ਭਗਬਾਨਪੁਰ ਦੇ ਪੁਰਸ਼ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀ ਬਿਜਲੀ ਪਰਿਯੋਜਨਾਵਾਂ ਵਿੱਚ ਕੰਮ ਕਰਨ ਲਈ ਸਾਲਾਂ ਤੋਂ ਪਲਾਇਨ ਕਰ ਰਹੇ ਹਨ। 53 ਸਾਲਾ ਅਖੀਮਉਦੀਨ ਨੇ ਕਰੀਬ 25 ਸਾਲ ਪਹਿਲਾਂ ਲਾਇਨਮੈਨ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। "ਮੈਂ ਹਿਮਾਚਲ ਪ੍ਰਦੇਸ ਵਿੱਚ ਸਾਂ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਤਦ ਮੈਨੂੰ ਇੱਕ ਦਿਨ ਵਿੱਚ 2.50 ਰੁਪਏ ਮਿਲ਼ਦੇ ਸਨ," ਉਹ ਦੱਸਦੇ ਹਨ। "ਜਿੰਨਾ ਹੋ ਸਕਦਾ ਹੈ ਅਸੀਂ ਓਨਾ ਕਮਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੁਝ ਪੈਸੇ ਆਪਣੇ ਕੋਲ਼ ਰੱਖਦੇ ਹਾਂ ਅਤੇ ਬਾਕੀ ਘਰ ਭੇਜ ਦਿੰਦੇ ਹਾਂ ਤਾਂਕਿ ਪਰਿਵਾਰ ਜਿਊਂਦੇ ਰਹਿ ਸਕਣ।" ਮਜ਼ਦੂਰਾਂ ਦੀ ਉਨ੍ਹਾਂ ਦੀ ਪੀੜ੍ਹੀ ਦੁਆਰਾ ਗਠਤ ਨੈਟਵਰਕ ਨੇ ਅਨਸ ਅਤੇ ਅਕਰਮ ਨੂੰ ਉਨ੍ਹਾਂ ਦੇ ਨਕਸ਼ੇ-ਕਦਮ 'ਤੇ ਚੱਲਣਾ ਸੁਖਾਲਾ ਬਣਾਇਆ।
ਪਰ ਉਨ੍ਹਾਂ ਦੀ ਨੌਕਰੀ ਖਤਰਿਆਂ ਨਾਲ਼ ਭਰੀ ਹੈ। ਅਕਰਮ ਨੇ ਆਪਣੇ ਕਈ ਸਾਥੀਆਂ ਨੂੰ ਬਿਜਲੀ ਦੇ ਝਟਕੇ ਨਾਲ਼ ਮਰਨ ਜਾਂ ਜ਼ਖਮੀ ਹੁੰਦੇ ਦੇਖਿਆ ਹੈ। "ਇਹ ਡਰਾਉਣਾ ਹੈ। ਸਾਨੂੰ ਮਾਮੂਲੀ ਸੁਰੱਖਿਆ ਮਿਲ਼ਦੀ ਹੈ। ਕਦੇ ਵੀ ਕੁਝ ਵੀ ਹੋ ਸਕਦਾ ਹੈ।" ਮਿਸਾਲ ਵਜੋਂ, ਵਾਤਾਵਰਣ ਸਬੰਧੀ ਆਫ਼ਤਾਵਾਂ ਜਿਵੇਂ ਕਿ ਇੱਕ ਜਿਹੜੀ ਉਨ੍ਹਾਂ ਦੇ ਭਰਾ ਨੂੰ ਵਹਾ ਲੈ ਗਈ (ਅਨਸ ਅਜੇ ਵੀ ਲਾਪਤਾ ਹੈ; ਉਨ੍ਹਾਂ ਦੀ ਲਾਸ਼ ਨਹੀਂ ਮਿਲ਼ੀ ਹੈ)। "ਪਰ ਸਾਡੇ ਕੋਲ਼ ਕੋਈ ਵਿਕਲਪ ਨਹੀਂ ਹੈ। ਜੀਵਤ ਰਹਿਣ ਲਈ ਸਾਨੂੰ ਕਮਾਉਣਾ ਹੀ ਪੈਂਦਾ ਹੈ। ਮਾਲਦਾ ਵਿੱਚ ਕੋਈ ਕੰਮ ਨਹੀਂ ਹੈ। ਸਾਨੂੰ ਇੱਥੋਂ ਪਲਾਇਨ ਕਰਨਾ ਹੀ ਪੈਂਦਾ ਹੈ।"
ਮਾਲਦਾ ਦੇਸ਼ ਦੇ ਸਭ ਤੋਂ ਗ਼ਰੀਬ ਜਿਲ੍ਹਿਆਂ ਵਿੱਚੋਂ ਇੱਕ ਹੈ। ਇਹਦੀ ਗ੍ਰਾਮੀਣ ਅਬਾਦੀ ਦਾ ਇੱਕ ਵੱਡਾ ਵਰਗ ਬੇਜ਼ਮੀਨਿਆਂ ਦਾ ਹੈ ਅਤੇ ਮਜ਼ਦੂਰੀ 'ਤੇ ਨਿਰਭਰ ਹੈ। "ਜਿਲ੍ਹੇ ਵਿੱਚ ਰੁਜ਼ਗਾਰ ਦਾ ਮੁੱਖ ਵਸੀਲਾ ਖੇਤੀ ਹੈ," ਮਾਲਦਾ ਦੇ ਸੀਨੀਅਰ ਪੱਤਰਕਾਰ, ਸੁਭਰੋ ਮੈਤਰਾ ਕਹਿੰਦੇ ਹਨ। "ਪਰ ਲੋਕਾਂ ਦੇ ਕੋਲ਼ ਛੋਟੇ-ਛੋਟੇ ਅਤੇ ਬਹੁਤ ਘੱਟ ਜੋਤਾਂ (ਭੂਖੰਡ) ਹਨ। ਉਨ੍ਹਾਂ ਵਿੱਚੋਂ ਬਹੁਤੇਰੀ ਜ਼ਮੀਨ ਅਕਸਰ ਆਉਣ ਵਾਲ਼ੇ ਹੜ੍ਹ ਨਾਲ਼ ਡੁੱਬ ਜਾਂਦੀ ਹੈ। ਇਹ ਕਿਸਾਨਾਂ ਦੇ ਨਾਲ਼-ਨਾਲ਼ ਖ਼ੇਤ ਮਜ਼ਦੂਰਾਂ ਲਈ ਵੀ ਅਸਹਿਣਯੋਗ ਹੈ।" ਉਹ ਅੱਗੇ ਦੱਸਦੇ ਹਨ ਕਿ ਜਿਲ੍ਹੇ ਵਿੱਚ ਕੋਈ ਉਦਯੋਗ ਨਹੀਂ ਹੈ, ਇਸਲਈ ਇੱਥੋਂ ਦੇ ਲੋਕ ਕੰਮ ਕਰਨ ਲਈ ਰਾਜ ਤੋਂ ਬਾਹਰ ਜਾਂਦੇ ਹਨ।
ਪੱਛਮ ਬੰਗਾਲ ਸਰਕਾਰ ਦੁਆਰਾ 2007 ਵਿੱਚ ਪ੍ਰਕਾਸਤ, ਜਿਲ੍ਹਾ ਮਾਨਵ ਵਿਕਾਸ ਰਿਪੋਰਟ: ਮਾਲਦਾ, ਮਜ਼ਦੂਰਾਂ ਦੇ ਪ੍ਰਵਾਸ ਦੇ ਕਾਰਨਾਂ ਨੂੰ ਉਜਾਗਰ ਕਰਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਲ ਸ੍ਰੋਤਾਂ ਦਾ ਅਸਾਵੀਂ (ਅਸਾਮਾਨ) ਵੰਡ ਅਤੇ ਪ੍ਰਤੀਕੂਲ ਖੇਤੀ-ਜਲਵਾਯੂ ਹਾਲਤਾਂ ਜਿਲ੍ਹੇ ਦੇ ਖੇਤ ਮਜ਼ਦੂਰਾਂ 'ਤੇ ਉਲਟ ਅਸਰ ਪਾਉਂਦੀਆਂ ਹਨ ਅਤੇ ਹੌਲ਼ੀ ਗਤੀ ਨਾਲ਼ ਸ਼ਹਿਰੀਕਰਨ, ਉਦਯੋਗਿਤ ਗਤੀਵਿਧੀ ਦੀ ਘਾਟ ਅਤੇ ਗ੍ਰਾਮੀਣ ਖੇਤਰਾਂ ਵਿੱਚ ਕੰਮ ਦੀ ਮੌਸਮੀ ਘਾਟ ਨੇ ਮਜ਼ਦੂਰਾਂ ਦੇ ਪੱਧਰ ਨੂੰ ਘੱਟ ਕਰ ਦਿੱਤਾ ਹੈ, ਜਿਹਦੇ ਕਾਰਨ ਗ਼ਰੀਬ ਮਜ਼ਦੂਰਾਂ ਨੂੰ ਕੰਮ ਦੀ ਭਾਲ਼ ਵਿੱਚ ਦੂਰ ਜਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ।
ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ, ਦੇਸ਼ ਵਿੱਚ ਕੋਵਿਡ-19 ਮਾਮਲਿਆਂ ਵਿੱਚ ਵਾਧੇ ਦੇ ਬਾਵਜੂਦ, 37 ਸਾਲਾ ਨੀਰਜ ਮੋਂਡੋਲ ਦਿੱਲੀ ਵਿੱਚ ਬਿਹਤਰ ਸੰਭਾਵਨਾਵਾਂ ਭਾਲ਼ਣ ਲਈ ਮਾਲਦੇ ਤੋਂ ਰਵਾਨਾ ਹੋਏ। ਉਹ ਮਾਲਦਾ ਦੇ ਮਾਨੀਕਚਕ ਬਲਾਕ ਦੇ ਭੂਤਨੀ ਦਿਯਾਰਾ (ਨਦੀ ਦੇ ਕੰਢੇ ਸਥਿਤ ਦੀਪ) ਵਿੱਚ ਆਪਣੀ ਪਤਨੀ ਅਤੇ ਦੋ ਕਿਸ਼ੋਰ ਬੱਚਿਆਂ ਨੂੰ ਘਰੇ ਛੱਡ ਆਏ ਸਨ। "ਤੁਸੀਂ ਇੱਕ ਮਾਸਕ ਪਾਉਂਦੇ ਹੋ ਅਤੇ ਜੀਵਨ ਦੇ ਨਾਲ਼ ਚੱਲ ਪੈਂਦੇ ਹੋ," ਉਹ ਕਹਿੰਦੇ ਹਨ। "ਤਾਲਾਬੰਦੀ (2020) ਤੋਂ ਬਾਅਦ ਸ਼ਾਇਦ ਹੀ ਕੋਈ ਕੰਮ ਮਿਲ਼ਿਆ ਹੋਵੇ। ਸਰਕਾਰ ਨੇ ਜੋ ਦਿੱਤਾ, ਅਸੀਂ ਉਸੇ ਨਾਲ਼ ਕੰਮ ਚਲਾਇਆ, ਪਰ ਨਕਦੀ ਨਹੀਂ ਸੀ। ਉਂਝ ਵੀ ਮਾਲਦਾ ਵਿੱਚ ਕੰਮ ਘੱਟ ਹੀ ਮਿਲ਼ਦਾ ਹੈ।"
ਨੀਰਜ ਨੂੰ ਮਾਲਦਾ ਵਿੱਚ 200 ਰੁਪਏ ਦਿਹਾੜੀ ਮਿਲ਼ਦੀ ਸੀ, ਪਰ ਦਿੱਲੀ ਵਿੱਚ ਉਹ 500-550 ਰੁਪਏ ਕਮਾ ਸਕਦੇ ਹਨ, ਉਹ ਕਹਿੰਦੇ ਹਨ। "ਤੁਸੀਂ ਜ਼ਿਆਦਾ ਬਚਤ ਕਰ ਸਕਦੇ ਹੋ ਅਤੇ ਉਹਨੂੰ ਘਰ ਭੇਜ ਸਕਦੇ ਹੋ," ਉਹ ਕਹਿੰਦੇ ਹਨ। "ਬੇਸ਼ੱਕ, ਮੈਨੂੰ ਆਪਣੇ ਪਰਿਵਾਰ ਦੀ ਯਾਤ ਸਤਾਵੇਗੀ। ਕੋਈ ਵੀ ਖ਼ੁਸ਼ੀ ਨਾਲ਼ ਘਰੋਂ ਬੇਘਰ ਨਹੀਂ ਹੁੰਦਾ।"