ਗਾਉਂਦੇ ਤੇ ਗਾਉਣ ਵੇਲ਼ੇ ਲੱਕੜ, ਚਮੜੇ ਤੇ ਧਾਤੂ ਦਾ ਬਣਿਆ ਥਪਕੀ ਵਾਲ਼ਾ ਸਾਜ਼, ਡਿਮਡੀ ਵਜਾਇਆ ਕਰਦੇ।
''ਮੈਨੂੰ ਅੱਜ ਵੀ ਚੇਤੇ ਹੈ ਕਿ ਕੋਈ ਆਇਆ ਤੇ ਉਹਨੇ ਦਾਦਾਸਾਹੇਬ ਦੀ ਮੌਤ ਦੀ ਖ਼ਬਰ ਸੁਣਾਈ। ਉਦੋਂ ਮੈਂ ਨਹੀਂ ਜਾਣਦਾ ਸੀ ਕਿ ਕੌਣ ਮਰਿਆ ਹੈ ਪਰ ਜਦੋਂ ਮੈਂ ਲੋਕਾਂ ਨੂੰ ਵਿਲ਼ਕਦਿਆਂ ਸੁਣਿਆ, ਮੈਂ ਸਮਝ ਗਿਆ ਕਿ ਉਹ ਕੋਈ ਨਾ ਕੋਈ ਹਸਤੀ ਸਨ,'' ਦਾਦੂ ਚੇਤੇ ਕਰਦੇ ਹਨ।
ਅਹਿਮਦਨਗਰ ਦੇ ਬਾਬਾਸਾਹੇਬ ਦੀਕਸ਼ਿਤ, ਦੱਤਾ ਗਿਆਨ ਮੰਦਰ ਨਾਮਕ ਸੰਗੀਤ ਸਕੂਲ ਚਲਾਉਂਦੇ ਸਨ ਪਰ ਦਾਦੂ ਉੱਥੋਂ ਦੀ ਫ਼ੀਸ ਨਹੀਂ ਭਰ ਸਕਦੇ ਸਨ। ਓਸ ਘੜੀ, ਰਿਪਬਲਿਕਨ ਪਾਰਟੀ ਦੇ ਐੱਮਐੱਲਏ, ਆਰ.ਡੀ. ਪਵਾਰ ਨੇ ਦਾਦੂ ਨੂੰ ਮਾਲ਼ੀ ਸਹਾਇਤਾ ਦੀ ਪੇਸ਼ਕਸ਼ ਕੀਤੀ ਤੇ ਇੰਝ ਉਨ੍ਹਾਂ ਦਾ ਦਾਖ਼ਲਾ ਹੋ ਸਕਿਆ। ਇੰਨਾ ਹੀ ਨਹੀਂ ਪਵਾਰ ਨੇ ਉਨ੍ਹਾਂ ਨੂੰ ਨਵਾਂ-ਨਕੋਰ ਹਰਮੋਨੀਅਮ ਵੀ ਲੈ ਕੇ ਦਿੱਤਾ ਤੇ ਇੰਝ ਦਾਦੂ 1971 ਦੇ ਸੰਗੀਤ ਵਿਸ਼ਾਰਦ ਦੀ ਪ੍ਰੀਖਿਆ ਪਾਸ ਕਰਨ ਵੱਲ ਨੂੰ ਇੱਕ ਕਦਮ ਵੱਧ ਗਏ।
ਉਸ ਤੋਂ ਬਾਅਦ ਉਹ ਮਸ਼ਹੂਰ ਕ਼ੱਵਾਲੀ ਸੰਗੀਤਕਾਰ, ਮਹਿਮੂਦ ਕ਼ੱਵਾਲ ਕੋਲ਼ ਗਏ। ਦਾਦੂ ਨੇ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਗਾਉਣਾ ਸ਼ੁਰੂ ਕੀਤਾ ਤੇ ਉਸ ਵੇਲ਼ੇ ਇਹੀ ਉਨ੍ਹਾਂ ਦੀ ਕਮਾਈ ਦਾ ਵਸੀਲਾ ਬਣਿਆ। ਫਿਰ ਉਹ ਸੰਗਮਨੇਰ ਦੇ ਸਾਥੀ (ਕਾਮਰੇਡ) ਦੱਤਾ ਦੇਸ਼ਮੁੱਖ ਵੱਲੋਂ ਚਲਾਏ ਜਾਂਦੇ ਗਰੁੱਪ -ਕਲਾ ਪਾਠਕ- ਵਿੱਚ ਜਾ ਰਲ਼ੇ। ਉਨ੍ਹਾਂ ਨੇ ਕਾਮਰੇਡ, ਭਾਸਕਰ ਜਾਧਵ ਵੱਲੋਂ ਨਿਰਦੇਸ਼ਤ ਨਾਟਕ, ਵਾਸੂਦੇਵਾਚਾ ਦੌਰਾ ਨੂੰ ਸੰਗੀਤ ਵੀ ਦਿੱਤਾ।
ਦਾਦੂ, ਲੋਕ - ਕਵੀ ਜਾਂ ਕਹਿ ਲਵੋ ਲੋਕਾਂ ਦੇ ਕਵੀ, ਕੇਸ਼ਵ ਸੁਖਾ ਆਹੇਰ ਨੂੰ ਵੀ ਸੁਣਿਆ ਕਰਦੇ। ਆਹੇਰ ਉਨ੍ਹਾਂ ਵਿਦਿਆਰਥੀਆਂ ਦੇ ਸਮੂਹ ਦਾ ਹਿੱਸਾ ਸਨ ਜੋ ਨਾਸਿਕ ਦੇ ਕਲਾਰਾਮ ਮੰਦਰ ਵਿੱਚ ਦਾਖਲੇ 'ਤੇ ਲੱਗੀ ਪਾਬੰਦੀ ਖ਼ਿਲਾਫ਼ ਅੰਦੋਲਨ ਕਰ ਰਹੇ ਸਨ। ਉਨ੍ਹਾਂ ਆਪਣੇ ਗੀਤਾਂ ਰਾਹੀਂ ਅੰਬੇਦਕਰ ਲਹਿਰ ਦੀ ਹਿਮਾਇਤ ਕੀਤੀ ਤੇ ਜਦੋਂ ਉਨ੍ਹਾਂ ਨੇ ਭੀਮਰਾਓ ਕਰਡਕ ਦਾ ਜਲਸਾ ਸੁਣਿਆ ਤਾਂ ਉਹ ਖ਼ੁਦ ਵੀ ਗੀਤ ਲਿਖਣੋਂ ਨਾ ਰਹਿ ਸਕੇ।
ਬਾਅਦ ਵਿੱਚ, ਆਹੇਰ ਆਪਣੇ ਗੀਤਾਂ ਰਾਹੀਂ ਜਲਸੇ ਤੇ ਦਲਿਤ ਚੇਤਨਾ ਨੂੰ ਉਭਾਰਨ ਲਈ ਕੁੱਲਵਕਤੀ ਸਮਰਥਕ ਬਣ ਨਿੱਤਰੇ।
1952 ਵਿੱਚ, ਅੰਬੇਦਕਰ ਸ਼ਡਿਊਲ ਕਾਸਟ ਫੈਡਰੇਸ਼ਨ (ਅਨੁਸੂਚਿਤ ਜਾਤੀ ਸੰਘ) ਦੇ ਉਮੀਦਵਾਰ ਵਜੋਂ ਮੁੰਬਈ ਤੋਂ ਆਮ ਚੋਣਾਂ ਲੜੇ। ਆਹੇਰ ਨੇ 'ਨਵ ਭਾਰਤ ਜਲਸਾ ਮੰਡਲ' ਸ਼ੁਰੂ ਕੀਤਾ ਤੇ ਜਲਸਾ ਵਾਸਤੇ ਨਵੇਂ ਗੀਤ ਲਿਖੇ ਤੇ ਡਾ. ਅੰਬੇਦਕਰ ਦੀ ਹਮਾਇਤ ਵਿੱਚ ਮੁਹਿੰਮ ਵੀ ਵਿੱਢੀ। ਦਾਦੂ ਸਾਲਵੇ ਨੇ ਇਸ ਮੰਡਲ ਦੁਆਲਾ ਅਯੋਜਿਤ ਪ੍ਰੋਗਰਾਮਾਂ ਨੂੰ ਸੁਣਿਆ।
ਅਜ਼ਾਦੀ ਦੇ ਵੇਲ਼ਿਆਂ ਦੌਰਾਨ, ਅਹਿਮਦਨਗਰ ਖੱਬੇਪੱਖੀ ਲਹਿਰ ਦਾ ਗੜ੍ਹ ਸੀ। ਦਾਦੂ ਸਾਲਵੇ ਦੱਸਦੇ ਹਨ,''ਉਨ੍ਹੀਂ ਦਿਨੀਂ ਸਾਡੇ ਘਰ ਕਈ ਆਗੂ ਆਇਆ ਕਰਦੇ ਤੇ ਮੇਰੇ ਪਿਤਾ ਜੀ ਉਨ੍ਹਾਂ ਲਈ ਕੰਮ ਵੀ ਕਰਦੇ। ਇਹ ਉਹ ਦੌਰ ਸੀ ਜਦੋਂ ਦਾਦਾਸਾਹੇਬ ਰੂਪਾਵਤੇ, ਆਰ.ਡੀ. ਪਵਾਰ ਅੰਬੇਦਕਰਵਾਦੀ ਲਹਿਰ ਦੇ ਸਰਗਰਮ ਮੈਂਬਰ ਸਨ। ਉਨ੍ਹਾਂ ਨੇ ਅਹਿਮਦਨਗਰ ਵਿਖੇ ਇਸ ਲਹਿਰ ਦੀ ਅਗਵਾਈ ਕੀਤੀ।''
ਦਾਦੂ ਕਈ ਜਨਤਕ ਇਕੱਠਾਂ ਵਿੱਚ ਵੀ ਹਾਜ਼ਰ ਰਹੇ ਤੇ ਬੀ.ਸੀ. ਕਾਂਬਲੇ ਅਤੇ ਦਾਦਾਸਾਹੇਬ ਰੂਪਾਵਤੇ ਦੇ ਭਾਸ਼ਣ ਵੀ ਸੁਣੇ। ਬਾਅਦ ਵਿੱਚ ਇਨ੍ਹਾਂ ਦੋਵਾਂ ਦਿੱਗਜਾਂ ਵਿੱਚ ਮਤਭੇਦ ਖੜ੍ਹੇ ਹੋ ਗਏ ਜਿਸ ਕਾਰਨ ਅੰਬਦੇਕਰਵਾਦੀ ਲਹਿਰ ਦੋ ਧੜਿਆਂ ਵਿੱਚ ਵੰਡੀ ਗਈ। ਇਸ ਸਿਆਸੀ ਘਟਨਾ ਨੇ ਕਈ ਗੀਤਾਂ ਨੂੰ ਜਨਮ ਦਿੱਤਾ। ਦਾਦੂ ਕਹਿੰਦੇ ਹਨ,''ਦੋਵੇਂ ਹੀ ਧੜੇ ਕਲਗੀ - ਤੁਰਾ (ਅਜਿਹੇ ਗੀਤ ਜਿੱਥੇ ਇੱਕ ਧੜਾ ਸਵਾਲ ਪੁੱਛਦਾ ਹੈ ਤੇ ਦੂਜਾ ਜਵਾਬ ਦਿੰਦਾ ਹੈ) ਵਿੱਚ ਚੰਗੇ ਸਨ।''
लालजीच्या घरात घुसली!!
ਇਹ ਬੁੱਢੀ ਸਠਿਆ ਗਈ ਹੈ,
ਅਤੇ ਲਾਲਜੀ ਦੇ ਘਰ ਜਾ ਵੜ੍ਹੀ ਹੈ!
ਇਹਦਾ ਮਤਲਬ ਕਿ ਦਾਦਾਸਾਹੇਬ ਆਪਣਾ ਦਿਮਾਗ਼ ਗੁਆ ਚੁੱਕੇ ਹਨ ਤੇ ਕਮਿਊਨਿਸਟਾਂ ਨਾਲ਼ ਜਾ ਰਲ਼ੇ ਹਨ।
ਦਾਦਾਸਾਹੇਬ ਧੜੇ ਨੇ ਜਵਾਬ ਦਿੱਤਾ:
तू पण असली कसली?
पिवळी टिकली लावून बसली!
ਕੀ ਹਾਲ ਬਣਾਇਆ ਆਪਣਾ, ਬੇਵਕੂਫ਼ ਔਰਤ ਤੂੰ ਦੇਖ!
ਤੇ ਆਪਣੇ ਮੱਥੇ 'ਤੇ ਲੱਗੀ ਪੀਲ਼ੀ ਬਿੰਦੀ ਤਾਂ ਦੇਖ!
ਦਾਦੂ ਦੱਸਦੇ ਹਨ: ''ਬੀ.ਸੀ. ਕਾਂਬਲੇ ਨੇ ਪਾਰਟੀ ਦੇ ਝੰਡੇ ਉਪਰਲੇ ਨੀਲੇ ਅਸ਼ੋਕ ਚੱਕਰ ਦੀ ਥਾਂ ਪੀਲ਼ੇ ਰੰਗ ਦੇ ਪੂਰਨਮਾਸ਼ੀ ਚੰਨ ਨੂੰ ਦੇ ਦਿੱਤੀ ਹੈ। ਹਵਾਲਾ ਇਹ ਸੀ।''
ਦਾਦਾ ਸਾਹੇਬ ਰੂਪਾਵਤੇ, ਬੀ.ਸੀ. ਕਾਂਬਲੇ ਦੇ ਧੜੇ ਨਾਲ਼ ਸਨ। ਬਾਅਦ ਵਿੱਚ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇੱਕ ਗੀਤ ਰਾਹੀਂ ਉਨ੍ਹਾਂ ਦੀ ਅਲੋਚਨਾ ਕੀਤੀ ਤਗਈ ਸੀ,
अशी होती एक नार गुलजार
अहमदनगर गाव तिचे मशहूर
टोप्या बदलण्याचा छंद तिला फार
काय वर्तमान घडलं म्होरं S....S....S
ध्यान देऊन ऐका सारं
ਇੱਕ ਜਵਾਨ ਤੇ ਪਿਆਰੀ ਔਰਤ
ਮਸ਼ਹੂਰ ਨਗਰ-ਅਹਿਮਦੋਂ ਆਈ
ਉਹਨੂੰ ਸ਼ੌਕ ਆ ਠ੍ਹਾਰ ਬਦਲਣ ਦਾ
ਜਾਣਦੇ ਹੋ ਫਿਰ ਕੀ ਹੋਇਆ?
ਕੰਨ ਇੱਧਰ ਕਰ ਤੇ ਜਾਣ ਲੈ...
''ਮੈਂ ਅੰਬਦੇਕਰਵਾਦੀ ਲਹਿਰ ਦੇ ਇਸ ਕਲਗੀ - ਤੁਰਾ ਨੂੰ ਸੁਣਦਿਆਂ ਹੀ ਵੱਡਾ ਹੋਇਆਂ,'' ਦਾਦੂ ਕਹਿੰਦੇ ਹਨ।
*****
1970 ਦਾ ਵਰ੍ਹਾ ਦਾਦੂ ਸਾਲਵੇ ਦੇ ਜੀਵਨ ਵਿੱਚ ਮਹੱਤਵਪੂਰਨ ਮੋੜ ਸਾਬਤ ਹੋਇਆ। ਉਨ੍ਹਾਂ ਦੀ ਮੁਲਾਕਾਤ ਵਾਮਨਦਾਦਾ ਕਰਡਕ ਨਾਲ਼ ਹੋਈ ਜੋ ਡਾ. ਅੰਬੇਦਕਰ ਦੀ ਸਮਾਜਿਕ, ਸੱਭਿਆਚਾਰਕ ਤੇ ਸਿਆਸੀ ਲਹਿਰ ਨੂੰ ਮਹਾਰਾਸ਼ਟਰ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਹੀ ਨਹੀਂ ਸਗੋਂ ਬੀਹੜ ਇਲਾਕਿਆਂ ਤੱਕ ਲਿਜਾ ਰਹੇ ਸਨ। ਉਨ੍ਹਾਂ ਨੇ ਆਪਣੇ ਆਖ਼ਰੀ ਸਾਹ ਤੱਕ ਇਹ ਕੋਸ਼ਿਸ਼ ਜਾਰੀ ਰੱਖੀ।
ਮਾਧਵਰਾਓ ਗਾਇਕਵੜ (75 ਸਾਲਾ) ਵਾਮਨਦਾਦਾ ਕਰਡਕ ਦੇ ਜੀਵਨ ਨਾਲ਼ ਜੁੜੀ ਹਰ ਸਮੱਗਰੀ ਇਕੱਠੀ ਕਰਦੇ ਹਨ। ਉਹੀ ਸਨ ਜਿਨ੍ਹਾਂ ਦਾਦੂ ਸਾਲਵੇ ਤੇ ਵਾਮਨਦਾਦਾ ਦੀ ਮੁਲਾਕਾਤ ਕਰਵਾਈ। ਮਾਧਵਰਾਓ ਤੇ ਉਨ੍ਹਾਂ ਦੀ ਪਤਨੀ, ਸੁਮਿਤਰਾ (61 ਸਾਲਾ) ਨੇ ਵਾਮਨਦਾਦਾ ਵੱਲੋਂ ਲਿਖੇ 5,000 ਤੋਂ ਵੀ ਵੱਧ ਗੀਤ ਇਕੱਠੇ ਕੀਤੇ ਹਨ।
ਮਾਧਵਰਾਓ ਕਹਿੰਦੇ ਹਨ,''ਉਹ 1970 ਵਿੱਚ ਨਗਰ ਆਏ। ਉਹ ਅੰਬੇਦਕਰ ਦੇ ਕੰਮ ਤੇ ਉਨ੍ਹਾਂ ਦੇ ਸੁਨੇਹੇ ਨੂੰ ਅੱਗੇ ਵਧਾਉਣ ਵਾਸਤੇ 'ਗਿਆਨ ਪਾਰਟੀ ਸ਼ੁਰੂ ਕਰਨ ਲਈ ਉਤਸੁਕ ਸਨ। ਦਾਦੂ ਸਾਲਵੇ ਅੰਬੇਦਕਰ ਬਾਰੇ ਗੀਤ ਗਾਉਂਦੇ ਰਹਿੰਦੇ ਪਰ ਉਨ੍ਹਾਂ ਕੋਲ਼ ਚੰਗੇ ਗੀਤਾਂ ਦੀ ਘਾਟ ਸੀ। ਇਸਲਈ, ਅਸੀਂ ਵਾਮਨਦਾਦਾ ਕੋਲ਼ ਗਏ ਤੇ ਉਨ੍ਹਾਂ ਨੂੰ ਕਿਹਾ,'ਸਾਨੂੰ ਤੁਹਾਡੇ ਲਿਖੇ ਗੀਤ ਚਾਹੀਦੇ ਹਨ'।''
ਵਾਮਨਦਾਦਾ ਨੇ ਇਹ ਕਹਿੰਦਿਆਂ ਜਵਾਬ ਦਿੱਤਾ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਕੰਮ ਨੂੰ ਇੱਕ ਥਾਵੇਂ ਬੰਨ੍ਹ ਕੇ ਨਹੀਂ ਰੱਖਿਆ: ''ਮੈਂ ਲਿਖਦਾ ਹਾਂ, ਪੇਸ਼ਕਾਰੀ ਕਰਦਾ ਹਾਂ ਤੇ ਥਾਏਂ ਹੀ ਛੱਡ ਦਿੰਦਾ ਹਾਂ।''
ਮਾਧਵਰਾਓ ਚੇਤੇ ਕਰਦੇ ਹਨ ਕਿ,''ਕਿਵੇਂ ਅਸੀਂ ਇਸ ਖ਼ਜ਼ਾਨੇ ਨੂੰ ਬਰਬਾਦ ਹੁੰਦੇ ਦੇਖ ਬੜੇ ਨਿਰਾਸ਼ ਹੋਏ ਸਾਂ। ਉਨ੍ਹਾਂ (ਵਾਮਨਦਾਦਾ) ਨੇ ਆਪਣੀ ਤਾਉਮਰ ਅੰਬੇਦਕਰਵਾਦੀ ਲਹਿਰ ਦੇ ਲੇਖੇ ਲਾ ਦਿੱਤੀ।''
ਆਪਣੇ ਟੀਚੇ ਨੂੰ ਹਾਸਲ ਕਰਨ ਲਈ ਉਤਸੁਕ ਮਾਧਵਰਾਓ, ਦਾਦੂ ਸਾਲਵੇ ਨੂੰ ਉੱਥੇ ਲਿਜਾਣ ਲੱਗੇ ਜਿੱਥੇ ਕਿਤੇ ਵੀ ਵਾਮਨਦਾਦਾ ਪੇਸ਼ਕਾਰੀ ਕਰ ਰਹੇ ਹੁੰਦੇ: ''ਦਾਦੂ ਹਰਮੋਨੀਅਮ ਵਜਾ ਕੇ ਸਾਥ ਦਿੰਦੇ ਤੇ ਉਹ ਜਿਹੜਾ ਵੀ ਗੀਤ ਗਾਉਂਦੇ, ਮੈਂ ਉਨ੍ਹਾਂ ਦਾ ਲਿਪੀਅੰਤਰਣ/ਨਕਲ ਝਰੀਟਦਾ ਜਾਂਦਾ। ਇਹ ਸਾਰਾ ਕੁਝ ਨਾਲ਼ੋ-ਨਾਲ਼ ਹੁੰਦਾ।''
ਉਨ੍ਹਾਂ ਨੇ 5,000 ਤੋਂ ਵੱਧ ਗਾਣੇ ਪ੍ਰਕਾਸ਼ਤ ਕੀਤੇ। ਇਹਦੇ ਬਾਵਜੂਦ 3,000 ਗਾਣੇ ਅਜਿਹੇ ਸਨ ਜਿਨ੍ਹਾਂ ਹਾਲੇ ਸੂਰਜ ਨਹੀਂ ਦੇਖਿਆ ਸੀ। ''ਪੈਸਿਆਂ ਦੀ ਤੰਗੀ ਕਾਰਨ ਮੈਂ ਇਹ ਕੰਮ ਸਿਰੇ ਨਾ ਚਾੜ੍ਹ ਸਕਿਆ। ਪਰ ਇੰਨਾ ਜ਼ਰੂਰ ਕਹਾਂਗਾ, ਸਿਰਫ਼ ਦਾਦੂ ਸਾਲਵੇ ਦੀ ਬਦੌਲਤ ਹੀ ਮੈਂ ਅੰਬੇਦਕਰਵਾਦੀ ਅੰਦੋਲਨ ਦੇ ਇਸ ਗਿਆਨ ਤੇ ਬੁੱਧੀ ਨੂੰ ਸੁਰੱਖਿਅਤ ਰੱਖ ਸਕਿਆ,'' ਉਹ ਗੱਲ ਪੂਰੀ ਕਰਦੇ ਹਨ।
ਦਾਦੂ ਸਾਲਵੇ, ਵਾਮਨਦਾਦਾ ਦੇ ਕੰਮ ਤੋਂ ਇੰਨਾ ਪ੍ਰਭਾਵਤ ਹੋਏ ਕਿ ਉਨ੍ਹਾਂ ਨੇ ਕਲਾ ਪਾਠਕ ਨਾਮਕ ਨਵਾਂ ਗਰੁੱਪ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਉਹ ਸ਼ੰਕਰ ਤਬਾਜੀ ਗਾਇਕਵਾੜ, ਸੰਜੇ ਨਾਥਾ ਜਾਧਵ, ਰਘੂ ਗੰਗਾਰਾਮ ਸਾਲਵੇ ਅਤੇ ਮਿਲਿੰਦ ਸ਼ਿੰਦੇ ਨੂੰ ਇੱਕ ਮੰਚ 'ਤੇ ਲੈ ਆਏ। ਇਸ ਗਰੁੱਪ ਨੂੰ ਭੀਮ ਸੰਦੇਸ਼ ਗਿਆਨ ਪਾਰਟੀ ਕਿਹਾ ਜਾਂਦਾ ਸੀ, ਜਿਹਦਾ ਮਤਲਬ ਸੀ ਅੰਬੇਦਕਰ ਦੇ ਸੁਨੇਹਿਆਂ ਦਾ ਪ੍ਰਸਾਰ ਕਰਨ ਵਾਲ਼ਾ ਸੰਗੀਤ ਸਮੂਹ।
ਉਨ੍ਹਾਂ ਨੇ ਇੱਕ ਮਿਸ਼ਨ ਨੂੰ ਪੂਰਾ ਕਰਨ ਲਈ ਗਾਇਆ ਤੇ ਉਨ੍ਹਾਂ ਵੱਲੋਂ ਕੀਤੀਆਂ ਜਾਣ ਵਾਲ਼ੀਆਂ ਪੇਸ਼ਕਾਰੀਆਂ ਕਿਸੇ ਪ੍ਰਤੀ ਨਫ਼ਰਤ ਤੇ ਮੈਲ਼ ਤੋਂ ਸੱਖਣੀਆਂ ਸਨ।
ਦਾਦਾ ਸਾਡੇ ਲਈ ਇਹ ਗੀਤ ਗਾਉਂਦੇ ਹਨ:
उभ्या विश्वास ह्या सांगू तुझा संदेश भिमराया
तुझ्या तत्वाकडे वळवू आता हा देश भिमराया || धृ ||
जळूनी विश्व उजळीले असा तू भक्त भूमीचा
आम्ही चढवीला आता तुझा गणवेश भिमराया || १ ||
मनुने माणसाला माणसाचा द्वेष शिकविला
तयाचा ना ठेवू आता लवलेश भिमराया || २ ||
दिला तू मंत्र बुद्धाचा पवित्र बंधुप्रेमाचा
आणू समता हरू दीनांचे क्लेश भिमराया || ३ ||
कुणी होऊ इथे बघती पुन्हा सुलतान ह्या भूचे
तयासी झुंजते राहू आणुनी त्वेष भिमराया || ४ ||
कुणाच्या रागलोभाची आम्हाला ना तमा काही
खऱ्यास्तव आज पत्करला तयांचा रोष भिमराया || ५ ||
करील उत्कर्ष सर्वांचा अशा ह्या लोकशाहीचा
सदा कोटी मुखांनी ह्या करू जयघोष भिमराया || ६ ||
कुणाच्या कच्छपी लागून तुझा वामन खुळा होता
तयाला दाखवित राहू तयाचे दोष भिमराया || ७ ||
ਆਪਣੇ ਸੁਨੇਹਿਆਂ ਨੂੰ ਸਾਨੂੰ ਦੁਨੀਆ ਤੱਕ ਲਿਜਾਣ ਦੇ, ਓ ਭੀਮਰਾਯਾ
ਉਨ੍ਹਾਂ ਸਾਰਿਆਂ ਨੂੰ ਆਪਣੇ ਸਿਧਾਂਤਾਂ ‘ਚ ਢਲ਼ਣ ਦੇ, ਓ ਭੀਮਰਾਯਾ ||1||
ਖ਼ੁਦ ਨੂੰ ਬਾਲ਼ ਤੂੰ ਇਸ ਦੁਨੀਆ ਨੂੰ ਰੁਸ਼ਨਾਇਆ, ਓ ਮਿੱਟੀ ਦੇ ਜਾਏ
ਅਸੀਂ ਤੈਨੂੰ ਮੰਨਦੇ ਹਾਂ, ਤੇਰੇ ਕੱਪੜੇ ਪਾਉਂਦੇ ਹਾਂ, ਓ ਭੀਮਰਾਯਾ ||2||
ਮਨੂ ਨੇ ਹਰ ਕਿਸੇ ਨਾਲ਼ ਨਫ਼ਰਤ ਕਰਨ ਦਾ ਪਾਠ ਪੜ੍ਹਾਇਆ
ਤੇਰੀ ਸਹੁੰ ਉਸ ਵਿਚਾਰ ਨੂੰ ਮਿਟਾ ਦਿਆਂਗੇ, ਓ ਭੀਮਰਾਯਾ ||3||
ਤੂੰ ਹੀ ਤਾਂ ਸਾਨੂੰ ਸਿਖਾਇਆ ਬੁੱਧ ਦਾ ਭਾਈਚਾਰਾ
ਅਸੀਂ ਸਮਾਨਤਾ ਲਿਆ, ਗ਼ਰੀਬਾਂ ਦੇ ਦੁੱਖ ਮਿਟਾਵਾਂਗੇ, ਓ ਭੀਮਰਾਯਾਾ ||4||
ਕੁਝ ਲੋਕ ਨੇ ਜੋ ਇਸ ਧਰਤ ਨੂੰ ਫਿਰ ਗ਼ੁਲਾਮ ਬਣਾਉਣਾ ਲੋਚਦੇ ਨੇ
ਅਸੀਂ ਆਪਣੀ ਪੂਰੀ ਵਾਹ ਲਾ ਉਨ੍ਹਾਂ ਖ਼ਿਲਾਫ਼ ਲੜਾਂਗੇ, ਓ ਭੀਮਰਾਯਾ ||5||
ਉਨ੍ਹਾਂ ਦੀਆਂ ਖ਼ੁਸ਼ੀਆਂ ਤੇ ਗੁੱਸੇ ਦੀ ਸਾਨੂੰ ਰੱਤੀ ਨਾ ਪਰਵਾਹ
ਆਪਣਾ ਸੱਚ ਦੱਸਣ ਨੂੰ ਅਸੀਂ ਹਰ ਰੋਸ ਪੀ ਜਾਵਾਂਗੇ, ਓ ਭੀਮਰਾਯਾ ||6||
ਕੀ ਵਾਮਨ ਕਰਡਕ ਮੂਰਖ ਸੀ ਜੋ ਉਨ੍ਹਾਂ ਸ਼ਬਦਾਂ 'ਚ ਸੀ ਉਲਝ ਗਿਆ?
ਅਸੀਂ ਉਨ੍ਹਾਂ ਦੇ ਹਰ ਚਿਹਰੇ ਨੂੰ ਸ਼ੀਸ਼ਾ ਦਿਖਾਵਾਂਗੇ, ਓ ਭੀਮਰਾਯਾ ||7||
ਜਦੋਂ ਕਦੇ ਵੀ ਦਾਦੂ ਨੂੰ ਪੇਸ਼ਕਾਰੀ ਲਈ ਸੱਦਿਆ ਜਾਂਦਾ, ਉਹ ਵਾਮਨਦਾਦਾ ਦੇ ਗੀਤ ਹੀ ਗਾਉਂਦੇ। ਲੋਕੀਂ ਉਨ੍ਹਾਂ ਦੇ ਇਸ ਸਮੂਹ ਨੂੰ ਕਲਾ ਪਾਠਕ ਕਹਿੰਦੇ ਜੋ ਕਿਸੇ ਦੇ ਜੰਮਣ ਦੇ ਜਸ਼ਨ ਤੋਂ ਲੈ ਕੇ ਮੌਤ ਦੇ ਸੌਗ ਜਿਹੇ ਪਰਿਵਾਰਕ ਸਮਾਗਮਾਂ ਵਿੱਚ ਵੀ ਅੰਬੇਦਕਰਵਾਦੀ ਗੀਤ ਗਾਉਂਦੇ।
ਦਾਦੂ ਜਿਹੇ ਲੋਕ ਅੰਬੇਦਕਰਵਾਦੀ ਲਹਿਰ ਵਿੱਚ ਆਪਣੇ ਯੋਗਦਾਨ ਵਜੋਂ ਗਾਉਂਦੇ। ਗੀਤ ਗਾਉਣ ਵਾਲ਼ੀ ਮੰਡਲੀ ਪੈਸੇ ਮਿਲ਼ਣ ਦੀ ਉਮੀਦ ਨਾਲ਼ ਨਾ ਗਾਉਂਦੀ। ਪ੍ਰਸ਼ੰਸਾ ਦੇ ਪ੍ਰਤੀਕ ਵਜੋਂ ਲੋਕੀਂ ਮੁੱਖ ਕਲਾਕਾਰ ਨੂੰ ਨਾਰੀਅਲ ਭੇਟ ਕਰਦੇ ਤੇ ਬਾਕੀ ਕਲਾਕਾਰਾਂ ਨੂੰ ਚਾਹ ਪਿਆਈ ਜਾਂਦੀ। ਬੱਸ ਇੰਨਾ ਹੀ। ''ਮੈਂ ਗਾ ਸਕਦਾ ਸਾਂ, ਇਸਲਈ ਆਪਣੇ ਇਸੇ ਤਰੀਕੇ ਨੂੰ ਮੈਂ ਲਹਿਰ ਵਿੱਚ ਆਪਣੇ ਯੋਗਦਾਨ ਵਜੋਂ ਚੁਣਿਆ। ਮੈਂ ਵਾਮਨਦਾਦਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦਾ ਹਾਂ,'' ਦਾਦੂ ਕਹਿੰਦੇ ਹਨ।
*****
ਵਾਮਨਦਾਦਾ, ਮਹਾਰਾਸ਼ਟਰ ਦੇ ਕਈ ਗਾਇਕਾਂ ਦੇ ਗੁਰੂ ਹਨ, ਪਰ ਦਾਦੂ ਦੇ ਜੀਵਨ ਵਿੱਚ ਉਨ੍ਹਾਂ ਦੀ ਵਿਲੱਖਣ ਦੇ ਖ਼ਾਸ ਥਾਂ ਹੈ। ਦੇਖਣ ਸਕਣ ਤੋਂ ਅਸਮਰਥ, ਦਾਦੂ ਦਾ ਉਨ੍ਹਾਂ ਦੇ ਗੀਤਾਂ ਨੂੰ ਸੁਰੱਖਿਅਤ ਰੱਖਣ ਦਾ ਇੱਕੋ-ਇੱਕ ਤਰੀਕਾ ਸੀ, ਉਹ ਸੀ ਉਨ੍ਹਾਂ ਨੂੰ ਸੁਣਦੇ ਰਹਿਣਾ ਤੇ ਦਿਲ ਦੀਆਂ ਡੂੰਘਾਣਾਂ ਵਿੱਚ ਵਸਾ ਲੈਣਾ। ਉਨ੍ਹਾਂ ਨੂੰ 2,000 ਤੋਂ ਵੱਧ ਗੀਤ ਆਉਂਦੇ ਹਨ। ਸਿਰਫ਼ ਗੀਤ ਹੀ ਨਹੀਂ, ਸਗੋਂ ਉਸ ਗੀਤ ਬਾਰੇ ਹਰ ਚੀਜ਼- ਜਦੋਂ ਇਹ ਲਿਖਿਆ ਗਿਆ ਸੀ, ਉਹਦਾ ਸੰਦਰਭ, ਅਸਲੀ ਧੁਨ... ਦਾਦੂ ਤੁਹਾਨੂੰ ਸਭ ਕੁਝ ਦੱਸ ਸਕਦੇ ਹਨ। ਉਨ੍ਹਾਂ ਨੇ ਵਾਮਨਦਾਦਾ ਦੇ ਜਾਤੀ-ਵਿਰੋਧੀ ਗੀਤਾਂ ਨੂੰ ਵੀ ਸੰਗੀਤ ਦਿੱਤਾ ਜੋ ਮਹਾਰਾਸ਼ਟਰ ਵਿੱਚ ਵਿਆਪਕ ਤੌਰ 'ਤੇ ਗਾਏ ਜਾਂਦੇ ਹਨ।
ਸੰਗੀਤ ਵਿੱਚ ਸਿਖਲਾਈ ਪ੍ਰਾਪਤ, ਦਾਦੂ, ਵਾਮਨਦਾਦਾ ਨਾਲ਼ੋਂ ਇੱਕ ਕਦਮ ਅੱਗੇ ਹੀ ਸਨ- ਉਹ ਗੀਤ ਜਾਂ ਕਵਿਤਾ ਦੀਆਂ ਧੁਨਾਂ, ਤਾਲ, ਲੈਅ ਤੇ ਛੰਦ ਤੱਕ ਦੀ ਹਰ ਤਕਨੀਕ ਨੂੰ ਵੀ ਜਾਣਦੇ ਸਨ। ਉਹ ਅਕਸਰ ਆਪਣੇ ਗੁਰੂ ਨਾਲ਼ ਇਨ੍ਹਾਂ ਨੂੰ ਲੈ ਕੇ ਚਰਚਾ ਕਰਦੇ ਸਨ; ਉਨ੍ਹਾਂ ਨੇ ਵਾਮਨਦਾਦਾ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਕਈ ਗੀਤਾਂ ਨੂੰ ਸੰਗੀਤ ਦਿੱਤਾ ਤੇ ਕੁਝ ਪੁਰਾਣੀਆਂ ਧੁਨਾਂ 'ਤੇ ਦੋਬਾਰਾ ਕੰਮ ਕੀਤਾ।
ਸਾਨੂੰ ਦਿਖਾਉਣ ਵਾਸਤੇ ਉਨ੍ਹਾਂ ਨੇ ਪਹਿਲਾਂ ਵਾਮਨਦਾਦਾ ਦੀ ਮੂਲ਼ ਰਚਨਾ ਤੇ ਫਿਰ ਆਪਣੀ ਧੁਨ ਵਿੱਚ ਗੀਤ ਗਾਇਆ ਤੇ ਸਾਨੂੰ ਫ਼ਰਕ ਦਿਖਾਇਆ।
भीमा तुझ्या मताचे जरी पाच लोक असते
तलवारीचे तयांच्या न्यारेच टोक असते
ਓ ਭੀਮ! ਜੇ ਤੇਰੇ ਨਾਲ਼ ਬੱਸ ਪੰਜ ਲੋਕ ਹੀ ਸਹਿਮਤ ਹੋਣ
ਤਾਂ ਵੀ ਉਨ੍ਹਾਂ ਦੀ ਅੱਗ ਬਾਕੀਆਂ ਲਈ ਬੜੀ ਮਾਰੂ ਹੋਵੇਗੀ
ਉਹ ਵਾਮਨਦਾਦਾ ਦੇ ਇੰਨੇ ਭਰੋਸੇਮੰਦ ਸਹਿਯੋਗੀ ਸਨ ਕਿ ਉਨ੍ਹਾਂ ਦੇ ਗੁਰੂ ਨੇ ਆਪਣੀ ਮੌਤ ਬਾਰੇ ਵੀ ਉਨ੍ਹਾਂ ਨੂੰ ਗੀਤ ਦੇ ਦਿੱਤਾ।
राहील विश्व सारे, जाईन मी उद्याला
निर्वाण गौतमाचे, पाहीन मी उद्याला
ਦੁਨੀਆ ਤਾਂ ਰਹੇਗੀ ਹੀ, ਬੱਸ ਮੈਂ ਨਹੀਂ ਰਹੂੰਗਾ
ਤੇ ਗੌਤਮ ਦੀ ਮੁਕਤੀ ਦਾ ਗਵਾਹ ਮੈਂ ਬਣੂੰਗਾ
ਦਾਦੂ ਨੇ ਇਸ ਨੂੰ ਇੱਕ ਸ਼ਾਂਤ ਧੁਨ ਵਿੱਚ ਰਚਿਆ ਅਤੇ ਇਸਨੂੰ ਆਪਣੇ ਜਲਸੇ ਵਿੱਚ ਪੇਸ਼ ਕੀਤਾ।
*****
ਸੰਗੀਤ ਦਾਦੂ ਦੇ ਜੀਵਨ ਤੇ ਰਾਜਨੀਤੀ ਦਾ ਇੱਕ ਅਨਿਖੜਵਾ ਅੰਗ ਹੈ।
ਉਨ੍ਹਾਂ ਨੇ ਓਦੋਂ ਗਾਉਣਾ ਸ਼ੁਰੂ ਕੀਤਾ ਜਦੋਂ ਅੰਬੇਦਕਰ ਬਾਰੇ ਲੋਕ-ਸਾਹਿਤ ਤੇ ਗੀਤ ਜ਼ੋਰ ਫੜ੍ਹ ਰਹੇ ਸਨ। ਭੀਮਰਾਓ ਕਰਡਕ, ਲੋਕ-ਕਵੀ ਅਰਜੁਨ ਭਾਲੇਰਾਓ, ਬੁਲਦਾਨਾ ਦੇ ਕੇਦਾਰ ਭਰਾ, ਪੂਨੇ ਤੋਂ ਰਾਜਾਨੰਦ ਗੜਪਾਇਲੇ, ਸ਼੍ਰਵਣ ਯਸ਼ਵੰਤੇ ਤੇ ਵਾਮਨਦਾਦਾ ਕਰਡਕ ਇਨ੍ਹਾਂ ਪ੍ਰਸਿੱਧ ਗੀਤਾਂ ਦੇ ਮਾਹਰ ਮੰਨੇ ਜਾਂਦੇ ਸਨ।
ਦਾਦੂ ਨੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਗੀਤਾਂ ਨੂੰ ਆਪਣੀ ਸੰਗੀਤਕ ਪ੍ਰਤਿਭਾ ਅਤੇ ਆਪਣੀ ਆਵਾਜ਼ ਦਿੱਤੀ ਅਤੇ ਇਸ ਸੰਗੀਤਕ ਖਜ਼ਾਨੇ ਨਾਲ ਪੇਂਡੂ ਖੇਤਰਾਂ ਦਾ ਦੌਰਾ ਕੀਤਾ। ਅੰਬੇਡਕਰ ਦੇ ਦੇਹਾਂਤ ਤੋਂ ਬਾਅਦ ਪੈਦਾ ਹੋਈ ਪੀੜ੍ਹੀ ਨੇ ਉਨ੍ਹਾਂ ਦੇ ਜੀਵਨ, ਉਨ੍ਹਾਂ ਦੇ ਕੰਮ ਅਤੇ ਉਨ੍ਹਾਂ ਦੇ ਸੰਦੇਸ਼ ਬਾਰੇ ਸਿਰਫ਼ ਇਨ੍ਹਾਂ ਗੀਤਾਂ ਰਾਹੀਂ ਹੀ ਸਿੱਖਿਆ। ਦਾਦੂ ਨੇ ਇਸ ਪੀੜ੍ਹੀ ਦੇ ਮਨਾਂ ਅੰਦਰ ਅੰਦੋਲਨ ਨੂੰ ਪਾਲ਼ੀ ਰੱਖਣ, ਪੋਸ਼ਤ ਕਰਨ ਅਤੇ ਉਨ੍ਹਾਂ ਅੰਦਰ ਵਚਨਬੱਧਤਾ ਪੈਦਾ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।
ਬਹੁਤ ਸਾਰੇ ਕਵੀਆਂ ਨੇ ਖੇਤਾਂ ਵਿੱਚ ਮਿਹਨਤ ਕਰ ਰਹੇ ਕਿਸਾਨ ਅਤੇ ਇੱਜ਼ਤ ਦੀ ਜ਼ਿੰਦਗੀ ਲਈ ਲੜ ਰਹੇ ਦਲਿਤ ਦੇ ਜੀਵਨ ਸੰਘਰਸ਼ਾਂ ਨੂੰ ਜ਼ੁਬਾਨੀ ਦੱਸਿਆ। ਉਨ੍ਹਾਂ ਨੇ ਤਥਾਗਤ ਬੁੱਧ, ਕਬੀਰ, ਜੋਤਿਬਾ ਫੁਲੇ ਅਤੇ ਡਾ. ਅੰਬੇਡਕਰ ਦੇ ਜੀਵਨ ਅਤੇ ਸ਼ਖਸੀਅਤ ਦੇ ਸੰਦੇਸ਼ਾਂ ਨੂੰ ਦਰਸਾਉਂਦੇ ਹੋਏ ਗੀਤ ਲਿਖਣ ਦੀ ਕੋਸ਼ਿਸ਼ ਕੀਤੀ। ਜਿਹੜੇ ਪੜ੍ਹ-ਲਿਖ ਨਹੀਂ ਸਕਦੇ ਸਨ, ਉਨ੍ਹਾਂ ਲਈ ਇਹ ਗੀਤ ਹੀ ਉਨ੍ਹਾਂ ਦੀ ਸਿੱਖਿਆ ਸਨ। ਦਾਦੂ ਸਾਲਵੇ ਨੇ ਆਪਣੇ ਸੰਗੀਤ ਅਤੇ ਆਪਣੇ ਹਾਰਮੋਨੀਅਮ ਦੀ ਵਰਤੋਂ ਰਾਹੀਂ ਇਨ੍ਹਾਂ ਗੀਤਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ। ਇਹ ਗੀਤ ਲੋਕਾਂ ਦੀ ਜ਼ਮੀਰ ਦਾ ਅਨਿੱਖੜਵਾਂ ਅੰਗ ਬਣ ਗਏ।
ਇਨ੍ਹਾਂ ਗੀਤਾਂ ਵਿਚਲੇ ਸੰਦੇਸ਼ਾਂ ਅਤੇ ਸ਼ਾਹੀਰਾਂ ਦੁਆਰਾ ਉਨ੍ਹਾਂ ਦੀ ਸ਼ਕਤੀਸ਼ਾਲੀ ਪੇਸ਼ਕਾਰੀ ਨੇ ਜਾਤ-ਪਾਤ ਵਿਰੋਧੀ ਲਹਿਰ ਨੂੰ ਪਿੰਡਾਂ ਵਿਚ ਫੈਲਾਉਣ ਵਿਚ ਸਹਾਇਤਾ ਕੀਤੀ। ਇਹ ਗੀਤ ਅੰਬੇਦਕਰ ਦੇ ਅੰਦੋਲਨ ਦੀ ਸਕਾਰਾਤਮਕ ਜੀਵਨ ਸ਼ਕਤੀ ਹਨ ਅਤੇ ਦਾਦੂ ਆਪਣੇ ਆਪ ਨੂੰ ਬਰਾਬਰੀ ਦੀ ਇਸ ਲੜਾਈ ਵਿੱਚ ਇੱਕ ਛੋਟਾ ਜਿਹਾ ਸਿਪਾਹੀ ਮੰਨਦੇ ਹਨ।
ਉਨ੍ਹਾਂ ਨੇ ਕਦੇ ਵੀ ਇਨ੍ਹਾਂ ਗਾਣਿਆਂ ਨੂੰ ਪੈਸੇ ਕਮਾਉਣ ਦੇ ਜ਼ਰੀਏ ਵਜੋਂ ਨਹੀਂ ਵੇਖਿਆ। ਉਨ੍ਹਾਂ ਵਾਸਤੇ ਇਹ ਉਨ੍ਹਾਂ ਦੇ ਮਿਸ਼ਨ ਦਾ ਹਿੱਸਾ ਸੀ। ਲੇਕਿਨ ਅੱਜ 72 ਸਾਲ ਦੀ ਉਮਰੇ ਉਨ੍ਹਾਂ ਦੇ ਜੋਸ਼ ਅਤੇ ਤਾਕਤ ਦਾ ਵੱਡਾ ਹਿੱਸਾ ਗੁਆਚਣ ਲੱਗਾ ਹੈ। 2005 ਵਿੱਚ ਇੱਕ ਹਾਦਸੇ ਦੌਰਾਨ ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਆਪਣੀ ਨੂੰਹ ਅਤੇ ਤਿੰਨ ਪੋਤੇ-ਪੋਤੀਆਂ ਦੀ ਦੇਖਭਾਲ਼ ਕੀਤੀ। ਬਾਅਦ ਵਿਚ, ਜਦੋਂ ਨੂੰਹ ਨੇ ਦੁਬਾਰਾ ਵਿਆਹ ਕਰਨ ਦਾ ਫੈਸਲਾ ਕੀਤਾ, ਦਾਦੂ ਨੇ ਉਸ ਦੀਆਂ ਇੱਛਾਵਾਂ ਦਾ ਆਦਰ ਕੀਤਾ।
ਉਹ ਅਤੇ ਉਨ੍ਹਾਂ ਦੀ ਪਤਨੀ, ਦੇਵਬਾਈ ਇੱਕ ਕਮਰੇ ਦੇ ਇਸ ਛੋਟੇ ਜਿਹੇ ਘਰ ਵਿੱਚ ਚਲੇ ਗਏ। ਦੇਵਬਾਈ 65 ਸਾਲਾਂ ਦੀ ਹਨ ਤੇ ਅਕਸਰ ਬਿਮਾਰ ਰਹਿਣ ਕਾਰਨ ਮੰਜੇ 'ਤੇ ਪਈ ਰਹਿੰਦੀ ਹਨ। ਦੋਵੇਂ ਪਤੀ-ਪਤਨੀ ਰਾਜ ਸਰਕਾਰ ਦੁਆਰਾ ਲੋਕ ਕਲਾਕਾਰਾਂ ਨੂੰ ਦਿੱਤੀ ਜਾਣ ਵਾਲ਼ੀ ਮਾਮੂਲੀ ਜਿਹੀ ਪੈਨਸ਼ਨ ਨਾਲ਼ ਗੁਜ਼ਾਰਾ ਚਲਾਉਂਦਾ ਹੈ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਅੰਬੇਡਕਰਵਾਦੀ ਅੰਦੋਲਨ ਅਤੇ ਆਪਣੇ ਸੰਗੀਤ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਜੇ ਵੀ ਕਾਇਮ ਹੈ।
ਦਾਦੂ ਅੱਜ ਦੇ ਗੀਤਾਂ ਦੀ ਇਸ ਲਹਿਰ ਨੂੰ ਪ੍ਰਵਾਨ ਨਹੀਂ ਕਰਦੇ। "ਅੱਜ ਦੇ ਕਲਾਕਾਰਾਂ ਨੇ ਇਨ੍ਹਾਂ ਗੀਤਾਂ ਨੂੰ ਵਿਕਰੀ 'ਤੇ ਪਾ ਦਿੱਤਾ ਹੈ। ਉਹ ਆਪਣੀ ਬਿਦਾਗੀ [ਮਾਣ ਭੱਤੇ] ਅਤੇ ਪ੍ਰਸਿੱਧੀ ਵਿੱਚ ਦਿਲਚਸਪੀ ਰੱਖਦੇ ਹਨ। ਇਹ ਸਭ ਦੇਖਣਾ ਦੁਖਦਾਈ ਹੈ," ਉਹ ਉਦਾਸ ਸੁਰ ਵਿੱਚ ਕਹਿੰਦੇ ਹਨ।
ਸਾਡੇ ਵਿੱਚੋਂ ਜਿਹੜੇ ਲੋਕ ਦਾਦੂ ਸਾਲਵੇ ਨੂੰ ਦੇਖਦੇ ਹਨ, ਉਹ ਉਨ੍ਹਾਂ ਗੀਤਾਂ ਨੂੰ ਯਾਦ ਕਰਦੇ ਹਨ ਜੋ ਗੀਤ ਉਨ੍ਹਾਂ ਨੂੰ ਜ਼ੁਬਾਨੀ ਚੇਤੇ ਹਨ ਅਤੇ ਜਿਨ੍ਹਾਂ ਨੂੰ ਉਹ ਆਪਣੇ ਹਾਰਮੋਨੀਅਮ 'ਤੇ ਵਜਾਉਣ ਲੱਗਦੇ ਹਨ ਜਿਓਂ ਹੀ ਉਹ ਅੰਬੇਦਕਰ ਅਤੇ ਵਾਮੰਡਦਾ ਬਾਰੇ ਗੱਲ ਕਰਨੀ ਸ਼ੁਰੂ ਕਰਦੇ ਹਨ, ਉਹ ਸਾਨੂੰ ਉਮੀਦ ਨਾਲ਼ ਭਰ ਦਿੰਦੇ ਹਨ ਅਤੇ ਉਦਾਸੀ ਅਤੇ ਨਿਰਾਸ਼ਾ ਨੂੰ ਦੂਰ ਕਰਨ ਵਿੱਚ ਸਾਡੀ ਮਦਦ ਕਰਦੇ ਹਨ।
ਸ਼ਾਹਿਰਾਂ ਦੇ ਅਮਰ ਸ਼ਬਦਾਂ ਅਤੇ ਆਪਣੀਆਂ ਧੁਨਾਂ ਰਾਹੀਂ ਦਾਦੂ ਨੇ ਉਸ ਨਵੀਂ ਚੇਤਨਾ ਦੀ ਸ਼ੁਰੂਆਤ ਕੀਤੀ ਜੋ ਬਾਬਾ ਸਾਹੇਬ ਅੰਬੇਦਕਰ ਲਿਆਏ ਸਨ। ਬਾਅਦ ਦੇ ਸਾਲਾਂ ਵਿੱਚ ਇਸ ਦਲਿਤ ਸ਼ਾਹੀਰੀ ਨੇ ਕਈ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਦਾ ਟਾਕਰਾ ਕੀਤਾ ਅਤੇ ਅਨਿਆਂ ਤੇ ਪੱਖਪਾਤ ਖ਼ਿਲਾਫ਼ ਲੜਾਈ ਲੜੀ। ਦਾਦੂ ਸਾਲਵੇ ਦੀ ਆਵਾਜ਼ ਹਰ ਪਾਸੇ ਗੂੰਜਦੀ ਰਹਿੰਦੀ ਹੈ।
ਜਿਵੇਂ ਹੀ ਅਸੀਂ ਆਪਣੀ ਇੰਟਰਵਿਊ ਦੇ ਅੰਤ 'ਤੇ ਆਉਂਦੇ ਹਾਂ, ਦਾਦੂ ਦਾ ਪੋਰ-ਪੋਰ ਥੱਕਿਆ ਦਿਖਾਈ ਦੇਣ ਲੱਗਦਾ ਹੈ ਅਤੇ ਉਹ ਆਪਣੇ ਬਿਸਤਰੇ ਵੱਲ ਵਾਪਸ ਝੁੱਕ ਜਾਂਦੇ ਹਨ। ਜਿਓਂ ਹੀ ਮੈਂ ਕਿਸੇ ਨਵੇਂ ਗਾਣਿਆਂ ਬਾਰੇ ਪੁੱਛਦਾ ਹਾਂ, ਉਹ ਦੋਬਾਰਾ ਸੁਚੇਤ ਹੋ ਜਾਂਦੇ ਹਨ ਤੇ ਕਹਿਣ ਲੱਗਦੇ ਹਨ, "ਕਿਸੇ ਨੂੰ ਇਹ ਗੀਤ ਪੜ੍ਹਨ ਲਈ ਕਹੋ ਅਤੇ ਮੈਂ ਉਨ੍ਹਾਂ ਨੂੰ ਦੁਬਾਰਾ ਤੁਹਾਡੇ ਲਈ ਤਿਆਰ ਕਰਾਂਗਾ ਅਤੇ ਗਾਵਾਂਗਾ ਵੀ।"
ਅੰਬੇਦਕਰਵਾਦੀ ਅੰਦੋਲਨ ਦਾ ਇਹ ਸਿਪਾਹੀ ਅਜੇ ਵੀ ਅਸਮਾਨਤਾ ਖ਼ਿਲਾਫ਼ ਲੜਨ ਅਤੇ ਸਥਾਈ ਸਮਾਜਿਕ ਤਬਦੀਲੀ ਲਿਆਉਣ ਲਈ ਆਪਣੀ ਆਵਾਜ਼ ਬੁਲੰਦ ਕਰਨ ਅਤੇ ਹਰਮੋਨੀਅਮ ਚੁੱਕਣ ਨੂੰ ਤਿਆਰ-ਬਰ-ਤਿਆਰ ਹੈ।
ਇਹ ਸਟੋਰੀ ਮੂਲ਼ ਰੂਪ ਵਿੱਚ ਮਰਾਠੀ ਵਿੱਚ ਹੀ ਲਿਖੀ ਗਈ ਹੈ ਜਿਹਦਾ ਅੰਗਰੇਜ਼ੀ ਅਨੁਵਾਦ ਮੇਧਾ ਕਾਲੇ ਵੱਲੋਂ ਕੀਤਾ ਗਿਆ ਹੈ।
ਇਹ ਵੀਡੀਓ 'ਪ੍ਰਭਾਵਸ਼ਾਲੀ ਸ਼ਾਹੀਰ, ਮਰਾਠਵਾੜਾ ਦੇ ਬਿਰਤਾਂਤ ' ਸਿਰਲੇਖ ਵਾਲ਼ੇ ਉਸ ਸੰਗ੍ਰਹਿ ਦਾ ਹਿੱਸਾ ਹੈ, ਜੋ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਦੇ ਸਹਿਯੋਗ ਨਾਲ਼ ਇੰਡੀਆ ਫਾਊਂਡੇਸ਼ਨ ਫਾਰ ਦਿ ਆਰਟਸ ਦੁਆਰਾ ਆਪਣੀ ਆਰਕਾਈਵਜ਼ ਐਂਡ ਮਿਊਜ਼ੀਅਮ ਪ੍ਰੋਗਰਾਮ ਦੇ ਤਹਿਤ ਲਾਗੂ ਕੀਤਾ ਗਿਆ ਇੱਕ ਪ੍ਰੋਜੈਕਟ ਹੈ। ਇਹ ਗੇਟੇ-ਇੰਸਟੀਟਿਊਟ/ਮੈਕਸ ਮੂਲਰ ਭਵਨ ਨਵੀਂ ਦਿੱਲੀ ਦੇ ਅੰਸ਼ਕ ਸਮਰਥਨ ਨਾਲ਼ ਹੀ ਸੰਭਵ ਹੋਇਆ ਹੈ।
ਤਰਜਮਾ: ਕਮਲਜੀਤ ਕੌਰ