ਨਵਸ਼ਯਾ ਕੁਵਰਾ ਨੇ ਦੱਖਣ ਮੁੰਬਈ ਦੇ ਅਜ਼ਾਦ ਮੈਦਾਨ ਵਿੱਚ ਕਰੀਬ 40 ਪ੍ਰਦਰਸ਼ਨਕਾਰੀਆਂ ਲਈ ਆਪਣੀ ਧੁਮਸੀ (ਢੋਲ) ਵਜਾਉਣਾ ਅਜੇ ਹੁਣੇ ਹੀ ਸਮਾਪਤ ਕੀਤਾ। ਰਾਤ ਦੇ ਕਰੀਬ 11 ਵਜੇ ਉਹ ਜਿਓਂ ਹੀ ਅਰਾਮ ਕਰਨ ਲਈ ਬੈਠੇ, ਤਿੰਨ ਆਦਮੀ ਉਨ੍ਹਾਂ ਦੇ ਕੋਲ਼ ਅੱਪੜੇ।
"ਕੀ ਵਿਆਹ ਹੈ? ਕਿਸ ਦਿਨ?" ਨਵਸ਼ਯਾ ਨੇ ਪੁੱਛਿਆ। ਉਨ੍ਹਾਂ ਨੇ ਆਪਸ ਵਿੱਚ ਗੱਲ ਕੀਤੀ, ਇੱਕ-ਦੂਸਰੇ ਦੇ ਫੋਨ ਨੰਬਰ ਲਏ, ਫਿਰ ਤਿੰਨੋਂ ਚਲੇ ਗਏ। ਉਸ ਤੋਂ ਬਾਦ ਨਵਸ਼ਯਾ ਕਿਸਾਨਾਂ ਦੇ ਉਸ ਸਮੂਹ ਦੇ ਕੋਲ਼ ਗਏ, ਜੋ 25 ਜਨਵਰੀ ਨੂੰ ਅਜ਼ਾਦ ਮੈਦਾਨ ਦੇ ਵਿਰੋਧ ਪ੍ਰਦਰਸ਼ਨ ਵਿੱਚ ਉਨ੍ਹਾਂ ਦੇ ਨਾਲ਼ ਮੌਜੂਦ ਸਨ ਅਤੇ ਮੁਸਕਰਾਉਂਦਿਆਂ ਉਨ੍ਹਾਂ ਨੂੰ ਕਿਹਾ: "ਮੈਨੂੰ ਹੁਣੇ ਇੱਕ ਸੁਪਾਰੀ (ਕੰਮ) ਮਿਲੀ ਹੈ।"
ਡਹਾਣੂ ਤਾਲੁਕਾ ਦੇ ਆਪਣੇ ਪਿੰਡ, ਕਿੰਹਵਲੀ ਵਿੱਚ ਨਵਸ਼ਯਾ ਅਤੇ ਉਨ੍ਹਾਂ ਦੀ ਪਤਨੀ ਬਿਜਿਲੀ ਕਰੀਬ ਪੰਜ ਏਕੜ ਜੰਗਲ ਭੂਮੀ 'ਤੇ ਜਵਾਰ, ਚੌਲ਼ ਅਤੇ ਅਰਹਰ ਉਗਾਉਂਦੇ ਹਨ। ਜਦੋਂ ਉਹ ਖੇਤੀ 'ਤੇ ਨਹੀਂ ਹੁੰਦੇ ਤਾਂ 55 ਸਾਲਾ ਕਿਸਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਿੱਚ ਮਸ਼ਰੂਫ਼ ਰਹਿੰਦੇ ਹਨ। ਉਹ ਮਹੀਨੇ ਵਿੱਚ 10-15 ਵਿਆਹਾਂ ਵਿੱਚ ਨਾ-ਮਾਤਰ ਮਿਹਨਤਾਨੇ ਵਿੱਚ ਢੋਲ ਵਜਾਉਂਦੇ ਹਨ, ਅਤੇ ਅਯੋਜਕ ਹੀ ਉਨ੍ਹਾਂ ਦੀ ਯਾਤਰਾ, ਖਾਣ-ਪੀਣ ਅਤੇ ਠਹਿਰਣ ਦਾ ਖ਼ਰਚ ਚੁੱਕਦੇ ਹਨ। "ਜ਼ਿਆਦਾਤਰ ਨਾਸਿਕ ਵਿੱਚ ਅਤੇ ਕਦੇ-ਕਦਾਈਂ ਬਾਹਰ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਹਾਂ। ਮੈਂ ਠਾਣੇ ਅਤੇ ਗੁਜਰਾਤ ਵੀ ਗਿਆ ਹਾਂ," ਨਵਸ਼ਯਾ ਨੇ ਕਿਹਾ।
ਉਹ ਕਰੀਬ 40 ਸਾਲਾਂ ਤੋਂ ਧੁਮਸੀ ਵਜਾ ਰਹੇ ਹਨ। "ਮੈਂ ਆਪਣੇ ਪਿੰਡ ਵਿੱਚ ਹੋਰਨਾਂ ਸੰਗੀਤਕਾਰਾਂ ਨੂੰ ਸੁਣਿਆ ਅਤੇ ਇਸ ਤਰ੍ਹਾਂ ਵਜਾਉਣਾ ਸਿੱਖ ਲਿਆ," ਉਨ੍ਹਾਂ ਨੇ ਕਿਹਾ।





