ਜਦੋਂ ਸ਼ਿਵਪੂਜਨ ਪਾਂਡੇ ਨੂੰ ਕਿਸੇ ਦੂਸਰੇ ਟੈਕਸੀ ਡਰਾਈਵਰ ਵੱਲ਼ੋਂ ਫ਼ੋਨ ਜ਼ਰੀਏ ਇਹ ਸੂਚਨਾ ਮਿਲ਼ੀ ਤਾਂ ਉਨ੍ਹਾਂ ਨੇ ਖੜ੍ਹੇ ਪੈਰ ਤਤਕਾਲ ਕੋਟੇ ਵਿੱਚ ਰੇਲ ਦੀ ਟਿਕਟ ਬੁੱਕ ਕਰਾਈ ਅਤੇ 4 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਸਟੇਸ਼ਨ ਤੋਂ ਰੇਲ ਵਿੱਚ ਸਵਾਰ ਹੋਏ।
ਉਹ ਅਗਲੇ ਦਿਨ ਮੁੰਬਈ ਅੱਪੜ ਗਏ। ਪਰ ਇੰਨੀ ਕਾਹਲੀ-ਕਾਹਲੀ ਆਉਣ ਦੇ ਬਾਵਜੂਦ ਵੀ 63 ਸਾਲਾ ਸ਼ਿਵਪੂਜਨ ਆਪਣੀ ਟੈਕਸੀ ਵਿਕਣ ਤੋਂ ਬਚਾ ਨਾ ਸਕੇ।
ਮੁੰਬਈ ਇੰਟਰਨੈਸ਼ਨਲ ਹਵਾਈ ਅੱਡਾ ਲਿਮਿਟਿਡ ਦੁਆਰਾ ਇਸ ਟੈਕਸੀ ਨੂੰ ਵੀ ਨੀਲਾਮ ਕਰ ਦਿੱਤਾ ਗਿਆ ਸੀ ਅਤੇ ਇਹ ਟੈਕਸੀ ਉਨ੍ਹਾਂ 42 ਟੈਕਸੀਆਂ ਵਿੱਚੋਂ ਇੱਕ ਸੀ ਜੋ ਮਹਾਂਮਾਰੀ ਕਾਰਨ ਲੱਗੀ ਤਾਲਾਬੰਦੀ ਦੌਰਾਨ ਸ਼ਹਿਰ ਦੇ ਹਵਾਈ ਅੱਡਾ ਦੇ ਬਾਹਰ ਕਈ ਮਹੀਨਿਆਂ ਤੋਂ ਬੇਕਾਰ ਖੜ੍ਹੀਆਂ ਸਨ।
ਇਸ ਤਰ੍ਹਾਂ ਸ਼ਿਵਪੂਜਨ ਦੀ ਰੋਜ਼ੀਰੋਟੀ ਦਾ ਇਕਲੌਤਾ ਵਸੀਲਾ ਵੀ ਹੱਥੋਂ ਖੁੰਝ ਗਿਆ। ਉਹ 1987 ਤੋਂ ਟੈਕਸੀ ਚਲਾਉਂਦੇ ਆਏ ਹਨ ਅਤੇ 2009 ਵਿੱਚ ਉਨ੍ਹਾਂ ਨੇ ਕਰਜ਼ਾ ਚੁੱਕਿਆ ਅਤੇ ਮਾਰੂਤੀ ਓਮਨੀ ਖਰੀਦੀ।
''ਇਹ ਸਭ ਕਰਕੇ ਉਨ੍ਹਾਂ ਨੂੰ ਮਿਲ਼ਿਆ ਕੀ?'' ਦੁਪਹਿਰ ਵੇਲ਼ੇ ਸਹਾਰ ਹਵਾਈ ਅੱਡੇ ਦੇ ਕੋਲ਼ ਫੁਟਪਾਥ 'ਤੇ ਖੜ੍ਹੇ ਸ਼ਿਵਪੂਜਨ ਗੁੱਸੇ ਵਿੱਚ ਪੁੱਛਦੇ ਹਨ। ''ਮੈਂ ਆਪਣੀ ਪੂਰੀ ਜ਼ਿੰਦਗੀ ਇਸੇ ਕੰਮ ਵਿੱਚ ਬਿਤਾ ਦਿੱਤੀ ਅਤੇ ਜੋ ਕੁਝ ਵੀ ਸਾਡੇ ਕੋਲ਼ ਸੀ ਉਹ ਵੀ ਖੋਹਿਆ ਜਾ ਰਿਹਾ ਹੈ। ਇਸ ਬਿਪਤਾ ਦੀ ਘੜੀ ਵਿੱਚ ਉਹ ਸਾਡੇ ਨਾਲ਼ ਜੋ ਕਰ ਰਹੇ ਹਨ ਉਸ ਤੋਂ ਬੁਰਾ ਹੋਰ ਕੁਝ ਹੋ ਹੀ ਨਹੀਂ ਸਕਦਾ ਸੀ।''
ਹਾਲੀਆ ਸਮੇਂ ਸੰਜੈ ਮਾਲੀ ਨੇ ਵੀ ਕੁਝ ਕੁਝ ਇਸੇ ਤਰ੍ਹਾਂ ਦੀ ਹਾਲਤ ਦਾ ਸਾਹਮਣਾ ਕੀਤਾ। ਉਨ੍ਹਾਂ ਦੀ ਵੈਗਨ-ਆਰ 'ਕੂਲ ਕੈਬ' ਮਾਰਚ 2020 ਤੋਂ ਹੀ ਉੱਤਰ ਮੁੰਬਈ ਦੇ ਮਰੋਲ ਇਲਾਕੇ ਦੇ ਅੰਨਾਵਾੜੀ ਦੀ ਇੱਕ ਪਾਰਕਿੰਗ ਵਿੱਚ ਖੜ੍ਹੀ ਸੀ, ਜੋ ਸਹਾਰ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਬਹੁਤੀ ਦੂਰ ਨਹੀਂ ਹੈ।
29 ਜੂਨ 2021 ਦੀ ਰਾਤੀਂ ਉਨ੍ਹਾਂ ਦੀ ਕਾਰ ਨੂੰ ਪਾਰਕਿੰਗ ਤੋਂ ਕੱਢ ਦਿੱਤਾ ਗਿਆ। ਅਗਲੇ ਦਿਨ ਉਨ੍ਹਾਂ ਦੇ ਇੱਕ ਦੋਸਤ ਨੇ ਇਹਦੀ ਸੂਚਨਾ ਦਿੱਤੀ। 42 ਸਾਲਾ ਸੰਜੈ ਕਹਿੰਦੇ ਹਨ,''ਮੈਨੂੰ ਸਮਝ ਨਹੀਂ ਆਇਆ ਕਿ ਇਹ ਹੋਇਆ ਕਿਵੇਂ।''
ਉਨ੍ਹਾਂ ਦਾ ਅਤੇ ਹੋਰਨਾਂ ਟੈਕਸੀ ਡਰਾਈਵਰਾਂ ਦਾ ਅਨੁਮਾਨ ਹੈ ਕਿ ਮਾਰਚ 2020 ਵਿੱਚ ਤਾਲਾਬੰਦੀ ਸ਼ੁਰੂ ਹੋਣ ਤੀਕਰ, ਕਰੀਬ 1,000 ਕੈਬ ਇੱਥੇ ਖੜ੍ਹੀਆਂ ਹੋਇਆ ਕਰਦੀਆਂ ਸਨ। ਸੰਜੈ ਕਹਿੰਦੇ ਹਨ,''ਅਸੀਂ ਕੰਮ ਦੇ ਸਮੇਂ ਆਪਣੀ ਟੈਕਸੀ ਇੱਥੋਂ ਲੈ ਜਾਂਦੇ ਸਾਂ ਅਤੇ ਕੰਮ ਮੁੱਕਦਿਆਂ ਹੀ ਦੋਬਾਰਾ (ਇੱਥੇ) ਖੜ੍ਹੀ ਕਰ ਦਿਆ ਕਰਦੇ।'' ਉਹ ਕਈ ਸਾਲਾਂ ਤੋਂ ਆਪਣੀ ਟੈਕਸੀ ਇੱਥੇ ਹੀ ਖੜ੍ਹੀ ਕਰ ਰਹੇ ਸਨ। ਡਰਾਈਵਰ ਦੱਸਦੇ ਹਨ ਕਿ ਇਨ੍ਹਾਂ ਪਾਰਕਿੰਗ ਥਾਵਾਂ ਦੀ ਚੋਣ ਉਨ੍ਹਾਂ ਦੀ ਯੂਨੀਅਨ ਜ਼ਰੀਏ ਕੀਤੀ ਗਈ ਸੀ, ਇਹਦੇ ਵਾਸਤੇ ਹਵਾਈ ਅੱਡਾ ਅਥਾਰਿਟੀ ਉਨ੍ਹਾਂ ਕੋਲ਼ੋਂ ਕੋਈ ਫ਼ੀਸ ਨਹੀਂ ਲੈਂਦੀ ਸੀ, ਪਰ ਹਵਾਈ ਅੱਡਾ ਤੋਂ ਸਵਾਰ ਯਾਤਰੀਆਂ ਤੋਂ ਲਏ ਜਾਂਦੇ ਭੁਗਤਾਨ ਵਿੱਚ 70 ਰੁਪਏ (ਵਾਧੂ) ਜੋੜ ਦਿੱਤੇ ਜਾਂਦੇ।
ਮਾਰਚ 2020 ਦੀ ਸ਼ੁਰੂਆਤ ਵਿੱਚ ਸੰਜੈ, ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਅਤੇ ਓਰਈ ਤਾਲੁਕਾ ਦੇ ਅਧੀਨ ਆਉਂਦੇ ਆਪਣੇ ਪਿੰਡ ਔਰੰਗਾਬਾਦ, ਆਪਣੇ ਇਲੈਕਟ੍ਰੀਸ਼ੀਅਨ ਭਰਾ ਦੇ ਨਾਲ਼ ਆਪਣੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਲਈ ਗਏ ਸਨ। ਛੇਤੀ ਹੀ ਤਾਲਾਬੰਦੀ ਲੱਗ ਗਈ ਅਤੇ ਉਹ ਮੁੰਬਈ ਮੁੜ ਨਾ ਸਕੇ।
ਉਨ੍ਹਾਂ ਦੀ ਟੈਕਸੀ ਅੰਨਾਵਾੜੀ ਦੀ ਪਾਰਕਿੰਗ ਵਿੱਚ ਹੀ ਖੜ੍ਹੀ ਰਹੀ। ਉਨ੍ਹਾਂ ਨੂੰ ਜਾਪਿਆ ਜਿਵੇਂ ਉਨ੍ਹਾਂ ਦੀ ਗੱਡੀ ਉੱਥੇ ਸੁਰੱਖਿਅਤ ਹੈ। ਉਹ ਕਹਿੰਦੇ ਹਨ,''ਕਦੇ ਇੰਝ ਹੋਵੇਗਾ ਮੈਂ ਸੋਚਿਆ ਹੀ ਨਹੀਂ ਸੀ। ਤਾਲਾਬੰਦੀ ਦਾ ਸਮਾਂ ਸੀ ਅਤੇ ਮੇਰਾ ਦਿਮਾਗ਼ ਉਸ ਸਮੇਂ ਦੂਸਰੇ ਮਾਮਲਿਆਂ ਵਿੱਚ ਅਟਕਿਆ ਹੋਇਆ ਸੀ।''
ਸੰਜੈ ਨੇ ਪਿਛਲੇ ਸਾਲ ਜਨਵਰੀ ਵਿੱਚ ਆਪਣੀ ਟੈਕਸੀ ਨੂੰ ਗਹਿਣੇ ਪਾ ਦਿੱਤਾ ਅਤੇ ਵਿਆਹ ਵਾਸਤੇ 1 ਲੱਖ ਦਾ ਉਧਾਰ ਚੁੱਕਿਆ। ਤਾਲਾਬੰਦੀ ਵਿੱਚ ਗੁਜ਼ਾਰੇ ਵਾਸਤੇ ਉਨ੍ਹਾਂ ਦਾ ਪਰਿਵਾਰ ਬਚਤ ਦੇ ਕੁਝ ਪੈਸਿਆਂ, ਆਪਣੀ ਛੋਟੀ ਜੋਤ 'ਤੇ ਬੀਜਿਆ ਝੋਨਾ ਅਤੇ ਕਣਕ ਦੀਆਂ ਫ਼ਸਲਾਂ ਅਤੇ ਦੂਸਰੇ ਛੋਟੇ-ਮੋਟੇ ਕਰਜ਼ਿਆਂ 'ਤੇ ਨਿਰਭਰ ਸੀ।
ਸੰਜੈ ਦੀ ਭੈਣ ਦਾ ਵਿਆਹ ਦਸੰਬਰ 2020 ਤੱਕ ਟਲ ਗਿਆ। ਉਹ ਪਿੰਡ ਵਿੱਚ ਹੀ ਰੁਕੇ ਰਹੇ ਅਤੇ ਮਾਰਚ 2021 ਵਿੱਚ ਕਰੋਨਾ ਦੀ ਦੂਜੀ ਲਹਿਰ ਆਉਣ ਕਾਰਨ ਉਨ੍ਹਾਂ ਦੇ ਵਾਪਸ ਆਉਣ ਦੀ ਯੋਜਨਾ ਇੱਕ ਵਾਰ ਫਿਰ ਟਲ ਗਈ। ਇਸ ਸਾਲ ਮਈ ਦੇ ਅਖ਼ੀਰ ਵਿੱਚ ਸੰਜੈ ਅਤੇ ਉਨ੍ਹਾਂ ਦਾ ਪਰਿਵਾਰ ਮੁੰਬਈ ਵਾਪਸ ਆਇਆ।
ਜਦੋਂ ਉਹ 4 ਜੂਨ ਨੂੰ ਅੰਨਵਾੜੀ ਆਪਣੀ ਟੈਕਸੀ ਲੈਣ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਪਾਰਕਿੰਗ ਬੰਦ ਸੀ। ਸੁਰੱਖਿਆ ਨੇ ਗੇਟ ਖੁਲ੍ਹਵਾਉਣ ਵਾਸਤੇ ਹਵਾਈ ਅੱਡਾ ਅਥਾਰਿਟੀ ਪਾਸੋਂ ਆਗਿਆ ਲੈ ਕੇ ਆਉਣ ਨੂੰ ਕਿਹਾ। ਅਗਲੇ ਦਿਨ 5 ਜੂਨ ਨੂੰ ਸੰਜੈ ਨੇ ਹਵਾਈ ਅੱਡਾ ਟਰਮੀਨਲ 'ਤੇ ਇੱਕ ਦਫ਼ਤਰ ਵਿਖੇ ਇੱਕ ਪੱਤਰ ਜਮ੍ਹਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਆਪਣੀ ਗ਼ੈਰ-ਹਾਜ਼ਰੀ ਦੇ ਕਾਰਨਾਂ ਦਾ ਵੇਰਵਾ ਝਰੀਟਿਆ ਅਤੇ ਆਪਣੀ ਟੈਕਸੀ ਕਢਵਾਉਣ ਦੀ ਆਗਿਆ ਮੰਗੀ। ਉਨ੍ਹਾਂ ਨੇ ਪੱਤਰ ਦੀਆਂ ਨਕਲਾਂ ਵੀ ਤਿਆਰ ਨਾ ਕੀਤੀਆਂ ਕਿਉਂਕਿ ਉਨ੍ਹਾਂ ਨੂੰ ਟੈਕਸੀ ਦੇ ਖੁੱਸਣ ਬਾਰੇ ਸੋਚਿਆ ਤੱਕ ਨਹੀਂ ਸੀ।
ਉਹ 3-4 ਵਾਰੀਂ ਹਵਾਈ ਅੱਡਾ ਦਫ਼ਤਰ ਅਤੇ ਪਾਰਕਿੰਗ ਦੋਵੇਂ ਥਾਵੀਂ ਗਏ। ਇਨ੍ਹਾਂ ਲੱਗਦੇ ਚੱਕਰਾਂ ਵਾਸਤੇ ਉਹ ਲੋਕਟ ਟ੍ਰੇਨ ਵੀ ਨਹੀਂ ਫੜ੍ਹ ਸਕਦੇ ਸਨ (ਤਾਲਾਬੰਦੀ ਦੀਆਂ ਪਾਬੰਦੀਆਂ ਕਾਰਨ)। ਇਸਲਈ ਉਨ੍ਹਾਂ ਨੂੰ ਇਹ ਪੂਰਾ ਸਫ਼ਰ ਬੱਸ ਰਾਹੀਂ ਕਰਨਾ ਪਿਆ। ਇੱਕ ਤਾਂ ਬੱਸ ਦੀਆਂ ਸੁਵਿਧਾਵਾਂ ਸੀਮਤ ਹਨ ਦੂਜਾ ਸਮਾਂ ਵੀ ਵੱਧ ਖੱਪਦਾ ਹੈ। ਹਰ ਵਾਰੀਂ ਉਨ੍ਹਾਂ ਨੂੰ ਦੋਬਾਰਾ ਆਉਣ ਲਈ ਕਹਿ ਦਿੱਤਾ ਜਾਂਦਾ। ਫਿਰ... ਫਿਰ ਉਹ ਦੱਸਦੇ ਹਨ ਕਿ ਬਗ਼ੈਰ ਇਤਲਾਬ ਦੇ ਉਨ੍ਹਾਂ ਦੀ ਟੈਕਸੀ ਨੂੰ ਨੀਲਾਮ ਕਰ ਦਿੱਤਾ ਗਿਆ।
ਸੰਜੈ ਅਤੇ ਦੂਸਰੇ ਟੈਕਸੀ ਡਰਾਈਵਰ 30 ਜੂਨ ਨੂੰ ਆਪਣੀ ਸ਼ਿਕਾਇਤ ਦਰਜ਼ ਕਰਾਉਣ ਲਈ ਸਹਾਰ ਪੁਲਿਸ ਸਟੇਸ਼ਨ ਗਏ। ਸੰਜੈ ਦੱਸਦੇ ਹਨ,''ਉਨ੍ਹਾਂ ਨੇ ਕਿਹਾ ਕਿ ਇਹ ਕਾਰਵਾਈ ਕਨੂੰਨੀ ਤਰੀਕੇ ਨਾਲ਼ ਕੀਤੀ ਗਈ ਹੈ। ਜਦੋਂ ਤੁਹਾਨੂੰ ਟੈਕਸੀ ਹਟਾਉਣ ਦਾ ਨੋਟਿਸ ਭੇਜਿਆ ਗਿਆ ਸੀ ਤਾਂ ਤੁਹਾਨੂੰ ਆਪਣੀ ਗੱਡੀ ਉੱਥੋਂ ਕੱਢ ਲੈਣੀ ਚਾਹੀਦੀ ਸੀ।'' ਸੰਜੇ ਅੱਗੇ ਕਹਿੰਦੇ ਹਨ,''ਪਰ ਮੈਨੂੰ ਤਾਂ ਕਦੇ ਕੋਈ ਨੋਟਿਸ ਮਿਲ਼ਿਆ ਹੀ ਨਹੀਂ। ਮੈਂ ਤਾਂ ਆਪਣੇ ਗੁਆਂਢੀਆਂ ਤੱਕ ਨੂੰ ਵੀ ਪੁੱਛ ਲਿਆ। ਭਲਾ ਜੇ ਮੈਨੂੰ ਪਤਾ ਹੁੰਦਾ ਕਿ ਇੰਝ ਹੋਣ ਵਾਲ਼ਾ ਹੈ ਤਾਂ ਮੈਂ ਆਪਣੀ ਟੈਕਸੀ ਕਿਉਂ ਨਾ ਹਟਾਉਂਦਾ? ਨਾਲ਼ੇ ਇੰਨਾ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਕੀ ਹਵਾਈ ਅੱਡਾ ਅਥਾਰਿਟੀ ਤਾਲਾਬੰਦੀ ਦੇ ਹਾਲਾਤਾਂ ਬਾਬਤ ਸੋਚਿਆ ਹੋਣਾ?''
ਸੰਜੇ ਚੇਤਾ ਕਰਦਿਆਂ ਕਹਿੰਦੇ ਹਨ,''ਇਹ ਗੱਡੀ ਮੇਰੇ ਪਿਤਾ ਨੇ ਆਪਣੀ ਕਮਾਈ ਤੋਂ ਖਰੀਦੀ ਸੀ। ਉਹ ਸਾਲਾਂ-ਬੱਧੀ ਈਐੱਮਆਈ ਭਰਦੇ ਰਹੇ।'' ਸੰਜੈ ਪਹਿਲਾਂ ਮੈਕੇਨਿਕ ਸਨ ਪਰ 2014 ਵਿੱਚ ਪਿਤਾ ਦੀ ਵੱਧਦੀ ਉਮਰ ਨੂੰ ਦੇਖਦੇ ਹੋਏ ਉਨ੍ਹਾਂ ਨੇ ਟੈਕਸੀ ਚਲਾਉਣੀ ਸ਼ੁਰੂ ਕਰ ਦਿੱਤੀ।
ਭਾਵੇਂ ਸੰਜੈ ਅਤੇ ਸ਼ਿਵਪੂਜਨ ਆਪੋ-ਆਪਣੀ ਟੈਕਸੀ ਨੂੰ ਨੀਲਾਮ ਹੋਣ ਤੋਂ ਪਹਿਲਾਂ ਦੇਖ ਨਹੀਂ ਸਕੇ, ਉੱਥੇ ਹੀ ਕ੍ਰਿਸ਼ਨਕਾਂਤ ਪਾਂਡੇ, ਜਿਨ੍ਹਾਂ ਨੇ ਰੇਲਾਂ ਦੀ ਸਮੇਂ-ਸਾਰਣੀ ਮੁਤਾਬਕ ਸ਼ਿਵਪੂਜਨ ਨੂੰ ਯੂ.ਪੀ ਤੋਂ ਮੁੰਬਈ ਵਾਪਸੀ ਵਾਸਤੇ ਤੁਰਤ-ਫੁਰਤ ਟਿਕਟ ਦਾ ਬੰਦੋਬਸਤ ਕੀਤਾ, ਨੇ ਆਪਣੀ ਅੱਖੀਂ ਆਪਣੀ ਟੈਕਸੀ ਨੂੰ ਨੀਲਾਮ ਹੁੰਦੇ ਦੇਖਿਆ। ਉਨ੍ਹਾਂ ਨੇ 2008 ਵਿੱਚ ਇੰਡੀਗੋ 'ਕੂਲ ਕੈਬ' ਗੱਡੀ 4 ਲੱਖ ਰੁਪਏ ਵਿੱਚ ਖਰੀਦੀ ਸੀ ਅਤੇ 54 ਮਹੀਨਿਆਂ ਤੀਕਰ ਈਐੱਮਆਈ ਭਰੀ ਸੀ।
52 ਸਾਲਾ ਕ੍ਰਿਸ਼ਨਕਾਂਤ 29 ਜੂਨ ਦੀ ਰਾਤ ਬਾਰੇ ਗੱਲ ਕਰਦਿਆਂ ਕਹਿੰਦੇ ਹਨ,''ਮੈਂ ਉਸ ਰਾਤ ਉੱਥੇ ਹੀ ਸਾਂ ਅਤੇ ਮੈਂ ਆਪਣੀ ਅਤੇ ਹੋਰਨਾਂ ਗੱਡੀਆਂ ਨੂੰ ਇੱਕ ਇੱਕ ਕਰਕੇ ਉੱਥੋਂ ਜਾਂਦੇ ਦੇਖਿਆ। ਮੈਂ ਉੱਥੇ ਖੜ੍ਹਾ ਹੋ ਕੇ ਪੂਰਾ ਮੰਜ਼ਰ ਦੇਖਿਆ ਅਤੇ ਕੁਝ ਵੀ ਨਾ ਕਰ ਸਕਿਆ।'' ਅਸੀਂ ਅੰਨਵਾੜੀ ਦੀ ਪਾਰਕਿੰਗ ਦੇ ਬਾਹਰ ਖੜ੍ਹੇ ਹੋ ਕੇ ਗੱਲ਼ ਕਰ ਰਹੇ ਸਾਂ, ਜਿੱਥੇ ਗੇਟ 'ਤੇ ਇੱਕ ਵੱਡਾ ਸਾਰਾ ਬੋਰਡ ਲੱਗਿਆ ਹੋਇਆ ਸੀ: 'ਇਹ ਜ਼ਮੀਨ ਭਾਰਤੀ ਹਵਾਈ ਅੱਡਾ ਅਥਾਰਿਟੀ ਦੁਆਰਾ ਮੁੰਬਈ ਇੰਟਰਨੈਸ਼ਨਲ ਏਅਰਪਰੋਟ ਲਿਮਿਟਡ ਨੂੰ ਲੀਜ਼ 'ਤੇ ਦਿੱਤੀ ਗਈ ਹੈ।''
ਜਦੋਂ ਕ੍ਰਿਸ਼ਨਕਾਂਤ ਆਪਣੀ ਗੱਡੀ ਦੇ ਹੱਥੋਂ ਖੁੱਸ ਜਾਣ ਦੀ ਸ਼ਿਕਾਇਤ ਕਰਨ ਸਹਾਰ ਪੁਲਿਸ ਸਟੇਸ਼ਨ ਗਏ ਤਾਂ ਉਹ ਦੱਸਦੇ ਹਨ ਕਿ ਉਨ੍ਹਾਂ ਦੀ ਗੱਲ ਕਿਸੇ ਨੇ ਨਾ ਸੁਣੀ। ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿੱਚ ਸਥਿਤ ਆਪਣੇ ਪਿੰਡ ਲੌਹ ਤੋਂ ਮਾਰਚ 2021 ਵਿੱਚ ਮੁੜਨ ਵੇਲ਼ੇ, ਉਨ੍ਹਾਂ ਨੂੰ ਪਾਰਕਿੰਗ ਤੋਂ ਆਪਣੀ ਗੱਡੀ ਕੱਢਣ ਤੋਂ ਪਹਿਲਾਂ ਉਹਦਾ ਇੰਜਣ ਠੀਕ ਕਰਾਉਣ ਦੀ ਲੋੜ ਸੀ। ਉਹ ਕਹਿੰਦੇ ਹਨ,''ਲਗਾਤਾਰ ਇੱਕ ਥਾਏਂ ਖੜ੍ਹੀ ਰਹਿਣ ਕਾਰਨ ਉਹਦੇ ਇੰਜਣ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਮੈਂ ਉਹਦੇ ਇੰਜਣ ਦੀ ਮੁਰੰਮਤ ਵਾਸਤੇ ਪੈਸੇ ਇਕੱਠੇ ਕਰਨੇ ਸਨ ਅਤੇ ਇੱਕ ਸਾਲ ਤੋਂ ਕੰਮ ਠੱਪ ਪਿਆ ਸੀ ਅਤੇ ਕੋਈ ਸਵਾਰੀ ਨਹੀਂ ਮਿਲ਼ੀ ਸੀ।''
ਬੀਤੇ ਸਾਲ ਮਾਰਚ ਤੋਂ ਅਕਤੂਬਰ 2020 ਤੱਕ, ਕ੍ਰਿਸ਼ਨਕਾਂਤ ਮੁੰਬਈ ਵਿੱਚ ਹੀ ਸਨ। ਉਨ੍ਹਾਂ ਨੇ ਪਿਛਲੇ ਸਾਲ ਜੁਲਾਈ-ਅਗਸਤ ਦੇ ਮਹੀਨੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਹਵਾਈ ਅੱਡਾ ਇਲਾਕੇ ਵਿੱਚ ਸਖ਼ਤ ਪਾਬੰਦੀ ਸੀ। ਨਵੰਬਰ ਵਿੱਚ ਉਹ ਲੌਹ ਚਲੇ ਗਏ ਅਤੇ ਇਸ ਸਾਲ ਮਾਰਚ ਵਿੱਚ ਮੁੰਬਈ ਪਰਤੇ। ਛੇਤੀ ਹੀ, ਅਗਲੀ ਤਾਲਾਬੰਦੀ ਸ਼ੁਰੂ ਹੋ ਗਈ ਅਤੇ ਉਹ ਕੰਮ ਨਾ ਕਰ ਸਕੇ। ਉਨ੍ਹਾਂ ਦੀ ਗੱਡੀ ਅੰਨਵਾੜੀ ਪਾਰਕਿੰਗ ਵਿੱਚ ਹੀ ਖੜ੍ਹੀ ਰਹਿ ਗਈ।
*****
ਮੁੰਬਈ ਇੰਟਰਨੈਸ਼ਨਲ ਹਵਾਈ ਅੱਡਾ ਲਿਮਿਟਡ (ਐੱਮਆਈਏਐੱਲ) ਦਾ ਕਹਿਣਾ ਹੈ ਕਿ ਨਿਲਾਮੀ ਨੂੰ ਰੋਕਣਾ ਅਸੰਭਵ ਸੀ। ਐੱਮਆਈਏਐੱਲ ਦੇ ਕਾਰਪੋਰੇਟ ਰਿਲੇਸ਼ਨ ਦੇ ਵਾਈਸ ਪ੍ਰੈਸੀਡੈਂਟ ਡਾ. ਰਣਧੀਰ ਲਾਂਬਾ ਕਹਿੰਦੇ ਹਨ,''ਇਹ ਨੀਲਾਮੀ ਸੁਰੱਖਿਆ ਦੇ ਲਿਹਾਜ ਤੋਂ ਕੀਤੀ ਗਈ ਸੀ, ਕਿਉਂਕਿ ਹਵਾਈ ਅੱਡਾ ਦੇ ਆਸ ਪਾਸ ਦਾ ਇਲਾਕਾ ਕਾਫ਼ੀ ਸੰਵੇਦਨਸ਼ੀਲ ਹੁੰਦਾ ਹੈ। ਕੋਈ ਵੀ ਆਪਣੀ ਟੈਕਸੀ ਨੂੰ ਇੱਕ ਸਾਲ ਤੋਂ ਵੱਧ ਸਮੇਂ ਤੀਕਰ ਇੰਝ ਲਵਾਰਿਸ ਨਹੀਂ ਛੱਡ ਸਕਦਾ। ਆਖ਼ਰਕਾਰ ਹਵਾਈ ਅੱਡਾ ਨੇ ਵੀ ਤਾਂ ਸਰਕਾਰੀ ਜ਼ਮੀਨ ਪਟੇ 'ਤੇ ਲਈ ਹੋਈ ਹੈ ਅਤੇ ਉਹਦੀ ਸੁਰੱਖਿਆ ਦੀ ਜ਼ਿੰਮੇਦਾਰੀ ਵੀ ਸਾਡੀ ਹੀ ਹੈ।''
ਲਾਂਬਾ ਕਹਿੰਦੇ ਹਨ ਕਿ ਉਨ੍ਹਾਂ 216 ਡਰਾਈਵਰਾਂ ਨੂੰ ਤਿੰਨ ਵਾਰ ਨੋਟਿਸ ਭੇਜਿਆ ਗਿਆ ਸੀ ਜਿਨ੍ਹਾਂ ਦੀਆਂ ਗੱਡੀਆਂ ਲੰਬੇ ਸਮੇੰ ਤੋਂ ਪਾਰਕਿੰਗ ਵਿੱਚ ਖੜ੍ਹੀਆਂ ਸਨ। ਦੋ ਨੋਟਿਸ ਉਨ੍ਹਾਂ ਦੇ ਮੁੰਬਈ ਦੇ ਰਜਿਸਟਰਡ ਪਤੇ 'ਤੇ ਵੀ ਭੇਜੇ ਗਏ- ਇੱਤ ਦਸੰਬਰ 2020 ਵਿੱਚ ਅਤੇ ਦੂਸਰੇ ਫਰਵਰੀ 2021 ਵਿੱਚ। ਉਹ ਕਹਿੰਦੇ ਹਨ,''ਸਾਡੀ ਆਰਟੀਓ (ਰੀਜਨਲ ਟ੍ਰਾਂਸਪੋਰਟ ਆਫ਼ਿਸ) ਨਾਲ਼ ਰਾਬਤਾ ਕਰਕੇ ਟੈਕਸੀ ਦੇ ਮਾਲਕਾਂ ਦਾ ਨਾਮ ਅਤੇ ਪਤੇ ਬਾਰੇ ਪਤਾ ਕੀਤਾ। ਅਖ਼ਬਾਰਾਂ ਵਿੱਚ ਜਨਤਕ ਸੂਚਨਾ ਪ੍ਰਕਾਸ਼ਤ ਕੀਤੀ ਗਈ ਸੀ।''
ਡਾ. ਲਾਂਬਾ ਜ਼ੋਰ ਦੇ ਕੇ ਕਹਿੰਦੇ ਹਨ ਕਿ ਆਰਟੀਓ, ਪੁਲਿਸ ਅਤੇ ਟੈਕਸੀ ਯੂਨੀਅਨ ਸਾਰਿਆਂ ਨੂੰ ਸੂਚਨਾ ਦਿੱਤੀ ਗਈ ਸੀ,''ਅਸੀਂ ਸਾਰਿਆਂ ਨਾਲ਼ ਰਾਬਤਾ ਕਾਇਮ ਕੀਤਾ ਅਤੇ ਸਾਰੇ ਆਦੇਸ਼ਾਂ ਅਤੇ ਪ੍ਰਕਿਰਿਆਵਾਂ ਦਾ ਪਾਲਣ ਕੀਤਾ।''
ਪਰ ਸੰਜੈ ਦੁਆਰਾ ਭੇਜੇ ਗਏ ਪੱਤਰ ਦਾ ਕੀ ਬਣਿਆ? ਇਹਦੇ ਜਵਾਬ ਵਿੱਚ ਲਾਂਬਾ ਕਹਿੰਦੇ ਹਨ,''ਅਸੀਂ ਅਖ਼ੀਰਲੀ ਘੜੀ ਅੱਪੜੇ ਡਰਾਈਵਰਾਂ ਦੀ ਸਹਾਇਤਾ ਕੀਤੀ ਅਤੇ ਉਨ੍ਹਾਂ ਨੂੰ ਟੈਕਸੀ ਮੋੜ ਦਿੱਤੀ। ਸ਼ਾਇਦ ਇਹ ਡਰਾਈਵਰ ਕਿਸੇ ਗ਼ਲਤ ਬੰਦੇ ਕੋਲ਼ ਪਹੁੰਚਿਆ ਹੋਣਾ। ਸਾਨੂੰ ਉਹਦਾ ਪੱਤਰ ਕਦੇ ਮਿਲ਼ਿਆ ਹੀ ਨਹੀਂ।''
*****
'ਹਰ ਚੀਜ਼ ਮਲ੍ਹਕੜੇ ਮਲ੍ਹਕੜੇ ਸੁਧਰ ਰਹੀ ਹੈ। ਆਪਣੇ ਬੇਟੇ ਵਿਸ਼ਣੂ ਦੀ ਨੌਕਰੀ ਦੇ ਸਹਾਰੇ ਅਸੀਂ 2018 ਵਿੱਚ ਨਾਲਾਸੋਪਾਰਾ ਵਿਖੇ ਆਪਣਾ ਛੋਟਾ ਜਿਹਾ ਫ਼ਲੈਟ ਖ਼ਰੀਦਣ ਯੋਗ ਹੋਏ ਸਾਂ। ਮੈਨੂੰ ਉਸ 'ਤੇ ਫ਼ਖਰ ਸੀ। ਪਰ, ਮੇਰਾ ਬੇਟਾ ਨਹੀਂ ਰਿਹਾ ਅਤੇ ਹੁਣ ਮੇਰੀ ਰੋਜ਼ੀਰੋਟੀ ਦਾ ਸਹਾਰਾ ਮੇਰੀ ਟੈਕਸੀ ਵੀ ਨਹੀਂ ਰਹੀ'
ਮਾਰਚ 2020 ਵਿੱਚ ਜਦੋਂ ਤਾਲਾਬੰਦੀ ਦੀ ਸ਼ੁਰੂਆਤ ਹੋਈ ਤਾਂ ਸ਼ਿਵਪੂਜਨ ਪਾਂਡੇ ਕਿਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਸੰਤ ਰਵੀਦਾਸ ਨਗਰ (ਭਦੋਹੀ) ਜ਼ਿਲ੍ਹੇ ਦੇ ਓਰਈ ਤਾਲੁਕਾ ਵਿੱਚ ਵੱਸੇ ਆਪਣੇ ਪਿੰਡ ਭਵਾਨੀਪੁਰ ਉਪਰਵਾਰ ਪਹੁੰਚ ਸਕੇ। ਉਨ੍ਹਾਂ ਦੇ ਨਾਲ਼ ਉਨ੍ਹਾਂ ਦੀ ਪਤਨੀ ਪੁਸ਼ਪਾ (ਗ੍ਰਹਿਣੀ) ਅਤੇ ਉਨ੍ਹਾਂ ਦਾ ਛੋਟਾ ਬੇਟਾ ਵਿਸ਼ਾਲ ਸੀ। ਉਨ੍ਹਾਂ ਦਾ ਵੱਡਾ ਬੇਟਾ, 32 ਸਾਲਾ ਵਿਸ਼ਣੂ ਆਪਣੀ ਪਤਨੀ ਅਤੇ ਚਾਰ ਸਾਲਾ ਧੀ ਦੇ ਨਾਲ਼ ਉੱਤਰੀ ਮੁੰਬਈ ਦੇ ਨਾਲਾਸੋਪਾਰਾ ਵਿਖੇ ਆਪਣੇ ਘਰ ਰੁਕੇ ਹੋਏ ਸਨ। ਉਹ ਇੱਕ ਫ਼ਾਰਮਾ ਕੰਪਨੀ ਵਿੱਚ ਕੰਮ ਕਰਦੇ ਸਨ ਪਰ ਮਹਾਂਮਾਰੀ ਕਾਰਨ ਉਨ੍ਹਾਂ ਦੀ ਨੌਕਰੀ ਖੁੱਸ ਗਈ ਸੀ।
ਜੁਲਾਈ 2020 ਦੇ ਅੰਤ ਵਿੱਚ, ਅਚਾਨਕ ਕੰਬਣੀ ਅਤੇ ਬੇਹੋਸ਼ੀ ਜਿਹੇ ਲੱਛਣਾਂ ਦੇ ਆਉਣ ਤੋਂ ਬਾਅਦ ਹੋਈ ਜਾਂਚ ਵਿੱਚ ਬ੍ਰੇਨ ਹੈਮਰੇਜ਼ ਦੀ ਸਮੱਸਿਆ ਸਾਹਮਣੇ ਆਈ। ਸ਼ਿਵਪੂਜਨ ਦੱਸਦੇ ਹਨ,''ਡਾਕਟਰਾਂ ਦਾ ਕਹਿਣਾ ਸੀ ਕਿ ਸ਼ਾਇਦ ਉਹ ਬਹੁਤੇ ਤਣਾਅ ਵਿੱਚ ਸੀ। ਮੈਂ ਪਿੰਡ ਵਿੱਚ ਸਾਂ, ਮੈਨੂੰ ਕੋਈ ਖ਼ਬਰ ਨਹੀਂ ਸੀ ਕਿ ਕੀ ਹੋ ਰਿਹਾ ਸੀ। ਫ਼ੋਨ 'ਤੇ ਹਮੇਸ਼ਾ ਉਹਦੀ ਅਵਾਜ਼ ਠੀਕ ਲੱਗਦੀ ਹੁੰਦੀ ਸੀ। ਅਸੀਂ ਫ਼ੌਰਨ ਮੁੰਬਈ ਵਾਪਸ ਆ ਗਏ।'' ਉਸ ਤੋਂ ਬਾਅਦ ਹਸਪਤਾਲ ਦੇ 3-4 ਲੱਖ ਰੁਪਏ ਦੇ ਖ਼ਰਚੇ ਲਈ ਸ਼ਿਵਪੂਜਨ ਨੇ ਇੱਕ ਸਥਾਨਕ ਮਹਾਜਨ ਪਾਸੋਂ ਉਧਾਰ ਚੁੱਕਿਆ ਅਤੇ ਪੰਜ ਵਿਘਾ ਦੀ ਆਪਣੀ ਪੈਲ਼ੀ ਵਿੱਚੋਂ ਤਿੰਨ ਵਿਘੇ ਗਹਿਣੇ ਪਾ ਦਿੱਤੀ। ਪਿਛਲੇ ਸਾਲ 1 ਅਗਸਤ ਨੂੰ ਵਿਸ਼ਣੂ ਦੀ ਮੌਤ ਹੋ ਗਈ।
''ਉਹ ਸਦਾ ਮੈਨੂੰ ਕੰਮ ਛੱਡ ਕੇ ਪਿੰਡ ਮੁੜਨ ਲਈ ਕਹਿੰਦਾ, ਉਹਨੇ ਕਿਹਾ ਸੀ ਕਿ ਉਹ ਹਰ ਚੀਜ਼ ਦਾ ਧਿਆਨ ਰੱਖ ਲਵੇਗਾ। ਮੈਂ ਵਿਸ਼ਾਲ ਦੀ ਨੌਕਰੀ ਲੱਗਣ ਦੀ ਉਡੀਕ ਕਰ ਰਿਹਾ ਸਾਂ ਅਤੇ ਸੋਚਦਾ ਸਾਂ ਕਿ ਫਿਰ ਅਰਾਮ ਕਰ ਸਕਾਂਗਾ,'' ਸ਼ਿਵਪੂਜਨ ਕਹਿੰਦੇ ਹਨ।
25 ਸਾਲਾ ਵਿਸ਼ਾਲ ਦੇ ਕੋਲ਼ ਐੱਮਕਾਮ ਦੀ ਡਿਗਰੀ ਹੈ ਅਤੇ ਉਹ ਸਰਕਾਰੀ ਨੌਕਰੀ ਲੱਭਦੇ ਰਹੇ ਹਨ। ਸ਼ਿਵਪੂਜਨ ਕਹਿੰਦੇ ਹਨ,''ਪਰ ਹੁਣ ਤਾਂ ਮੁੰਬਈ ਵਾਪਸ ਆਉਣ ਦਾ ਮਨ ਨਹੀਂ ਕਰਦਾ। ਸਭ ਤੋਂ ਵੱਡਾ ਦੁੱਖ ਹੁੰਦਾ ਹੈ ਆਪਣੇ ਹੀ ਬੇਟੇ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਣਾ। ਮੇਰੀ ਪਤਨੀ ਤਾਂ ਹਾਲੇ ਤੀਕਰ ਸਦਮੇ ਵਿੱਚੋਂ ਉੱਭਰ ਨਹੀਂ ਪਾਈ।''
ਅੰਤਮ ਸਸਕਾਰ ਵਾਸਤੇ ਪਰਿਵਾਰ ਆਪਣੇ ਜੱਦੀ ਪਿੰਡ ਚਲਾ ਗਿਆ। ਜੁਲਾਈ 2021 ਵਿੱਚ ਸ਼ਿਵਪੂਜਨ ਦੋਬਾਰਾ ਮੁੰਬਈ ਪਰਤ ਆਏ ਸਨ, ਜਦੋਂ ਕ੍ਰਿਸ਼ਨਕਾਂਤ ਨੇ ਉਨ੍ਹਾਂ ਨੂੰ ਟੈਕਸੀ ਦੀ ਨੀਲਾਮੀ ਦੀ ਖ਼ਬਰ ਦਿੱਤੀ ਸੀ।
ਉਹ ਕਹਿੰਦੇ ਹਨ,''ਹਰ ਚੀਜ਼ ਮਲ੍ਹਕੜੇ ਮਲ੍ਹਕੜੇ ਸੁਧਰ ਰਹੀ ਹੈ। ਆਪਣੇ ਬੇਟੇ ਵਿਸ਼ਣੂ ਦੀ ਨੌਕਰੀ ਦੇ ਸਹਾਰੇ ਅਸੀਂ 2018 ਵਿੱਚ ਨਾਲਾਸੋਪਾਰਾ ਵਿਖੇ ਆਪਣਾ ਛੋਟਾ ਜਿਹਾ ਫ਼ਲੈਟ ਖ਼ਰੀਦਣ ਯੋਗ ਹੋਏ ਸਾਂ। ਮੈਨੂੰ ਉਸ 'ਤੇ ਫ਼ਖਰ ਸੀ। ਪਰ, ਮੇਰਾ ਬੇਟਾ ਨਹੀਂ ਰਿਹਾ ਅਤੇ ਹੁਣ ਮੇਰੀ ਰੋਜ਼ੀਰੋਟੀ ਦਾ ਸਹਾਰਾ ਮੇਰੀ ਟੈਕਸੀ ਵੀ ਨਹੀਂ ਰਹੀ।''
ਤਾਲਾਬੰਦੀ ਸ਼ੁਰੂ ਹੋਣ ਤੋਂ ਪਹਿਲਾਂ ਸ਼ਿਵਪੂਜਨ ਰਾਤੀਂ 8 ਵਜੇ ਤੋਂ ਸਵੇਰੇ 8 ਵਜੇ ਤੱਕ ਅੰਤਰਰਾਸ਼ਟਰੀ ਉਡਾਨਾਂ ਰਾਹੀਂ ਆਉਣ ਵਾਲ਼ੇ ਯਾਤਰੀਆਂ ਤੋਂ ਮਹੀਨੇ ਦੇ 10,000-12,000 ਰੁਪਏ ਕਮਾ ਲਿਆ ਕਰਦੇ ਸਨ। ਉਸ ਤੋਂ ਬਾਅਦ ਉਹ ਆਪਣੀ ਗੱਡੀ ਪਾਰਕਿੰਗ ਵਿੱਚ ਛੱਡ ਕੇ ਰੇਲ 'ਤੇ ਸਵਾਰ ਹੋ ਘਰ ਪਰਤ ਜਾਂਦੇ ਸਨ। ਤਾਲਾਬੰਦੀ ਤੋਂ ਬਾਅਦ ਮੁੰਬਈ ਵਿੱਚ ਉਨ੍ਹਾਂ ਦਾ ਕੰਮ ਬੰਦ ਪੈ ਗਿਆ ਅਤੇ ਪਿਛਲੇ ਮਹੀਨੇ ਨੀਲਾਮੀ ਦੀ ਖ਼ਬਰ ਸੁਣ ਕੇ ਫੌਰਨ ਮੁੰਬਈ ਆਉਣ ਤੋਂ ਬਾਅਦ ਉਹ ਦੋਬਾਰਾ ਆਪਣੇ ਪਿੰਡ ਪਰਤ ਗਏ ਹਨ।
ਤਾਲਾਬੰਦੀ ਤੋਂ ਪਹਿਲਾਂ ਸੰਜੈ ਮਾਲੀ ਕਰੀਬ 600-800 ਰੁਪਏ ਦਿਹਾੜੀ ਕਮਾ ਲਿਆ ਕਰਦੇ ਸਨ। ਨੀਲਾਮੀ ਵਿੱਚ ਆਪਣੀ ਗੱਡੀ ਗੁਆ ਲੈਣ ਤੋਂ ਬਾਅਦ ਉਨ੍ਹਾਂ ਨੇ ਇਸ ਸਾਲ ਜੁਲਾਈ ਦੇ ਦੂਸਰੇ ਹਫ਼ਤੇ ਵਿੱਚ 1800 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ਼ ਇੱਕ ਗੱਡੀ ਕਿਰਾਏ 'ਤੇ ਲਈ ਹੈ। ਉਨ੍ਹਾਂ ਨੇ ਆਪਣੇ ਦੁਆਰਾ ਚੁੱਕੇ ਕਰਜ਼ੇ ਦੀ ਵੀ ਚਿੰਤਾ ਸਤਾਉਂਦੀ ਹੈ ਕਿਉਂਕਿ ਇੱਕ ਲੱਖ ਰੁਪਏ ਦੇ ਕਰਜ਼ੇ ਵਿੱਚੋਂ ਅਜੇ ਅੱਧੀ ਰਕਮ ਹੀ ਮੋੜ ਸਕੇ ਹਨ। ਉਸ ਤੋਂ ਇਲਾਵਾ ਬੱਚਿਆਂ ਦੇ ਸਕੂਲ ਦੇ ਖ਼ਰਚੇ ਵੀ ਪੈਂਦੇ ਹਨ। ਉਹ ਕਹਿੰਦੇ ਹਨ,''ਮੇਰੀ ਸਾਰੀ ਜਮ੍ਹਾਂ-ਪੂੰਜੀ ਅਤੇ ਸਾਰਾ ਪੈਸਾ ਮੁੱਕ ਗਿਆ ਹੈ। ਹੁਣ ਤਾਂ ਕੰਮ ਲੱਭਣਾ ਹੀ ਪੈਣਾ ਸੀ।''
ਜਦੋਂ ਮੈਂ ਉੱਤਰੀ ਮੁੰਬਈ ਦੀ ਪੋਇਸਰ ਇਲਾਕੇ ਦੀ ਝੁੱਗੀ ਬਸਤੀ ਵਿਖੇ ਉਨ੍ਹਾਂ ਦੇ ਘਰ ਗਈ ਤਾਂ ਦੁਪਹਿਰ ਦੇ 2 ਵੱਜੇ ਸਨ ਅਤੇ ਉਨ੍ਹਾਂ ਨੇ ਤਿੰਨ ਦਿਨਾਂ ਤੱਕ ਕਿਰਾਏ 'ਤੇ ਟੈਕਸੀ ਚਲਾਈ ਸੀ ਅਤੇ ਉਨ੍ਹਾਂ ਦੇ ਹੱਥ ਵਿੱਚ ਸਿਰਫ਼ 850 ਰੁਪਏ ਹੀ ਸਨ। ਤਿਰਕਾਲਾਂ ਪਈਆਂ ਤਾਂ ਉਹ ਦੋਬਾਰਾ ਕੰਮ 'ਤੇ ਨਿਕਲ਼ ਗਏ।
ਉਨ੍ਹਾਂ ਦੀ ਪਤਨੀ ਸਾਧਨਾ ਮਾਲੀ ਫ਼ਿਕਰਮੰਦ ਹੁੰਦਿਆਂ ਦੱਸਦੀ ਹਨ,''ਜਦੋਂ ਤੋਂ ਉਨ੍ਹਾਂ ਨੇ ਦੋਬਾਰਾ ਕੰਮ ਸ਼ੁਰੂ ਕੀਤਾ ਹੈ, ਉਦੋਂ ਤੋਂ ਮੈਂ ਉਨ੍ਹਾਂ ਨੂੰ ਸ਼ਾਂਤ ਨਹੀਂ ਦੇਖਿਆ। ਉਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਹੈ ਅਤੇ ਕੁਝ ਸਾਲ ਪਹਿਲਾਂ ਹਾਰਟ ਸਰਜਰੀ ਹੋਈ ਸੀ। ਦਵਾਈਆਂ 'ਤੇ ਆਉਂਦੇ ਖਰਚੇ ਤੋਂ ਬਚਣ ਦੇ ਮਾਰੇ ਜਾਂ ਤਾਂ ਉਹ ਦਵਾਈ ਲੈਂਦੇ ਨਹੀਂ ਜਾਂ ਸਿਰਫ਼ ਇੱਕੋ ਵੇਲ਼ੇ ਹੀ ਖਾਂਦੇ ਹਨ। ਆਪਣੀ ਗੱਡੀ ਖੁੱਸਣ ਕਾਰਨ ਉਹ ਬਹੁਤ ਜ਼ਿਆਦਾ ਚਿੰਤਾ ਵਿੱਚ ਹਨ।''
ਉਨ੍ਹਾਂ ਦੀ ਧੀ ਤਮੰਨਾ ਨੌਵੀਂ ਜਮਾਤ ਵਿੱਚ ਪੜ੍ਹਦੀ ਹੈ ਅਤੇ ਬੇਟਾ ਅਕਾਸ਼ ਛੇਵੀਂ ਵਿੱਚ। ਉਨ੍ਹਾਂ ਨੇ ਆਪਣੀ ਆਨਲਾਈਨ ਪੜ੍ਹਾਈ ਪਿੰਡੋਂ ਹੀ ਜਾਰੀ ਰੱਖੀ। ਪਰ ਡੋਇਸਰ ਦੇ ਜਿਹੜੇ ਪ੍ਰਾਇਵੇਟ ਸਕੂਲ ਉਹ ਪੜ੍ਹਦੇ ਹਨ ਉਹ ਹੁਣ ਥੋੜ੍ਹੀ ਬਹੁਤੀ ਰਿਆਇਤ ਕਰਕੇ ਬਾਕੀ ਦੀ ਫ਼ੀਸ ਮੰਗ ਰਹੇ ਹਨ। ਮਾਲੀ ਪਰਿਵਾਰ ਸਿਰਫ਼ ਤਮੰਨਾ ਦੀ ਪਿਛਲੇ ਸਾਲ ਦੀ ਫ਼ੀਸ ਭਰ ਸਕਿਆ ਹੈ। ਸੰਜੈ ਦੱਸਦੇ ਹਨ,''ਇਸ ਸਾਲ ਸਾਨੂੰ ਅਕਾਸ਼ ਦਾ ਸਕੂਲ ਛੁਡਵਾਉਣਾ ਪਿਆ ਅਤੇ ਅਸੀਂ ਉਹਦੀ ਛੇਵੀਂ ਕਲਾਸ ਦੀ ਫ਼ੀਸ ਭਰ ਨਹੀਂ ਪਾਏ। ਉਹ ਜ਼ਿੱਦ ਕਰ ਰਿਹਾ ਹੈ ਕਿ ਉਹ ਆਪਣਾ ਇੱਕ ਸਾਲ ਬਰਬਾਦ ਨਹੀਂ ਕਰਨਾ ਚਾਹੁੰਦਾ। ਅਸੀਂ ਵੀ ਨਹੀਂ ਚਾਹੁੰਦੇ।''
ਮਾਲੀ ਪਰਿਵਾਰ ਸਿਰਫ਼ ਤਮੰਨਾ ਦੀ ਪਿਛਲੇ ਸਾਲ ਦੀ ਫ਼ੀਸ ਭਰ ਸਕਿਆ ਹੈ। ਸੰਜੈ ਦੱਸਦੇ ਹਨ,''ਇਸ ਸਾਲ ਸਾਨੂੰ ਅਕਾਸ਼ ਦਾ ਸਕੂਲ ਛੁਡਵਾਉਣਾ ਪਿਆ ਅਤੇ ਅਸੀਂ ਉਹਦੀ ਛੇਵੀਂ ਕਲਾਸ ਦੀ ਫ਼ੀਸ ਭਰ ਨਹੀਂ ਪਾਏ। ਉਹ ਜ਼ਿੱਦ ਕਰ ਰਿਹਾ ਹੈ ਕਿ ਉਹ ਆਪਣਾ ਇੱਕ ਸਾਲ ਬਰਬਾਦ ਨਹੀਂ ਕਰਨਾ ਚਾਹੁੰਦਾ। ਅਸੀਂ ਵੀ ਨਹੀਂ ਚਾਹੁੰਦੇ
ਕ੍ਰਿਸ਼ਨਕਾਂਤ, ਉੱਤਰੀ ਮੁੰਬਈ ਦੇ ਮਰੋਲ ਦੀ ਝੁੱਗੀ ਬਸਤੀ ਵਿਖੇ ਰਹਿੰਦੇ ਹਨ (ਉਨ੍ਹਾਂ ਦੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਪਿੰਡ ਚਲੇ ਗਏ ਹਨ)। ਉਹ ਕਈ ਮਹੀਨਿਆਂ ਤੋਂ ਆਪਣੇ ਕਮਰੇ ਦੇ ਕਿਰਾਏ (4,000 ਰੁਪਿਆ ਮਹੀਨਾ) ਦਾ ਕੁਝ ਕੁ ਹਿੱਸਾ ਹੀ ਦੇ ਪਾ ਰਹੇ ਹਨ। ਮਈ 2021 ਵਿੱਚ ਉਨ੍ਹਾਂ ਨੇ ਆਪਣੇ ਛੋਟੇ ਭਰਾ (ਮ੍ਰਿਤਕ) ਦੀ ਕਾਲ਼ੇ-ਪੀਲ਼ੇ ਰੰਗ ਦੀ ਟੈਕਸੀ ਚਲਾਉਣੀ ਸ਼ੁਰੂ ਕਰ ਦਿੱਤੀ। ਉਹ ਕਹਿੰਦੇ ਹਨ,''ਮੈਂ ਕੋਸ਼ਿਸ਼ ਕਰਦਾ ਹਾਂ ਕਿ ਇੱਕ ਦਿਨ ਦੇ 200-300 ਰੁਪਏ ਕਮਾਂ ਸਕਾਂ।''
ਉਨ੍ਹਾਂ ਨੇ ਤੈਅ ਕੀਤਾ ਕਿ ਉਹ ਆਪਣੀ ਟੈਕਸੀ ਦੇ ਹੋਏ ਨੁਕਸਾਨ ਨੂੰ ਬਿਨਾਂ ਕਿਸੇ ਚੁਣੌਤੀ ਦੇ ਨਹੀਂ ਜਾਣ ਦੇਣਗੇ।
ਟੈਕਸੀ ਡਰਾਈਵਰਾਂ ਦੀ ਯੂਨੀਅਨ, ਭਾਰਤੀ ਟੈਕਸੀ ਚਾਲਕ ਸੰਘ, ਨੇ ਉਨ੍ਹਾਂ ਨੂੰ ਇੱਕ ਵਕੀਲ ਕਰਨ ਵਿੱਚ ਮਦਦ ਕੀਤੀ। ਯੂਨੀਅਨ ਦੇ ਵਾਇਸ ਪ੍ਰੈਸੀਡੈਂਟ ਰਾਕੇਸ਼ ਮਿਸ਼ਰਾ ਕਹਿੰਦੇ ਹਨ ਕਿ ਇਹ ਗੱਲ ਸਮਝ ਆਉਂਦੀ ਹੈ ਕਿ ਨੀਲਾਮੀ ਸੁਰੱਖਿਆ ਦੇ ਲਿਹਾਜ ਤੋਂ ਕੀਤੀ ਗਈ ਹੈ, ਪਰ ਇੰਝ ਕਰਨ ਦਾ ਸਮਾਂ ਗ਼ਲਤ ਸੀ:
''ਸਾਨੂੰ ਵੀ ਕੁਝ ਮਹੀਨੇ ਪਹਿਲਾਂ ਤੱਕ (ਮਾਰਚ 2021 ਤੱਕ) ਨੋਟਿਸ ਬਾਰੇ ਕੁਝ ਪਤਾ ਨਹੀਂ ਸੀ। ਸਾਡਾ ਦਫ਼ਤਰ ਬੰਦ ਸੀ। ਜਦੋਂ ਇਹ ਪੂਰਾ ਮਾਮਲਾ ਸਾਡੇ ਧਿਆਨ ਵਿੱਚ ਆਇਆ ਤਾਂ ਅਸੀਂ (ਹਵਾਈ ਅੱਡਾ ਅਥਾਰਿਟੀ ਤੋਂ) ਗੱਡੀਆਂ ਨੂੰ ਪਾਰਕ ਕਰਨ ਲਈ ਕਿਸੇ ਦੂਸਰੀ ਥਾਂ ਦੀ ਮੰਗ ਕੀਤੀ। ਤਾਲਾਬੰਦੀ ਵਿੱਚ, ਉਹ ਆਪਣੀ ਗੱਡੀ ਕਿੱਥੇ ਪਾਰਕ ਕਰਦੇ? ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ। ਮੈਂ ਡਰਾਈਵਰਾਂ ਨਾਲ਼ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ। ਨੋਟਿਸ ਸਿਰਫ਼ ਉਨ੍ਹਾਂ ਦੇ ਮੁੰਬਈ ਦੇ ਪਤੇ 'ਤੇ ਹੀ ਭੇਜਿਆ ਗਿਆ ਸੀ। ਇਹ ਡਰਾਈਵਰਾਂ ਦੇ ਕੋਲ਼ ਉਨ੍ਹਾਂ ਦੇ ਪਿੰਡ ਕਿਵੇਂ ਪਹੁੰਚਦਾ? ਜੋ ਡਰਾਈਵਰ ਮੁੰਬਈ ਵਿੱਚ ਸਨ ਉਨ੍ਹਾਂ ਨੇ ਪਾਰਕਿੰਗ ਵਿੱਚੋਂ ਆਪੋ-ਆਪਣੀਆਂ ਗੱਡੀਆਂ ਕੱਢ ਲਈਆਂ।''
ਐੱਮਆਈਏਐੱਲ ਦੇ ਡਾਕਟਰ ਲਾਂਬਾ ਕਹਿੰਦੇ ਹਨ,''ਜੇ ਉਨ੍ਹਾਂ ਨੇ ਕਨੂੰਨੀ ਕਾਰਵਾਈ ਹੀ ਕਰਨੀ ਹੈ ਤਾਂ ਇਹ ਉਨ੍ਹਾਂ ਦਾ ਅਧਿਕਾਰ ਹੈ।'' ਉਹ ਅੱਗੇ ਕਹਿੰਦੇ ਹਨ ਕਿ ਹਵਾਈ ਅੱਡੇ ਦੀ ਜਿਹੜੀ ਪਾਰਕਿੰਗ ਵਿੱਚ ਖੜ੍ਹੀਆਂ ਜਿਹੜੀਆਂ ਗੱਡੀਆਂ ਦੀ ਨੀਲਾਮੀ ਹੋਈ ਸੀ ਉਹ ਮੌਜੂਦਾ ਸਮੇਂ ਵਰਤੋਂ ਵਿੱਚ ਨਹੀਂ ਹੈ। ''ਇੰਨੀ ਵੱਡੀ ਥਾਂ ਨੂੰ ਟੈਕਸਰੀਆਂ ਦੀ ਪਾਰਕਿੰਗ ਵਾਸਤੇ ਰਾਖਵਾਂ ਰੱਖਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਹੁਣ ਕਾਲ਼ੀਆਂ-ਪੀਲ਼ੀਆਂ ਟੈਕਸੀਆਂ ਦੀ ਮੰਗ ਘੱਟ ਗਈ ਹੈ। ਯਾਤਰੀ ਹੁਣ ਓਲਾ ਜਾਂ ਊਬਰ ਨੂੰ ਤਰਜੀਹ ਦਿੰਦੇ ਹਨ ਅਤੇ ਹਵਾਈ ਅੱਡੇ ਦੇ ਕੋਲ਼ ਪਾਰਕਿੰਗ ਦੀ ਇੱਕ ਛੋਟੀ ਜਿਹੀ ਥਾਂ ਹੈ (ਅਜੇ ਵੀ ਸੰਚਾਲਨ ਵਿੱਚ ਹੈ)।''
ਕ੍ਰਿਸ਼ਨਕਾਂਤ ਉਨ੍ਹਾਂ 42 ਡਰਾਈਵਰਾਂ ਨਾਲ਼ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਦੀਆਂ ਗੱਡੀਆਂ ਦੀ ਨੀਲਾਮੀ ਹੋਈ ਸੀ। (ਇਸ ਕੰਮ ਵਿੱਚ ਸੰਜੈ ਮਾਲੀ ਉਨ੍ਹਾਂ ਦੀ ਮਦਦ ਕਰ ਰਹੇ ਹਨ) ''ਕੁਝ ਤਾਂ ਅਜੇ ਵੀ ਆਪਣੇ ਪਿੰਡਾਂ ਵਿੱਚ ਹੀ ਹਨ ਅਤੇ ਇਸ ਘਟਨਾ ਬਾਰੇ ਕੁਝ ਨਹੀਂ ਜਾਣਦੇ। ਮੈਂ ਸਾਰਿਆਂ ਨੂੰ ਨਹੀਂ ਜਾਣਦਾ ਅਤੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰ ਰਿਹਾ ਹਾਂ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਉਨ੍ਹਾਂ ਨੂੰ ਇਹ ਸਭ ਦੱਸਣਾ ਪਵੇ, ਪਰ ਜੇ ਮੈਂ ਨਹੀਂ ਦੱਸਾਂਗਾ ਤਾਂ ਹੋਰ ਕੌਣ ਦੱਸੇਗਾ? ਕਈਆਂ ਕੋਲ਼ ਤਾਂ ਮੁੰਬਈ ਵਾਪਸ ਆਉਣ ਲਈ ਰੇਲ ਟਿਕਟ ਜੋਗੇ ਪੈਸੇ ਵੀ ਨਹੀਂ ਹਨ।''
ਉਨ੍ਹਾਂ ਨੇ ਇੱਕ ਵਕੀਲ ਦੁਆਰਾ ਤਿਆਰ ਇੱਕ ਸ਼ਿਕਾਇਤ ਪੱਤਰ 'ਤੇ ਕੁਝ ਟੈਕਸੀ ਡਰਾਈਵਰਾਂ ਦੇ ਹਸਤਾਖ਼ਰ ਕਰਵਾਏ ਹਨ। 9 ਜੁਲਾਈ ਤਰੀਕ ਹੇਠ ਇਹ ਪੱਤਰ ਸਹਾਰ ਪੁਲਿਸ ਸਟੇਸ਼ਨ ਵਿੱਚ ਜਮ੍ਹਾ ਕੀਤਾ ਜਾ ਚੁੱਕਿਆ ਹੈ। ਉਹ ਕਹਿੰਦੇ ਹਨ,''ਹੁਣ ਕੀ ਕਰੀਏ? ਮੈਂ ਪੜ੍ਹ ਸਕਦਾ ਹਾਂ, ਇਸਲਈ ਮੈਂ ਇਹ ਜ਼ਿੰਮੇਦਾਰੀ (ਕਨੂੰਨੀ) ਲਈ ਹੈ। ਮੈਂ ਬਾਰ੍ਹਵੀਂ ਪਾਸ ਹਾਂ। ਚੱਲੋ , ਮੇਰੀ ਪੜ੍ਹਾਈ ਕਿਸੇ ਕੰਮ ਤਾਂ ਆਈ।'' ਰਾਤ ਵੇਲ਼ੇ ਕ੍ਰਿਸ਼ਨਕਾਂਤ ਪੁਰਾਣੀ ਟੈਕਸੀ ਚਲਾਉਂਦੇ ਹਨ। ''ਮੇਰੇ ਕੋਲ਼ ਦੂਸਰਾ ਕੋਈ ਰਾਹ ਨਹੀਂ ਹੈ। ਮੈਂ ਨਿਆ ਬਾਰੇ ਨਹੀਂ ਜਾਣਦਾ ਪਰ ਉਨ੍ਹਾਂ ਨੇ ਸਾਡੇ ਢਿੱਡ 'ਤੇ ਲੱਤ ਮਾਰੀ ਹੈ। ਇਹ ਸਿਰਫ਼ ਮੇਰੀ ਟੈਕਸੀ ਨਹੀਂ ਸੀ, ਸਗੋਂ ਮੇਰੀ ਰੋਜ਼ੀਰੋਟੀ ਸੀ ਜੋ ਉਨ੍ਹਾਂ ਖੋਹ ਲਈ।''
ਉਹ ਅਤੇ ਹੋਰ ਡਰਾਈਵਰ ਕੁਝ ਰਾਹਤ ਮਿਲ਼ਣ ਜਾਂ ਕਿਸੇ ਤਰ੍ਹਾਂ ਦੀ ਕਾਰਵਾਈ ਦੀ ਉਡੀਕ ਕਰ ਰਹੇ ਹਨ। ਉਹ ਕਹਿੰਦੇ ਹਨ,''ਮੈਂ ਨਹੀਂ ਜਾਣਦਾ ਕਿ ਹੁਣ ਕੀ ਕਰਨਾ ਹੈ। ਮੈਂ ਦੋ ਮਹੀਨਿਆਂ ਤੋਂ ਭੱਜਨੱਸ ਕਰ ਰਿਹਾ ਹਾਂ। ਕੀ ਮੈਨੂੰ ਇਹ ਕੇਸ ਛੱਡ ਦੇਣਾ ਚਾਹੀਦਾ ਹੈ? ਕੀ ਕੋਈ ਕੁਝ ਕਰੇਗਾ? ਮੈਂ ਚੁੱਪ ਨਹੀਂ ਰਹਿਣ ਲੱਗਾ, ਪਰ ਮੇਰੀ ਉਮੀਦ ਟੁੱਟ ਰਹੀ ਹੈ।''
ਤਰਜਮਾ: ਕਮਲਜੀਤ ਕੌਰ