ਯਸ਼ਵੰਤ ਗੋਵਿੰਦ ਇਸ ਗੱਲੋਂ ਖ਼ੁਸ਼ ਹਨ ਕਿ ਉਨ੍ਹਾਂ ਦੀ 10 ਸਾਲਾ ਧੀ ਸਾਤਿਕਾ ਸਕੂਲ ਜਾਂਦੀ ਹੈ। ਉਹ ਕਿਸੇ ਗ੍ਰਾਹਕ ਵੱਲੋਂ ਦਿੱਤੇ ਆਰਡਰ ਨੂੰ ਪੂਰਾ ਕਰਨ ਲਈ ਲੱਕੜ ਚੀਰਦਿਆਂ ਕਹਿੰਦੇ ਹਨ,''ਉਹ ਪੜ੍ਹਨ ਜਾਂਦੀ ਹੈ ਤੇ ਉਹਦੇ ਦੁਪਹਿਰ ਦੇ ਭੋਜਨ ਦਾ ਖ਼ਿਆਲ ਰੱਖਿਆ ਜਾਂਦਾ ਹੈ।'' ਗੱਲ ਜਾਰੀ ਰੱਖਦਿਆਂ ਉਹ ਅੱਗੇ ਕਹਿੰਦੇ ਹਨ,''ਸਾਤਿਕਾ ਸਿਰਫ਼ ਇੱਕ ਕੱਪ ਚਾਹ ਨਾਲ਼ ਹੀ ਦਿਨ ਦੀ ਸ਼ੁਰੂਆਤ ਕਰਦੀ ਹੈ। ਸਕੂਲ ਮਿਲ਼ੇ ਮਿਡ-ਡੇਅ-ਮੀਲ ਤੋਂ ਬਾਅਦ ਉਹ ਸਿਰਫ਼ ਰਾਤ ਨੂੰ ਹੀ ਖਾਣਾ ਖਾਂਦੀ ਹੈ। ਰਾਸ਼ਨ ਡਿਪੂ ਤੋਂ ਮਿਲ਼ਣ ਵਾਲ਼ੇ ਅਨਾਜ ਨਾਲ਼ ਹੀ ਘਰੇ ਰੋਟੀ ਪੱਕਦੀ ਹੈ। ਇਸ ਦਰਮਿਆਨ ਉਹ ਕੁਝ ਨਹੀਂ ਖਾਂਦੀ।
ਪਿੰਡ ਘੋਸਲੀ ਦੇ 47 ਸਾਲਾ ਵਾਸੀ ਗੋਵਿੰਦ ਕਹਿੰਦੇ ਹਨ,''ਰਾਸ਼ਨ ਦੀ ਦੁਕਾਨ ਤੋਂ ਸਾਨੂੰ 25 ਕਿਲੋ ਚੌਲ਼, 10 ਕਿਲੋ ਕਣਕ ਅਤੇ ਦੋ ਕਿਲੋ ਖੰਡ ਮਿਲ਼ਦੀ ਹੈ।'' ਬੋਲ਼ਦੇ ਵੇਲ਼ੇ ਵੀ ਉਹ ਆਪਣੀਆਂ ਨਜ਼ਰਾਂ ਆਪਣੇ ਕੰਮ 'ਤੇ ਹੀ ਗੱਡੀ ਰੱਖਦੇ ਹਨ। ਉਹ ਕਦੇ-ਕਦਾਈਂ ਤਰਖਾਣ ਦਾ ਕੰਮ ਕਰਦੇ ਹਨ ਤੇ ਕਦੇ-ਕਦਾਈਂ ਨਿਰਮਾਣ-ਥਾਵਾਂ 'ਤੇ ਦਿਹਾੜੀ ਲਾ ਲੈਂਦੇ ਹਨ। ਗੋਵਿੰਦ ਅਤੇ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੀ ਮੋਖਾੜਾ ਤਾਲੁਕਾ ਦੇ ਉਨ੍ਹਾਂ ਦੇ ਪਿੰਡ ਦੇ ਬਹੁਤੇਰੇ ਲੋਕੀਂ ਠਾਕਰ ਆਦਿਵਾਸੀ ਭਾਈਚਾਰੇ ਤੋਂ ਹਨ। ਉਹ ਦੱਸਦੇ ਹਨ,''ਸਾਡੇ ਪਰਿਵਾਰ ਵਿੱਚ ਸੱਤ ਲੋਕ ਹਨ। ਅਨਾਜ ਤਾਂ 15 ਦਿਨਾਂ ਵਿੱਚ ਹੀ ਮੁੱਕ ਜਾਂਦਾ ਹੈ।'' ਸਕੂਲੋਂ ਛੁੱਟੀਆਂ ਹੋਣ ਦੀ ਸੂਰਤ ਵਿੱਚ ਬੱਚੇ ਘਰੇ ਹੀ ਰੋਟੀ ਖਾਂਦੇ ਹਨ, ਸੋ ਅਨਾਜ ਹੋਰ ਛੇਤੀ ਮੁੱਕਣ ਲੱਗਦਾ ਹੈ।
ਗੋਵਿੰਦ ਵਾਂਗਰ, ਪਾਲਘਰ ਜ਼ਿਲ੍ਹੇ ਦੇ ਪਿੰਡੀਂ-ਥਾਈਂ ਰਹਿਣ ਵਾਲ਼ੇ ਕਾਫ਼ੀ ਸਾਰੇ ਮਾਪਿਆਂ ਲਈ ਉਨ੍ਹਾਂ ਦੇ ਬੱਚਿਆਂ ਨੂੰ ਮਿਲ਼ਣ ਵਾਲ਼ਾ ਮਿਡ-ਡੇਅ-ਮੀਲ ਹੀ ਉਨ੍ਹਾਂ ਦੇ ਬੱਚਿਆਂ ਦੇ ਪੜ੍ਹਾਈ ਜਾਰੀ ਰੱਖਣ ਦਾ ਮੁੱਖ ਕਾਰਕ ਬਣਦਾ ਹੈ। ਜ਼ਿਲ੍ਹੇ ਦੇ ਕਰੀਬ 30 ਲੱਖ ਲੋਕਾਂ ਵਿੱਚੋਂ, 11 ਲੱਖ ਤੋਂ ਵੱਧ ਲੋਕ ਆਦਿਵਾਸੀ ਭਾਈਚਾਰੇ ਦੇ ਹਨ (2011 ਦੀ ਮਰਦਮਸ਼ੁਮਾਰੀ ਮੁਤਾਬਕ)। ਇੱਥੋਂ ਦੇ ਕਈ ਪਰਿਵਾਰ, ਜਨਤਕ ਵੰਡ ਪ੍ਰਣਾਲੀ ਤਹਿਤ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਜਿਊਣ ਵਾਲ਼ੇ ਪਰਿਵਾਰਾਂ ਨੂੰ ਪ੍ਰਦਾਨ ਕੀਤੇ ਜਾਣ ਵਾਲ਼ੇ ਸਸਤੇ ਰਾਸ਼ਨ 'ਤੇ ਹੀ ਨਿਰਭਰ ਹਨ। ਗੋਵਿੰਦ ਕਹਿੰਦੇ ਹਨ,''ਘੱਟੋ-ਘੱਟ ਮੇਰੀ ਧੀ ਨੂੰ ਤਾਂ ਦੋ ਡੰਗ ਰੱਜਵਾਂ ਭੋਜਨ ਮਿਲ਼ ਹੀ ਜਾਂਦਾ ਹੈ।''







