ਸੜਕ ਦੇ ਕਿਨਾਰੇ ਬਣੇ ਢਾਬੇ 'ਤੇ ਬੈਠੇ ਕਿਸਾਨ ਜੱਥੇ ਦਾ ਬੰਸਰੀ ਦੀ ਧੁਨ ਸੁਣ ਕੇ ਧਿਆਨ ਭਟਕ ਗਿਆ। 22 ਦਸੰਬਰ ਦੀ ਸਵੇਰ ਸੀ ਅਤੇ ਚੰਦਵੜ ਕਸਬੇ ਵਿੱਚ ਬਹੁਤ ਠੰਡ ਸੀ-ਇਹ ਕਸਬਾ ਨਾਸਿਕ ਸ਼ਹਿਰ ਤੋਂ ਕਰੀਬ 65 ਕਿਲੋਮੀਟਰ ਦੂਰ ਹੈ- ਕਿਸਾਨ ਚਾਹ ਦੀ ਉਡੀਕ ਕਰ ਰਹੇ ਸਨ। ਕੁਝ ਅੱਧ-ਸੁੱਤੇ ਸਨ ਅਤੇ ਕੁਝ ਕੁ ਨਾਸ਼ਤੇ ਵਿੱਚ ਮਿਸਲ ਪਾਵ ਖਾ ਰਹੇ ਸਨ। ਪਰ ਕੋਲ੍ਹਾਪੁਰ ਜ਼ਿਲ੍ਹੇ ਦੇ ਪਿੰਡ ਜੰਬਭਾਲੀ ਪਿੰਡ ਦਾ 73 ਸਾਲਾ ਨਰਾਇਣ ਗਾਇਕਵੜ,ਬੰਸਰੀ ਵਜਾ ਰਿਹਾ ਸੀ। ਉਹ ਆਪਣੇ ਘਰ ਤੋਂ 500 ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਵੀ ਸਵੇਰ ਦੀ ਰਸਮ ਅਦਾ ਕਰ ਰਿਹਾ ਸੀ। "ਲੋਕ ਕਹਿੰਦੇ ਹਨ ਕਿ ਦਿੱਲੀ ਦਾ ਪ੍ਰਦਰਸ਼ਨ ਪੰਜਾਬ ਅਤੇ ਹਰਿਆਣਾ ਤੋਂ ਆਏ ਕਿਸਾਨਾਂ ਤੱਕ ਹੀ ਸਿਮਟਿਆ ਹੋਇਆ ਹੈ," ਉਹਨੇ ਕਿਹਾ। "ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਰਾਸ਼ਟਰ-ਪੱਧਰੀ ਮਸਲਾ ਹੈ।"
ਗਾਇਕਵਾੜ ਉਸ 2000 ਕਿਸਾਨਾਂ, ਖੇਤ-ਮਜ਼ਦੂਰਾਂ ਅਤੇ ਕਾਰਕੁੰਨਾਂ ਦੇ ਸਮੂਹ ਦਾ ਹਿੱਸਾ ਸੀ, ਜਿਹਨੇ 21 ਦਸੰਬਰ ਨੂੰ ਨਾਸਿਕ ਤੋਂ ਵਾਹਨ ਜੱਥੇ (ਕਾਫ਼ਲੇ) ਦੇ ਰੂਪ ਵਿੱਚ ਦਿੱਲੀ ਜਾਣ ਲਈ ਆਪਣੀ ਯਾਤਰਾ ਵਿੱਢੀ ਸੀ। ਪਰ ਗਾਇਕਵਾੜ ਦੀ ਯਾਤਰਾ ਇੱਕ ਦਿਨ ਪਹਿਲਾਂ ਸ਼ੁਰੂ ਹੋਈ। "ਅਸੀਂ ਸੱਤੇ ਜਣੇ ਟੈਂਪੂ ਵਿੱਚ ਸਵਾਰ ਹੋਏ ਅਤੇ 20 ਦਸੰਬਰ ਦੀ ਰਾਤ ਹੀ ਨਾਸਿਕ ਅੱਪੜ ਗਏ। ਇੱਥੇ ਪੁੱਜਣ ਵਿੱਚ ਸਾਨੂੰ 13 ਘੰਟੇ ਲੱਗੇ," ਉਹਨੇ ਦੱਸਿਆ। "ਉਮਰ ਦੇ ਨਾਲ਼ ਸੜਕ ਦਾ ਸਫ਼ਰ ਕਰਨਾ ਮੁਸ਼ਕਲ ਹੁੰਦਾ ਜਾਂਦਾ ਹੈ। ਪਰ ਮੈਂ ਆਉਣ ਦਾ ਫ਼ੈਸਲਾ ਕੀਤਾ ਕਿਉਂਕਿ ਮੈਂ ਭਗਤ ਸਿੰਘ ਦੇ ਵਿਚਾਰਾਂ ਦੇ ਭਾਰਤ ਵਿੱਚ ਯਕੀਨ ਰੱਖਦਾ ਹਾਂ। ਕਿਸਾਨਾਂ ਦੀ ਦਿੱਕਤਾਂ ਉਦੋਂ ਤੱਕ ਨਹੀਂ ਮੁੱਕਣੀਆਂ ਜਦੋਂ ਤੱਕ ਕਿ ਇਨਕਲਾਬ ਨਹੀਂ ਆਉਂਦਾ।"
ਮੁੱਖ ਰੂਪ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਆਏ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਪੁਲਿਸ ਦੇ ਤਸ਼ੱਦਦਾਂ ਜਿਵੇਂ ਅੱਥਰੂ ਗੈਸ ਦੇ ਗੋਲਿਆਂ, ਲਾਠੀਚਾਰਜ ਦਾ ਸਾਹਮਣਾ ਕਰਨ ਦੇ ਨਾਲ਼-ਨਾਲ਼ ਹੱਡ-ਵਿੰਨ੍ਹਵੀ ਠੰਡ ਅਤੇ ਮੀਂਹ ਦਾ ਸਾਹਮਣਾ ਕਰਕੇ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਰਹੇ ਹਨ। ਉਹ ਤਿੰਨੋਂ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ, ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਪਹਿਲੀ ਵਾਰ 5 ਜੂਨ 2020 ਨੂੰ ਇੱਕ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਦਿਨ ਤੱਕ ਉਨ੍ਹਾਂ ਨੂੰ ਐਕਟ ਬਣਾ ਦਿੱਤਾ ਗਿਆ।
ਇਹ ਤਿੰਨ ਖੇਤੀ ਕਨੂੰਨ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਨ ਕਰਦੇ ਹਨ।







