''ਮੈਂ ਜੇਲ੍ਹ ਗਈ ਸਾਂ ਕਿਉਂਕਿ ਮੈਂ ਆਪਣੀ ਜ਼ਮੀਨ ਲਈ ਲੜੀ, ਇਸਲਈ ਨਹੀਂ ਕਿ ਮੈਂ ਕੋਈ ਜ਼ੁਰਮ ਕੀਤਾ ਸੀ। ਮੈਂ ਉਦੋਂ ਵੀ ਜੇਲ੍ਹ ਜਾਣ ਤੋਂ ਡਰਦੀ ਨਹੀਂ ਸਾਂ ਤੇ ਹੁਣ ਵੀ ਨਹੀਂ ਡਰਦੀ,'' ਰਾਜਕੁਮਾਰੀ ਭੁਇਆ ਕਹਿੰਦੀ ਹਨ।
ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਧੂਮਾ ਪਿੰਡ ਦੀ ਰਹਿਣ ਵਾਲ਼ੀ, ਕਰੀਬ 55 ਸਾਲਾ ਰਾਜਕੁਮਾਰੀ ਦਾ ਸਬੰਧ ਭੁਇਆ ਆਦਿਵਾਸੀ ਭਾਈਚਾਰੇ ਨਾਲ਼ ਹੈ। ਕਨਹਰ ਸਿੰਚਾਈ ਪ੍ਰੋਜੈਕਟ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਕਾਰਨ, 2015 ਵਿੱਚ ਉਨ੍ਹਾਂ ਨੂੰ ਚਾਰ ਮਹੀਨੇ ਜੇਲ੍ਹ ਵਿੱਚ ਕੱਟਣੇ ਪਏ। ਕਾਰਕੁੰਨ ਅਤੇ ਸਥਾਨਕ ਭਾਈਚਾਰੇ ਡੂਢੀ ਬਲਾਕ ਵਿੱਚ ਕਨਹਰ ਨਦੀ 'ਤੇ ਬੰਨ੍ਹ ਬਣਾਏ ਜਾਣ ਦਾ ਵਿਰੋਧ ਕਰ ਰਹੇ ਹਨ, ਕਿਉਂਕਿ ਇਸ ਨਾਲ਼ ਉਨ੍ਹਾਂ ਨੂੰ ਵਿਸਥਾਪਨ ਅਤੇ ਆਪਣੇ ਪਾਣੀ ਦੇ ਵਸੀਲਿਆਂ ਦੇ ਪ੍ਰਦੂਸ਼ਤ ਹੋਣ ਦਾ ਖ਼ਤਰਾ ਸਤਾ ਰਿਹਾ ਹੈ।
ਅਖ਼ਬਾਰਾਂ ਦੀਆਂ ਰਿਪੋਰਟਾਂ ਮੁਤਾਬਕ, ਉਸ ਸਾਲ ਅਪ੍ਰੈਲ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ, ਪੁਲਿਸ ਨੇ ਭੀੜ 'ਤੇ ਗੋਲ਼ੀ ਚਲਾਈ ਅਤੇ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦਿਨਾਂ ਬਾਅਦ, ਰਾਜਕੁਮਾਰੀ (ਕਵਰ ਫ਼ੋਟੋ ਵਿੱਚ ਖੱਬਿਓਂ ਦੂਸਰੀ) ਨੂੰ ਚੁੱਕ ਲਿਆ ਗਿਆ ਅਤੇ ਧੂਮਾ ਤੋਂ ਕਰੀਬ 200 ਕਿਲੋਮੀਟਰ ਦੂਰ, ਮਿਰਜ਼ਾਪੁਰ ਦੀ ਜ਼ਿਲ੍ਹਾ ਜੇਲ੍ਹ ਡੱਕ ਦਿੱਤਾ ਗਿਆ।
ਸੁਕਾਲੋ ਗੋਂਡ ਵੀ, ਜੋ ਰਾਜਕੁਮਾਰੀ ਵਾਂਗਰ ਹੀ ਆਲ ਇੰਡੀਆ ਯੂਨੀਅਨ ਆਫ ਫਾਰੈਸਟ ਵਰਕਿੰਗ ਪੀਪਲ (AIUFWP) ਦੀ ਮੈਂਬਰ ਹਨ, ਕਨਹਰ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਸਨ। ''ਮੈਂ ਕਨਹਰ ਵਿਖੇ ਪੈਦਾ ਹੋਈ ਸਾਂ ਅਤੇ ਭਾਈਚਾਰੇ ਦੀ ਹਮਾਇਤ ਕਰਨਾ ਚਾਹੁੰਦੀ ਸਾਂ। ਜਦੋਂ ਪੁਲਿਸ ਨੇ (14 ਅਪ੍ਰੈਲ 2015 ਨੂੰ, ਸਵੇਰੇ 10 ਵਜੇ ਦੇ ਕਰੀਬ, ਲਗਭਗ ਦੋ ਘੰਟਿਆਂ ਤੀਕਰ) ਗੋਲ਼ੀਆਂ ਚਲਾਈਆਂ ਤਾਂ ਮੈਂ ਉੱਥੇ ਨਹੀਂ ਸਾਂ। ਮੈਂ ਇਸ ਤੋਂ ਬਾਅਦ ਉੱਥੇ ਗਏ, ਪਰ ਉਦੋਂ ਤੱਕ ਹਿੰਸਾ ਭੜਕ ਉੱਠੀ ਸੀ, ਇਸਲਈ ਅਸੀਂ ਸਾਰੇ ਲੋਕ ਅਲੱਗ-ਅਲੱਗ ਦਿਸ਼ਾਵਾਂ ਵਿੱਚ ਫੈਲ਼ ਗਏ। ਰਾਜਕੁਮਾਰੀ ਆਪਣੇ ਰਸਤੇ ਚਲੀ ਗਈ ਅਤੇ ਮੈਂ ਆਪਣੇ ਰਸਤੇ,'' ਉਹ ਦੱਸਦੀ ਹਨ। (ਇਸ ਸਟੋਰੀ ਦੀ ਇੰਟਰਵਿਊ ਹੋਣ ਤੋਂ ਬਾਅਦ, ਸੁਕਾਲੋ ਨੂੰ ਦੋਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਹ ਦੋਬਾਰਾ ਤੋਂ ਜੇਲ੍ਹ ਵਿੱਚ ਹਨ। ਇਹ ਵੀ ਦੇਖੋ: https://cjp.org.in/sonebhadras-daughter-sukalo/ )
''ਮੈਂ ਹਫ਼ਤਿਆਂ ਤੱਕ ਦੂਰ ਰਹੀ,'' ਸੁਕਾਲੋ (ਕਵਰ ਫ਼ੋਟੋ ਵਿੱਚ ਸੱਜਿਓਂ ਦੂਸਰੇ ਪਾਸੇ) ਅੱਗੇ ਕਹਿੰਦੇ ਹਨ। ''ਇੱਕ ਆਦਿਵਾਸੀ ਪਰਿਵਾਰ ਜੋ ਸਾਡੇ ਦੂਰ ਦੇ ਰਿਸ਼ਤੇਦਾਰ ਹਨ ਅਤੇ ਸਾਡੇ ਦਰਦ ਨੂੰ ਸਮਝਦੇ ਹਨ, ਉਨ੍ਹਾਂ ਘਰ ਪੈਦਲ ਪਹੁੰਚਣ ਵਿੱਚ ਮੈਨੂੰ ਪੰਜ ਘੰਟੇ ਲੱਗ ਗਏ। ਮੈਂ ਉੱਥੇ ਦੋ ਰਾਤਾਂ ਰੁਕੀ ਅਤੇ ਫਿਰ ਦੂਸਰੇ ਘਰ ਚਲੀ ਗਈ, ਜਿੱਥੇ ਮੈਂ ਅਗਲੇ 10 ਦਿਨਾਂ ਤੱਕ ਰੁਕੀ ਅਤੇ ਫਿਰ ਤੀਜੇ ਘਰ।''








