“ਪਾਣੀ ਸ਼ੀਸ਼ੇ ਵਾਂਗਰ ਸਾਫ਼ ਹੋਇਆ ਕਰਦਾ ਸੀ ਜਦੋਂ ਨਾਲ਼ੇ ਸਾਫ਼ ਸਨ ਇਹ ਕੋਈ 20 ਸਾਲ ਪਹਿਲਾਂ ਦੀ ਗੱਲ ਹੈ। ਨਦੀ ਦੇ ਤਲ ‘ਤੇ ਪਿਆ ਕੋਈ ਸਿੱਕਾ ਵੀ ਸੁਖ਼ਾਲਿਆਂ ਨਜ਼ਰੀਂ ਚੜ੍ਹ ਜਾਂਦਾ ਹੁੰਦਾ ਸੀ। ਅਸੀਂ ਯਮੁਨਾ ਦਾ ਪਾਣੀ ਵੀ ਪੀ ਜਾਇਆ ਕਰਦੇ,” ਆਪਣੇ ਬੁੱਕ ਵਿੱਚ ਯਮੁਨਾ ਦੇ ਚਿੱਕੜ ਜਿਹੇ ਪਾਣੀ ਨੂੰ ਭਰ ਕੇ ਆਪਣੇ ਮੂੰਹ ਦੇ ਨੇੜੇ ਲਿਆਉਂਦਿਆਂ, ਮਛੇਰੇ ਰਮਨ ਹਲਦਾਰ ਕਹਿੰਦੇ ਹਨ। ਆਪਣੀ ਬੁੱਕ ਵੱਲ ਨੱਕ ਚੜ੍ਹਾਉਂਦੇ ਹਨ ਅਤੇ ਪਾਣੀ ਨੂੰ ਆਪਣੀਆਂ ਉਂਗਲਾਂ ਵਿੱਚੋਂ ਦੀ ਹੇਠਾਂ ਸੁੱਟ ਦਿੰਦੇ ਹਨ।
ਅੱਜ ਵੀ ਯਮੁਨਾ ਵਿੱਚ ਪਲਾਸਟਿਕ, ਪੰਨੀ, ਕੂੜਾ-ਕਰਕਟ, ਅਖ਼ਬਾਰ, ਸੜੀ ਹੋਈ ਬਨਸਪਤੀ, ਬਜਰੀ ਦੇ ਮਲ਼ਬੇ, ਲੀਰਾਂ, ਚਿੱਕੜ, ਸੜਿਆ ਭੋਜਨ, ਵਹਿੰਦੇ ਨਾਰੀਅਲ, ਰਸਾਇਣਕ ਝੱਗ ਅਤੇ ਰਾਜਧਾਨੀ ਦਿੱਲੀ ਦੀ ਭੌਤਿਕਸਮਗੱਰੀ ਅਤੇ ਰਸਮਾਂ-ਰਿਵਾਜਾਂ ਨਾਲ਼ ਜੁੜੀ ਸਮੱਗਰੀਆਂ ਮਿਲ਼ ਕੇ ਇੱਕ ਕਾਲ਼ਾ ਪ੍ਰਤੀਬਿੰਬ ਪੇਸ਼ ਕਰਦੀਆਂ ਹਨ।
ਯਮੁਨਾ ਤੋਂ ਮਹਿਜ 22 ਕਿਲੋਮੀਟਰ (ਬਾਮੁਸ਼ਕਲ 1.6 ਪ੍ਰਤੀਸ਼ਤ) ਲੰਬਾ ਹਿੱਸਾ ਰਾਸ਼ਟਰੀ ਰਾਜਧਾਨੀ ਇਲਾਕੇ ਵਿੱਚੋਂ ਦੀ ਹੋ ਕੇ ਵਹਿੰਦਾ ਹੈ। ਪਰ ਇੰਨੇ ਛੋਟੇ ਜਿਹੇ ਹਿੱਸੇ ਵਿੱਚ ਜਿੰਨਾ ਕੂੜਾ ਅਤੇ ਜ਼ਹਿਰ ਆਣ ਰਲ਼ਦਾ ਹੈ ਉਹ 1,376 ਕਿਲੋਮੀਟਰ ਲੰਬੀ ਇਸ ਨਦੀ ਦਾ ਕੁੱਲ ਪ੍ਰਦੂਸ਼ਣ ਦਾ 80 ਫ਼ੀਸਦ ਹੈ। ਇਹਨੂੰ ਪ੍ਰਵਾਨ ਕਰਦੇ ਹੋਏ, ਨੈਸ਼ਨਲ ਗ੍ਰੀਨ ਟ੍ਰਿਬੂਨਲ (ਐੱਨਜੀਟੀ) ਦੀ ਨਿਗਰਾਨੀ ਕਮੇਟੀ ਦੀ 2018 ਦੀ ਰਿਪੋਰਟ ਵਿੱਚ ਦਿੱਲੀ ਦੀ ਨਦੀ ਨੂੰ 'ਸੀਵਰ ਲਾਈਨ' ਐਲਾਨ ਕਰ ਦਿੱਤਾ ਗਿਆ। ਯਮੁਨਾ ਦੇ ਪਾਣੀ ਵਿੱਚ ਆਕਸੀਜਨ ਦੀ ਭਾਰੀ ਘਾਟ ਕਾਰਨ ਵੱਡੇ ਪੱਧਰ ‘ਤੇ ਮੱਛੀਆਂ ਦੀ ਮੌਤ ਹੋ ਜਾਂਦੀ ਹੈ।
ਪਿਛਲੇ ਸਾਲ, ਦਿੱਲੀ ਵਿੱਚ ਨਦੀ ਦੇ ਦੱਖਣੀ ਹਿੱਸੇ ਦੇ ਕਾਲਿੰਦੀ ਕੁੰਜ ਘਾਟ ਵਿਖੇ ਹਜ਼ਾਰਾਂ ਮੱਛੀਆਂ ਮਰੀਆਂ ਪਾਈਆਂ ਗਈਆਂ ਅਤੇ ਨਦੀ ਦੇ ਦਿੱਲੀ ਵਾਲ਼ੇ ਹਿੱਸੇ ਵਿੱਚ ਹੋਰਨ ਜਲ-ਜੀਵਨ ਦੀ ਤਬਾਹੀ ਇੱਕ ਸਲਾਨਾ ਘਟਨਾ ਬਣ ਗਈ ਹੈ।
''ਨਦੀ ਦੇ ਈਕੋਸਿਸਟਮ ਨੂੰ ਜੀਵਤ ਰੱਖਣ ਲਈ ਘੁਲ਼ੀ ਆਕਸੀਜਨ (ਪਾਣੀ ਵਿੱਚ ਆਕਸੀਜਨ ਦੀ ਮਾਤਰਾ) ਦਾ ਪੱਧਰ 6 ਜਾਂ ਉਸ ਤੋਂ ਵੱਧ ਹੋਣਾ ਚਾਹੀਦਾ ਹੈ। ਮੱਛੀ ਦੇ ਜੀਊਂਦੇ ਰਹਿਣ ਲਈ ਪਾਣੀ ਵਿੱਚ ਘੁਲ਼ੀ ਆਕਸੀਜਨ ਦਾ ਪੱਧਰ ਘੱਟੋ-ਘੱਟ 4-5 ਹੋਣਾ ਚਾਹੀਦਾ ਹੈ। ਯਮੁਨਾ ਦੇ ਦਿੱਲੀ ਵਾਲ਼ੇ ਹਿੱਸੇ ਵਿੱਚ, ਇਹ ਪੱਧਰ 0 ਤੋਂ 0.4 ਵਿਚਾਲੇ ਹੈ,'' ਪ੍ਰਿਯਾਂਕ ਹਿਰਾਨੀ ਕਹਿੰਦੇ ਹਨ, ਜੋ ਸ਼ਿਕਾਗੋ ਯੂਨੀਵਰਸਿਟੀ ਵਿਖੇ ਟਾਟਾ ਸੈਂਟਰ ਫ਼ਾਰ ਡਿਵਲੈਪਮੈਂਟ ਦੇ ਵਾਟਰ-ਟੂ-ਕਲਾਊਡ ਪ੍ਰੋਜੈਕਟ ਦੇ ਨਿਰਦੇਸ਼ਕ ਹਨ। ਇਹ ਪ੍ਰੋਜੈਕਟ ਰੀਅਲ ਟਾਈਮ ਵਿੱਚ ਨਦੀਆਂ ਦੇ ਪ੍ਰਦੂਸ਼ਣ ਦਾ ਪੱਧਰ ਦਰਜ ਕਰਦੀ ਹੈ।











