ਮੀਨਾ ਦਾ ਵਿਆਹ ਹੁਣ ਕਿਸੇ ਵੀ ਸਮੇਂ ਕੀਤਾ ਜਾਵੇਗਾ। ਇਹ ਇਸਲਈ ਕਿਉਂਕਿ, ਉਹ ਕਹਿੰਦੀ ਹਨ, ਕੁਝ ਮਹੀਨੇ ਪਹਿਲਾਂ ''ਮੈਂ ਇੱਕ ਸਮੱਸਿਆ ਬਣ ਗਈ ਹਾਂ।'' ਉਹਦੀ ਛੋਟੀ ਚਚੇਰੀ ਭੈਣ ਸੋਨੂ, ਜਿਹਨੂੰ ਮੀਨਾ ਵਾਂਗਰ 'ਸਮੱਸਿਆ' ਸਮਝਿਆ ਜਾਣ ਲੱਗਿਆ, ਵੀ ਵਿਆਹ ਦੀ ਕਤਾਰ ਵਿੱਚ ਹੈ। 'ਸਮੱਸਿਆ' ਕੁੜੀਆਂ ਨੂੰ ਉਦੋਂ ਕਿਹਾ ਜਾਂਦਾ ਹੈ ਜਦੋਂ ਉਨ੍ਹਾਂ ਦੀ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ।
14 ਸਾਲਾ ਮੀਨਾ ਅਤੇ 13 ਸਾਲਾ ਸੋਨੂ ਦੋਵੇਂ ਹੀ ਸੇਬੇ ਦੀ ਉਣੀ ਚਾਰਪਾਈ 'ਤੇ ਨਾਲ਼-ਨਾਲ਼ ਬੈਠੀਆਂ ਹਨ ਅਤੇ ਗੱਲਾਂ ਕਰਦੇ ਵੇਲ਼ੇ ਇੱਕ ਦੂਜੇ ਵੱਲ ਦੇਖਦੀਆਂ ਹਨ ਪਰ ਜ਼ਿਆਦਾ ਸਮਾਂ ਦੋਵੇਂ ਕੁੜੀਆਂ ਮੀਨਾ ਦੇ ਘਰ ਦੇ ਰੇਤਲੇ ਫ਼ਰਸ਼ ਵੱਲ ਹੀ ਘੂਰਦੀਆਂ ਰਹੀਆਂ, ਦਰਅਸਲ ਇਸ ਬਦਲਾਅ ਭਾਵ ਮਾਹਵਾਰੀ ਬਾਬਤ ਕਿਸੇ ਅਜਨਬੀ ਨਾਲ਼ ਗੱਲ ਕਰਦੇ ਵੇਲ਼ੇ ਸ਼ਰਮ ਮਹਿਸੂਸ ਕਰ ਰਹੀਆਂ ਸਨ। ਕਮਰੇ ਅੰਦਰ ਮੰਜੀ ਦੇ ਪਿੱਛੇ ਕਰਕੇ ਬੱਕਰੀ ਦਾ ਮੇਮਣਾ ਭੁੰਜੇ ਇੱਕ ਛੋਟੇ ਜਿਹੇ ਕਿੱਲੇ ਨਾਲ਼ ਬੱਝਿਆ ਹੋਇਆ ਸੀ। ਇਹਨੂੰ ਜੰਗਲੀ ਜਾਨਵਰਾਂ ਦੇ ਡਰੋਂ ਬਾਹਰ ਨਹੀਂ ਛੱਡਿਆ ਜਾ ਸਕਦਾ ਸੀ ਜੋ (ਜੰਗਲੀ ਜਾਨਵਰ) ਉੱਤਰ ਪ੍ਰਦੇਸ਼ ਦੇ ਕੋਰਾਓਂ ਬਲਾਕ ਦੇ ਬੈਥਕਵਾ ਪਿੰਡ ਦੇ ਆਸ-ਪਾਸ ਸ਼ਿਕਾਰ ਦੀ ਫ਼ਿਰਾਕ ਵਿੱਚ ਘਾਤ ਲਾਈ ਬੈਠੇ ਰਹਿੰਦੇ ਹਨ। ਇਸਲਈ ਇਹ ਅੰਦਰ ਹੀ ਰਹਿੰਦਾ ਹੈ, ਉਹ ਦੱਸਦੀਆਂ ਹਨ।
ਕੁੜੀਆਂ ਨੂੰ ਮਾਹਵਾਰੀ ਬਾਰੇ ਅਜੇ ਹੁਣੇ ਹੀ ਇਹ ਪਤਾ ਚੱਲਿਆ ਹੈ, ਜਿਹਨੂੰ ਉਹ ਸ਼ਰਮਿੰਦਗੀ ਨਾਲ਼ ਜੁੜੀ ਕੋਈ ਚੀਜ਼ ਸਮਝਦੀਆਂ ਹਨ ਅਤੇ ਇਸ ਸਬੰਧੀ ਡਰ ਉਨ੍ਹਾਂ ਨੂੰ ਆਪਣੇ ਮਾਪਿਆਂ ਪਾਸੋਂ ਵਿਰਾਸਤ ਵਿੱਚ ਮਿਲ਼ਿਆ ਹੈ। ਔਰਤਾਂ ਦੀ ਸੁਰੱਖਿਆ ਅਤੇ ਕੁੜੀ ਦੇ ਅਣ-ਵਿਆਹੀ ਗਰਭਵਤੀ ਹੋਣ ਦੀ ਸੰਭਾਵਨਾ 'ਚੋਂ ਉਪਜੀ ਚਿੰਤਾ ਤੋਂ ਸੁਰਖ਼ਰੂ ਹੋਣ ਵਾਸਤੇ ਪ੍ਰਯਾਗਰਾਜ (ਪੁਰਾਣਾ ਇਲਾਹਾਬਾਦ) ਜ਼ਿਲ੍ਹੇ ਦੀ ਇਸ ਬਸਤੀ ਦੇ ਪਰਿਵਾਰ ਆਪਣੀਆਂ ਸਿਆਣੀਆਂ (ਪਰਿਪੱਕ) ਹੋ ਚੁੱਕੀਆਂ ਧੀਆਂ ਨੂੰ ਉਨ੍ਹਾਂ ਦੀ ਉਮਰ ਦੇ 12ਵੇਂ ਸਾਲ ਵਿੱਚ ਹੀ ਵਿਉਂਤਬੰਦੀ ਕਰਕੇ ਵਿਆਹ (ਕੱਚੀ ਉਮਰੇ) ਦਿੰਦੇ ਹਨ।
''ਦੱਸੋ ਅਸੀਂ ਆਪਣੀਆਂ ਕੁੜੀਆਂ ਦੀ ਸੁਰੱਖਿਆ ਦੀ ਉਮੀਦ ਕਿਵੇਂ ਕਰੀਏ ਜਦੋਂ ਉਹ ਇੰਨੀਆਂ ਵੱਡੀਆਂ ਹੋ ਜਾਂਦੀਆਂ ਹਨ ਕਿ ਗਰਭਵਤੀ ਹੋ ਸਕਣ?'' ਮੀਨਾ ਦੀ ਮਾਂ 27 ਸਾਲਾ ਰਾਣੀ ਪੁੱਛਦੀ ਹਨ, ਜੋ ਖ਼ੁਦ ਅੱਲ੍ਹੜ ਉਮਰੇ ਵਿਆਹੀ ਗਈ ਸਨ ਅਤੇ 15 ਸਾਲ ਦੀ ਉਮਰ ਮਾਂ ਬਣ ਗਈ ਸਨ। ਸੋਨੂ ਦੀ ਮਾਂ ਚੰਪਾ, ਜੋ ਕਰੀਬ 27 ਸਾਲਾਂ ਦੀ ਹਨ, ਵੀ ਚੇਤਾ ਕਰਦੀ ਹਨ ਕਿ ਉਹ ਵੀ ਆਪਣੀ ਧੀ ਦੀ ਉਮਰੇ ਵਿਆਹੀ ਗਈ ਸਨ-ਯਾਨਿ 13ਵੇਂ ਸਾਲ ਵਿੱਚ। ਸਾਡੇ ਆਸਪਾਸ ਇਕੱਠੀਆਂ ਹੋਈਆਂ ਛੇ ਔਰਤਾਂ ਦਾ ਕਹਿਣਾ ਸੀ ਕਿ ਇਸ ਬਸਤੀ ਵਿੱਚ 13-14 ਸਾਲ ਦੀ ਉਮਰੇ ਬੱਚੀਆਂ ਦਾ ਵਿਆਹ ਕਰਨਾ ਅਪਵਾਦ ਨਹੀਂ, ਸਗੋਂ ਨਿਯਮ ਵਾਂਗ ਹੈ। ਰਾਣੀ ਕਹਿੰਦੀ ਹਨ,''ਸਾਡੀ ਪਿੰਡ ਕਿਸੇ ਹੋਰ ਹੀ ਯੁੱਗ ਵਿੱਚ ਜਿਓਂ ਰਿਹਾ ਹੈ। ਸਾਡੇ ਕੋਲ਼ ਕੋਈ ਰਾਹ ਨਹੀਂ। ਅਸੀਂ ਮਜ਼ਬੂਰ ਹਾਂ।''
ਬਾਲ ਵਿਆਹ ਦੀ ਇਹ ਕੁਪ੍ਰਥਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਬਿਹਾਰ ਅਤੇ ਛੱਤੀਸਗੜ੍ਹ ਦੇ ਉੱਤਰ-ਕੇਂਦਰੀ ਪੱਟੀ 'ਤੇ ਪੈਂਦੇ ਕਈ ਜ਼ਿਲ੍ਹਿਆਂ ਦੇ ਇੱਕ ਵੱਡੇ ਸਮੂਹ ਅੰਦਰ ਆਮ ਗੱਲ ਹੈ। 2015 ਵਿੱਚ ਇੰਟਰਨੈਸ਼ਲ ਸੈਂਟਰ ਆਫ਼ ਰਿਸਰਚ ਆਨ ਵੂਮਨ ਅਤੇ ਯੂਨੀਸੈਫ਼ ਦੁਆਰਾ ਸਾਂਝਿਆ ਅਯੋਜਿਤ ਕੀਤਾ ਗਿਆ ਇੱਕ ਜ਼ਿਲ੍ਹਾ ਪੱਧਰੀ ਅਧਿਐਨ ਕਹਿੰਦਾ ਹੈ ''ਇਨ੍ਹਾਂ ਰਾਜਾਂ ਦੇ ਲਗਭਗ ਦੋ ਤਿਹਾਈ ਜ਼ਿਲ੍ਹਿਆਂ ਅੰਦਰ 50 ਫ਼ੀਸਦ ਤੋਂ ਵੱਧ ਔਰਤਾਂ ਦਾ ਵਿਆਹ ਲਈ ਮੁਕੱਰਰ ਕਨੂੰਨੀ ਉਮਰ ਤੋਂ ਪਹਿਲਾਂ ਵਿਆਹ ਕਰ ਦਿੱਤਾ ਜਾਂਦਾ ਹੈ।''
ਬਾਲ ਵਿਆਹ ਰੋਕੂ ਐਕਟ 2006 ਹਰ ਉਸ ਵਿਆਹ ਦਾ ਵਿਰੋਧ ਕਰਦਾ ਹੈ ਜਿੱਥੇ ਲੜਕੀ 18 ਸਾਲ ਅਤੇ ਲੜਕਾ 21 ਸਾਲ ਤੋਂ ਘੱਟ ਉਮਰ ਦੇ ਹੋਣ। ਅਜਿਹੇ ਵਿਆਹਾਂ ਨੂੰ ਹੱਲ੍ਹਾਸ਼ੇਰੀ ਦੇਣ ਜਾਂ ਹੋਣ ਦੇਣ ਦੀ ਇਜਾਜਤ ਦੇਣ ਦੀ ਸੂਰਤ ਵਿੱਚ ਦੋ ਸਾਲ ਦੀ ਸਖ਼ਤ ਸਜ਼ਾ ਦੇ ਨਾਲ਼ ਨਾਲ਼ ਜ਼ੁਰਮਾਨਾ ਵੀ ਹੁੰਦਾ ਹੈ ਜੋ 1 ਲੱਖ ਰੁਪਏ ਤੱਕ ਹੋ ਸਕਦਾ ਹੈ।












