ਪੰਜ ਦਿਨ, 200 ਕਿਲੋਮੀਟਰ ਅਤੇ 27,000 ਰੁਪਏ-ਇਹ ਉਹ ਕੀਮਤ ਹੈ ਜੋ ਰਵੀ ਬੋਬਡੇ ਨੂੰ ਰੇਮਡੇਸਿਵਿਰ ਇੰਜੈਕਸ਼ਨ ਨੂੰ ਹਾਸਲ ਕਰਨ ਬਦਲੇ ਚੁਕਾਉਣੀ ਪਈ।
ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਇਸ ਸਾਲ ਅਪ੍ਰੈਲ ਦੇ ਅਖ਼ੀਰਲੇ ਹਫ਼ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਕੋਵਿਡ-19 ਦੇ ਲੱਛਣ ਦਿੱਸਣ ਲੱਗੇ। 25 ਸਾਲਾ ਰਵੀ, ਬੀਡ ਦੇ ਹਰਕੀ ਨੀਮਗਾਓਂ ਪਿੰਡ ਵਿੱਚ ਪੈਂਦੇ ਆਪਣੇ ਸੱਤ ਏਕੜ ਦੇ ਖ਼ੇਤਾਂ ਵਿੱਚੋਂ ਦੀ ਲੰਘਦਿਆਂ ਚੇਤੇ ਕਰਦੇ ਹਨ,''ਦੋਵਾਂ ਨੂੰ ਬਹੁਤ ਜ਼ਿਆਦਾ ਖੰਘ ਆਉਣ ਲੱਗੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਦੇ ਨਾਲ਼ ਛਾਤੀ ਵਿੱਚ ਪੀੜ੍ਹ ਹੋਣ ਲੱਗੀ। ਇਸਲਈ ਮੈਂ ਦੋਵਾਂ ਨੂੰ ਨੇੜਲੇ ਨਿੱਜੀ ਹਸਪਤਾਲ ਲੈ ਗਿਆ।''
ਡਾਕਟਰ ਨੇ ਕਾਗ਼ਜ਼ 'ਤੇ ਤੁਰੰਤ ਰੇਮਡੇਸਿਵਿਰ ਝਰੀਟ ਦਿੱਤਾ- ਜੋ ਇੱਕ ਐਂਟੀ-ਵਾਇਰਲ ਦਵਾਈ ਹੈ ਜਿਹਦਾ ਇਸਤੇਮਾਲ ਕੋਵਿਡ-19 ਦੇ ਇਲਾਜ ਵਿੱਚ ਕੀਤਾ ਜਾਂਦਾ ਰਿਹਾ- ਬੀਡ ਅੰਦਰ ਜਿਹਦੀ ਸਪਲਾਈ ਨਾ-ਮਾਤਰ ਸੀ। ਰਵੀ ਨੇ ਦੱਸਿਆ,''ਮੈਂ ਪੰਜ ਦਿਨਾਂ ਤੱਕ ਮਾਰਿਆ-ਮਾਰਿਆ ਫਿਰਦਾ ਰਿਹਾ। ਸਮਾਂ ਵੀ ਘੱਟ ਸੀ ਅਤੇ ਕੁਝ ਨਾ ਸੁੱਝਣ 'ਤੇ ਮੇਰੇ ਹੱਥ ਪੈਰ ਫੁੱਲਣ ਲੱਗੇ। ਇਸਲਈ, ਮੈਂ ਕਿਰਾਏ 'ਤੇ ਇੱਕ ਐਂਬੂਲੈਂਸ ਲਈ ਅਤੇ ਆਪਣਾ ਮਾਤਾ-ਪਿਤਾ ਨੂੰ ਸੋਲਾਪੁਰ ਦੇ ਇੱਕ ਹਸਪਤਾਲ ਵਿਖੇ ਤਬਦੀਲ ਕੀਤਾ।'' ਉਨ੍ਹਾਂ ਦਾ ਪੂਰਾ ਸਫ਼ਰ ਫ਼ਿਕਰਮੰਦੀ ਵਿੱਚ ਬੀਤਿਆ। ''ਮੈਂ ਐਂਬੂਲੈਂਸ ਵਿੱਚ ਬਿਤਾਏ ਉਹ ਚਾਰ ਘੰਟੇ ਤਾਉਮਰ ਨਹੀਂ ਭੁੱਲ ਸਕਾਂਗਾ।''
ਰਵੀ ਦੇ 55 ਸਾਲਾ ਪਿਤਾ, ਅਰਜੁਨ ਅਤੇ 48 ਸਾਲਾ ਮਾਤਾ, ਗੀਤਾ ਨੂੰ ਉਨ੍ਹਾਂ ਦੇ ਪਿੰਡ ਤੋਂ ਸੋਲਾਪੁਰ ਤੱਕ ਲਿਜਾਣ ਬਦਲੇ ਜੋ ਕਰੀਬ 200 ਕਿਲੋਮੀਟਰ ਦਾ ਸਫ਼ਰ ਹੈ, ਐਂਬੂਲੈਂਸ ਵਾਲ਼ੇ ਨੇ 27,000 ਰੁਪਏ ਉਗਰਾਹੇ। ਰਵੀ ਨੇ ਦੱਸਿਆ,''ਮੇਰਾ ਇੱਕ ਦੂਰ ਦਾ ਰਿਸ਼ਤੇਦਾਰ ਸੋਲਾਪੁਰ ਵਿਖੇ ਡਾਕਟਰ ਹੈ। ਉਹਨੇ ਮੈਨੂੰ ਕਿਹਾ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਇੰਜੈਕਸ਼ਨ ਦਾ ਬੰਦੋਬਸਤ ਕਰ ਦਵੇਗਾ। ਪੂਰੇ ਬੀਡ ਅੰਦਰ ਲੋਕ ਇਸ ਦਵਾਈ ਹਾਸਲ ਕਰਨ ਵਾਸਤੇ ਸੰਘਰਸ਼ ਕਰ ਰਹੇ ਸਨ।''
ਰੇਮਡੇਸਿਵਿਰ, ਜਿਹਨੂੰ ਮੂਲ਼ ਰੂਪ ਵਿੱਚ ਇਬੋਲਾ ਦੇ ਇਲਾਜ ਵਾਸਤੇ ਇਜਾਦ ਕੀਤਾ ਗਿਆ ਸੀ, ਮਹਾਂਮਾਰੀ ਤੋਂ ਪੀੜਤ ਲੋਕਾਂ ਦੇ ਸ਼ੁਰੂਆਤੀ ਇਲਾਜ ਵਿੱਚ ਪ੍ਰਭਾਵੀ ਪਾਇਆ ਗਿਆ। ਹਾਲਾਂਕਿ ਨਵੰਬਰ 2020 ਵਿੱਚ ਵਿਸ਼ਵ ਸਿਹਤ ਸੰਗਠਨ ਨੇ ਰੇਮਡੇਸਿਵਿਰ ਦੇ ਇਸਤੇਮਾਲ ਦੇ ਖ਼ਿਲਾਫ਼ ''ਸ਼ਰਤੀਆ ਸਿਫ਼ਾਰਸ਼'' ਜਾਰੀ ਕੀਤੀ। ਡਬਲਿਊਐੱਚਓ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਦਵਾਈ ਹਸਪਤਾਲ ਵਿੱਚ ਭਰਤੀ ਕੋਵਿਡ-19 ਰੋਗੀਆਂ ਲਈ ਪ੍ਰਭਾਵਸ਼ਾਲੀ ਹੈ ਜਾਂ ਉਨ੍ਹਾਂ ਨੂੰ ਮਰਨੋਂ ਬਚਾਉਂਦੀ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮਹਾਰਾਸ਼ਟਰ ਖੰਡ ਦੇ ਸਾਬਕਾ ਪ੍ਰਧਾਨ ਡਾ. ਅਵਿਨਾਸ਼ ਭੋਂਡਵੇ ਕਹਿੰਦੇ ਹਨ ਕਿ ਹਾਲਾਂਕਿ, ਇਸ ਐਂਟੀਵਾਇਰਸ ਦਵਾਈ ਨੂੰ ਹੁਣ ਇਲਾਜ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਹੈ, ਪਰ ਇਹ ਵਰਜਿਤ ਨਹੀਂ ਹੈ। ਉਹ ਕਹਿੰਦੇ ਹਨ,''ਰੇਮਡੇਸਿਵਿਰ ਦੀ ਵਰਤੋਂ ਪਿਛਲੇ ਕਰੋਨਾਵਾਇਰਸ ਸੰਕਰਮਣ (SARS-CoV-1) ਨਾਲ਼ ਨਜਿੱਠਣ ਲਈ ਕੀਤਾ ਗਿਆ ਸੀ ਅਤੇ ਇਹਦੇ ਨਤੀਜੇ ਪ੍ਰਭਾਵੀ ਰਹੇ ਸਨ; ਇਹੀ ਕਾਰਨ ਹੈ ਕਿ ਅਸੀਂ ਭਾਰਤ ਇਹਦੀ ਵਰਤੋਂ ਕਰੋਨਾਵਾਇਰਸ (SARS-CoV-2 ਜਾਂ Covid-19) ਦੀ ਪਹਿਲੀ ਲਹਿਰ ਦੌਰਾਨ ਸ਼ੁਰੂ ਕੀਤੀ।''









