ਖਾਂਡਵ ਵਣ
ਖਾਂਡਵ ਵਣ ਮੱਚ ਰਿਹਾ ਹੈ ਧਰਮਰਾਜ!
ਵਣ 'ਚੋਂ ਉੱਠਦਾ ਕਾਲ਼ਾ ਗਾੜ੍ਹਾ ਧੂੰਆਂ
ਸਾਡੀਆਂ ਨਾਸਾਂ ਵਿੱਚੋਂ ਦੀ ਹੁੰਦਾ ਹੋਇਆ
ਫੇਫੜਿਆਂ ਦੀਆਂ ਤਹਿਆਂ 'ਤੇ ਬਹਿੰਦਾ ਜਾਂਦਾ ਹੈ
ਹਿੰਸਕ ਪਸ਼ੂਆਂ ਵਾਂਗਰ...
ਹਨ੍ਹੇਰੇ ਵਿੱਚ ਚਮਕਦੀਆਂ
ਅੰਗਾਰਿਆਂ ਜਿਹੀਆਂ ਅੱਖਾਂ
ਮਾਰੇ ਸਹਿਮ ਦੇ ਸਾਡੀ ਸੰਘੀ ਨਪੀੜੀ ਜਾਂਦੀ
ਅਤੇ ਸਾਡੇ ਫੇਫੜੇ ਖੁਸ਼ਕ ਅੰਗੂਰਾਂ ਦੇ ਗੁੱਛਿਆਂ ਵਾਂਗਰ
ਕਾਲ਼ਾ, ਬੇਰੰਗਾ ਰਸ ਟਪਕਾਉਂਦੇ;
ਰਾਸ਼ਟਰ ਦਾ ਸਾਹ ਘੁਟੀਂਦਾ ਹੈ
ਯੋਗੀਰਾਜ!
ਖਾਂਡਵ ਵਣ ਮੱਚ ਰਿਹਾ ਹੈ!!
ਨਗਰ ਸੇਠਾਂ ਦੇ ਇਛੱਤ ਯਗਾਂ ਤੋਂ ਤ੍ਰਿਪਤ
ਰਾਜਿਆਂ ਦੀਆਂ ਵਾਸਨਾ ਭਰੀਆਂ ਭੇਟਾਂ
ਐ! ਬ੍ਰਾਹਮਣ ਦੀ ਦਿੱਖ ਵਾਲ਼ੇ ਵਿਅਕਤੀ ਅਗਨੀ ਨੂੰ
ਆਕਸੀਜਨ ਚਾਹੀਦੀ ਹੈ
ਆਪਣੀ ਜਵਾਨੀ ਨੂੰ ਧੜਕਾਉਣ ਵਾਸਤੇ;
ਉਹਨੂੰ ਤਾਜ਼ਾ ਰੁੱਖਾਂ ਦਾ ਲਹੂ ਚਾਹੀਦਾ ਹੈ
ਉਹ ਤਰਸਦਾ ਹੈ ਪਸ਼ੂ-ਚਮੜੀ ਦੀ ਗੰਧ ਖਾਤਰ
ਉਹਨੂੰ ਚਾਹੀਦੀ ਹੈ ਇਨਸਾਨੀ ਚੀਕ...
ਬਲ਼ਦੀਆਂ ਲੱਕੜਾਂ ਦੇ ਤਿੜਕਨ ਦੀ ਅਵਾਜ਼
'ਤਥਾਸਤੂ' ਕ੍ਰਿਸ਼ਨ ਬੋਲਿਆ
'ਸਮਝੋ ਕੰਮ ਹੋ ਗਿਆ: ਅਰਜੁਨ ਨੇ ਮੁੱਛ ਚਾੜ੍ਹੀ...
ਅਤੇ ਖਾਂਡਵ ਜੰਗਲ ਮੱਚ ਉੱਠਿਆ...
ਖਾਂਡਵ ਜੰਗਲ ਮੱਚ ਰਿਹਾ ਹੈ
ਯੋਗੇਸ਼ਵਰ!
ਸਾਹ ਲੈਣ ਲਈ ਭੱਜ ਰਹੇ ਹਨ
ਪਸ਼ੂ ਪੰਛੀ ਸਾਰੇ
ਖੰਭਾਂ ਤੋਂ ਨੋਚ ਕੇ ਚਿੜੀਆਂ ਨੂੰ ਵਾਪਸ ਲਪਟਾਂ ਵਿੱਚ ਵਗਾਹ ਮਾਰ ਰਿਹਾ ਹੈ ਅਗਨੀ ਦੇਵ;
ਭੀਲ, ਕੋਲ, ਕਿਰਾਤ, ਨਾਗ.. ਅਨਾਗਰਿਕ ਲੋਕ
ਇੱਕ ਕਤਰਾ ਆਕਸੀਜਨ ਲਈ ਹੱਥ ਪੈਰ ਮਾਰਦੇ ਜੰਗਲ ਤੋਂ ਬਾਹਰ ਭੱਜਦੇ ਹੋਏ-
ਤ੍ਰਾਹਿਮਾਮ!
ਬਚਾਓ! ਬਚਾਓ!
ਖਾਂਡਵ ਵਣ ਦੀ ਬਰੂਹ 'ਤੇ ਖੜ੍ਹਾ ਹੈ ਕ੍ਰਿਸ਼ਨ,
ਮਦਹੋਸ਼ ਅੱਖਾਂ ਦੇ ਨਾਲ਼,
ਖੜ੍ਹਾ ਹੈ ਅਰਜੁਨ ਡਿਊਟੀ ‘ਤੇ
ਅੱਗ ਤੋਂ ਬੱਚ ਕੇ ਭੱਜਦਿਆਂ ਨੂੰ
ਮੌਤ ਦੇ ਘਾਟ ਲਾਉਂਦਾ
ਵਾਪਸ ਅਗਨੀ ਕੁੰਡ ਵਿੱਚ ਵਗਾਹ ਮਾਰਦਾ...
ਸਾਨੂੰ ਆਕਸੀਜਨ ਬਖਸ਼ ਦਿਓ
ਮਹਾਂਭਾਰਤ ਦੇ ਜੇਤੂਓ
ਇਹ ਭਾਰਤ ਤੁਹਾਡਾ
ਇਹ ਮਹਾਂਭਾਰਤ ਤੁਹਾਡਾ
ਇਹ ਧਰਤੀ, ਇਹ ਧਨ- ਇਹ ਦੌਲਤ
ਇਹ ਧਰਮ, ਨੀਤੀ
ਬੀਤਿਆ-ਆਗਾਮੀ ਸਭ ਤੁਹਾਡਾ
ਸਾਨੂੰ ਤਾਂ ਬੱਸ ਇੱਕ ਸਿਲੰਡਰ ਆਕਸੀਜਨ ਦੇ ਦਿਓ
ਮਧੂਸੂਦਨ...
ਇਹ ਆਕਸੀਜਨ ਅੱਗ ਦਾ ਭੋਜਨ ਨਹੀਂ
ਸਾਡਾ ਜੀਵਨ ਹੈ
ਤੂੰ ਕਿਹਾ ਸੀ ਨਾ!
ਅੱਗ ਆਤਮਾ ਨੂੰ ਨਹੀਂ ਸਾੜ ਸਕਦੀ
ਪਰ ਇਹ ਵਣ ਸਾਡੀ ਆਤਮਾ ਸੀ ਅਤੇ
ਹੁਣ ਇਹ ਮੱਚ ਰਿਹਾ ਹੈ
ਖਾਂਡਵ ਵਣ ਮੱਚ ਰਿਹਾ ਹੈ
ਗੀਤੇਸ਼ਵਰ!
ਖਾਂਡਵ ਵਣ ਇੱਕ ਵਿਸ਼ਾਲ ਚਿਖਾ ਜਿਹਾ
ਧੂ-ਧੂ ਕਰ
ਮੱਚ ਰਿਹਾ ਹੈ!!



