''ਕੋਈ ਵੀ ਮੈਨੂੰ ਕੰਮ 'ਤੇ ਰੱਖਣ ਨੂੰ ਤਿਆਰ ਨਹੀਂ ਸੀ। ਮੈਂ ਪੂਰੀ ਸਾਵਧਾਨੀ ਵਰਤਦੀ, ਪਰ ਫਿਰ ਵੀ ਉਹ ਮੈਨੂੰ ਆਪਣੇ ਘਰਾਂ ਵਿੱਚ ਦਾਖ਼ਲ ਨਾ ਹੋਣ ਦਿੰਦੇ,'' ਮਹਾਰਾਸ਼ਟਰ ਦੇ ਲਾਤੂਰ ਸ਼ਹਿਰ ਦੀ ਇੱਕ ਘਰੇਲੂ ਨੌਕਰ, 68 ਸਾਲਾ ਜਾਹੇਦਾਬੀ ਸੱਯਦ ਕਹਿੰਦੀ ਹਨ। ''ਮੈਂ ਇਹ ਕੱਪੜਾ (ਕੱਪੜੇ ਦਾ ਮਾਸਕ) ਕਦੇ ਨਹੀਂ ਲਾਹਿਆ ਅਤੇ ਦੂਰੀ ਬਣਾਈ ਰੱਖਣ ਜਿਹੇ ਸਾਰੇ ਨਿਯਮਾਂ ਦਾ ਪਾਲਣ ਕੀਤਾ।''
ਅਪ੍ਰੈਲ 2020 ਵਿੱਚ, ਕੋਵਿਡ-19 ਤਾਲਾਬੰਦੀ ਦੌਰਾਨ, ਜਾਹੇਦਾਬੀ ਜਿਨ੍ਹਾਂ ਪੰਜ ਪਰਿਵਾਰਾਂ ਵਾਸਤੇ ਕੰਮ ਕਰਦੀ ਸਨ, ਉਨ੍ਹਾਂ ਵਿੱਚੋਂ ਚਾਰਾਂ ਨੇ ਉਹਨੂੰ ਚਲੇ ਜਾਣ ਲਈ ਕਹਿ ਦਿੱਤਾ। ''ਮੇਰੇ ਕੋਲ਼ ਸਿਰਫ਼ ਇੱਕੋ ਪਰਿਵਾਰ ਹੀ ਬਚਿਆ ਅਤੇ ਉਨ੍ਹਾਂ ਨੇ ਮੇਰੇ 'ਤੇ ਸਾਰੇ ਕੰਮ ਦਾ ਬੋਝ ਪਾ ਦਿੱਤਾ।''
ਜਾਹੇਦਾਬੀ 30 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਬਤੌਰ ਘਰੇਲੂ ਨੌਕਰ ਕੰਮ ਕਰਦੀ ਰਹੀ ਹਨ- ਜਿਸ ਪੂਰੇ ਸਮੇਂ ਵਿੱਚ ਉਨ੍ਹਾਂ ਨੇ ਜਿਹੜੇ ਘਰਾਂ ਲਈ ਭਾਂਡੇ ਮਾਂਜਣ ਅਤੇ ਫ਼ਰਸ਼ ਸਾਫ਼ ਕਰਨ ਦਾ ਕੰਮ ਕੀਤਾ, ਉਨ੍ਹਾਂ ਨੇ ਹੀ ਪਿਛਲੇ ਸਾਲ ਉਨ੍ਹਾਂ (ਜਾਹੇਦਾਬੀ) ਲਈ ਆਪਣੇ ਘਰਾਂ ਦੇ ਬੂਹੇ ਬੰਦ ਕਰ ਦਿੱਤੇ। ਉਨ੍ਹਾਂ ਦਾ ਕਹਿਣਾ ਹੈ ਕਿ ਇੰਝ ਜਾਪਦਾ ਹੈ ਜਿਵੇਂ ਉਹਦੇ ਮਾਲਕ ਮਾਰਚ 2020 ਵਿੱਚ ਦਿੱਲੀ ਦੀ ਇੱਕ ਮਸਜਿਦ ਵਿੱਚ ਤਬਲੀਗੀ ਜਮਾਤ ਦੀ ਧਾਰਮਿਕ ਮੰਡਲੀ ਵਿਵਾਦ ਤੋਂ ਪ੍ਰਭਾਵਤ ਹੋਏ ਸਨ, ਜੋ ਕੋਵਿਡ-19 ਦਾ ਹੌਟਸਪਾਟ ਬਣ ਗਿਆ ਸੀ। ''ਲੋਕਾਂ ਨੂੰ ਮੁਸਲਮਾਨਾਂ ਤੋਂ ਦੂਰ ਰਹਿਣ ਦੀਆਂ ਜੋ ਗੱਲਾਂ ਫੈਲਾਈਆਂ ਜਾ ਰਹੀਆਂ ਸਨ, ਉਹ ਜੰਗਲ ਦੀ ਅੱਗ ਵਾਂਗ ਫੈਲ ਗਈਆਂ,'' ਉਹ ਚੇਤੇ ਕਰਦੀ ਹਨ। ''ਮੇਰੇ ਜੁਆਈ ਨੇ ਕਿਹਾ ਕਿ ਉਹਦੀ ਨੌਕਰੀ ਵੀ ਜਮਾਤ ਦੇ ਕਾਰਨ ਚਲੀ ਗਈ ਹੈ। ਪਰ ਮੇਰਾ ਤਾਂ ਉਨ੍ਹਾਂ ਨਾਲ਼ ਕੀ ਲੈਣਾ-ਦੇਣਾ?''
ਜਾਹੇਦਾਬੀ ਦੀ ਆਮਦਨੀ 5000 ਰੁਪਏ ਤੋਂ ਘੱਟ ਕੇ 1000 ਰੁਪਏ ਪ੍ਰਤੀ ਮਹੀਨਾ ਹੋ ਗਈ। ''ਜਿਨ੍ਹਾਂ ਪਰਿਵਾਰਾਂ ਨੇ ਮੈਨੂੰ ਕੰਮ ਛੱਡਣ ਲਈ ਕਿਹਾ ਸੀ, ਕੀ ਉਹ ਮੈਨੂੰ ਕਦੇ ਵਾਪਸ ਬੁਲਾਉਣਗੇ?'' ਉਹ ਪੁੱਛਦੀ ਹਨ। ''ਮੈਂ ਇੰਨੇ ਸਾਲ ਤੱਕ ਉਨ੍ਹਾਂ ਲਈ ਕੰਮ ਕੀਤਾ ਅਤੇ ਫਿਰ ਕੀ... ਅਚਾਨਕ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਹੋਰਨਾਂ ਔਰਤਾਂ ਨੂੰ ਕੰਮ 'ਤੇ ਰੱਖ ਲਿਆ।''
ਬੀਤੇ ਪੂਰੇ ਸਾਲ ਵਿੱਚ ਸ਼ਾਇਦ ਹੀ ਉਨ੍ਹਾਂ ਦੀ ਹਾਲਤ ਬਦਲੀ ਹੋਵੇ। ''ਇਹ ਤਾਂ ਹੋਰ ਬੇਕਾਰ (ਬਦ ਤੋਂ ਬਦਤਰ) ਹੋ ਗਈ ਹੈ,'' ਜਾਹੇਦਾਬੀ ਕਹਿੰਦੀ ਹਨ। ਮਾਰਚ 2021 ਵਿੱਚ, ਉਹ ਤਿੰਨ ਘਰਾਂ ਵਿੱਚ ਕੰਮ ਕਰਕੇ ਮਹੀਨੇ ਦਾ 3000 ਰੁਪਿਆ ਕਮਾ ਰਹੀ ਸਨ। ਪਰ ਉਨ੍ਹਾਂ ਦਾ ਦੋ ਮਾਲਕਾਂ ਨੇ ਅਪ੍ਰੈਲ ਵਿੱਚ ਉਨ੍ਹਾਂ ਨੇ ਚਲੇ ਜਾਣ ਲਈ ਕਹਿ ਦਿੱਤਾ, ਜਦੋਂ ਕੋਵਿਡ-19 ਦੀ ਦੂਸਰੀ ਲਹਿਰ ਪੂਰੇ ਮਹਾਰਾਸ਼ਟਰ ਵਿੱਚ ਫੈਲਣ ਲੱਗੀ ਸੀ।''ਉਨ੍ਹਾਂ ਨੇ ਕਿਹਾ ਕਿ ਮੈਂ ਝੁੱਗੀ ਵਿੱਚ ਰਹਿੰਦੀ ਹਾਂ ਅਤੇ ਉੱਥੇ ਅਸੀਂ ਨਿਯਮਾਂ (ਸਰੁੱਖਿਆ ਪ੍ਰੋਟੋਕਾਲ) ਦਾ ਪਾਲਣ ਨਹੀਂ ਕਰਦੇ।''
ਇਸਲਈ, ਹੁਣ ਉਹ ਆਪਣੇ ਇਕਲੌਤੇ ਮਾਲਕ ਪਾਸੋਂ ਸਿਰਫ਼ 700 ਬਦਲੇ ਕੰਮ ਕਰੇਗੀ ਜਦੋਂ ਤੱਕ ਕਿ ਉਨ੍ਹਾਂ ਨੂੰ ਹੋਰ ਕੰਮ ਨਹੀਂ ਮਿਲ਼ ਜਾਂਦਾ।





