ਮਰੂਤੀ ਵੈਨ ਭਰੀ ਹੈ ਅਤੇ ਚੱਲਣ ਲਈ ਤਿਆਰ-ਬਰ-ਤਿਆਰ ਹੈ। ਕਿਸਾਨਾਂ ਨੇ ਹਰ ਉਪਲਬਧ ਕੋਨੇ 'ਤੇ ਕਬਜ਼ਾ ਕਰ ਲਿਆ ਹੈ, ਕੁਝ ਇੱਕ ਦੂਸਰੇ ਦੀ ਗੋਦ ਵਿੱਚ ਵੀ ਬੈਠੇ ਹੋਏ ਹਨ। ਉਨ੍ਹਾਂ ਦੇ ਝੋਲੇ ਅਤੇ ਸੋਟੀਆਂ (ਤੁਰਨ ਲਈ ਸਹਾਰਾ) ਪਿਛਲੀ ਸੀਟ ਤੋਂ ਥੋੜ੍ਹੀ ਪਰੇ ਖਾਲੀ ਥਾਂ ਦੀ ਵਿੱਥ ਵਿੱਚ ਆਪਸ ਵਿੱਚ ਫਸੇ ਪਏ ਹਨ।
ਪਰ ਮੰਗਲ ਘਾੜਗੇ ਦੇ ਨਾਲ਼ ਦੀ ਸੀਟ ਕਿਸੇ ਖਾਸ ਵਾਸਤੇ ਮੱਲੀ ਹੋਈ ਹੈ। ਉਹ ਇਸ ਸੀਟ 'ਤੇ ਬੈਠਣ ਦੀ ਆਗਿਆ ਕਿਸੇ ਨੂੰ ਵੀ ਨਹੀਂ ਦਿੰਦੀ-ਇਹ 'ਰਾਖਵੀਂ' ਹੈ। ਉਦੋਂ ਹੀ ਮੀਰਾਬਾਈ ਲਾਂਗੇ ਵੈਨ ਵੱਲ ਆਉਂਦੀ ਹੈ ਅਤੇ ਆਪਣੀ ਸਾੜੀ ਠੀਕ ਕਰਦੀ ਹੋਈ ਉਸ ਖਾਲੀ ਛੱਡੀ ਸੀਟ 'ਤੇ ਬੈਠ ਜਾਂਦੀ ਹੈ ਅਤੇ ਮੰਗਲ ਉਹਨੂੰ ਕਲਾਵੇ ਵਿੱਚ ਭਰ ਲੈਂਦੀ ਹੈ। ਦਰਵਾਜਾ ਬੰਦ ਹੋ ਜਾਂਦਾ ਹੈ ਅਤੇ ਮੰਗਲ ਡਰਾਈਵਰ ਨੂੰ ਕਹਿੰਦੀ ਹੈ,"ਚੱਲ ਰੇ (ਚੱਲੋ ਹੁਣ)।"
ਮੰਗਲ ਉਮਰ 53 ਸਾਲ ਅਤੇ ਮੀਰਾਬਾਈ ਉਮਰ 65 ਸਾਲ ਦੋਵੇਂ ਨਾਸਿਕ ਦੇ ਡਿੰਡੋਰੀ ਤਾਲੁਕਾ ਦੇ ਪਿੰਡ ਸ਼ਿੰਦਵਾੜ ਤੋਂ ਹਨ। ਭਾਵੇਂ ਉਨ੍ਹਾਂ ਨੇ ਇਕੱਠਿਆਂ ਇੱਕੋ ਪਿੰਡ ਵਿੱਚ ਦਹਾਕੇ ਨਹੀਂ ਬਿਤਾਏ ਪਰ ਪਿਛਲੇ ਕੁਝ ਸਾਲਾਂ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਪਕੇਰਾ ਕਰ ਦਿੱਤਾ ਹੈ। "ਅਸੀਂ ਪਿੰਡ ਵਿੱਚ ਤਾਂ ਆਪਣੇ ਕੰਮਾਂ-ਕਾਰਾਂ ਅਤੇ ਘਰਾਂ ਵਿੱਚ ਹੀ ਰੁੱਝੀਆਂ ਰਹਿੰਦੀਆਂ ਹਾਂ," ਮੰਗਲ ਕਹਿੰਦੀ ਹੈ। "ਪ੍ਰਦਰਸ਼ਨ ਦੌਰਾਨ ਸਾਡੇ ਕੋਲ਼ ਗੱਪਾਂ ਮਾਰਨ ਦਾ ਸਮਾਂ ਹੁੰਦਾ ਹੈ।"
ਇਹ ਦੋਵੇਂ ਮਾਰਚ 2018 ਦੇ ਨਾਸਿਕ ਤੋਂ ਮੁੰਬਈ ਦੇ ਕਿਸਾਨ ਲੰਬੀ ਯਾਤਰਾ ਦੌਰਾਨ ਵੀ ਇਕੱਠੀਆਂ ਸਨ। ਨਵੰਬਰ 2018 ਵਿੱਚ ਉਨ੍ਹਾਂ ਨੇ ਕਿਸਾਨ ਮੁਕਤੀ ਮੋਰਚਾ ਵਾਸਤੇ ਇਕੱਠਿਆਂ ਦਿੱਲੀ ਕੂਚ ਕੀਤਾ ਸੀ। ਅਤੇ ਹੁਣ, ਨਾਸਿਕ ਤੋਂ ਦਿੱਲੀ ਜਾ ਰਹੀ ਵਾਹਨ ਰੈਲੀ ਦੇ ਜੱਥੇ ਵਿੱਚ ਸ਼ਾਮਲ ਹਨ। "ਪੋਟਾ ਸਾਥੀ (ਆਪਣੇ ਢਿੱਡ ਖਾਤਰ)," ਮੰਗਲ ਕਹਿੰਦੀ ਹੈ, ਜਦੋਂ ਮੈਂ ਉਸ ਕੋਲੋਂ ਪੁੱਛਿਆ ਕਿ ਉਹ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਨ ਕਿਉਂ ਜਾ ਰਹੀ ਹੈ।
ਕੇਂਦਰ ਸਰਕਾਰ ਦੁਆਰਾ ਸਤੰਬਰ 2020 ਨੂੰ ਪਾਸ ਕੀਤੇ ਤਿੰਨੋਂ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਰਾਸ਼ਟਰੀ ਰਾਜਧਾਨੀ ਦੇ ਨਾਲ਼ ਲੱਗਦੀਆਂ ਤਿੰਨੋਂ ਸੀਮਾਵਾਂ 'ਤੇ ਬੈਠੇ ਪ੍ਰਦਰਸ਼ਨ ਕਰ ਰਹੇ ਹਨ। ਆਪਣੇ ਸਮਰਥਨ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਖਾਤਰ 21 ਦਸੰਬਰ ਨੂੰ ਮਹਾਂਰਾਸ਼ਟਰ ਦੇ ਕਰੀਬ 2,000 ਕਿਸਾਨ ਨਾਸਿਕ ਤੋਂ ਤਿਆਰ ਹੋਏ ਜੱਥੇ ਦੇ ਰੂਪ ਵਿੱਚ ਦਿੱਲੀ ਜਾਣ ਲਈ ਨਿਕਲੇ ਹਨ, ਜੋ ਕਿ ਮੋਟਾ-ਮੋਟੀ 1400 ਕਿਲੋਮੀਟਰ ਦੂਰ ਹੈ। ਉਹ ਕੁੱਲ ਭਾਰਤੀ ਕਿਸਾਨ ਸਭਾ ਦੁਆਰਾ ਉਭਾਰੇ ਗਏ ਹਨ ਜੋ ਕਿ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੁਆਰਾ ਮਾਨਤਾ ਪ੍ਰਾਪਤ ਹੈ।
ਉਤਸ਼ਾਹੀ ਪ੍ਰਦਰਸ਼ਨਕਾਰੀਆਂ ਦੇ ਇਸ ਹਜੂਮ ਵਿੱਚ ਸ਼ਾਮਲ ਮੰਗਲ ਅਤੇ ਮੀਰਾਬਾਈ।





