ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਮੇਰੇ ਪਿੰਡ, ਨਿੰਬਾਵਲੀ ਵਿਖੇ ਅੱਧਖੜ ਉਮਰ ਦੇ ਪੁਰਸ਼ ਇੱਕ ਰੁੱਖ ਦੁਆਲ਼ੇ ਇਕੱਠੇ ਹੋਏ ਅਤੇ 10 ਸਾਲਾ ਪਹਿਲਾਂ ਵਾਪਰੀਆਂ ਘਟਨਾਵਾਂ 'ਤੇ ਚਰਚਾ ਕਰਨ ਲੱਗੇ, ਜਿਨ੍ਹਾਂ ਘਟਨਾਵਾਂ ਦਾ ਪ੍ਰਭਾਵ ਅੱਜ ਤੱਕ ਬਣਿਆ ਹੋਇਆ ਹੈ। ਸਰਕਾਰੀ ਅਧਿਕਾਰੀਆਂ ਦਾ ਇੱਕ ਦਲ, ਜੋ ਕਿ ਵੱਡੀ ਸਾਰੀ ਕਾਰ ਵਿੱਚ ਸਵਾਰ ਸੀ, ਰੁਕਿਆ ਜੋ ਕਿ ਕਾਗ਼ਜ਼ਾਂ, ਮਾਪਕ ਉਪਕਰਣਾਂ, ਫੀਤਿਆਂ ਅਤੇ ਟੇਪਾਂ ਨਾਲ਼ ਲੈਸ ਸੀ। ਉਨ੍ਹਾਂ ਨੇ ਜ਼ਮੀਨਦੋਜ਼ ਪਾਣੀ ਤੱਕ ਪਹੁੰਚਣ ਵਾਸਤੇ ਖ਼ਾਸ ਥਾਵਾਂ ਦੀ ਭਾਲ਼ ਕੀਤੀ ਸੀ, 55 ਸਾਲਾ ਬਾਬਾ, ਮੇਰੇ ਪਿਤਾ, ਪਰਸ਼ੂਰਾਮ ਪਰੇਡ ਨੇ ਚੇਤੇ ਕਰਦਿਆਂ ਕਿਹਾ।
''ਮੈਨੂੰ ਉਨ੍ਹਾਂ ਦੇ ਚਿਹਰੇ ਚੰਗੀ ਤਰ੍ਹਾਂ ਚੇਤੇ ਹਨ। ਜਦੋਂ ਅਸੀਂ ਬਾਰ ਬਾਰ ਉਨ੍ਹਾਂ ਨੂੰ ਪੁੱਛਿਆ ਕਿ ਆਖ਼ਰ ਉਹ ਕਰ ਕੀ ਰਹੇ ਸਨ, ਉਨ੍ਹਾਂ ਨੇ ਮੋੜਵੇਂ ਜਵਾਬ ਵਿੱਚ ਕਿਹਾ 'ਤੁਹਾਨੂੰ ਪਾਣੀ ਦੀ ਲੋੜ ਹੈ ਨਾ... ਕਿ ਨਹੀਂ?' ਅਸੀਂ ਸਹਿਮਤੀ ਜਤਾਈ। ਪਾਨੀ ਕਿਸੇ ਨਹੀਂ ਮਾਂਗਤਾ?'' ਬਾਬਾ ਨੇ ਚੇਤੇ ਕੀਤਾ। ਪਾਣੀ ਦੀ ਕਿੱਲਤ ਮਾਰੇ ਇਸ ਇਲਾਕੇ ਵਿੱਚ ਜੇਕਰ ਸਰਕਾਰ ਸਾਡੇ ਲਈ ਪਾਣੀ ਦਾ ਵਸੀਲਾ ਲੱਭ ਸਕੇ ਤਾਂ ਇਸ ਕਦਮ ਦਾ ਸੁਆਗਤ ਸੀ, ਪਰ ਪਿੰਡ ਵਾਸੀਆਂ ਦੀ ਇਸ ਖ਼ੁਸ਼ੀ ਦੀ ਉਮਰ ਪਾਣੀ ਦੇ ਬੁਲਬੁਲੇ ਜਿੰਨੀ ਹੀ ਨਿਕਲ਼ੀ।
ਮਹੀਨਿਆਂ ਬਾਅਦ, ਵਾੜਾ ਤਾਲੁਕਾ ਦੇ ਨਿੰਬਾਵਲੀ ਪਿੰਡ ਦੇ ਵਾਰਲੀ ਭਾਈਚਾਰਾ ਨੂੰ ਬੇਦਖ਼ਲੀ ਦਾ ਸਰਕਾਰੀ ਨੋਟਿਸ ਮਿਲ਼ਿਆ। ਪਾਣੀ ਦਾ ਕੋਈ ਵੀ ਸਰਕਾਰੀ ਪ੍ਰੋਜੈਕਟ ਸੀ ਹੀ ਨਹੀਂ, ਸੱਚਾਈ ਤਾਂ ਇਹ ਸੀ ਕਿ ਪਿੰਡ ਦੀ ਇਸ ਜ਼ਮੀਨ ਨੂੰ ਮੁੰਬਈ-ਵਡੋਦਰਾ ਰਾਸ਼ਟਰੀ ਐਕਸਪ੍ਰੈੱਸ ਰਾਜਮਾਰਗ ਲਈ ਨਿਰਧਾਰਤ ਕੀਤਾ ਗਿਆ ਸੀ।
''ਉਦੋਂ ਕਿਤੇ ਜਾ ਕੇ ਸਾਨੂੰ ਰਾਜਮਾਰਗ (ਹਾਈਵੇਅ) ਬਣਾਉਣ ਦੀ ਅਸਲੀਅਤ ਪਤਾ ਚੱਲੀ,'' 50 ਸਾਲਾ ਬਲਕਰੂਸ਼ਨਾ ਲਿਪਟ ਨੇ ਕਿਹਾ। ਸਮਾਂ 2012 ਦਾ ਸੀ। ਇੱਕ ਦਹਾਕਾ ਬੀਤ ਜਾਣ ਬਾਅਦ ਤੱਕ ਮੇਰੇ ਪਿੰਡ ਵਾਸੀ ਧੋਖੇ ਨਾਲ਼ ਹੱਥੋਂ ਖੁੱਸੀ ਆਪਣੀ ਜ਼ਮੀਨ ਵਾਪਸ ਪਾਉਣ ਲਈ ਸੰਘਰਸ਼ ਕਰ ਰਹੇ ਹਨ। ਬਹੁਤੇਰੇ ਲੋਕ ਨੇ ਇਹ ਜਾਣਦੇ ਵੀ ਹੋਏ ਕਿ ਉਨ੍ਹਾਂ ਦੀ ਲੜਾਈ ਰਾਜ ਦੀ ਤਾਕਤ ਮੂਹਰੇ ਇੱਕ ਹਾਰੀ ਹੋਈ ਲੜਾਈ ਹੀ ਸਾਬਤ ਹੋਣੀ ਹੈ, ਸੋ ਉਨ੍ਹਾਂ ਨੇ ਉੱਚ ਮੁਆਵਜ਼ੇ ਅਤੇ ਬਦਲਵੀਂ ਜ਼ਮੀਨ ਦਿੱਤੇ ਜਾਣ ਦੀ ਮੰਗਾਂ ਨੂੰ ਘਟਾ ਕੇ ਪੂਰੇ ਪਿੰਡ ਦੇ ਮੁੜ ਵਸੇਬੇ ਦੀ ਮੰਗ ਤੱਕ ਸੀਮਤ ਕਰ ਦਿੱਤਾ ਹੈ।





