ਪੰਜ ਮਹੀਨੇ ਦੀ ਗਰਭਵਤੀ, ਪੱਲਵੀ ਗਾਵਿਤ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੋਂ ਮੰਜੀ 'ਤੇ ਪਈ ਪੀੜ੍ਹ ਨਾਲ਼ ਵਿਲ਼ਕ ਰਹੀ ਸਨ। ਉਨ੍ਹਾਂ ਦੀ ਭਰਜਾਈ, 45 ਸਾਲਾ ਸਪਨਾ ਗਰੇਲ ਉਦੋਂ ਵੀ ਪਲਵੀ ਦੇ ਨਾਲ਼ ਹੀ ਸਨ, ਜਦੋਂ ਉਨ੍ਹਾਂ ਦੀ ਬੱਚੇਦਾਨੀ ਯੋਨੀ ਰਸਤਿਓਂ ਬਾਹਰ ਤਿਲਕ ਗਈ ਸੀ, ਜਿਹਦੇ ਅੰਦਰ ਪੰਜ ਮਹੀਨਿਆਂ ਦਾ ਇੱਕ ਬੇਜਾਨ ਨਰ-ਭਰੂਣ ਸੀ। ਇਸ ਬਰਦਾਸ਼ਤ ਤੋਂ ਬਾਹਰ ਹੁੰਦੀ ਪੀੜ੍ਹ ਕਾਰਨ ਅਤੇ ਲਹੂ ਅਤੇ ਤਰਲ ਪਦਾਰਥ ਦੇ ਛੁੱਟੇ ਫ਼ੁਹਾਰਿਆਂ ਕਾਰਨ ਪੱਲਵੀ ਬੇਹੋਸ਼ ਹੋ ਗਈ ਸਨ।
25 ਜੁਲਾਈ, 2019 ਨੂੰ ਤੜਕੇ 3 ਵਜੇ ਦਾ ਸਮਾਂ ਸੀ। ਸਤਪੁੜਾ ਪਹਾੜੀਆਂ ਦੀ ਗੋਦ ਵਿੱਚ ਵੱਸੀ 55 ਭੀਲ ਪਰਿਵਾਰਾਂ ਦੀ ਇੱਕ ਬਸਤੀ, ਹੇਂਗਲਾਪਾਨੀ ਵਿਖੇ ਪੱਲਵੀ ਦਾ ਇਹ ਕੱਚਾ ਢਾਰਾ (ਕੁੱਲੀ/ਝੌਂਪੜੀ) ਤੇਜ਼ ਮੀਂਹ ਦਾ ਸਾਹਮਣਾ ਕਰ ਰਿਹਾ ਸੀ। ਉੱਤਰ-ਪੱਛਮੀ ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ਦੇ ਇਸ ਬੀਹੜ ਇਲਾਕੇ ਵਿੱਚ ਨਾ ਤਾਂ ਪੱਕੀਆਂ ਸੜਕਾਂ ਹਨ ਅਤੇ ਨਾ ਹੀ ਮੋਬਾਇਲ ਨੈੱਟਵਰਕ। ਪੱਲਵੀ ਦੇ ਪਤੀ ਗਿਰੀਸ਼ (ਇਸ ਸਟੋਰੀ ਵਿੱਚ ਸਾਰੇ ਨਾਮ ਬਦਲ ਦਿੱਤੇ ਗਏ ਹਨ) ਕਹਿੰਦੇ ਹਨ,''ਬਿਪਤਾ ਦੀ ਘੜੀ ਸੱਦਾ ਦੇ ਕੇ ਨਹੀਂ ਆਉਂਦੀ। ਉਹ ਤਾਂ ਕਦੇ ਵੀ ਆ ਬਹੁੜਦੀ ਹੈ। ਨੈੱਟਵਰਕ ਕਵਰੇਜ ਦੇ ਬਗ਼ੈਰ, ਅਸੀਂ ਐਂਬੂਲੈਂਸ ਜਾਂ ਡਾਕਟਰ ਨੂੰ ਵੀ ਕਿਵੇਂ ਬੁਲਾ ਸਕਦੇ ਹਾਂ?''
30 ਸਾਲਾ ਗਿਰੀਸ਼ ਆਪਣੀ ਗੱਲ ਜਾਰੀ ਰੱਖਦੇ ਹੋਏ ਕਹਿੰਦੇ ਹਨ,''ਮੈਂ ਘਬਰਾ ਗਿਆ ਸਾਂ। ਮੈਂ ਨਹੀਂ ਸਾਂ ਚਾਹੁੰਦਾ ਕਿ ਉਹ ਮਰ ਜਾਵੇ।'' ਤੜਕੇ ਚਾਰ ਵਜੇ ਗਿਰੀਸ਼ ਅਤੇ ਉਨ੍ਹਾਂ ਦਾ ਇੱਕ ਗੁਆਂਢੀ, ਹਨ੍ਹੇਰੇ ਅਤੇ ਵਰ੍ਹਦੇ ਮੀਂਹ ਵਿਚਾਲੇ, ਪੱਲਵੀ ਨੂੰ ਬਾਂਸ ਅਤੇ ਚਾਦਰ ਦੇ ਬਣੇ ਇੱਕ ਅਸਥਾਈ ਸਟ੍ਰੈਚਰ 'ਤੇ ਲੱਦ ਕੇ ਸਤਪੁੜਾ ਦੀਆਂ ਪਹਾੜੀਆਂ ਦੇ ਚਿੱਕੜ ਨਾਲ਼ ਭਰੇ ਰਸਤਿਆਂ ਥਾਣੀ ਹੁੰਦੇ ਹੋਏ 105 ਕਿਲੋਮੀਟਰ ਦੂਰ ਧੜਗਾਓਂ ਵੱਲ ਲੈ ਗਏ।
ਹੇਂਗਲਾਪਾਨੀ ਬਸਤੀ ਅਕਾਰਨੀ ਤਾਲੁਕਾ ਦੇ ਤੋਰਨਮਾਲ ਗ੍ਰਾਮ ਪੰਚਾਇਤ ਇਲਾਕੇ ਵਿੱਚ ਸਥਿਤ ਹੈ। ਤੋਰਨਮਾਲ ਗ੍ਰਾਮੀਣ ਹਸਪਤਾਲ ਨੇੜੇ ਤਾਂ ਰਹਿੰਦਾ, ਪਰ ਉਸ ਰਾਤ ਇਹ ਸੜਕ ਫੜ੍ਹਨੀ ਸੁਰੱਖਿਅਤ ਨਹੀਂ ਸੀ। ਨੰਗੇ ਪੈਰੀਂ (ਚਿੱਕੜ ਕਾਰਨ ਚੱਪਲ ਤੱਕ ਪਾਉਣਾ ਮੁਸ਼ਕਲ ਹੁੰਦਾ) ਗਿਰੀਸ਼ ਅਤੇ ਉਨ੍ਹਾਂ ਦੇ ਗੁਆਂਢੀ ਨੂੰ ਚਿੱਕੜ ਭਰੇ ਰਸਤੇ ਥਾਣੀ ਜਾਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੱਲਵੀ ਨੂੰ ਪਲਾਸਟਿਕ ਦੀ ਚਾਦਰ ਨਾਲ਼ ਢੱਕਿਆ ਹੋਇਆ ਸੀ ਅਤੇ ਉਹ ਪੀੜ੍ਹ ਨਾਲ਼ ਦੂਹਰੀ ਹੁੰਦੀ ਜਾ ਰਹੀ ਸਨ।
ਕਰੀਬ 3 ਘੰਟਿਆਂ ਤੱਕ ਚੜ੍ਹਾਈ ਵਾਲ਼ੇ ਰਸਤੇ 'ਤੇ ਤੁਰਨ ਤੋਂ ਬਾਅਦ ਉਹ ਤੋਰਨਮਾਲ ਘਾਟ ਰੋਡ 'ਤੇ ਜਾ ਪਹੁੰਚੇ। ਗਿਰੀਸ਼ ਦੱਸਦੇ ਹਨ,''ਲਗਭਗ 30 ਕਿਲੋਮੀਟਰ ਦੀ ਚੜ੍ਹਾਈ ਹੈ।'' ਉੱਥੋਂ ਉਨ੍ਹਾਂ ਨੇ 1,000 ਰੁਪਏ ਖ਼ਰਚ ਕੇ ਜੀਪ ਕਿਰਾਏ 'ਤੇ ਲਈ, ਜੋ ਉਨ੍ਹਾਂ ਨੂੰ ਧੜਗਾਓਂ ਤੱਕ ਲੈ ਗਈ। ਸੜਕ 'ਤੇ ਪੰਜ ਘੰਟੇ ਤੱਕ ਸਫ਼ਰ ਤੈਅ ਕਰਨ ਤੋਂ ਬਾਅਦ, ਪੱਲਵੀ ਨੂੰ ਧੜਗਾਓਂ ਦੇ ਇੱਕ ਨਿੱਜੀ ਨਰਸਿੰਗ ਹੋਮ ਵਿੱਚ ਭਰਤੀ ਕਰਾਇਆ ਗਿਆ। ਗ੍ਰਾਮੀਣ ਹਸਤਾਲ ਉੱਥੋਂ 10 ਕਿਲੋਮੀਟਰ ਹੋਰ ਦੂਰ ਸੀ। ਉਹ ਕਹਿੰਦੇ ਹਨ,''ਮੈਨੂੰ ਜੋ ਪਹਿਲਾ ਦਵਾਖ਼ਾਨਾ (ਸਿਹਤ ਸੁਵਿਧਾ) ਦਿਖਾਈ ਦਿੱਤਾ ਮੈਂ ਉਹਨੂੰ ਉੱਥੇ ਹੀ ਲੈ ਗਿਆ। ਉਹ ਮਹਿੰਗਾ ਸੀ, ਪਰ ਘੱਟ ਤੋਂ ਘੱਟ ਉਨ੍ਹਾਂ ਨੇ ਮੇਰੀ ਪੱਲਵੀ ਨੂੰ ਬਚਾ ਲਿਆ।'' ਡਾਕਟਰ ਨੇ ਉਨ੍ਹਾਂ ਤੋਂ 3,000 ਰੁਪਏ ਲਏ ਅਤੇ ਅਗਲੇ ਦਿਨ ਛੁੱਟੀ ਦੇ ਦਿੱਤੀ। ਗਿਰੀਸ਼ ਚੇਤੇ ਕਰਦੇ ਹਨ,''ਇੰਨੇ ਜ਼ਿਆਦਾ ਲਹੂ ਵਹਿਣ ਤੋਂ ਬਾਅਦ ਉਹਦੀ ਮੌਤ ਵੀ ਹੋ ਸਕਦੀ ਸੀ।''













