ਜਦੋਂ ਤੱਕ ਲਕਸ਼ਮੀ ਟੂਡੂ ਹਸਪਤਾਲ ਪੁੱਜੀ, ਕਲਪਨਾ ਮਰ ਚੁੱਕੀ ਸੀ। "ਉਸ ਸਵੇਰ ਕੁੜੀ ਕਾਫੀ ਭੁੱਖੀ ਸੀ। ਮੈਂ ਉਹਦੇ ਵਾਸਤੇ ਚੌਲ਼ ਲਿਜਾਣੇ ਚਾਹੁੰਦੀ ਸਾਂ ਪਰ ਮੈਂ ਲੇਟ ਹੋ ਗਈ," ਲਕਸ਼ਮੀ ਯਾਦ ਕਰਦੀ ਹੈ। "ਬਹੁਤ ਤੇਜ਼ ਮੀਂਹ ਪੈ ਰਿਹਾ ਸੀ।"
ਜੂਨ 2020 ਦਾ ਸਮਾਂ ਸੀ ਅਤੇ ਉਹਦੀ 26 ਸਾਲਾ ਧੀ ਕਲਪਨਾ ਨਿਰੰਤਰ ਸਿਰਦਰਦ ਅਤੇ ਬੇਰੋਕ ਹੋਣ ਵਾਲੀਆਂ ਉਲਟੀਆਂ ਕਰਕੇ ਹਸਪਤਾਲ ਵਿੱਚ ਭਰਤੀ ਸੀ। ਹਸਪਤਾਲ ਵਿੱਚ ਦਾਖ਼ਲ ਆਪਣੀ ਭੈਣ ਕੋਲ਼ ਲਕਸ਼ਮੀ ਦੀ ਵਿਚਕਾਰਲੀ ਧੀ ਸੀ।
2017 ਤੋਂ ਕਲਪਨਾ ਦਾ ਇਲਾਜ ਪ੍ਰਾਈਵੇਟ ਡਾਇਗਨੋਸਟਿਕ ਸੈਂਟਰ ਵਿਖੇ ਹੋ ਰਿਹਾ ਸੀ, ਜਿੱਥੇ ਸਰਕਾਰ ਵੱਲੋਂ ਚਲਾਏ ਜਾਂਦੇ ਗੰਗਾਰਾਮਪੁਰ ਸਥਿਤ ਸਬ-ਡਿਵੀਜ਼ਨਲ ਹਸਪਤਾਲ- ਜਿਹਨੂੰ ਸਥਾਨਕੀ ਕਾਲਦੀਘੀ ਹਸਪਤਾਲ ਵਜੋਂ ਜਾਣਿਆ ਜਾਂਦਾ ਹੈ- ਦੇ ਡਾਕਟਰਾਂ ਨੇ ਉਹਨੂੰ ਪ੍ਰਾਈਵੇਟ ਨਿਓਰੋਲੋਜੀ ਮਾਹਰ ਨੂੰ ਦਿਖਾਉਣ ਦੀ ਸਲਾਹ ਦਿੱਤੀ ਸੀ। 2019 ਵਿੱਚ ਜੰਮੇ ਉਹਦੇ ਦੂਜੇ ਪੁੱਤਰ ਤੋਂ ਬਾਅਦ ਉਹਦੀ ਹਾਲਤ ਬਹੁਤੀ ਵਿਗੜ ਗਈ।
ਮਾਰਚ 2020 ਨੂੰ ਹੋਈ ਤਾਲਾਬੰਦੀ ਦੇ ਚੱਲਦਿਆਂ, ਕਲਪਨਾ ਦੇ ਡਾਕਟਰ ਦਾ ਕੋਲਕੱਤਾ ਤੋਂ ਡਾਇਗਨੋਸਟਿਕ ਸੈਂਟਰ ਲੱਗਣ ਵਾਲਾ ਦੌਰਾ ਬੇਕਾਇਦਾ (ਅਨਿਰੰਤਰਤ) ਹੋ ਗਿਆ। "ਅਸੀਂ ਉਡੀਕਦੇ ਰਹਿੰਦੇ ਪਰ ਉਹਦੇ ਆਉਣ ਦੀਆਂ ਤਰੀਕਾਂ ਲਗਾਤਾਰ ਬਦਲਦੀਆਂ ਰਹਿੰਦੀਆਂ," ਲਕਸ਼ਮੀ ਯਾਦ ਕਰਦੀ ਹੈ। "ਸੋ ਅਸੀਂ ਪਹਿਲਾਂ ਤੋਂ ਸੁਝਾਈਆਂ ਦਵਾਈਆਂ ਹੀ ਬਾਰ-ਬਾਰ ਲੈਂਦੇ ਰਹੇ।"
ਕਲਪਨਾ ਦਾ ਵਿਆਹ 2014 ਵਿੱਚ ਹੋ ਗਿਆ ਸੀ, ਜਦੋਂ ਉਹ ਗੰਗਾਰਾਮਪੁਰ ਕਾਲਜ ਵਿੱਚ ਬੀ.ਏ. ਪਹਿਲੇ ਵਰ੍ਹੇ ਦੀ ਵਿਦਿਆਰਥਣ ਸੀ। ਉਹਦਾ ਘਰਵਾਲਾ ਜਿਹਦੀ ਉਮਰ 29 ਸਾਲ, ਇੱਕ ਕਰਿਆਨੇ ਦੀ ਦੁਕਾਨ ਚਲਾਉਂਦਾ ਅਤੇ ਪਾਰਟ-ਟਾਈਮ ਵਜੋਂ ਅਨੰਤਪੁਰ ਪਿੰਡ ਵਿੱਚ ਦਰਜੀ ਦਾ ਕੰਮ ਕਰਦਾ, ਇਹ ਪਿੰਡ ਪੱਛਮੀ ਬੰਗਾਲ ਦੇ ਦੱਖਣੀ ਦਿਨਾਜਪੁਰ ਜ਼ਿਲ੍ਹੇ ਵਿੱਚ ਪੈਂਦੇ ਗੰਗਾਰਾਮਪੁਰ ਕਸਬੇ ਤੋਂ 17 ਕਿਲੋਮੀਟਰ ਦੇ ਕਰੀਬ ਹੈ। ਉਹਦਾ ਸਹੁਰਾ ਪਰਿਵਾਰ ਖੇਤ ਮਜ਼ਦੂਰੀ ਕਰਦਾ ਸੀ। ਇੱਕ ਸਾਲ ਮਗਰੋਂ, ਜਦੋਂ ਕਲਪਨਾ ਦਾ ਪਹਿਲਾ ਬੱਚਾ (ਲੜਕਾ) ਹੋਇਆ, ਉਹਦੇ ਸਿਰ ਵਿੱਚ ਭਿਅੰਕਰ ਦਰਦ ਰਹਿਣ ਲੱਗਾ- ਇਹ ਦਰਦ ਉਹਨੂੰ ਬਚਪਨ ਤੋਂ ਹੁੰਦਾ ਸੀ-ਪਰ ਬੱਚਾ ਹੋਣ ਤੋਂ ਬਾਅਦ ਸ਼ਦੀਦ ਵੱਧ ਗਿਆ।










