"ਦਰਿਆ ’ਚ ਖੇਤੀ ਕਰਨੀ ਜ਼ਿਆਦਾ ਸੌਖੀ ਹੈ - ਵਾਢੀ ਤੋਂ ਬਾਅਦ ਨਾ ਤਾਂ ਪਰਾਲੀ ਹੁੰਦੀ ਹੈ ਤੇ ਨਾ ਨਦੀਨ ਉੱਗਦੇ ਨੇ।"
ਕੁੰਤੀ ਪਾਣੇ ਮਹਾਂਸਮੁੰਦ ਜ਼ਿਲ੍ਹੇ ਦੇ ਗੋਧਾਰੀ ਪਿੰਡ ਦੀ ਰਹਿਣ ਵਾਲੀ ਹੈ, ਤੇ ਰਾਏਪੁਰ ਜ਼ਿਲ੍ਹੇ ਦੇ ਨਗਰੀ ਕਸਬੇ ਦੇ ਪਿੰਡ ਫਰਸੀਆ 'ਚੋਂ ਲੰਘਦੇ ਮਹਾਂਨਦੀ ਦਰਿਆ ਦੇ ਤੱਟ 'ਤੇ ਖੇਤੀ ਕਰਨ ਵਾਲੇ 50 ਤੋਂ 60 ਕਿਸਾਨਾਂ 'ਚੋਂ ਇੱਕ ਹੈ। ਮੈਂ ਇੱਕ ਦਹਾਕੇ ਤੋਂ ਇਹ ਖੇਤੀ ਕਰ ਰਹੀ ਹਾਂ। ਮੈਂ ਤੇ ਮੇਰਾ ਪਤੀ ਇੱਥੇ ਭਿੰਡੀ, ਫਲੀਆਂ ਤੇ ਖਰਬੂਜੇ ਉਗਾਉਂਦੇ ਹਾਂ," 57 ਸਾਲਾ ਕੁੰਤੀ ਨੇ ਦੱਸਿਆ।
ਉਹ ਆਪਣੀ ਅਸਥਾਈ ਛਪਰੀ ’ਚ ਬੈਠੀ ਗੱਲ ਕਰ ਰਹੀ ਹੈ, ਛਪਰੀ ਜੋ ਇੱਕ ਵਿਅਕਤੀ ਲਈ ਤਾਂ ਕਾਫ਼ੀ ਹੈ ਅਤੇ ਐਨੀ ਕੁ ਮਜ਼ਬੂਤ ਹੈ ਕਿ ਬਾਰਿਸ਼ ’ਚ ਬਚਾਅ ਹੋ ਸਕੇ। ਪਰ ਸਭ ਤੋਂ ਜ਼ਿਆਦਾ ਅਹਿਮ ਇਹ ਹੈ ਕਿ ਇਹ ਐਸੀ ਜਗ੍ਹਾ ਹੈ ਜਿੱਥੋਂ ਉਹ ਰਾਤ ਵੇਲੇ ਗਾਵਾਂ ਤੇ ਹੋਰ ਜਾਨਵਰਾਂ ਤੋਂ ਆਪਣੇ ਖੇਤ ਨੂੰ ਬਚਾਉਣ ਲਈ ਨਜ਼ਰ ਰੱਖ ਸਕਦੇ ਹਨ।
ਮਹਾਂਨਦੀ ਦੇ ਉੱਪਰਲਾ ਪੁਲ ਰਾਏਪੁਰ ਜ਼ਿਲ੍ਹੇ ਦੇ ਪਾਰਾਗਾਂਵ ਅਤੇ ਮਹਾਂਸਮੁੰਦ ਜ਼ਿਲ੍ਹੇ ਦੇ ਗੋਧਾਰੀ ਪਿੰਡਾਂ ਨੂੰ ਆਪਸ ’ਚ ਜੋੜਦਾ ਹੈ। ਪੁਲ ਦੇ ਹੇਠਾਂ ਹਰੇ ਰੰਗ ਦੇ ਡੱਬ ਜਿਹੇ ਤਰਦੇ ਨਜ਼ਰ ਆਉਂਦੇ ਹਨ। ਦੋਵਾਂ ਪਿੰਡਾਂ ਦੇ ਲੋਕਾਂ ਨੇ ਦਰਿਆ ਦੇ ਰੇਤੀਲੇ ਹਿੱਸੇ ਦਸੰਬਰ ਤੋਂ ਲੈ ਕੇ ਮਈ ਦੇ ਅੰਤ ਤੱਕ ਪੈਣ ਵਾਲੇ ਪਹਿਲੇ ਮੀਂਹ ਤੱਕ ਖੇਤੀ ਲਈ ਆਪਸ ’ਚ ਵੰਡ ਲਏ ਹਨ।
ਉਹਨੇ ਦੱਸਿਆ, "ਸਾਡੇ ਕੋਲ ਪਿੰਡ ’ਚ ਇੱਕ ਏਕੜ ਜ਼ਮੀਨ ਹੈ," ਪਰ ਇੱਥੇ ਖੇਤੀ ਕਰਨ ਨੂੰ ਉਹ ਤਰਜੀਹ ਦਿੰਦੇ ਹਨ।
"ਸਾਡੇ ਇੱਕ ਖੇਤ ਲਈ ਬੀਜ, ਖਾਦ, ਮਜ਼ਦੂਰੀ ਤੇ ਢੋਅ-ਢੁਆਈ ਦਾ ਖਰਚਾ ਕਰੀਬ 30,000 ਤੋਂ 40,000 ਰੁਪਏ ਪੈਂਦਾ ਹੈ। ਇਹਨਾਂ ਸਾਰੇ ਖਰਚਿਆਂ ਤੋਂ ਬਾਅਦ ਸਾਨੂੰ 50000 ਰੁਪਏ ਬਚ ਜਾਂਦੇ ਹਨ," ਕੁੰਤੀ ਨੇ ਦੱਸਿਆ।
ਘੁਮਿਆਰ (ਛੱਤੀਸਗੜ੍ਹ ’ਚ OBC) ਭਾਈਚਾਰੇ ਨਾਲ ਸਬੰਧ ਰੱਖਣ ਵਾਲੀ ਕੁੰਤੀ ਦੱਸਦੀ ਹੈ ਕਿ ਇਸ ਭਾਈਚਾਰੇ ਦਾ ਰਵਾਇਤੀ ਕੰਮ ਭਾਂਡੇ ਬਣਾਉਣਾ ਤੇ ਘੜਨਾ ਹੈ। ਦੀਵਾਲੀ ਤੇ ਪੋਲਾ ਦੇ ਤਿਉਹਾਰਾਂ ਵੇਲੇ ਕੁੰਤੀ ਭਾਂਡੇ ਬਣਾਉਂਦੀ ਹੈ। "ਮੈਨੂੰ ਘੁਮਿਆਰ ਦਾ ਕੰਮ ਜ਼ਿਆਦਾ ਪਸੰਦ ਹੈ ਪਰ ਇਹ ਮੈਂ ਸਾਰਾ ਸਾਲ ਨਹੀਂ ਕਰ ਸਕਦੀ," ਉਸਨੇ ਦੱਸਿਆ। ਪੋਲਾ, ਮਹਾਰਾਸ਼ਟਰ ਤੇ ਛੱਤੀਸਗੜ੍ਹ ਦੇ ਕਿਸਾਨਾਂ ਵੱਲੋਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਧੁਰਾ ਬਲਦ ਹੁੰਦੇ ਨੇ ਤੇ ਖੇਤੀ ’ਚ ਉਹਨਾਂ ਦੀ ਅਹਿਮ ਭੂਮਿਕਾ ਨੂੰ ਵੇਖਦੇ ਹੋਏ ਜਸ਼ਨ ਮਨਾਇਆ ਜਾਂਦਾ ਹੈ। ਇਹ ਆਮ ਤੌਰ ’ਤੇ ਅਗਸਤ ’ਚ ਮਨਾਇਆ ਜਾਂਦਾ ਹੈ।
*****
ਜਗਦੀਸ਼ ਚਕਰਾਧਾਰੀ 29 ਸਾਲਾ ਬੀਏ ਪਾਸ ਨੌਜਾਵਨ ਹੈ ਜੋ ਰਾਏਪੁਰ ਜ਼ਿਲ੍ਹੇ ਦੇ ਛੁਰਾ ਬਲਾਕ ਦੇ ਪਾਰਾਗਾਂਵ ਪਿੰਡ ’ਚ ਪੱਥਰ ਦੇ ਖਦਾਨ ’ਚ ਕੰਮ ਕਰਦਾ ਹੈ। ਉਸਨੇ ਚਾਰ ਕੁ ਸਾਲ ਪਹਿਲਾਂ ਆਪਣੀ ਆਮਦਨ ਵਧਾਉਣ ਲਈ ਦਰਿਆ ਦੇ ਤੱਟ ’ਤੇ ਆਪਣੇ ਪਰਿਵਾਰ ਦੇ ਹਿੱਸੇ ਆਉਂਦੀ ਜ਼ਮੀਨ ’ਤੇ ਕੰਮ ਕਰਨਾ ਸ਼ੁਰੂ ਕੀਤਾ। ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਹ ਆਪਣੀ ਪੜ੍ਹਾਈ ਦੇ ਦਿਨਾਂ ਤੋਂ ਹੀ ਖਦਾਨ ’ਚ ਕੰਮ ਕਰਦਾ ਆਇਆ ਹੈ, ਜਿਸਦੇ ਲਈ ਉਸਨੂੰ ਪ੍ਰਤੀ ਦਿਨ ਦੇ 250 ਰੁਪਏ ਮਿਲਦੇ ਹਨ।
ਉਸਦੇ ਪਿਤਾ, 55 ਸਾਲਾ ਸ਼ਤਰੂਘਨ ਚਕਰਾਧਾਰੀ ਤੇ ਮਾਂ, 50 ਸਾਲਾ ਦੁਲਾਰੀਬਾਈ ਚਕਰਾਧਾਰੀ ਅਤੇ 18 ਸਾਲਾ ਭੈਣ, ਤੇਜੱਸਵਰੀ ਵੀ ਮਹਾਂਨਦੀ ਦੇ ਖੇਤਾਂ ’ਚ ਕੰਮ ਕਰਦੇ ਹਨ। ਚਕਰਾਧਾਰੀ ਪਰਿਵਾਰ ਵੀ ਘੁਮਿਆਰ ਭਾਈਚਾਰੇ ’ਚੋਂ ਹੈ ਪਰ ਉਹ ਭਾਂਡੇ ਨਹੀਂ ਬਣਾਉਂਦੇ ਕਿਉਂਕਿ "ਮੈਨੂੰ ਇਸ ਕੰਮ ਤੋਂ ਕੋਈ ਜ਼ਿਆਦਾ ਆਮਦਨ ਨਹੀਂ ਹੁੰਦੀ," ਜਗਦੀਸ਼ ਦੱਸਦਾ ਹੈ।
40 ਸਾਲਾ ਇੰਦਰਾਮਨ ਚਕਰਾਧਾਰੀ ਵੀ ਪਾਰਾਗਾਂਵ ਦਾ ਇੱਕ ਘੁਮਿਆਰ ਹੈ। ਉਹ ਤਿਉਹਾਰਾਂ ਵੇਲੇ ਮਾਂ ਦੁਰਗਾ ਤੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਬਣਾਉਂਦਾ ਹੈ ਤੇ ਦੱਸਦਾ ਹੈ ਕਿ ਉਹ ਹਰ ਸਾਲ ਆਪਣੇ ਇਸ ਕੰਮ ਤੋਂ ਇੱਕ ਲੱਖ ਰੁਪਏ ਤੱਕ ਕਮਾ ਸਕਦਾ ਹੈ।
"ਮੈਂ ਨਹੀਂ ਚਾਹੁੰਦਾ ਕਿ ਮੇਰਾ ਬੇਟਾ ਮੇਰੇ ਵਾਂਗ ਕਿਸਾਨ ਬਣੇ। ਉਹ ਕੁਝ ਵੀ ਕਰਕੇ ਕੋਈ ਨੌਕਰੀ ਲੈ ਸਕਦਾ ਹੈ ਜਾਂ ਕੁਝ ਹੋਰ ਕਰ ਸਕਦਾ ਹੈ। ਉਹ ਗਿਆਰਵੀਂ ’ਚ ਪੜ੍ਹਦਾ ਹੈ ਤੇ ਕੰਪਿਊਟਰ ਚਲਾਉਣਾ ਸਿੱਖ ਰਿਹਾ ਹੈ। ਉਹ ਖੇਤ ’ਚ ਮਦਦ ਕਰਦਾ ਹੈ, ਪਰ ਖੇਤੀ ਦੀ ਕਮਾਈ ਨਾਲ ਇੱਕ ਵਿਅਕਤੀ ਦਾ ਹੀ ਗੁਜ਼ਾਰਾ ਹੋ ਸਕਦਾ ਹੈ," ਇੰਦਰਾਮਨ ਦੱਸਦੇ ਹਨ।
ਉਸਦੀ ਪਤਨੀ, ਰਮੇਸ਼ਵਰੀ ਚਕਰਾਧਾਰੀ ਖੇਤਾਂ ’ਚ ਕੰਮ ਕਰਦੀ ਹੈ ਤੇ ਭਾਂਡੇ ਅਤੇ ਮੂਰਤੀਆਂ ਵੀ ਬਣਾਉਂਦੀ ਹੈ: "ਵਿਆਹ ਤੋਂ ਬਾਅਦ ਮੈਂ ਦਿਹਾੜੀ ਮਜ਼ਦੂਰੀ ਕਰਦੀ ਸੀ। ਮੈਂ ਇਸਨੂੰ (ਖੇਤੀ) ਤਰਜੀਹ ਦਿੰਦੀ ਹਾਂ ਕਿਉਂਕਿ ਅਸੀਂ ਆਪਣੇ ਲਈ ਕੰਮ ਕਰ ਰਹੇ ਹਾਂ, ਕਿਸੇ ਹੋਰ ਲਈ ਨਹੀਂ।"
ਮਹਾਂਸਮੁੰਦ ਜ਼ਿਲ੍ਹੇ ਦੇ ਗੋਧਾਰੀ ਪਿੰਡ ਦੇ ਰਹਿਣ ਵਾਲੇ ਸ਼ਤਰੂਘਨ ਨਿਸ਼ਾਦ ਦਾ ਪਰਿਵਾਰ ਇਸ ਜਗ੍ਹਾ ਤਿੰਨ ਪੀੜ੍ਹੀਆਂ ਤੋਂ ਖੇਤੀ ਕਰ ਰਿਹਾ ਹੈ। ਇਸ 50 ਸਾਲਾ ਕਿਸਾਨ ਕੋਲ ਦਰਿਆ ਦਾ ਇੱਕ ਹਿੱਸਾ ਹੈ। "ਮਹਾਰਾਸ਼ਟਰ ਦਾ ਇੱਕ ਸ਼ਖਸ ਇੱਥੇ ਖਰਬੂਜੇ ਤੇ ਤਰਬੂਜ਼ ਉਗਾਉਂਦਾ ਸੀ ਅਤੇ ਅਸੀਂ ਉਸਦੇ ਖੇਤਾਂ ’ਚ ਮਜ਼ਦੂਰ ਦੇ ਤੌਰ ’ਤੇ ਕੰਮ ਕਰਦੇ ਸੀ। ਬਾਅਦ 'ਚ ਅਸੀਂ ਖ਼ੁਦ ਖੇਤੀ ਕਰਨ ਲੱਗੇ," ਉਸਨੇ ਦੱਸਿਆ।
"ਦਸੰਬਰ ’ਚ ਅਸੀਂ ਮਿੱਟੀ ’ਚ ਖਾਦ ਮਿਲਾਉਂਦੇ ਹਾਂ ਤੇ ਬੀਜ ਬੀਜਦੇ ਹਾਂ ਅਤੇ ਫਰਵਰੀ ’ਚ ਵਾਢੀ ਸ਼ੁਰੂ ਕਰਦੇ ਹਾਂ," ਸ਼ਤਰੂਘਨ ਨੇ ਦੱਸਿਆ ਜੋ ਚਾਰ ਮਹੀਨੇ ਇੱਥੇ ਖੇਤੀ ’ਚ ਲਾਉਂਦਾ ਹੈ।
ਸੂਬੇ ਦੀ ਰਾਜਧਾਨੀ ਰਾਏਪੁਰ ਦੀ ਥੋਕ ਸਬਜ਼ੀ ਮੰਡੀ ਇੱਥੋਂ 42 ਕਿਲੋਮੀਟਰ ਦੂਰ ਹੈ। ਅਰੰਗ ਬਲਾਕ ਦਾ ਹੈਡਕੁਆਟਰ ਹੈ ਅਤੇ ਮਹਿਜ਼ ਚਾਰ ਕਿਲੋਮੀਟਰ ਦੂਰ ਹੈ ਤੇ ਇਸ ਲਈ ਕਿਸਾਨ ਇਸ ਨੂੰ ਤਰਜੀਹ ਦਿੰਦੇ ਹਨ। ਜੋ ਕਿਸਾਨ ਇਹਨਾਂ ਜਗ੍ਹਾਵਾਂ ’ਤੇ ਸਮਾਨ ਭੇਜਦੇ ਨੇ, ਉਹ ਰੈਕ ਦੇ ਹਿਸਾਬ ਨਾਲ ਖਰਚਾ ਦਿੰਦੇ ਹਨ - ਰਾਏਪੁਰ ਲਈ ਇੱਕ ਰੈਕ ਦੀ ਕੀਮਤ 30 ਰੁਪਏ ਹੈ।
ਜੇ ਕਦੇ ਤੁਸੀਂ ਮਹਾਂਨਦੀ ਦੇ ਪੁਲ ਤੋਂ ਲੰਘੋ ਤਾਂ ਤੁਹਾਨੂੰ ਤਰਪਾਲਾਂ ਤੇ ਲੱਕੜ ਦੇ ਡੰਡਿਆਂ ਨਾਲ ਬਣਾਈਆਂ ਅਸਥਾਈ ਦੁਕਾਨਾਂ ’ਚ ਫਲ ਤੇ ਸਬਜ਼ੀ ਵੇਚਦੇ ਬਹੁਤ ਸਾਰੇ ਦਰਿਆਈ ਕਿਸਾਨ ਨਜ਼ਰ ਆ ਜਾਣਗੇ।
ਤਰਜਮਾ: ਅਰਸ਼ਦੀਪ ਅਰਸ਼ੀ