ਸਾਲ ਦੇ ਪਹਿਲੇ ਛੇ ਮਹੀਨੇ ਮਦੁਰਈ ਜਿਲ੍ਹੇ ਦੇ ਟ੍ਰਾਂਸ-ਕਲਾਕਾਰਾਂ ਲਈ ਬੇਹੱਦ ਅਹਿਮ ਸਾਬਤ ਹੁੰਦੇ ਹਨ। ਇਸ ਦੌਰਾਨ, ਪਿੰਡ ਵਿੱਚ ਸਥਾਨਕ ਤਿਓਹਾਰਾਂ ਦਾ ਅਯੋਜਨ ਹੁੰਦਾ ਹੈ ਅਤੇ ਮੰਦਰ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਹਨ। ਪਰ ਤਾਲਾਬੰਦੀ ਦੌਰਾਨ ਵੱਡੇ ਜਨਤਕ ਇਕੱਠਾਂ 'ਤੇ ਲੱਗੀ ਪਾਬੰਦੀ ਨੇ ਤਮਿਲਨਾਡੂ ਦੀਆਂ ਲਗਭਗ 500 ਟ੍ਰਾਂਸ ਮਹਿਲਾ ਕਲਾਕਾਰਾਂ ਨੂੰ ਬੁਰੀ ਤਰ੍ਹਾਂ ਹਲੂਣ ਸੁੱਟਿਆ ਹੈ।
ਉਨ੍ਹਾਂ ਵਿੱਚੋਂ ਇੱਕ ਲੋਕ ਕਲਾਕਾਰ ਮੈਗੀ ਹਨ ਅਤੇ ਮਦੁਰਈ ਤੋਂ 10 ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਸਥਿਤ ਵਿਲਾਂਗੁਡੀ ਕਸਬੇ ਵਿੱਚ ਉਨ੍ਹਾਂ ਦਾ ਦੋ ਕਮਰਿਆਂ ਵਾਲ਼ਾ ਘਰ, ਹੋਰਨਾਂ ਮਹਿਲਾ ਟ੍ਰਾਂਸ ਕਲਾਕਾਰਾਂ ਵਾਸਤੇ ਠ੍ਹਾਰ ਬਣਿਆ ਹੋਇਆ ਹੈ। ਮੈਗੀ ਜਿਲ੍ਹੇ ਦੀਆਂ ਕੁਝ ਉਨ੍ਹਾਂ ਮਹਿਲਾ ਟ੍ਰਾਂਸਾਂ ਵਿੱਚੋਂ ਇੱਕ ਹਨ ਜੋ ਬਿਜਾਈ ਤੋਂ ਬਾਅਦ ਬੀਜ-ਫੁਟਾਲ਼ੇ ਦੇ ਮੌਕੇ ਪਰੰਪਰਾਗਤ ਜਸ਼ਨ ਕੁੰਮੀ ਪੱਟੂ ਵਿੱਚ ਪੇਸ਼ਕਾਰੀ ਕਰਦੀਆਂ ਹਨ। ਹਰ ਸਾਲ ਜੁਲਾਈ ਵਿੱਚ ਤਮਿਲਨਾਡੂ ਵਿੱਚ ਮਨਾਏ ਜਾਣ ਵਾਲ਼ੇ 10-ਦਿਨਾ ਮੁਲਾਈਪਰੀ ਉਤਸਵ ਦੌਰਾਨ, ਮੀਂਹ, ਮਿੱਟੀ ਦੇ ਉਪਜਾਊਪੁਣੇ ਅਤੇ ਚੰਗੇ ਝਾੜ ਲਈ ਦੇਵੀ ਦੇ ਸਾਹਮਣੇ ਇਹ ਗੀਤ ਅਰਦਾਸ ਵਜੋਂ ਗਾਇਆ ਜਾਂਦਾ ਹੈ।
ਉਨ੍ਹਾਂ ਦੇ ਦੋਸਤ ਅਤੇ ਸਹਿਕਰਮੀ ਸਾਰੇ ਹੀ ਇਨ੍ਹਾਂ ਗੀਤਾਂ 'ਤੇ ਨਾਚ ਕਰਦੇ ਹਨ। ਇਹ ਲੰਬੇ ਸਮੇਂ ਤੋਂ ਉਨ੍ਹਾਂ ਲਈ ਆਮਦਨੀ ਦਾ ਇੱਕ ਵਸੀਲਾ ਰਿਹਾ ਹੈ। ਪਰ, ਮਹਾਂਮਾਰੀ ਦੇ ਚੱਲਦਿਆਂ ਲੱਗੀ ਤਾਲਾਬੰਦੀ ਦੇ ਕਾਰਨ, ਇਹ ਉਤਸਵ ਜੁਲਾਈ 2020 ਵਿੱਚ ਅਯੋਜਿਤ ਨਹੀਂ ਕੀਤਾ ਗਿਆ ਅਤੇ ਇਸ ਮਹੀਨੇ ਵੀ ਸੰਭਵ ਨਹੀਂ ਹੋਇਆ (ਦੇਖੋ: ਮਦੁਰਈ ਦੇ ਟ੍ਰਾਂਸ ਲੋਕ ਕਲਾਕਾਰਾਂ ਦੀ ਦਰਦ ਭਰੀ ਦਾਸਤਾਨ)। ਉਨ੍ਹਾਂ ਦੀ ਆਮਦਨੀ ਦਾ ਦੂਸਰਾ ਪੱਕਾ ਵਸੀਲਾ ਵੀ ਠੱਪ ਹੋ ਗਿਆ ਜਿਸ ਵਿੱਚ ਉਹ ਮਦੁਰਈ ਅਤੇ ਉਹਦੇ ਨੇੜੇ-ਤੇੜੇ ਜਾਂ ਬੰਗਲੁਰੂ ਦੀਆਂ ਦੁਕਾਨਾਂ ਤੋਂ ਪੈਸਾ ਇਕੱਠਾ ਕਰਦੇ ਸਨ। ਇਨ੍ਹਾਂ ਕਾਰਨਾਂ ਕਰਕੇ ਤਾਲਾਬੰਦੀ ਦੌਰਾਨ ਉਨ੍ਹਾਂ ਦੀ ਮਹੀਨੇਵਾਰ ਆਮਦਨੀ ਜੋ 8,000 ਰੁਪਏ ਤੋਂ 10,000 ਰੁਪਏ ਹੁੰਦੀ ਸੀ, ਘੱਟ ਕੇ ਸਿਫ਼ਰ ਹੋ ਗਈ ਹੈ।







