ਕਬਾਇਲੀ ਲੋਕਾਂ ਅੰਦਰ ਜ਼ਰੂਰ ਖ਼ਾਮੀਆਂ ਹਨ, ਪਰ ਇਹ ਦੇਖਣਾ ਲਾਜ਼ਮੀ ਬਣਦਾ ਹੈ ਕਿ ਉਨ੍ਹਾਂ ਨੇ ਭਾਈਚਾਰੇ ਅੰਦਰ ਕਿਸੇ ਸੱਭਿਆਚਾਰ ਨੂੰ ਕਿਸ ਤਰੀਕੇ ਨਾਲ਼ ਅਪਣਾਇਆ ਹੈ। ਮਿਸਾਲ ਵਜੋਂ, ਆਧੁਨਿਕ ਸਿੱਖਿਆ ਨਾਲ਼ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲ਼ਿਆ ਹੈ ਤੇ ਅੱਜ ਸਾਡੇ ਅੰਦਰਲੇ ਸੰਘਰਸ਼ ਇਸ ਨਵੀਂ ਪੜ੍ਹੀ-ਲਿਖੀ ਜਮਾਤ ਕਾਰਨ ਹੋਰ ਤਿਖੇਰੇ ਹੋਏ ਹਨ। ਅੱਜ ਮੇਰੇ ਪਿੰਡ ਦਾ ਕੋਈ ਅਧਿਆਪਕ ਪਿੰਡ ਅੰਦਰ ਘਰ ਨਹੀਂ ਬਣਾਉਂਦਾ। ਉਹ ਰਾਜਪੀਪਲਾ ਵਿਖੇ ਜ਼ਮੀਨ ਖਰੀਦਦਾ ਹੈ। ਨੌਜਵਾਨ ਪੀੜ੍ਹੀ ਵਿਕਾਸ ਦੇ ਚਕਾਚੌਂਧ ਵਿਚਾਰਾਂ ਤੋਂ ਪ੍ਰਭਾਵਤ ਹੈ ਤੇ ਉਹਦੀ ਮਗਰ ਲੱਗੀ ਹੋਈ ਹੈ। ਆਪਣੀਆਂ ਜੜ੍ਹਾਂ ਤੋਂ ਟੁੱਟ ਕੇ ਕਿਸੇ ਹੋਰ ਧਰਤੀ 'ਤੇ ਵਧਣ-ਫੁੱਲਣ ਕਾਰਨ ਉਹ ਰਵਾਇਤੀ ਤਰੀਕਿਆਂ ਨਾਲ਼ ਜੀਵਨ ਨਹੀਂ ਜਿਊਂਦੀ। ਲਾਲ ਚੌਲ਼ ਉਹਨੂੰ ਬਦਹਜ਼ਮੀ ਕਰਦੇ ਹਨ। ਉਹ ਸ਼ਹਿਰਾਂ ਦੀਆਂ ਨੌਕਰੀਆਂ ਨਾਲ਼ ਬਣਨ ਵਾਲ਼ੀ ਸ਼ਾਖ ਦਾ ਸੁਆਦ ਚਖਣਾ ਚਾਹੁੰਦੀ ਹੈ। ਦਾਸਤਾ ਦਾ ਅਜਿਹਾ ਭਾਵ ਕਦੇ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਰਿਹਾ। ਹੁਣ ਉਹ ਪੜ੍ਹੀ-ਲਿਖੀ ਜ਼ਰੂਰ ਹੈ ਅਤੇ ਨੌਕਰੀਆਂ ਕਰਦੀ ਹੈ, ਤਾਂ ਵੀ ਉਨ੍ਹਾਂ ਨੂੰ ਸ਼ਹਿਰਾਂ ਅੰਦਰ ਰਹਿਣ ਲਈ ਥਾਂ ਨਹੀਂ ਮਿਲ਼ ਪਾਉਂਦੀ। ਉੱਥੋਂ ਦੇ ਬਾਸ਼ਿੰਦੇ ਇਹਦਾ ਬਾਈਕਾਟ ਕਰੀ ਰੱਖਦੇ ਹਨ। ਇਸਲਈ, ਇਸ ਟਕਰਾਅ ਤੋਂ ਛੁਟਕਾਰਾ ਪਾਉਣ ਲਈ ਉਹ ਆਪਣੀ ਹੀ ਪਛਾਣ ਲੁਕਾਉਣ ਲੱਗਦੀ ਹੈ। ਅੱਜ, ਆਦਿਵਾਸੀ ਪਛਾਣ ਨੂੰ ਲੈ ਕੇ ਚੱਲਦੇ ਸੰਘਰਸ਼ ਤੇ ਟਕਰਾਅ ਹੋਰ ਤਿਖੇਰੇ ਹੋ ਗਏ ਹਨ।

ਜਤਿੰਦਰ ਵਸਾਵਾ ਦੀ ਅਵਾਜ਼ ਵਿੱਚ, ਦੇਹਵਲੀ ਭੀਲੀ ਵਿੱਚ ਕਵਿਤਾ ਦਾ ਪਾਠ ਸੁਣੋ

ਪ੍ਰਤਿਸ਼ਠਾ ਪਾਂਡਿਆ ਦੀ ਅਵਾਜ਼ ਵਿੱਚ, ਅੰਗਰੇਜ਼ੀ ਵਿੱਚ ਕਵਿਤਾ ਦਾ ਪਾਠ ਸੁਣੋ

ਅਸੱਭਿਅਕ ਐਲਾਨਿਆ ਮਹੂਆ

ਜਦੋਂ ਤੋਂ ਮੇਰੇ ਦੇਸ਼ ਦੇ
ਕੁਝ ਅਖੌਤੀ ਸੱਭਿਅਕ ਲੋਕਾਂ ਨੇ
ਸਾਡੇ ਮਹੂਏ ਦੇ ਰੁੱਖ ਨੂੰ ਹੀ
ਅਸੱਭਿਅਕ ਐਲਾਨ ਦਿੱਤਾ ਏ
ਤੇ ਮੇਰੇ ਲੋਕ
ਖ਼ੁਦ ਨੂੰ ਅਸੱਭਿਅਕ ਮਹਿਸੂਸ ਕਰਨ ਲੱਗੇ ਨੇ

ਉਦੋਂ ਤੋਂ ਹੀ ਮੇਰੀ ਮਾਂ ਮਹੂਏ ਨੂੰ ਹੱਥ
ਲਾਉਣੋਂ ਵੀ ਡਰਦੀ ਏ
ਮੇਰੇ ਪਿਤਾ ਨੂੰ ਮਹੂਏ ਦਾ ਨਾਮ ਹੀ ਪਸੰਦ ਨਾ ਰਿਹਾ
ਉਦੋਂ ਤੋਂ ਮੇਰਾ ਭਰਾ ਵਿਹੜੇ 'ਚ ਮਹੂਏ ਦੀ ਥਾਂ
ਤੁਲਸੀ ਦਾ ਬੂਟਾ ਲਾਈ
ਖ਼ੁਦ ਨੂੰ ਸੱਭਿਅਕ ਮਹਿਸੂਸ ਕਰ ਰਿਹਾ ਏ
ਜਦੋਂ ਤੋਂ ਮੇਰੇ ਦੇਸ਼ ਦੇ
ਕੁਝ ਅਖੌਤੀ ਸੱਭਿਅਕ ਲੋਕਾਂ ਨੇ
ਸਾਡੇ ਮਹੂਏ ਦੇ ਰੁੱਖ ਨੂੰ ਹੀ
ਅਸੱਭਿਅਕ ਐਲਾਨ ਦਿੱਤਾ ਏ
ਤੇ ਮੇਰੇ ਲੋਕ
ਖ਼ੁਦ ਨੂੰ ਅਸੱਭਿਅਕ ਮਹਿਸੂਸ ਕਰਨ ਲੱਗੇ ਨੇ

ਉਦੋਂ ਤੋਂ ਅਧਿਆਤਮ ਨਾਲ਼ ਜੀਣ ਵਾਲ਼ੇ ਮੇਰੇ ਲੋਕ
ਰੁੱਖਾਂ ਨਾਲ਼ ਗੱਲ ਕਰਨ ਤੋਂ
ਨਦੀ ਨੂੰ ਪੂਜਣਯੋਗ ਮੰਨਣ ਤੋਂ
ਪਹਾੜਾਂ ਦੀ ਪੂਜਾ ਕਰਨ ਤੋਂ
ਪੁਰਖਿਆਂ ਦੇ ਰਾਹ ਤੁਰ ਕੇ
ਧਰਤੀ ਨੂੰ ਮਾਂ ਕਹਿਣ ਵਿੱਚ
ਕੁਝ ਸ਼ਰਮ ਮਹਿਸੂਸ ਕਰ ਰਹੇ ਹਨ
ਅਤੇ ਆਪਣੀ ਪਛਾਣ ਲੁਕੋ ਕੇ
ਅਸੱਭਿਅਤਾ ਤੋਂ ਮੁਕਤੀ ਪਾਉਣ ਖਾਤਰ
ਕੋਈ ਈਸਾਈ ਹੋ ਰਿਹਾ, ਕੋਈ ਹਿੰਦੂ
ਕੋਈ ਜੈਨੀ ਤੇ ਕੋਈ ਮੁਸਲਮਾਨ ਹੋ ਰਿਹਾ ਏ
ਜਦੋਂ ਤੋਂ ਮੇਰੇ ਦੇਸ਼ ਦੇ
ਕੁਝ ਅਖੌਤੀ ਸੱਭਿਅਕ ਲੋਕਾਂ ਨੇ
ਸਾਡੇ ਮਹੂਏ ਦੇ ਰੁੱਖ ਨੂੰ ਹੀ
ਅਸੱਭਿਅਕ ਐਲਾਨ ਦਿੱਤਾ ਏ
ਤੇ ਮੇਰੇ ਲੋਕ
ਖ਼ੁਦ ਨੂੰ ਅਸੱਭਿਅਕ ਮਹਿਸੂਸ ਕਰਨ ਲੱਗੇ ਨੇ

ਬਜ਼ਾਰ ਨੂੰ ਨਾ-ਪਸੰਦ ਕਰਨ ਵਾਲ਼ੇ ਮੇਰੇ ਲੋਕ
ਬਜ਼ਾਰ ਨਾਲ਼ ਘਰ ਭਰ ਰਹੇ ਹਨ
ਸੱਭਿਅਤਾ ਦੀ ਹਰ ਸ਼ੈਅ
ਆਪਣੇ ਹੱਥੋਂ ਖੁੱਸਣ ਨੀ ਦਿੰਦੇ
ਸੱਭਿਅਤਾ ਦੀ ਸਭ ਤੋਂ ਵੱਡੀ ਹੈ ਖ਼ੋਜ਼-
'ਵਿਅਕਤੀਵਾਦ'
ਹਰ ਆਦਮੀ 'ਮੈਂ' ਸਿੱਖ ਰਿਹਾ ਏ
'स्व/ਸਵ' ਤੋਂ 'ਸਮਾਜ' ਨਹੀਂ
'स्व/ਸਵ' ਤੋਂ 'ਸਵਾਰਥ' ਸਮਝ ਰਿਹਾ ਏ
ਜਦੋਂ ਤੋਂ ਮੇਰੇ ਦੇਸ਼ ਦੇ
ਕੁਝ ਅਖੌਤੀ ਸੱਭਿਅਕ ਲੋਕਾਂ ਨੇ
ਸਾਡੇ ਮਹੂਏ ਦੇ ਰੁੱਖ ਨੂੰ ਹੀ
ਅਸੱਭਿਅਕ ਐਲਾਨ ਦਿੱਤਾ ਏ
ਤੇ ਮੇਰੇ ਲੋਕ
ਖ਼ੁਦ ਨੂੰ ਅਸੱਭਿਅਕ ਮਹਿਸੂਸ ਕਰਨ ਲੱਗੇ ਨੇ

ਆਪਣੀ ਭਾਸ਼ਾ ਵਿੱਚ ਮਹਾਂਕਾਵਿ, ਗਾਥਾ ਗਾਉਣ ਵਾਲ਼ੇ
ਮੇਰੇ ਲੋਕ, ਬੱਚਿਆਂ ਤੋਂ ਆਪਣੀ ਭਾਸ਼ਾ ਖੋਹ
ਅੰਗਰੇਜ਼ੀ ਫੜ੍ਹਾ ਰਹੇ ਹਨ
ਮਾਤ-ਭੂਮੀ ਦੇ ਰੁੱਖ-ਪੌਦੇ, ਨਦੀ, ਪਹਾੜ
ਬੱਚਿਆਂ ਦੇ ਸੁਪਨਿਆਂ 'ਚ ਨਹੀਓਂ ਆਉਂਦੇ
ਸਾਡਾ ਹਰੇਕ ਬੱਚਾ ਅਮੇਰਿਕਾ,
ਲੰਡਨ ਦੇ ਸੁਪਨੇ ਦੇਖ ਰਿਹਾ ਏ
ਜਦੋਂ ਤੋਂ ਮੇਰੇ ਦੇਸ਼ ਦੇ
ਕੁਝ ਅਖੌਤੀ ਸੱਭਿਅਕ ਲੋਕਾਂ ਨੇ
ਸਾਡੇ ਮਹੂਏ ਦੇ ਰੁੱਖ ਨੂੰ ਹੀ
ਅਸੱਭਿਅਕ ਐਲਾਨ ਦਿੱਤਾ ਏ
ਤੇ ਮੇਰੇ ਲੋਕ
ਖ਼ੁਦ ਨੂੰ ਅਸੱਭਿਅਕ ਮਹਿਸੂਸ ਕਰਨ ਲੱਗੇ ਨੇ।

ਤਰਜਮਾ: ਕਮਲਜੀਤ ਕੌਰ

Poem and Text : Jitendra Vasava

ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਮਹੁਪਾੜਾ ਦੇ ਰਹਿਣ ਵਾਲ਼ੇ ਜਤਿੰਦਰ ਵਸਾਵਾ ਇੱਕ ਕਵੀ ਹਨ, ਜੋ ਦੇਹਵਲੀ ਭੀਲੀ ਵਿੱਚ ਲਿਖਦੇ ਹਨ। ਉਹ ਆਦਿਵਾਸੀ ਸਾਹਿਤ ਅਕਾਦਮੀ (2014) ਦੇ ਸੰਸਥਾਪਕ ਪ੍ਰਧਾਨ ਅਤੇ ਆਦਿਵਾਸੀ ਅਵਾਜ਼ਾਂ ਨੂੰ ਥਾਂ ਦੇਣ ਵਾਲ਼ੇ ਇੱਕ ਕਵਿਤਾ ਕੇਂਦਰਤ ਰਸਾਲੇ ਲਖਾਰਾ ਦੇ ਸੰਪਾਦਕ ਹਨ। ਉਨ੍ਹਾਂ ਨੇ ਆਦਿਵਾਸੀਆਂ ਦੇ ਮੌਖਿਕ (ਜ਼ੁਬਾਨੀ) ਸਾਹਿਤ ਨੂੰ ਲੈ ਕੇ ਚਾਰ ਕਿਤਾਬਾਂ ਵੀ ਪ੍ਰਕਾਸ਼ਤ ਕੀਤੀਆਂ ਹਨ। ਉਹ ਨਰਮਦਾ ਜ਼ਿਲ੍ਹੇ ਦੇ ਭੀਲਾਂ ਦੀਆਂ ਮੌਖਿਕ ਲੋਕ-ਕਥਾਵਾਂ ਦੇ ਸੱਭਿਆਚਾਰ ਅਤੇ ਪੌਰਾਣਿਕ ਪੱਖਾਂ ‘ਤੇ ਖ਼ੋਜ਼ ਕਰ ਰਹੇ ਹਨ। ਪਾਰੀ ਵਿਖੇ ਪ੍ਰਕਾਸ਼ਤ ਕਵਿਤਾਵਾਂ ਉਨ੍ਹਾਂ ਦੇ ਆਉਣ ਵਾਲ਼ੇ ਪਹਿਲੇ ਕਾਵਿ-ਸੰਗ੍ਰਹਿ ਦਾ ਹਿੱਸਾ ਹਨ।

Other stories by Jitendra Vasava
Painting : Labani Jangi

ਲਾਬਨੀ ਜਾਂਗੀ 2020 ਤੋਂ ਪਾਰੀ ਦੀ ਫੈਲੋ ਹਨ, ਉਹ ਵੈਸਟ ਬੰਗਾਲ ਦੇ ਨਾਦਿਆ ਜਿਲ੍ਹਾ ਤੋਂ ਹਨ ਅਤੇ ਸਵੈ-ਸਿੱਖਿਅਤ ਪੇਂਟਰ ਵੀ ਹਨ। ਉਹ ਸੈਂਟਰ ਫਾਰ ਸਟੱਡੀਜ ਇਨ ਸੋਸ਼ਲ ਸਾਇੰਸ, ਕੋਲਕਾਤਾ ਵਿੱਚ ਮਜ਼ਦੂਰ ਪ੍ਰਵਾਸ 'ਤੇ ਪੀਐੱਚਡੀ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹਨ।

Other stories by Labani Jangi
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur