ਸੋਮਾ ਕਡਾਲੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦਾ ਹਾਲਚਾਲ਼ ਪੁੱਛਣ ਲਈ ਫ਼ੋਨ ਕਰਦਾ ਰਹਿੰਦਾ ਹੈ। ''ਮੈਂ ਠੀਕ ਹੋ ਜਾਊਂਗਾ,'' 85 ਸਾਲਾ ਬਜ਼ੁਰਗ ਭਰੋਸੇ ਭਰੀ ਅਵਾਜ਼ ਵਿੱਚ ਕਹਿੰਦਾ ਹੈ।
ਅਕੋਲੇ (ਜਿਹਨੂੰ ਅਕੋਲਾ ਵੀ ਕਿਹਾ ਜਾਂਦਾ ਹੈ) ਤਾਲੁਕਾ ਦੇ ਵਾਰੰਗੁਸ਼ੀ ਪਿੰਡ ਦਾ ਇਹ ਕਿਸਾਨ ਤਿੰਨ-ਰੋਜ਼ਾ ਰੋਸ ਮਾਰਚ(ਅਪ੍ਰੈਲ 26-28) ਵਿੱਚ ਸ਼ਾਮਲ ਹੋਇਆ ਹੈ, ਜੋ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿਖੇ ਅਕੋਲੇ ਤੋਂ ਲੋਨੀ ਦੇ ਕਿਸਾਨਾਂ ਵੱਲੋਂ ਕੱਢਿਆ ਜਾ ਰਿਹਾ ਹੈ। ਆਪਣੀ ਉਮਰ ਦੇ ਬਾਵਜੂਦ ਉਹ ਇਸ ਰੋਸ ਮਾਰਚ ਵਿੱਚ ਆਪਣੀ ਸ਼ਮੂਲੀਅਤ ਨੂੰ ਲੈ ਕੇ ਕਹਿੰਦਾ ਹੈ,''ਮੈਂ ਆਪਣੀ ਤਾਉਮਰ ਖੇਤਾਂ ਵਿੱਚ ਹੀ ਗਾਲ਼ ਛੱਡੀ ਹੈ।''
2.5 ਲੱਖ ਦੇ ਕਰਜੇ ਹੇਠ ਪੀਂਹਦੇ ਜਾਂਦੇ ਕਿਸਾਨ ਦਾ ਕਹਿਣਾ ਹੈ,''ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਆਪਣੇ ਜੀਵਨ ਦੇ 70 ਸਾਲ ਖੇਤੀ ਲੇਖੇ ਲਾਉਣ ਤੋਂ ਬਾਅਦ ਵੀ ਮੈਨੂੰ ਇੰਨੀ ਬੇਯਕੀਨੀ ਭਰੀ ਹਯਾਤੀ ਹੰਢਾਉਣੀ ਪਵੇਗੀ।'' ਕਡਾਲੀ, ਮਹਾਦੇਵ ਕੋਲੀ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਤੇ ਪਿੰਡ ਵਿੱਚ ਉਨ੍ਹਾਂ ਕੋਲ਼ ਪੰਜ ਏਕੜ (ਕਿੱਲੇ) ਜ਼ਮੀਨ ਹੈ। ਗੱਲ ਜਾਰੀ ਰੱਖਦਿਆਂ ਉਹ ਕਹਿੰਦੇ ਹਨ ਕਿ ਅੱਜ ਮੌਸਮ ਜਿੰਨਾ ਅਣਕਿਆਸਿਆ ਹੋ ਗਿਆ, ਪਹਿਲਾਂ ਕਦੇ ਨਹੀਂ ਸੀ।
''ਮੇਰਾ ਜੋੜ-ਜੋੜ ਦੁੱਖਦਾ ਹੈ। ਜਦੋਂ ਮੈਂ ਤੁਰਦਾਂ ਮੇਰੇ ਗੋਡੇ ਪੀੜ੍ਹ ਕਰਦੇ ਹਨ। ਸਵੇਰੇ ਮੇਰਾ ਉੱਠਣ ਦਾ ਮਨ ਨਹੀਂ ਕਰਦਾ। ਪਰ ਫਿਰ ਵੀ ਮੈਂ ਲਾਂਘ ਪੁੱਟਦਾ ਰਹਾਂਗਾ ਤੇ ਅੱਗੇ ਵੱਧਦਾ ਰਹਾਂਗਾ,'' ਉਹ ਕਹਿੰਦੇ ਹਨ।












