''ਮੈਂ ਕਦੇ ਕੁਝ ਨਹੀਂ ਮੰਗਿਆ,'' ਉਹ ਕਹਿੰਦੀ ਹਨ। ''ਮੈਂ ਆਪਣੇ ਦੇਸ਼ ਲਈ ਲੜਾਈ ਲੜੀ ਨਾ ਕਿ ਕਿਸੇ ਪੁਰਸਕਾਰ ਲਈ। ਮੈਂ ਆਪਣੇ ਪਰਿਵਾਰ ਲਈ ਵੀ ਕੁਝ ਨਹੀਂ ਮੰਗਿਆ। ਪਰ ਹੁਣ, ਜੀਵਨ ਦੇ ਇਸ ਅੰਤਮ ਅਧਿਆਇ ਵਿੱਚ ਮੈਨੂੰ ਉਮੀਦ ਹੈ ਕਿ ਘੱਟ ਤੋਂ ਘੱਟ ਮੇਰੀ ਕੁਰਬਾਨੀ ਨੂੰ ਹੀ ਪ੍ਰਵਾਨ ਕਰ ਲਿਆ ਜਾਵੇ।''
ਖ਼ਰਾਬ ਸਿਹਤ ਅਤੇ ਗ਼ਰੀਬੀ ਨੇ ਕੁਝ ਸਾਲ ਪਹਿਲਾਂ ਉਨ੍ਹਾਂ ਦਾ ਲੱਕ ਦੂਹਰਾ ਕਰ ਛੱਡਿਆ। ਲੋਕਾਂ ਨੂੰ ਇਸ ਬਾਰੇ ਉਦੋਂ ਪਤਾ ਚੱਲਿਆ ਜਦੋਂ ਜਯਪੋਰ ਦੇ ਇੱਕ ਨੌਜਵਾਨ ਪੱਤਰਕਾਰ, ਪਰੇਸ਼ ਰਥ ਨੇ ਪਹਿਲੀ ਵਾਰ ਇਹ ਕਹਾਣੀ ਲਿਖੀ। ਰਥ ਉਨ੍ਹਾਂ ਨੂੰ ਖਸਤਾ ਹਾਲਤ ਝੌਂਪੜੀ ਵਿੱਚੋਂ ਇੱਕ ਕਮਰੇ ਵਿੱਚ ਲੈ ਆਏ ਅਤੇ ਸਾਰਾ ਖਰਚਾ ਖੁਦ ਝੱਲਿਆ ਅਤੇ ਉਨ੍ਹਾਂ ਦੀ ਇਲਾਜ ਵੀ ਕਰਵਾਇਆ। ਬੀਮਾਰੀ ਕਾਰਨ ਪਾਂਡਾ ਨੂੰ ਹਾਲ ਹੀ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਉਹ ਆਪਣੇ ਬੇਟੇ ਦੇ ਘਰ ਹਨ, ਹਾਲਾਂਕਿ ਬੇਟੇ ਦੀ ਸ਼ਰਾਬ ਦੀ ਆਦਤ ਹਾਲੇ ਵੀ ਛੁੱਟੀ ਨਹੀਂ ਹੈ। ਰਥ ਦੇ ਬਾਅਦ ਕਈ ਹੋਰ ਲੋਕਾਂ ਨੇ ਸਟੋਰੀ ਕਵਰ ਕੀਤੀ। ਇੱਕ ਵਾਰ ਤਾਂ ਰਾਸ਼ਟਰੀ ਰਸਾਲੇ ਨੇ ਲਕਸ਼ਮੀ ਨੂੰ ਆਪਣੇ ਮੈਗਜੀਨ ਦੇ ਕਵਰ 'ਤੇ ਵੀ ਛਾਪਿਆ ਸੀ।
''ਅਸੀਂ ਜਦੋਂ ਪਹਿਲੀ ਸਟੋਰੀ ਕਵਰ ਕੀਤੀ, ਤਾਂ ਉਨ੍ਹਾਂ ਲਈ ਥੋੜ੍ਹੀ ਬਹੁਤ ਮਦਦ ਆਉਣ ਲੱਗੀ,'' ਰਥ ਕਹਿੰਦੇ ਹਨ। ''ਕੋਰਾਪੁਟ ਦੀ ਤਤਕਾਲੀ ਕਲੈਕਟਰ, ਊਸ਼ਾ ਪਾਧੀ ਨੇ ਹਮਦਰਦੀ ਦਿਖਾਈ। ਰੈਡ ਕ੍ਰਾਸ ਕੋਸ਼ ਤੋਂ ਉਨ੍ਹਾਂ ਨੇ ਇਲਾਜ ਵਾਸਤੇ ਲਕਸ਼ਮੀ ਨੂੰ 10,000 ਰੁਪਏ ਦਵਾਏ। ਨਾਲ਼ ਉਨ੍ਹਾਂ ਨੇ ਲਕਸ਼ਮੀ ਨੂੰ ਸਰਕਾਰੀ ਜ਼ਮੀਨ ਦਾ ਇੱਕ ਟੁਕੜਾ ਦੇਣ ਦਾ ਵਾਅਦਾ ਕੀਤਾ। ਪਰ ਟ੍ਰਾਂਸਫਰ ਹੋਣ 'ਤੇ ਪਾਧੀ ਨੇ ਜਿਲ੍ਹਾ ਛੱਡ ਦਿੱਤਾ। ਬੰਗਾਲ ਦੇ ਵੀ ਕੁਝ ਲੋਕਾਂ ਨੇ ਉਨ੍ਹਾਂ ਨੂੰ ਪੈਸੇ ਭੇਜੇ।'' ਹਾਲਾਂਕਿ, ਕੁਝ ਦਿਨਾਂ ਬਾਦ ਇਹ ਸਿਲਸਿਲਾ ਮੁੱਕ ਗਿਆ ਅਤੇ ਉਹ ਦੋਬਾਰਾ ਖ਼ਸਤਾਹਾਲ ਜੀਵਨ ਜੀਊਣ ਲਈ ਮਜ਼ਬੂਰ ਹੋ ਗਈ। ''ਫਿਰ ਵੀ ਇਹ ਸਿਰਫ਼ ਪੈਸਿਆਂ ਦਾ ਮਸਲਾ ਨਹੀਂ ਹੈ,'' ਰਥ ਕਹਿੰਦੇ ਹਨ। ''ਜੇਕਰ ਉਨ੍ਹਾਂ ਨੂੰ ਕੇਂਦਰੀ ਪੈਨਸ਼ਲ ਵੀ ਮਿਲ਼ਣ ਲੱਗੇ ਤਾਂ ਉਹ ਕਿੰਨੇ ਸਾਲ ਤੱਕ ਇਹਦਾ ਮਜਾ ਲੈ ਪਾਵੇਗੀ? ਇਹ ਤਾਂ ਉਨ੍ਹਾਂ ਲਈ ਫ਼ਖ਼ਰ ਅਤੇ ਸਨਮਾਨ ਦੀ ਗੱਲ ਹੈ। ਪਰ, ਕੇਂਦਰ ਸਰਕਾਰ ਨੇ ਹੁਣ ਤੱਕ ਕੋਈ ਜਵਾਬ ਨਹੀਂ ਦਿੱਤਾ।''
ਕਾਫੀ ਸੰਘਰਸ਼ ਤੋਂ ਬਾਅਦ ਪਿਛਲੇ ਸਾਲ ਦੇ ਅੰਤ ਵਿੱਚ ਲਕਸ਼ਮੀ ਨੂੰ ਪਾਣਜਿਆਗੁਡਾ ਪਿੰਡ ਵਿੱਚ ਸਰਕਾਰੀ ਜ਼ਮੀਨ ਦਾ ਇੱਕ ਟੁਕੜਾ ਦਿੱਤਾ ਗਿਆ। ਪਰ ਉਹ ਅਜੇ ਵੀ ਇਸੇ ਗੱਲ ਦੀ ਉਡੀਕ ਵਿੱਚ ਉਮੀਦ ਲਾਈ ਬੈਠੀ ਹਨ ਕਿ ਸਰਕਾਰੀ ਯੋਜਨਾ ਦੇ ਤਹਿਤ ਇਸ ਜ਼ਮੀਨ 'ਤੇ ਉਨ੍ਹਾਂ ਨੂੰ ਇੱਕ ਘਰ ਬਣਾ ਕੇ ਦਿੱਤਾ ਜਾਵੇ। ਫਿਲਹਾਲ ਲਈ, ਰਥ ਨੇ ਉਨ੍ਹਾਂ ਦੀ ਪੁਰਾਣੀ ਝੌਂਪੜੀ ਦੇ ਨਾਲ਼ ਇੱਕ ਚੰਗਾ ਕਮਰਾ ਬਣਾਉਣ ਵਿੱਚ ਮਾਇਕ ਸਹਾਇਤਾ ਦਿੱਤੀ ਹੈ, ਜਿੱਥੇ ਛੇਤੀ ਹੀ ਉਨ੍ਹਾਂ ਦੇ ਚਲੇ ਜਾਣ ਦੀ ਉਮੀਦ ਹੈ।
ਸਥਾਨਕ ਲੋਕਾਂ ਵਿੱਚ ਉਨ੍ਹਾਂ ਨੂੰ ਬਹੁਤ ਘੱਟ ਹੀ ਜਾਣਦੇ ਹਨ। ਕੁਝ ਸੰਗਠਨ ਉਨ੍ਹਾਂ ਦੇ ਮਾਮਲੇ ਨੂੰ ਅੱਗੇ ਵਧਾਉਣ ਲਈ ਅੱਗੇ ਆਏ ਹਨ। ''ਕੱਲ੍ਹ,'' ਉਨ੍ਹਾਂ ਨੇ ਮੈਨੂੰ 14 ਅਗਸਤ ਨੂੰ ਦੱਸਿਆ,''ਮੈਂ ਇੱਥੇ ਦੀਪਤੀ ਸਕੂਲ ਵਿੱਚ ਝੰਡਾ ਲਹਿਰਾਵਾਂਗੀ। ਉਨ੍ਹਾਂ ਨੇ ਮੈਨੂੰ ਬੇਨਤੀ ਕੀਤੀ ਹੈ।'' ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਹੈ, ਪਰ ਉਹ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਉਨ੍ਹਾਂ ਕੋਲ਼ ''ਸਮਾਰੋਹ ਵਿੱਚ ਪਾਉਣ ਲਈ ਕੋਈ ਚੰਗੀ ਸਾੜੀ ਤੱਕ ਨਹੀਂ ਹੈ।''
ਇਸੇ ਦਰਮਿਆਨ, ਆਈਐੱਨਏ ਦੀ ਬਜ਼ੁਰਗ ਸਿਪਾਹੀ ਆਪਣੀ ਅਗਲੀ ਲੜਾਈ ਦੀ ਤਿਆਰੀ ਕਰ ਰਹੀ ਹਨ। ''ਨੇਤਾਜੀ ਨੇ ਕਿਹਾ ਸੀ 'ਦਿੱਲੀ ਚੱਲੋ'। 15 ਅਗਸਤ ਦੇ ਬਾਅਦ ਇੰਝ ਹੀ ਕਰਾਂਗੀ, ਜੇਕਰ ਕੇਂਦਰ ਸਰਕਾਰ ਨੇ ਉਦੋਂ ਤੱਕ ਮੈਨੂੰ ਅਜ਼ਾਦੀ ਘੁਲਾਟੀਏ ਵਜੋਂ ਪ੍ਰਵਾਨ ਨਾ ਕੀਤਾ ਤਾਂ ਮੈਂ ਸੰਸਦ ਦੇ ਮੂਹਰੇ ਧਰਨੇ 'ਤੇ ਬਹਿ ਜਾਊਂਗੀ,'' ਬਜ਼ੁਰਗ ਮਹਿਲਾ ਕਹਿੰਦੀ ਹਨ। ''ਦਿੱਲੀ ਚੱਲੋ, ਹੁਣ ਅਗਲਾ ਕਦਮ ਉੱਥੇ ਜਾ ਕੇ ਹੀ ਚੁਕਾਂਗੀ।''
ਅਤੇ ਉਹ ਇੰਝ ਹੀ ਕਰੇਗੀ, ਸ਼ਾਇਦ ਛੇ ਦਹਾਕਿਆਂ ਦੇ ਦੇਰੀ ਨਾਲ਼। ਪਰ ਦਿਲ ਵਿੱਚ ਉਮੀਦ ਪਾਲੀ। ਜਿਵੇਂ ਕਿ ਉਹ ਗਾਉਂਦੀ ਹਨ,''ਕਦਮ, ਕਦਮ, ਬੜਾਏ ਜਾ...''
ਤਸਵੀਰਾਂ: ਪੀ. ਸਾਈਨਾਥ