57 ਸਾਲਾ ਬਾਲਾਭਾਈ ਚਾਵੜਾ ਕੋਲ਼ ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਵਿਖੇ 5 ਏਕੜ ਦਾ ਖੇਤ ਹੈ। ਭੋਇੰ ਜ਼ਰਖੇਜ ਤੇ ਸੇਂਜੂ ਵੀ ਹੈ। ਪਿਛਲੇ 25 ਸਾਲਾਂ ਤੋਂ ਉਹੀ ਇਹਦੇ ਮਾਲਕ ਰਹੇ ਹਨ। ਹਾਲਾਂਕਿ, ਇੱਕ ਸਮੱਸਿਆ ਹੈ। ਉਨ੍ਹਾਂ ਨੂੰ ਆਪਣੀ ਹੀ ਮਾਲਕੀ ਵਾਲ਼ੀ ਜ਼ਮੀਨ ਦੇ ਨੇੜੇ ਫਟਕਣ ਤੱਕ ਦੀ ਆਗਿਆ ਨਹੀਂ।
ਜ਼ਮੀਨ ਦੇ ਪੁਰਾਣੇ ਤੇ ਪੀਲ਼ੇ ਪੈ ਚੁੱਕੇ ਕਾਗ਼ਜ਼ਾਂ ਦੀਆਂ ਤਹਿਆਂ ਖੋਲ੍ਹਦਿਆਂ ਉਹ ਕਹਿੰਦੇ ਹਨ,“ਮੇਰੇ ਕੋਲ਼ ਮੇਰੀ ਮਾਲਕੀ ਦਾ ਸਬੂਤ ਹੈ। ਪਰ ਮੇਰੀ ਜ਼ਮੀਨ ‘ਤੇ ਉੱਚੀ ਜਾਤੀ ਦੇ ਲੋਕ ਕਾਬਜ਼ ਹਨ।”
ਬਾਲਾਭਾਈ ਇੱਕ ਮਜ਼ਦੂਰ ਹਨ, ਜੋ ਚਮਾਰ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਇਹ ਜਾਤੀ ਗੁਜਰਾਤ ਵਿਖੇ ਪਿਛੜੀ ਜਾਤੀ ਵਜੋਂ ਸੂਚੀਬੱਧ ਹੈ। ਉਹ ਇਸ ਮਾਮਲੇ ਵਿੱਚ ਮਦਦ ਵਾਸਤੇ ਉਹ ਹਰ ਇੱਕ ਕੋਲ਼ ਗਏ- ਅਜਿਹਾ ਕੋਈ ਬੂਹਾ ਨਹੀਂ ਜੋ ਉਨ੍ਹਾਂ ਖੜ੍ਹਕਾਇਆ ਨਾ ਹੋਵੇ। “ਮੈਂ ਬਿਨ ਨਾਗਾ ਜ਼ਮੀਨ ਦੇਖਣ ਜਾਂਦਾ ਹਾਂ,” ਉਹ ਗੱਲ ਜਾਰੀ ਰੱਖਦੇ ਹਨ। “ਥੋੜ੍ਹੀ ਦੂਰੋਂ ਖੜ੍ਹ ਕੇ ਭੋਇੰ ਨੂੰ ਦੇਖਦਾ ਮੈਂ ਬੱਸ ਇਹੀ ਕਲਪਨਾ ਕਰਦਾ ਰਹਿੰਦਾ ਹਾਂ ਕਿ ਜੇ ਇਹ ਮੇਰੇ ਕੋਲ਼ ਹੁੰਦੀ ਤਾਂ ਮੇਰਾ ਜੀਵਨ ਕਿਹੋ ਜਿਹਾ ਹੁੰਦਾ...”
ਧ੍ਰਾਂਗਧਰਾ ਤਾਲੁਕਾ ਦੇ ਭਰੜ ਪਿੰਡ ਵਿਖੇ ਜੋ ਜ਼ਮੀਨ ਹੈ ਉਹ ਬਾਲਾਭਾਈ ਨੂੰ ਗੁਜਰਾਤ ਦੀ ਜ਼ਮੀਨ ਵੰਡ ਨੀਤੀ ਤਹਿਤ ਅਲਾਟ ਕੀਤੀ ਗਈ ਸੀ। 1960 ਦੇ ਗੁਜਰਾਤ ਖੇਤੀ ਜ਼ਮੀਨ ਸੀਲਿੰਗ (ਸੀਮਾ) ਐਕਟ ਅਧੀਨ ਗ੍ਰਹਿਣ ਕੀਤੀ ਗਈ ‘ਵਾਧੂ ਜ਼ਮੀਨ’, ਜਿਹਨੇ ਖੇਤੀ ਜੋਤਾਂ ‘ਤੇ ਸੀਮਾਵਾਂ ਥੋਪ ਦਿੱਤੀਆਂ, ਨੂੰ “ਸਾਂਝੇ ਭਲ਼ੇ ਦੀ ਸੇਵਾ ਖ਼ਾਤਰ” ਨਿਰਧਾਰਤ ਕਰ ਦਿੱਤਾ ਗਿਆ ਸੀ।
ਸਰਕਾਰੀ ਮਾਲਿਕਾਨੇ ਵਾਲ਼ੀਆਂ ਬੰਜਰ ਜ਼ਮੀਨਾਂ ਦੇ ਨਾਲ਼ ਗ੍ਰਹਿਣ ਕੀਤੀਆਂ ਗਈਆਂ ਇਹ ਜ਼ਮੀਨਾਂ, ਜਿਨ੍ਹਾਂ ਨੂੰ ਸੰਥਾਨੀ ਜ਼ਮੀਨਾਂ ਕਿਹਾ ਜਾਂਦਾ ਹੈ, ਨੂੰ ਅਜਿਹੇ ਵਿਅਕਤੀਆਂ ਦੇ ਨਾਮ ਕੀਤਾ ਜਾਣਾ ਸੀ, ਜਿਨ੍ਹਾਂ ਨੂੰ “ਖੇਤੀ ਵਾਸਤੇ ਭੋਇੰ ਦੀ ਲੋੜ” ਸੀ। ਇਨ੍ਹਾਂ ਵਿਅਕਤੀ ਵਿੱਚ ਕਿਸਾਨਾਂ ਦੀਆਂ ਸਹਿਕਾਰੀ ਕਮੇਟੀਆਂ, ਬੇਜ਼ਮੀਨੇ ਵਿਅਕਤੀ ਤੇ ਖੇਤ ਮਜ਼ਦੂਰ ਆਦਿ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਵੀ ਪਿਛੜੀ ਜਾਤੀ ਤੇ ਪਿਛੜੇ ਕਬੀਲਿਆਂ ਦੇ ਲੋਕਾਂ ਨੂੰ ਤਰਜੀਹ ਦਿੱਤੀ ਜਾਣੀ ਸੀ।
ਇਹ ਯੋਜਨਾ ਕਾਗ਼ਜ਼ਾਂ ਵਿੱਚ ਤਾਂ ਕੰਮ ਕਰਦੀ ਜਾਪਦੀ ਪਰ ਹਕੀਕਤ ਤਾਂ ਕੁਝ ਹੋਰ ਹੀ ਸੀ।
ਜ਼ਮੀਨ ਦਾ ਮਾਲਿਕਾਨਾ ਹੱਕ ਮਿਲ਼ਦਿਆਂ ਹੀ ਬਾਲਾਭਾਈ ਨੇ ਇਸ ਪੈਲ਼ੀ ‘ਤੇ ਨਰਮਾ, ਜਵਾਰ ਤੇ ਬਾਜਰਾ ਉਗਾਉਣ ਦੀਆਂ ਯੋਜਨਾਵਾਂ ਉਲੀਕੀਆਂ। ਉਹ ਤਾਂ ਇਸੇ ਜ਼ਮੀਨ ਦੇ ਇੱਕ ਕੋਨੇ ‘ਤੇ ਛੋਟਾ ਜਿਹਾ ਘਰ ਪਾਉਣ ਬਾਰੇ ਵੀ ਸੋਚਣ ਲੱਗੇ ਤਾਂ ਕਿ ਜਿੱਥੇ ਕੰਮ ਕਰਨ, ਉੱਥੇ ਹੀ ਰਹਿ ਵੀ ਸਕਣ। ਉਸ ਵੇਲ਼ੇ ਉਹ ਕੋਈ 32 ਸਾਲਾਂ ਦੇ ਸਨ ਤੇ ਉਨ੍ਹਾਂ ਦਾ ਛੋਟਾ ਜਿਹਾ ਪਰਿਵਾਰ ਸੀ, ਜਿਹਦੇ ਬਿਹਤਰ ਭਵਿੱਖ ਦੀ ਉਨ੍ਹਾਂ ਕਲਪਨਾ ਕੀਤੀ ਸੀ। ਉਹ ਕਹਿੰਦੇ ਹਨ,“ਮੇਰੇ ਤਿੰਨ ਛੋਟੇ-ਛੋਟੇ ਬੱਚੇ ਸਨ। ਮੈਂ ਖੇਤ ਮਜ਼ਦੂਰ ਵਜੋਂ ਕੰਮ ਕਰਦਾ। ਮੈਨੂੰ ਇਓਂ ਜਾਪਦਾ ਜਿਵੇਂ ਕਿਸੇ ਹੋਰ ਲਈ ਸਰੀਰ-ਗਾਲ਼ਣ ਦੇ ਦਿਨ ਹੁਣ ਪਿਛਾਂਹ ਛੁੱਟ ਗਏ ਨੇ। ਆਪਣੀ ਜ਼ਮੀਨ ਪਾ ਕੇ ਮੈਨੂੰ ਜਾਪਿਆ ਜਿਵੇਂ ਮੈਂ ਆਪਣੇ ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇ ਸਕੂੰਗਾ।”








