ਧੀ ਦੀ ਹਲੂਣ ਕੇ ਰੱਖ ਦੇਣ ਵਾਲ਼ੀ ਮੌਤ ਦੇ ਇਨ੍ਹਾਂ ਪੰਜ ਵਰ੍ਹਿਆਂ ਵਿੱਚ ਕਾਂਤਾ ਭੀਸੇ ਦੇ ਅੰਦਰਲੇ ਮੱਘਦੇ ਭੁੱਬਲ਼ ਨੇ ਉਨ੍ਹਾਂ ਨੂੰ ਬੋਲਣ ਦੇ ਮਾਮਲੇ ਵਿੱਚ ਫ਼ੈਸਲਾਕੁੰਨ ਬਣਾ ਦਿੱਤਾ ਹੈ। ''ਸਾਡੀ ਕੰਗਾਲ਼ੀ ਤੋਂ ਦੁਖੀ ਮੇਰੀ ਬੱਚੀ ਨੇ ਆਪਣੀ ਜਾਨ ਲੈ ਲਈ,'' ਕਾਂਤਾ ਕਹਿੰਦੀ ਹਨ, ਜਿਨ੍ਹਾਂ ਦੀ ਧੀ ਮੋਹਿਨੀ ਨੇ 20 ਜਨਵਰੀ 2016 ਨੂੰ ਖ਼ੁਦਕੁਸ਼ੀ ਕਰ ਲਈ ਸੀ।
ਜਦੋਂ ਮੋਹਿਨੀ ਦੀ ਮੌਤ ਹੋਈ ਤਦ ਉਹਦੀ ਉਮਰ 18 ਸਾਲ ਸੀ ਅਤੇ ਉਹ 12ਵੀਂ ਵਿੱਚ ਪੜ੍ਹਦੀ ਸੀ। ਮਹਾਂਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਭੀਸੇ ਵਾਘੋਲ਼ੀ ਪਿੰਡ ਦੀ ਰਹਿਣ ਵਾਲ਼ੀ 42 ਸਾਲਾ ਕਾਂਤਾ ਕਹਿੰਦੀ ਹਨ,''ਇਹ ਸਾਡੀ ਅਕਾਤੋਂ ਬਾਹਰੀ ਗੱਲ ਸੀ ਕਿ ਅਸੀਂ ਉਸ ਨੂੰ ਅੱਗੇ ਪੜ੍ਹਾ ਪਾਉਂਦੇ, ਇਸਲਈ ਅਸੀਂ ਉਹਦੇ ਵਿਆਹ ਵਾਸਤੇ ਮੁੰਡਾ ਲੱਭਣ ਲੱਗੇ।''
ਵਿਆਹ ਵਿੱਚ ਕਈ ਤਰ੍ਹਾਂ ਦੇ ਖਰਚੇ ਹੁੰਦੇ ਹਨ। ਕਾਂਤਾ ਅਤੇ ਉਨ੍ਹਾਂ ਦੇ 45 ਸਾਲਾ ਪਤੀ ਪਾਂਡੁਰੰਗ ਇਸ ਗੱਲ ਤੋਂ ਚਿੰਤਤ ਸਨ। ਕਾਂਤਾ ਕਹਿੰਦੀ ਹਨ,''ਮੈਂ ਅਤੇ ਮੇਰੇ ਪਤੀ, ਅਸੀਂ ਦੋਵੇਂ ਬਤੌਰ ਖੇਤ ਮਜ਼ਦੂਰ ਕੰਮ ਕਰਦੇ ਹਾਂ। ਸਾਨੂੰ ਇੰਝ ਜਾਪਿਆ ਜਿਵੇਂ ਅਸੀਂ ਮੋਹਿਨੀ ਦੇ ਵਿਆਹ ਲਈ ਲੋੜੀਂਦੀ ਪੈਸਿਆਂ ਦਾ ਜੁਗਾੜ ਨਹੀਂ ਕਰ ਪਾਵਾਂਗੇ। ਉਸ ਸਮੇਂ ਦਾਜ ਵਿੱਚ 1 ਲੱਖ ਰੁਪਏ ਲਏ ਜਾ ਰਹੇ ਸਨ।''
ਪਤੀ-ਪਤਨੀ ਪਹਿਲਾਂ ਹੀ 2.5 ਲੱਖ ਦਾ ਕਰਜ਼ਾ ਅਦਾ ਕਰਦੇ-ਕਰਦੇ ਦੂਹਰੇ ਹੁੰਦੇ ਜਾ ਰਹੇ ਸਨ, ਜੋ ਉਨ੍ਹਾਂ ਨੇ ਇੱਕ ਨਿੱਜੀ ਸ਼ਾਹੂਕਾਰ ਪਾਸੋਂ 5 ਫੀਸਦ ਪ੍ਰਤੀ ਮਹੀਨੇ ਦੀ ਵਿਆਜ ਦਰ ਨਾਲ਼ ਉਧਾਰ ਲਏ ਸੀ। ਇਹ ਕਰਜ਼ਾ ਉਨ੍ਹਾਂ ਨੇ 2013 ਵਿੱਚ ਆਪਣੀ ਧੀ ਅਸ਼ਵਨੀ ਦੇ ਵਿਆਹ ਲਈ ਚੁੱਕਿਆ ਸੀ। ਮੋਹਿਨੀ ਦੇ ਵਿਆਹ ਵਾਸਤੇ ਜ਼ਮੀਨ ਵੇਚਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ, ਜਿਹਦੇ ਬਦਲੇ ਉਨ੍ਹਾਂ ਨੂੰ 2 ਲੱਖ ਰੁਪਏ ਮਿਲਦੇ ਪਏ ਸਨ।
ਭੀਸੇ ਵਾਘੋਲੀ ਸਥਿਤ ਉਨ੍ਹਾਂ ਦੇ ਇੱਕ ਏਕੜ ਖੇਤ ਵਿੱਚ ਕਾਸ਼ਤ ਨਹੀਂ ਕੀਤੀ ਜਾ ਰਹੀ ਸੀ। ਕਾਂਤਾ ਖੋਲ੍ਹ ਕੇ ਦੱਸਦਿਆਂ ਕਹਿੰਦੀ ਹਨ,''ਇੱਥੇ ਪਾਣੀ ਦਾ ਕੋਈ ਸ੍ਰੋਤ ਨਹੀਂ ਹੈ ਅਤੇ ਸਾਡੇ ਇਲਾਕੇ ਵਿੱਚ ਸਦਾ ਸੋਕਾ ਹੀ ਪਿਆ ਰਹਿੰਦਾ ਹੈ।'' ਸਾਲ 2016 ਵਿੱਚ ਦੂਸਰਿਆਂ ਦੇ ਖੇਤਾਂ ਵਿੱਚ ਕੰਮ ਕਰਦਿਆਂ ਕਾਂਤਾ ਨੇ 150 ਰੁਪਏ ਦਿਹਾੜੀ ਤੇ ਪਾਂਡੁਰੰਗਨ 300 ਰੁਪਏ ਦਿਹਾੜੀ ਦੇ ਹਿਸਾਬ ਨਾਲ਼ ਕੰਮ ਕੀਤਾ। ਇਸ ਤਰ੍ਹਾਂ ਪੂਰੇ ਮਹੀਨੇ ਉਨ੍ਹਾਂ ਦੋਵਾਂ ਨੇ ਰਲ਼ ਕੇ 2000-2400 ਰੁਪਏ ਕਮਾਈ ਕੀਤੀ।



