ਰਾਣੀ ਮਹਤੋ ਆਪਣੇ ਦੋ ਦਿਨ ਦੇ ਬੱਚੇ ਦੇ ਸੁਰੱਖਿਅਤ ਪੈਦਾ ਹੋਣ ਦੀ ਖੁਸ਼ੀ ਤੋਂ ਖੁਸ਼ ਹੋਣ ਦੀ ਬਜਾਇ ਇਸ ਡਰ ਦੀ ਦਹਿਸ਼ਤ ਵਿਚਾਲੇ ਘਿਰੀ ਹੋਈ ਹਨ ਕਿ ਉਨ੍ਹਾਂ ਨੇ ਘਰ ਜਾ ਕੇ ਆਪਣੇ ਪਤੀ ਨੂੰ ਕਿਵੇਂ ਦੱਸਣਾ ਹੈ ਕਿ ਦੋਬਾਰਾ ਧੀ ਪੈਦਾ ਹੋਈ ਹੈ। ਹਾਏ! ਦੋਬਾਰਾ...
ਸਹਿਮੇ ਅੰਦਾਜ਼ ਵਿੱਚ ਉਹ ਦੱਸਦੀ ਹਨ,''ਉਨ੍ਹਾਂ ਨੇ ਇਸ ਵਾਰ ਪੁੱਤ ਦੀ ਉਮੀਦ ਲਾਈ ਸੀ।'' 20 ਸਾਲਾ ਰਾਣੀ ਬਿਹਾਰ ਦੇ ਪਟਨਾ ਜ਼ਿਲ੍ਹੇ ਦੇ ਦਾਨਾਪੁਰ ਉਪ-ਮੰਡਲੀ ਹਸਪਤਾਲ ਵਿੱਚ ਆਪਣੇ ਬਿਸਤਰੇ 'ਤੇ ਨਵਜਾਤ ਬੱਚੇ ਨੂੰ ਦੁੱਧ ਚੁੰਘਾਉਂਦਿਆਂ ਕਹਿੰਦੀ ਹਨ,''ਮੈਨੂੰ ਡਰ ਇਸ ਗੱਲ ਦਾ ਹੈ ਕਿ ਜਦੋਂ ਮੈਂ ਘਰ ਜਾਊਂਗੀ ਅਤੇ ਉਨ੍ਹਾਂ ਨੂੰ ਦੱਸਾਂਗੀ ਕਿ ਇਸ ਵਾਰ ਵੀ ਧੀ ਪੈਦਾ ਹੋਈ ਹੈ ਤਾਂ ਉਹ ਮੇਰੇ ਨਾਲ਼ ਪਤਾ ਨਹੀਂ ਕੀ ਸਲੂਕ ਕਰਨਗੇ।''
ਸਾਲ 2017 ਵਿੱਚ 16 ਸਾਲ ਦੀ ਉਮਰੇ ਵਿਆਹੇ ਜਾਣ ਤੋਂ ਬਾਅਦ ਰਾਣੀ ਨੇ ਛੇਤੀ ਹੀ ਆਪਣੀ ਪਹਿਲੀ ਧੀ ਨੂੰ ਜਨਮ ਦਿੱਤਾ। ਉਨ੍ਹਾਂ ਦੇ ਪਤੀ ਪ੍ਰਕਾਸ਼ ਕੁਮਾਰ ਮਾਹਤੋ ਉਦੋਂ 20 ਸਾਲਾਂ ਦੇ ਸਨ। ਉਹ ਆਪਣੇ ਪਤੀ ਅਤੇ ਸੱਸ ਦੇ ਨਾਲ਼ ਪਟਨਾ ਜ਼ਿਲ੍ਹੇ ਦੇ ਫੁਲਵਾੜੀ ਬਲਾਕ ਵਿੱਚ ਸਥਿਤ ਪਿੰਡ ਵਿੱਚ ਰਹਿੰਦੀ ਹਨ, ਜਿਸ ਪਿੰਡ ਦਾ ਨਾਮ ਉਹ ਦੱਸਣਾ ਨਹੀਂ ਚਾਹੁੰਦੀ। ਮਹਤੋ ਪਰਿਵਾਰ ਓਬੀਸੀ ਭਾਈਚਾਰੇ ਨਾਲ਼ ਸਬੰਧ ਰੱਖਦਾ ਹੈ।
''ਸਾਡੇ ਪਿੰਡ ਵਿੱਚ ਬਹੁਤੇਰੀਆਂ ਕੁੜੀਆਂ ਦਾ 16ਵੇਂ ਸਾਲ ਵਿੱਚ ਹੀ ਵਿਆਹ ਹੋ ਜਾਂਦਾ ਹੈ,'' ਰਾਣੀ ਕਹਿੰਦੀ ਹਨ ਜੋ ਅੱਲ੍ਹੜ ਉਮਰੇ ਹੋਏ ਵਿਆਹ ਤੋਂ ਪੈਦਾ ਹੋਈਆਂ ਸਮੱਸਿਆਂ ਨੂੰ ਭਲੀ-ਭਾਂਤੀ ਸਮਝਦੀ ਹਨ। ਐਨ ਉਦੋਂ ਹੀ ਛੁੱਟੀ ਵਾਲੇ ਪੇਪਰ (ਡਿਸਚਾਰਜ ਸਰਟੀਫਿਕੇਟ) ਦੀ ਉਡੀਕ ਕਰ ਰਹੀ ਰਾਣੀ ਦੀ ਸੱਸ ਗੰਗਾ ਮਹਤੋ ਵੀ ਉਨ੍ਹਾਂ ਦੇ ਬਿਸਤਰੇ 'ਤੇ ਆਣ ਬਹਿੰਦੀ ਹਨ ਅਤੇ ਰਾਣੀ ਆਪਣੀ ਗੱਲ ਪੂਰੀ ਕਰਦਿਆਂ ਕਹਿੰਦੀ ਹਨ,''ਮੇਰੀ ਇੱਕ ਛੋਟੀ ਭੈਣ ਵੀ ਹੈ, ਇਸਲਈ ਮੇਰੇ ਮਾਪੇ ਚਾਹੁੰਦੇ ਸਨ ਕਿ ਮੇਰਾ ਵਿਆਹ ਛੇਤੀ ਤੋਂ ਛੇਤੀ ਹੋ ਜਾਵੇ।''
ਰਾਣੀ ਅਤੇ ਉਨ੍ਹਾਂ ਦੀ ਭੈਣ ਕੋਈ ਅਪਵਾਦ ਨਹੀਂ ਹਨ। ਮਰਦਮਸ਼ੁਮਾਰੀ, ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਅਤੇ ਹੋਰ ਸਰਕਾਰੀ ਅੰਕੜਿਆਂ ਦਾ ਵਿਸ਼ਲੇਸ਼ਣ ਕਰਦੀ 'ਚਾਈਲਡ ਰਾਈਟਸ ਐਂਡ ਯੂ (CRY)' ਨਾਮਕ ਐੱਨਜੀਓ ਦੇ ਮੁਤਾਬਕ ਦੇਸ਼ ਭਰ ਵਿੱਚ ਬਾਲ-ਵਿਆਹ ਦੇ ਕੁੱਲ ਮਾਮਲਿਆਂ ਵਿੱਚੋਂ 55 ਫੀਸਦ ਮਾਮਲੇ ਬਿਹਾਰ, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਹਨ।
''ਜਿਓਂ ਹੀ ਛੁੱਟੀ ਵਾਲ਼ੇ ਪੇਪਰ ਮਿਲ਼ ਜਾਣਗੇ, ਤਾਂ ਅਸੀਂ ਆਪਣੇ ਪਿੰਡ ਜਾਣ ਲਈ ਕਿਰਾਏ 'ਤੇ ਇੱਕ ਆਟੋਰਿਕਸ਼ਾ ਕਰਾਂਗੇ,'' ਰਾਣੀ ਮੈਨੂੰ ਖੋਲ੍ਹ ਕੇ ਦੱਸਦੀ ਹਨ। ਰਾਣੀ ਹਸਪਤਾਲ ਵਿੱਚ ਹੁਣ ਤੱਕ ਸਧਾਰਣ ਨਾਲੋਂ ਦੋ ਦਿਨ ਵੱਧ ਗੁਜ਼ਾਰ ਚੁੱਕੀ ਹਨ, ਕਿਉਂਕਿ ਉਨ੍ਹਾਂ ਨੂੰ ਕੁਝ ਸਿਹਤ ਸਬੰਧੀ ਸਮੱਸਿਆਵਾਂ ਹਨ। ''ਮੁਝੇ ਖੂਨ ਕੀ ਕਮੀ (ਅਨੀਮਿਆ) ਹੈ,'' ਰਾਣੀ ਕਹਿੰਦੀ ਹਨ।







