''ਜੇ ਮੇਰੇ ਕੋਲ਼ ਹੋਰ ਕੋਈ ਚਾਰਾ ਹੋਵੇ ਤਾਂ ਮੈਂ ਹਸਪਤਾਲ ਕਦੇ ਨਾ ਜਾਵਾਂ।'' ਉਹ ਬੇਬਾਕ ਬੋਲ਼ਦੀ ਹਨ। ''ਉੱਥੇ ਸਾਡੇ ਨਾਲ਼ ਡੰਗਰਾਂ ਵਾਲ਼ਾ ਸਲੂਕ ਕੀਤਾ ਜਾਂਦਾ ਹੈ। ਡਾਕਟਰ ਆਪ ਤਾਂ ਸਾਨੂੰ ਦੇਖਦੇ ਨਹੀਂ ਅਤੇ ਨਰਸਾਂ ਅਵਾ-ਤਵਾ ਬੋਲਦੀਆਂ ਹਨ:' ਉਹ ਕਿਵੇਂ ਰਹਿੰਦੇ ਨੇ ! ਕਿੱਥੋਂ ਆ ਜਾਂਦੇ ਨੇ ਇਹ ਬਦਬੂਦਾਰ ਲੋਕ ? ''' ਵਾਰਾਣਸੀ ਜ਼ਿਲ੍ਹੇ ਦੇ ਅਨੇनेननननननਈ ਪਿੰਡ ਦੀ ਆਦਿਵਾਸੀ ਸੁਦਾਮਾ ਚੇਤੇ ਕਰਦਿਆਂ ਕਹਿੰਦੀ ਹਨ ਅਤੇ ਦੱਸਦੀ ਹਨ ਕਿ ਅਖ਼ੀਰ ਕਿਵੇਂ, ਕਦੋਂ ਅਤੇ ਕਿਉਂ ਉਨ੍ਹਾਂ ਨੇ ਆਪਣੇ ਪਹਿਲੇ ਪੰਜ ਬੱਚਿਆਂ ਨੂੰ ਘਰੇ ਪੈਦਾ ਕੀਤਾ।
ਪਿਛਲੇ 19 ਸਾਲਾਂ ਵਿੱਚ ਸੁਦਾਮਾ ਨੇ ਨੌ ਬੱਚੇ ਜੰਮੇ। ਵੈਸੇ ਤਾਂ ਉਹ 49ਵੇਂ ਵਰ੍ਹਿਆਂ ਦੀ ਹਨ ਪਰ ਅਜੇ ਤੱਕ ਉਨ੍ਹਾਂ ਦੀ ਮਾਹਵਾਰੀ ਰੁਕੀ ਨਹੀਂ ਹੈ।
ਉਹ ਬੜਾਗਾਓਂ ਬਲਾਕ ਵਿੱਚ ਪੈਂਦੇ ਪਿੰਡ ਦੇ ਇੱਕ ਸਿਰੇ 'ਤੇ ਸਥਿਤ 57 ਪਰਿਵਾਰਾਂ ਦੀ ਮੂਸਹਰ ਬਸਤੀ ਵਿਖੇ ਰਹਿੰਦੀ ਹਨ, ਜਿਹਦੀ ਬਾਹੀ 'ਤੇ ਉੱਚੀ ਜਾਤ ਦੇ ਠਾਕਰਾਂ, ਬ੍ਰਾਹਮਣਾਂ ਅਤੇ ਗੁਪਤਾ ਲੋਕਾਂ ਦੇ ਘਰ ਹਨ। ਇੱਥੇ ਟਾਂਵੇਂ ਟਾਂਵੇਂ ਘਰ ਮੁਸਲਮਾਨਾਂ ਦੇ ਹਨ ਅਤੇ ਕੁਝ ਕੁ ਚਮ੍ਹਾਰ, ਧਾਰਕਰ ਅਤੇ ਪਾਸੀ ਹੋਰ ਪਿਛੜੀਆਂ ਜਾਤਾਂ ਦੇ ਪਰਿਵਾਰ ਵੀ ਰਹਿੰਦੇ ਹਨ। ਇਹ ਬਸਤੀ ਭਾਈਚਾਰਿਆਂ ਨਾਲ਼ ਜੁੜੀਆਂ ਕਈ ਤਰ੍ਹਾਂ ਦੀਆਂ ਰੂੜ੍ਹੀਆਂ ਦੀ ਪੁਸ਼ਟੀ ਕਰਦੀ ਪ੍ਰਤੀਤ ਹੁੰਦੀ ਹੈ ਜਿਵੇਂ- ਅੱਧ-ਨੰਗੇ, ਲਿਬੜੇ ਮੂੰਹਾਂ ਵਾਲ਼ੇ ਬੱਚੇ ਅਤੇ ਜਿਨ੍ਹਾਂ 'ਤੇ ਪੀਲ਼ੇ-ਭੂਕ ਮੂੰਹਾਂ 'ਤੇ ਮੱਖੀਆਂ ਭਿਣ-ਭਿਣ ਕਰਦੀਆਂ ਹਨ ਅਤੇ ਸਫ਼ਾਈ ਦੀ ਘਾਟ ਹੈ। ਪਰ ਨੇੜਿਓਂ ਦੇਖਿਆਂ ਤਸਵੀਰ ਦਾ ਦੂਜਾ ਪੱਖ ਮੂਹਰੇ ਆਉਂਦਾ ਹੈ।
ਉੱਤਰ ਪ੍ਰਦੇਸ਼ ਵਿੱਚ ਪਿਛੜੀ ਜਾਤੀ ਵਜੋਂ ਸੂਚੀਬੱਧ ਇਹ ਮੂਸਹਰ ਮੂਲ਼ ਰੂਪ ਵਿੱਚ ਚੂਹੇ ਫੜ੍ਹਨ ਵਿੱਚ ਮਾਹਰ ਹੁੰਦੇ ਹਨ। ਚੂਹੇ, ਜੋ ਫ਼ਸਲਾਂ ਨੂੰ ਤਬਾਹ ਕਰ ਦਿੰਦੇ ਹਨ। ਸਮੇਂ ਦੇ ਬੀਤਣ ਨਾਲ਼ ਉਨ੍ਹਾਂ ਦਾ ਇਹ ਪੇਸ਼ਾ ਉਨ੍ਹਾਂ ਵਾਸਤੇ ਕਲੰਕ ਦਾ ਬਾਇਸ ਬਣ ਗਿਆ ਅਤੇ ਉਨ੍ਹਾਂ ਨੂੰ 'ਚੂਹੇ ਖਾਣੇ' ਕਿਹਾ ਜਾਣ ਲੱਗਿਆ- ਬੱਸ ਇੱਥੋਂ ਹੀ ਸ਼ਬਦ 'ਮੂਸਹਰ' ਨਿਕਲ਼ਿਆ। ਇਸ ਭਾਈਚਾਰੇ ਨੂੰ ਦੂਜੇ ਸਮਾਜਿਕ ਤਬਕਿਆਂ ਵੱਲੋਂ ਛੇਕਿਆ ਜਾਂਦਾ ਹੈ ਅਤੇ ਸਰਕਾਰ ਵੱਲੋਂ ਮੁਕੰਮਲ ਤੌਰ 'ਤੇ ਨਜ਼ਰਅੰਦਾਜ ਕਰਕੇ ਵਾਂਝੇ ਤਬਕੇ ਵਜੋਂ ਹਾਸ਼ੀਆ ਵੱਲ਼ ਵਗਾਹ ਮਾਰਿਆ ਜਾਂਦਾ ਹੈ। ਗੁਆਂਢੀ ਸੂਬੇ ਬਿਹਾਰ ਅੰਦਰ ਉਹ ' ਮਹਾਂਦਲਿਤਾਂ ' ਵਜੋਂ ਸੂਚੀਬੱਧ ਹਨ ਭਾਵ ਕਿ ਪਿਛੜੀਆਂ ਜਾਤਾਂ ਵਿੱਚ ਸਭ ਤੋਂ ਗ਼ਰੀਬ ਅਤੇ ਸਭ ਤੋਂ ਵੱਧ ਵਿਤਕਰੇ ਮਾਰੇ ਲੋਕ।
ਅਨੇਈ ਪਿੰਡ ਦੇ ਕੁਪੋਸ਼ਣ ਦੀ ਮਾਰੀ ਇਸ ਬਸਤੀ, ਜਿਹਨੂੰ ਬਸਤੀ ਨਾਲ਼ੋਂ ਘੇਟੋ ਕਹਿਣਾ ਵੱਧ ਵੱਧ ਸਟੀਕ ਰਹੇਗਾ, ਦੇ ਐਨ ਵਿਚਕਾਰ ਇੱਕ ਕੱਚਾ ਢਾਰਾ ਹੈ ਅਤੇ ਵਿਹੜੇ ਵਿੱਚ ਡੱਠੀ ਮੰਜੀ 'ਤੇ ਸੁਦਾਮਾ ਬੈਠੀ ਹਨ। ''ਅਸੀਂ ਉਹ ਸਮਾਂ ਵੀ ਦੇਖਿਆ ਹੈ ਜਦੋਂ ਸਾਡੇ ਭਾਈਚਾਰੇ ਨੂੰ ਮੰਜੇ ਰੱਖਣ/ਡਾਹੁਣ ਦੀ ਇਜਾਜ਼ਤ ਨਹੀਂ ਸੀ,'' ਉਹ ਕਹਿੰਦੀ ਹਨ, ਬੋਲ਼ਦੇ ਵੇਲ਼ੇ ਉਹ ਉਸੇ ਮੰਜੀ ਵੱਲ ਇਸ਼ਾਰਾ ਕਰਦੀ ਹਨ ਜਿਸ 'ਤੇ ਉਹ ਬੈਠੀ ਹੋਈ ਹਨ। ''ਇਹ ਮੰਜੇ ਸਿਰਫ਼ ਉੱਚੀਆਂ ਜਾਤਾਂ ਵਾਸਤੇ ਹੀ ਸਨ। ਜੇ ਠਾਕੁਰ ਲੋਕ ਪਿੰਡ ਦੇ ਬਾਹਰ ਲੰਘਦੇ-ਵੜ੍ਹਦੇ ਸਾਨੂੰ ਇੰਝ ਮੰਜਿਆਂ 'ਤੇ ਬੈਠਦੇ ਦੇਖ ਲੈਂਦੇ ਤਾਂ ਸਾਡੇ 'ਤੇ ਗਾਲ੍ਹਾਂ ਦਾ ਮੀਂਹ ਵਰ੍ਹਾ ਦਿੰਦੇ।''
ਉਹ ਅੱਗੇ ਗੱਲ ਜੋੜਦੀ ਹਨ ਕਿ ਅੱਜ ਲੋਕ ਜਾਤਾਂ-ਪਾਤਾਂ ਵਿੱਚ ਭਾਵੇਂ ਯਕੀਨ ਘੱਟ ਕਰਨ ਲੱਗੇ ਹੋਣ ਪਰ ਉਨ੍ਹਾਂ ਦੀਆਂ ਜ਼ਿੰਦਗੀਆਂ ਅੱਜ ਵੀ ਇਸੇ ਜਿਲ੍ਹਣ ਵਿੱਚ ਜਕੜੀਆਂ ਹੋਈਆਂ ਹਨ। ''ਅੱਜ ਹਰੇਕ ਘਰ ਵਿੱਚ ਆਪਣੇ ਮੰਜੇ ਹਨ ਅਤੇ ਲੋਕ ਉਨ੍ਹਾਂ 'ਤੇ ਬੈਠਦੇ ਵੀ ਹਨ।'' ਪਰ ਔਰਤਾਂ ਨੂੰ ਵਿਸ਼ੇਸ਼-ਅਧਿਕਾਰ ਦੇਣ ਤੋਂ ਰੋਕਿਆ ਜਾਂਦਾ ਹੈ: ''ਔਰਤਾਂ ਅਜੇ ਵੀ ਮੰਜੇ 'ਤੇ ਨਹੀਂ ਬਹਿ ਸਕਦੀਆਂ ਖ਼ਾਸ ਕਰਕੇ ਜਦੋਂ ਉਨ੍ਹਾਂ ਦੇ ਬਜ਼ੁਰਗ (ਸਹੁਰੇ ਪਰਿਵਾਰ ਵਾਲੇ) ਆਸਪਾਸ ਹੋਣ। ਇੱਕ ਵਾਰ ਮੇਰੀ ਸੱਸ ਨੇ ਗੁਆਂਢੀਆਂ ਸਾਹਮਣੇ ਮੈਨੂੰ ਝਿੜਕ ਦਿੱਤਾ ਸੀ ਕਿਉਂਕਿ ਮੈਂ ਮੰਜੇ 'ਤੇ ਬੈਠੀ ਹੋਈ ਸਾਂ।''
ਸੁਦਾਮਾ ਦੇ ਤਿੰਨ ਬੱਚੇ ਮੰਜੇ ਦੁਆਲ਼ੇ ਘੁੰਮ ਰਹੇ ਹਨ ਜਦੋਂ ਕਿ ਚੌਥਾ ਬੱਚਾ ਉਨ੍ਹਾਂ ਦੀ ਗੋਦ ਵਿੱਚ ਹੈ। ਜਦੋਂ ਮੈਂ ਉਨ੍ਹਾਂ ਕੋਲ਼ੋਂ ਉਨ੍ਹਾਂ ਦੇ ਬੱਚਿਆਂ ਦੀ ਗਿਣਤੀ ਬਾਰੇ ਪੁੱਛਿਆ ਤਾਂ ਉਹ ਰਤਾ ਦੁਚਿੱਤੀ ਵਿੱਚ ਪੈ ਗਈ। ਪਹਿਲੀ ਵਾਰੀ ਉਨ੍ਹਾਂ ਨੇ ਕਿਹਾ ਸੱਤ... ਫਿਰ ਕੁਝ ਚੇਤੇ ਕਰਕੇ ਆਪਣੀ ਗਲਤੀ ਨੂੰ ਸੁਧਾਰਿਆ, ਦਰਅਸਲ ਫਿਰ ਉਨ੍ਹਾਂ ਨੇ ਆਪਣੀ ਇੱਕ ਵਿਆਹੁਤਾ ਧੀ ਆਂਚਲ ਬਾਰੇ ਦੱਸਿਆ ਜੋ ਆਪਣੇ ਸਹੁਰੇ ਘਰ ਰਹਿੰਦੀ ਹੈ ਅਤੇ ਇੱਕ ਬੱਚਾ ਜਿਹਦੀ ਪਿਛਲੇ ਸਾਲ ਮੌਤ ਹੋ ਗਈ ਸੀ। ਅਖ਼ੀਰ ਉਹ ਉਂਗਲਾਂ 'ਤੇ ਗਿਣਨਾ ਸ਼ੁਰੂ ਕਰਦੀ ਹਨ: ''ਰਾਮ ਬਾਲਕ, 19 ਸਾਲ, ਸਾਧਨਾ, 17 ਸਾਲ, ਬਿਕਾਸ, 13 ਸਾਲ, ਸ਼ਿਵ ਬਾਲਕ, 9 ਸਾਲ, ਅਰਪਿਤਾ 3 ਸਾਲ, ਆਦਿਤਯ 4 ਸਾਲ ਅਤੇ ਇਹ ਅਨੁਜ ਸਿਰਫ਼ ਡੇਢ ਸਾਲ ਦਾ ਹੈ।''
'' ਅਰੇ ਜਾਓ , ਔਰ ਜਾ ਕੇ ਚਾਚੀ ਲੋਕੋਂ ਕੋ ਬੁਲਾ ਲਾਓ ,'' ਹੱਥ ਹਿਲਾਉਂਦਿਆਂ ਸੁਦਾਮਾ ਆਪਣੀ ਧੀ ਨੂੰ ਗੁਆਂਢ ਦੀਆਂ ਔਰਤਾਂ ਨੂੰ ਸਾਡੇ ਕੋਲ਼ ਬੁਲਾ ਲਿਆਉਣ ਲਈ ਕਹਿੰਦੀ ਹਨ। ਉਹ ਅੱਗੇ ਕਹਿੰਦੀ ਹਨ,''ਜਦੋਂ ਮੇਰਾ ਵਿਆਹ ਹੋਇਆ ਸੀ ਤਦ ਮੈਂ 20 ਸਾਲਾਂ ਦੀ ਸਾਂ। ਤਿੰਨ-ਚਾਰ ਬੱਚੇ ਜੰਮਣ ਤੀਕਰ ਤਾਂ ਮੈਨੂੰ ਕੰਡੋਮ ਜਾਂ ਓਪਰੇਸ਼ਨ (ਨਸਬੰਦੀ) ਦਾ ਪਤਾ ਤੱਕ ਨਹੀਂ ਸੀ। ਜਦੋਂ ਮੈਨੂੰ ਪਤਾ ਚੱਲਿਆ ਤਾਂ ਵੀ ਮੈਂ ਓਪਰੇਸ਼ਨ ਕਰਾਉਣ ਦੀ ਹਿੰਮਤ ਨਾ ਕੱਢ ਸਕੀ। ਮੈਂ ਓਪਰੇਸ਼ਨ ਦੀ ਪੀੜ੍ਹ ਤੋਂ ਡਰਦੀ ਸਾਂ।'' ਓਪਰੇਸ਼ਨ ਕਰਾਉਣ ਲਈ ਉਨ੍ਹਾਂ ਨੂੰ ਕਰੀਬ 10 ਕਿਲੋਮੀਟਰ ਦੂਰ ਬੜਾਗਾਓਂ ਬਲਾਕ ਹੈੱਡਕੁਆਰਟਰ ਦੇ ਇੱਕ ਪ੍ਰਾਇਮਰੀ ਹੈਲਥ ਕੇਂਦਰ (ਪੀਐੱਚਸੀ) ਜਾਣਾ ਪੈਂਦਾ ਹੈ। ਸਥਾਨਕ ਪੀਐੱਚਸੀ ਕੋਲ਼ ਅਜਿਹੇ ਓਪਰੇਸ਼ਨ ਕਰਨ ਦਾ ਕੋਈ ਜੁਗਾੜ ਨਹੀਂ ਹੈ।
ਸੁਦਾਮਾ ਇੱਕ ਗ੍ਰਹਿਣੀ ਹਨ ਅਤੇ ਉਨ੍ਹਾਂ ਦੇ 57 ਸਾਲਾ ਪਤੀ ਰਾਮ ਬਹਾਦਰ ਖੇਤ ਮਜ਼ਦੂਰੀ ਕਰਦੇ ਹਨ। ਸੁਦਾਮਾ ਕਹਿੰਦੀ ਹਨ,''ਉਹ ਝੋਨੇ ਦੇ ਖੇਤਾਂ ਵਿੱਚ ਗਏ ਹਨ। ਅਜੇ ਬਿਜਾਈ ਦਾ ਮੌਸਮ ਹੈ।'' ਵਾਢੀ ਤੋਂ ਬਾਅਦ ਉਹ ਬਾਕੀ ਲੋਕਾਂ ਵਾਂਗਰ ਨੇੜੇ ਤੇੜੇ ਦੇ ਸ਼ਹਿਰਾਂ ਵਿੱਚ ਜਾਣਗੇ ਅਤੇ ਨਿਰਮਾਣ-ਥਾਵਾਂ 'ਤੇ ਕੰਮ ਕਰਨਗੇ।
ਇੱਥੇ ਮੂਸਹਰ ਭਾਈਚਾਰੇ ਦੇ ਬਹੁਤੇਰੇ ਪੁਰਸ਼ ਬੇਜ਼ਮੀਨੇ ਮਜ਼ਦੂਰ ਦੇ ਰੂਪ ਵਿੱਚ ਕੰਮ ਕਰਦੇ ਹਨ ਜਦੋਂਕਿ ਕੁਝ ਕੁ ਪਰਿਵਾਰ ਅੱਧਿਆ , ਤੀਸਰਿਆ ਜਾਂ ਚੌਥਿਆ (ਕਿਸੇ ਦੂਸਰੇ ਦੇ ਖੇਤ ਵਿੱਚ ਕੰਮ ਕਰਨਾ ਅਤੇ ਸਮਝੌਤੇ ਮੁਤਾਬਕ ਫ਼ਸਲ ਦਾ ਅੱਧਾ, ਇੱਕ ਤਿਹਾਈ ਜਾਂ ਇੱਕ ਚੌਥਾਈ ਹਿੱਸਾ ਪ੍ਰਾਪਤ ਕਰਨਾ) ਦੇ ਅਧਾਰ 'ਤੇ ਕੰਮ ਕਰਦੇ ਹਨ। ਸੁਦਾਮਾ ਦੇ ਪਤੀ ਤੀਸਰਿਆ ਦੇ ਅਧਾਰ 'ਤੇ ਕੰਮ ਕਰਦੇ ਹਨ। ਕੰਮ ਬਦਲੇ ਜੋ ਵੀ ਫ਼ਸਲ ਮਿਲ਼ਦੀ ਹੈ ਉਹਦਾ ਕੁਝ ਹਿੱਸਾ ਵੇਚ ਕੇ ਪਰਿਵਾਰ ਵਾਸਤੇ ਲੋੜ ਦਾ ਸਮਾਨ ਖਰੀਦਦੇ ਹਨ।
ਅੱਜ ਸੁਦਾਮਾ ਨੇ ਦੁਪਹਿਰ ਦੇ ਭੋਜਨ ਵਿੱਚ ਚੌਲ਼ ਰਿੰਨ੍ਹੇ ਹਨ। ਝੌਂਪੜੀ ਦੇ ਅੰਦਰ ਮਿੱਟੀ ਦੇ ਇੱਕ ਚੁੱਲ੍ਹੇ 'ਤੇ ਚੌਲ਼ਾਂ ਵਾਲ਼ਾ ਪਤੀਲਾ ਧਰਿਆ ਹੋਇਆ ਹੈ। ਖਾਣੇ ਦੇ ਨਾਂਅ 'ਤੇ ਬਹੁਤੀ ਵਾਰੀ ਪਰਿਵਾਰ ਚੌਲਾਂ ਵਿੱਚ ਲੂਣ ਜਾਂ ਤੇਲ਼ ਪਾ ਕੇ ਖਾਂਦਾ ਹੈ। ਜੇ ਕੋਈ ਚੰਗਾ ਦਿਨ ਹੋਵੇ ਤਾਂ ਥਾਲ਼ੀ ਵਿੱਚ ਦਾਲ, ਸਬਜ਼ੀ ਜਾਂ ਚਿਕਨ ਆ ਜਾਂਦਾ ਹੈ। ਰੋਟੀ ਹਫ਼ਤੇ ਵਿੱਚ ਸਿਰਫ਼ ਇੱਕੋ ਦਿਨ ਪੱਕਦੀ ਹੈ।
''ਅਸੀਂ ਅੰਬ ਦੇ ਅਚਾਰ ਨਾਲ਼ ਚੌਲ਼ ਖਾਵਾਂਗੇ,'' ਉਨ੍ਹਾਂ ਦੀ ਧੀ ਸਾਧਨਾ ਆਪਣੇ ਭੈਣ-ਭਰਾਵਾਂ ਨੂੰ ਸਟੀਲ ਦੀਆਂ ਪਲੇਟਾਂ ਵਿੱਚ ਭੋਜਨ ਪਰੋਸਦਿਆਂ ਕਹਿੰਦੀ ਹਨ। ਸਭ ਤੋਂ ਛੋਟਾ ਅਨੁਜ, ਸਾਧਨਾ ਦੀ ਥਾਲ਼ੀ ਵਿੱਚ ਹੀ ਖਾਂਦਾ ਹੈ, ਜਦੋਂਕਿ ਰਾਮ ਬਾਲਕ ਅਤੇ ਬਿਕਾਸ ਇੱਕੋ ਥਾਲੀ ਵਿੱਚ ਹੀ ਖਾਂਦੇ ਹਨ।
ਗੁਆਂਢ ਦੀਆਂ ਕੁਝ ਔਰਤਾਂ ਹੁਣ ਤੱਕ ਸਾਡੇ ਕੋਲ਼ ਆ ਚੁੱਕੀਆਂ ਸਨ। ਉਨ੍ਹਾਂ ਵਿੱਚੋਂ 32 ਸਾਲਾ ਸੰਧਿਆ ਵੀ ਸਨ ਜੋ ਪਿਛਲੇ ਪੰਜ ਸਾਲਾਂ ਤੋਂ ਮਨੁੱਖੀ-ਅਧਿਕਾਰ ਲੋਕ ਨਿਗਰਾਨੀ ਕਮੇਟੀ ਦੀ ਮੈਂਬਰ ਹਨ। ਸੰਧਿਆ ਗੱਲਬਾਤ ਦੀ ਸ਼ੁਰੂਆਤ ਅਨੀਮਿਆ ਦੀ ਵਿਆਪਕ ਸਮੱਸਿਆ ਤੋਂ ਕਰਦੀ ਹਨ। ਭਾਵੇਂ ਕਿ 2015-16 ਦੇ ਰਾਸ਼ਟਰੀ ਪਰਿਵਾਰ ਸਰਵੇਖਣ-4 ( ਐੱਨਐੱਫ਼ਐੱਚਐੱਸ-4 ) ਵਿੱਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਦੀ 52 ਫ਼ੀਸਦੀ ਔਰਤਾਂ ਅਨੀਮਿਆ ਦੀਆਂ ਸ਼ਿਕਾਰ ਹੋ ਸਕਦੀਆਂ ਹਨ। ਸੰਧਿਆ ਕਹਿੰਦੀ ਹਨ ਕਿ ਅਨੇਈ ਦੀ 100 ਫ਼ੀਸਦ ਔਰਤਾਂ ਥੋੜ੍ਹੇ ਜਾਂ ਗੰਭੀਰ ਅਨੀਮਿਆ ਦੀਆਂ ਸ਼ਿਕਾਰ ਹਨ।
ਸੰਧਿਆ ਅੱਗੇ ਕਹਿੰਦੀ ਹਨ,''ਅਸੀਂ ਹਾਲੀਆ ਸਮੇਂ ਇਸ ਪਿੰਡ ਦੀਆਂ ਸਾਰੀਆਂ ਔਰਤਾਂ ਦਾ ਪੋਸ਼ਣ -ਮੈਪਿੰਗ (ਪੋਸ਼ਣ ਦਾ ਮੁਲਾਂਕਣ) ਕੀਤਾ ਅਤੇ ਦੇਖਿਆ ਕਿ ਉਨ੍ਹਾਂ ਵਿੱਚੋਂ ਕਿਸੇ ਦਾ ਵੀ ਹੀਮੋਗਲੋਬਿਨ 10 ਗ੍ਰਾਮ/ਡੀਐੱਲ ਤੋਂ ਉੱਪਰ ਨਹੀਂ। ਉਨ੍ਹਾਂ ਵਿੱਚੋਂ ਹਰ ਕਿਸੇ ਨੂੰ ਅਨੀਮਿਆ ਹੈ। ਇਸ ਤੋਂ ਇਲਾਵਾ, ਔਰਤਾਂ ਨੂੰ ਲਿਕੋਰੀਆ ਅਤੇ ਕੈਲਸ਼ੀਅਮ ਦੀ ਘਾਟ ਵੀ ਆਮ ਸਮੱਸਿਆਵਾਂ ਹਨ।'
ਸਿਹਤ ਨਾਲ਼ ਜੁੜੇ ਇਨ੍ਹਾਂ ਮੁੱਦਿਆਂ ਅਤੇ ਕਮੀਆਂ ਦੇ ਨਾਲ਼ ਨਾਲ਼ ਲੋਕਾਂ ਨੂੰ ਜਨਤਕ ਸਿਹਤ ਪ੍ਰਣਾਲੀ 'ਤੇ ਭਰੋਸਾ ਵੀ ਨਹੀਂ ਰਿਹਾ ਹੈ। ਸਿਹਤ ਸੰਸਥਾਵਾਂ ਵਿੱਚ ਉਨ੍ਹਾਂ ਨੂੰ ਬਹੁਤ ਹੀ ਮਾੜੀਆ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਸਲਈ ਜਦੋਂ ਤੱਕ ਕੋਈ ਬਿਪਤਾ ਨਾ ਆਣ ਪਵੇ, ਉਹ ਔਰਤਾਂ ਹਸਪਤਾਲ ਨਹੀਂ ਜਾਂਦੀਆਂ। ਸੁਦਾਮਾ ਕਲੀਨਿਕ ਪ੍ਰਤੀ ਆਪਣੇ ਭੈਅ ਬਾਰੇ ਦੱਸਦੀ ਹਨ,''ਮੇਰੀਆਂ ਪਹਿਲੀਆਂ ਪੰਜ ਡਿਲੀਵਰੀਆਂ ਘਰੇ ਹੀ ਹੋਈਆਂ ਸਨ। ਫਿਰ ਆਸ਼ਾ ਵਰਕਰ ਨੇ ਮੈਨੂੰ ਹਸਪਤਾਲ ਲੈ ਜਾਣਾ ਸ਼ੁਰੂ ਕਰ ਦਿੱਤਾ।''
ਸੁਦਾਮਾ ਦੀ 47 ਸਾਲਾ ਗੁਆਂਢਣ ਦੁਰਗਾਮਤੀ ਆਦਿਵਾਸੀ ਕਹਿੰਦੀ ਹਨ,''ਡਾਕਟਰ ਸਾਡੇ ਨਾਲ਼ ਵਿਤਕਰਾ ਕਰਦੇ ਹਨ। ਪਰ ਇਹ ਕੋਈ ਨਵੀਂ ਗੱਲ ਨਹੀਂ, ਅਸਲੀ ਚੁਣੌਤੀ ਤਾਂ ਸ਼ੁਰੂ ਹੀ ਘਰੋਂ ਹੁੰਦੀ ਹੈ। ਸਾਨੂੰ ਸਰਕਾਰ, ਡਾਕਟਰ ਅਤੇ ਸਾਡੇ ਪਤੀ ਹਰ ਕੋਈ ਹੀਣਾ ਦਿਖਾਉਂਦਾ ਹੈ। ਉਹ (ਪਤੀ) ਸਿਰਫ਼ ਸਾਡੇ ਸਰੀਰ ਨੂੰ ਭੋਗਣਾ ਚਾਹੁੰਦੇ ਹਨ, ਉਸ ਤੋਂ ਬਾਅਦ ਉਨ੍ਹਾਂ ਨੂੰ ਸਾਡੇ ਨਾਲ਼ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਉਨ੍ਹਾਂ ਨੂੰ ਲੱਗਦਾ ਹੈ ਕਿ ਸਿਰਫ਼ ਪਰਿਵਾਰ ਦਾ ਢਿੱਡ ਭਰਨਾ ਹੀ ਉਨ੍ਹਾਂ ਦੀ ਇੱਕੋ-ਇੱਕ ਜ਼ਿੰਮੇਦਾਰੀ ਹੈ। ਬਾਕੀ ਸਾਰਾ ਕੰਮ ਸਾਡੇ ਸਿਰ ਆਣ ਪੈਂਦਾ ਹੈ।'' ਇਹ ਬੋਲਦਿਆਂ ਹੀ ਦੁਰਗਾਮਤੀ ਦੀ ਅਵਾਜ਼ ਲਰਜ਼ ਜਾਂਦੀ ਹੈ।
ਸਿਹਤ ਨਾਲ਼ ਜੁੜੇ ਇਨ੍ਹਾਂ ਮੁੱਦਿਆਂ ਅਤੇ ਕਿੱਲਤਾਂ ਦੇ ਨਾਲ਼ ਨਾਲ਼ ਲੋਕਾਂ ਨੂੰ ਜਨਤਕ ਸਿਹਤ ਪ੍ਰਣਾਲੀ 'ਤੇ ਯਕੀਨ ਵੀ ਨਹੀਂ ਰਿਹਾ। ਸਿਹਤ ਸੰਸਥਾਵਾਂ ਵਿੱਚ ਉਨ੍ਹਾਂ ਨੂੰ ਕਾਫ਼ੀ ਮਾੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਸੇ ਲਈ ਜਦੋਂ ਤੱਕ ਕੋਈ ਬਿਪਤਾ ਨਾ ਆਣ ਪਵੇ, ਔਰਤਾਂ ਹਸਪਤਾਲ ਨਹੀਂ ਜਾਂਦੀਆਂ
'' ਹਰ ਬਿਰਾਦਰੀ ਮੇਂ ਮਹਿਲਾ ਹੀ ਓਪਰੇਸ਼ਨ ਕਰਾਤੀ ਹੈ , '' 45 ਸਾਲਾ ਮਨੋਰਮਾ ਸਿੰਘ ਕਹਿੰਦੀ ਹਨ, ਉਹ ਇੱਕ ਆਸ਼ਾ ਵਰਕਰ ਹਨ ਜੋ ਅਨੇਈ ਪਿੰਡ ਵਿਖੇ ਆਇਰਨ ਦੀਆਂ ਗੋਲ਼ੀਆਂ ਵੰਡਣ ਆਈ ਹਨ। ਉਹ ਅੱਗੇ ਕਹਿੰਦੀ ਹਨ,''ਪੂਰੇ ਪਿੰਡ ਦੇ ਚੱਕਰ ਲਾ ਲਓ- ਤੁਹਾਨੂੰ ਇੱਕ ਵੀ ਆਦਮੀ ਅਜਿਹਾ ਨਹੀਂ ਮਿਲ਼ੇਗਾ ਜਿਹਦੀ ਨਸਬੰਦੀ ਹੋਈ ਹੋਵੇ। ਰੱਬ ਹੀ ਜਾਣਦਾ ਹੈ ਕਿ ਬੱਚੇ ਜੰਮਣਾ ਅਤੇ ਓਪਰੇਸਨ ਕਰਾਉਣਾ ਔਰਤਾਂ ਦੇ ਲੇਖੇ ਹੀ ਕਿਉਂ ਲੱਗਿਆ।'' 2019021 ਦੇ ਐੱਨਐੱਫ਼ਐੱਚਐੱਸ-5 ਤੋਂ ਪਤਾ ਚੱਲਦਾ ਹੈ ਕਿ ਵਾਰਾਣਸੀ ਵਿੱਚ ਸਿਰਫ਼ 0.1 ਫ਼ੀਸਦ ਪੁਰਸ਼ਾਂ ਦੀ ਨਸਬੰਦੀ ਹੋਈ, ਜਦੋਂਕਿ ਔਰਤਾਂ ਦਾ ਅੰਕੜਾ 23.9 ਫ਼ੀਸਦ ਰਿਹਾ।
ਇੱਥੋਂ ਤੱਕ ਕਿ ਐੱਨਐੱਫ਼ਐੱਚਐੱਸ-4 ਨੇ ਵੀ ਪੁਸ਼ਟੀ ਕੀਤੀ ਸੀ ਕਿ: ''ਉੱਤਰ ਪ੍ਰਦੇਸ਼ ਵਿੱਚ 15-49 ਉਮਰ ਵਰਗ ਦੇ ਕਰੀਬ 38 ਫ਼ੀਸਦ ਪੁਰਸ਼ ਅਜਿਹਾ ਮੰਨਦੇ ਹਨ ਕਿ ਗਰਭਨਿਰੋਧਕ ਗੋਲ਼ੀਆਂ ਖਾਣਾ ਔਰਤਾਂ ਦਾ ਕੰਮ ਹੈ ਅਤੇ ਪੁਰਸ਼ਾਂ ਨੂੰ ਇਹਦੇ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ।''
ਸੰਧਿਆ ਪਿੰਡ ਅੰਦਰ ਆਪਣੇ ਕੰਮ ਦੇ ਅਧਾਰ 'ਤੇ ਇਹ ਵਿਚਾਰ ਪੇਸ਼ ਕਰਦੀ ਹਨ। ''ਅਸੀਂ ਸਰਗਰਮੀ ਨਾਲ਼ ਇਨ੍ਹਾਂ ਪੁਰਸ਼ਾਂ ਨੂੰ ਪਰਿਵਾਰ ਨਿਯੋਜਨ ਦੇ ਮਹੱਤਵ ਬਾਰੇ ਦੱਸ ਰਹੇ ਹਾਂ ਅਤੇ ਕੰਡੋਮ ਵੰਡ ਰਹੇ ਹਾਂ। ਬਹੁਤੇਰੇ ਮਾਮਲਿਆਂ ਵਿੱਚ, ਪੁਰਸ਼ ਆਪਣੀਆਂ ਪਤਨੀਆਂ ਦੇ ਕਹਿਣ 'ਤੇ ਵੀ ਕੰਡੋਮ ਵਰਤਣ ਨੂੰ ਰਾਜ਼ੀ ਨਹੀਂ ਹੁੰਦੇ। ਇਸ ਤੋਂ ਇਲਾਵਾ, ਗਰਭਧਾਰਣ ਵੀ ਉਦੋਂ ਹੀ ਰੁਕਦਾ ਹੈ ਜਦੋਂ ਪਰਿਵਾਰ ਚਾਹੇ ਜਾਂ ਪਤੀ ਚਾਹੇ।''
ਐੱਨਐੱਫ਼ਐੱਚਐੱਸ-4 ਮੁਤਾਬਕ, ਉੱਤਰ ਪ੍ਰਦੇਸ਼ ਵਿੱਚ 15-49 ਉਮਰ ਵਰਗ ਦੀਆਂ ਵਿਆਹੁਤਾ ਔਰਤਾਂ ਅੰਦਰ ਗਰਭਨਿਰੋਧਕ ਫੈਲਾਅ ਦਰ (ਸੀਪੀਆਰ) 46 ਫੀਸਦ ਸੀ, ਜੋ ਐੱਨਐੱਫ਼ਐੱਚਐੱਸ-3 ਦੇ ਅੰਕੜੇ (44 ਫ਼ੀਸਦ) ਨਾਲ਼ੋਂ ਥੋੜ੍ਹੀ ਜ਼ਿਆਦਾ ਸੀ। ਸਰਵੇਅ ਮੁਤਾਬਕ, ਉੱਤਰ ਪ੍ਰਦੇਸ਼ ਦੇ ਕਿਸੇ ਪਰਿਵਾਰ ਕੋਲ ਜੇਕਰ ਪਹਿਲਾਂ ਹੀ ਪੁੱਤ ਹੈ ਤਾਂ ਉਸ ਪਰਿਵਾਰ ਦੀ ਔਰਤ ਵਾਸਤੇ ਗਰਭਨਿਰੋਧਕ ਦਾ ਇਸਤੇਮਾਲ ਕਰਨ ਦੀ ਉਮੀਦ ਕੁਝ ਵੱਧ ਜਾਂਦੀ ਹੈ। ਮਨੋਰਮਾ ਦੇ ਨਾਲ਼ ਕੰਮ ਕਰਨ ਵਾਲ਼ੀ ਆਸ਼ਾ ਵਰਕਰ, ਤਾਰਾ ਦੇਵੀ ਕਹਿੰਦੀ ਹਨ,''ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਪਰਿਵਾਰ ਨਿਯੋਜਨ ਦੀ ਪਰਵਾਹ ਨਹੀਂ ਹੈ, ਖ਼ਾਸ ਕਰਕੇ ਪੁਰਸ਼ਾਂ ਨੂੰ।'' ਤਾਰਾ ਨੇੜਲੇ ਇੱਕ ਹੋਰ ਪਿੰਡ ਵਿੱਚ ਕੰਮ ਕਰਦੀ ਹਨ। ਉਹ ਅੱਗੇ ਕਹਿੰਦੀ ਹਨ,''ਇੱਥੋਂ ਦੇ ਪਰਿਵਾਰਾਂ ਵਿੱਚ ਬੱਚਿਆਂ ਦੀ ਔਸਤ ਗਿਣਤੀ ਛੇ ਹੈ। ਬਹੁਤੇਰੇ ਮਾਮਲਿਆਂ ਵਿੱਚ ਉਮਰ ਵੱਧਣ ਨਾਲ਼ ਹੀ ਗਰਭਧਾਰਨ ਰੁਕਦਾ ਹੈ ਅਤੇ ਜੇ ਪੁਰਸ਼ਾਂ ਨੂੰ ਨਸਬੰਦੀ ਕਰਾਉਣ ਬਾਰੇ ਕਹੀਏ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਉਹ ਨਸਬੰਦੀ ਵੇਲ਼ੇ ਹੋਣ ਵਾਲ਼ੀ ਪੀੜ੍ਹ ਅਤੇ ਪੇਸ਼ ਆਉਣ ਵਾਲ਼ੀਆਂ ਦਿੱਕਤਾਂ ਝੱਲ ਨਹੀਂ ਸਕਦੇ।''
''ਉਨ੍ਹਾਂ ਨੂੰ ਟੱਬਰ ਪਾਲਣ ਵਾਸਤੇ ਕਮਾਉਣਾ ਪੈਂਦਾ ਹੈ ਅਤੇ ਪਰਿਵਾਰ ਦੀ ਦੇਖਭਾਲ਼ ਕਰਨੀ ਪੈਂਦੀ ਹੈ। ਮੈਂ ਉਨ੍ਹਾਂ ਦੀ ਨਸਬੰਦੀ ਬਾਰੇ ਕਿਵੇਂ ਸੋਚ ਸਕਦੀ ਹਾਂ? ਇਹ ਤਾਂ ਸਾਡੇ ਵਿਕਲਪ ਵਿੱਚ ਹੀ ਨਹੀਂ,'' ਸੁਦਾਮਾ ਕਹਿੰਦੀ ਹਨ।
ਪਾਰੀ (PARI) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ 'ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ 'ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਜਗਿਆਸਾ ਮਿਸ਼ਰਾ ਠਾਕੁਰ ਫੈਮਿਲੀ ਫਾਊਂਡੇਸ਼ਨ ਤੋਂ ਪ੍ਰਾਪਤ ਇੱਕ ਸੁਤੰਤਰ ਪੱਤਰਕਾਰਤਾ ਗ੍ਰਾਂਟ ਦੇ ਜ਼ਰੀਏ ਜਨਤਕ ਸਿਹਤ ਅਤੇ ਨਾਗਰਿਕ ਸੁਤੰਤਰਤਾ ' ਤੇ ਰਿਪੋਰਟ ਕਰਦੀ ਹਨ। ਠਾਕੁਰ ਫੈਮਿਲੀ ਫਾਊਂਡੇਸ਼ਨ ਨੇ ਇਸ ਰਿਪੋਰਟ ਦੀ ਸਮੱਗਰੀ ' ਤੇ ਕੋਈ ਸੰਪਾਦਕੀ ਨਿਯੰਤਰਣ ਨਹੀਂ ਕੀਤਾ ਹੈ।
ਸਟੋਰੀ ਦਾ ਮੁੱਖ ਇਲਸਟ੍ਰੇਸ਼ਨ ਜਿਗਿਆਸਾ ਮਿਸ਼ਰਾ ਨੇ ਬਣਾਇਆ ਹੈ ਅਤੇ ਉਹ ਪਟਚਿੱਤਰ ਚਿੱਤਰਕਲਾ ਪਰੰਪਰਾ ਤੋਂ ਪ੍ਰੇਰਿਤ ਹੈ।
ਤਰਜਮਾ: ਕਮਲਜੀਤ ਕੌਰ