ਮਾਜੁਲੀ ਟਾਪੂ ਦਾ ਗਰਮੂਰ ਬਾਜ਼ਾਰ ਨਵੰਬਰ ਦੇ ਮਹੀਨੇ ਵਿੱਚ ਤਿੰਨ ਦਿਨਾਂ ਲਈ ਰੰਗੀਨ ਲਾਈਟਾਂ ਅਤੇ ਮਿੱਟੀ ਦੇ ਦੀਵਿਆਂ ਨਾਲ਼ ਚਮਕਣਾ ਸ਼ੁਰੂ ਕਰ ਦਿੰਦਾ ਹੈ। ਸਰਦੀਆਂ ਦੀ ਸ਼ਾਮ ਸ਼ੁਰੂ ਹੁੰਦਿਆਂ ਹੀ ਖੋਲ ਦੇ ਢੋਲ ਦੀ ਥਾਪ ਅਤੇ ਲਾਊਡ ਸਪੀਕਰਾਂ ਰਾਹੀਂ ਤਾਲਾਂ ਦੀ ਆਵਾਜ਼ ਚਾਰੇ ਪਾਸੇ ਫੈਲ ਜਾਂਦੀ ਹੈ।
ਇਸ ਤਰ੍ਹਾਂ ਰਾਸ ਮਹੋਤਸਵ ਦੀ ਸ਼ੁਰੂਆਤ ਹੁੰਦੀ ਹੈ।
ਇਹ ਤਿਉਹਾਰ ਕਾਟੀ-ਅਗਨ ਦੇ ਆਸਾਮੀ ਮਹੀਨੇ ਦੇ ਪੂਰਨਿਮਾ ਜਾਂ ਪੂਰਨਮਾਸ਼ੀ ਵਾਲ਼ੇ ਦਿਨ ਮਨਾਇਆ ਜਾਂਦਾ ਹੈ - ਜੋ ਕਿ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਆਉਂਦਾ ਹੈ - ਜੋ ਹਰ ਸਾਲ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਟਾਪੂ ਵੱਲ ਆਕਰਸ਼ਤ ਕਰਦਾ ਹੈ। ਇਹ ਦੋ ਦਿਨਾਂ ਤੱਕ ਜਾਰੀ ਰਹਿੰਦਾ ਹੈ।
"ਜੇ ਇਹ ਤਿਉਹਾਰ ਨਾ ਹੁੰਦਾ, ਤਾਂ ਸਾਨੂੰ ਕੁਝ ਖੁੱਸਿਆ-ਖੁੱਸਿਆ ਜਿਹਾ ਮਹਿਸੂਸ ਹੁੰਦਾ। ਇਹ [ਰਾਸ ਮਹੋਤਸਵ] ਸਾਡੀ ਸੰਸਕ੍ਰਿਤੀ ਹੈ," ਬੋਰੂਨ ਚਿਤਦਰਚੁਕ ਪਿੰਡ ਵਿੱਚ ਤਿਉਹਾਰ ਦਾ ਆਯੋਜਨ ਕਰਨ ਵਾਲ਼ੀ ਕਮੇਟੀ ਦੇ ਸਕੱਤਰ ਰਾਜਾ ਪਯੇਂਗ ਕਹਿੰਦੇ ਹਨ। ਉਹ ਕਹਿੰਦੇ ਹਨ, "ਲੋਕ ਸਾਰਾ ਸਾਲ ਇਸ ਦਾ ਬੇਸਬਰੀ ਨਾਲ਼ ਇੰਤਜ਼ਾਰ ਕਰਦੇ ਹਨ।"
ਸੈਂਕੜੇ ਵਸਨੀਕ, ਆਪਣੇ ਵਧੀਆ ਕੱਪੜੇ ਪਹਿਨੇ ਹੋਏ, ਅਸਾਮ ਦੇ ਬਹੁਤ ਸਾਰੇ ਵੈਸ਼ਨਵ ਮੱਠਾਂ ਵਿੱਚੋਂ ਇੱਕ, ਗਰਮੂਰ ਸਰੂ ਸਤਰਾ ਦੇ ਨੇੜੇ ਇਕੱਠੇ ਹੋਏ ਹਨ।





































