''ਤੁਹਾਡੇ ਵਾਸਤੇ ਤਾਂ ਬੜਾ ਔਖ਼ਾ ਸਮਾਂ ਰਿਹਾ ਹੋਣਾ ਜਦੋਂ ਭਾਰਤ ਛੱਡੋ ਅੰਦੋਲਨ ਵਿੱਚ ਤੁਹਾਡੇ ਪਤੀ, ਬੈਦਯਨਾਥ ਨੂੰ 13 ਮਹੀਨਿਆਂ ਤੱਕ ਜੇਲ੍ਹ ਹੋਈ ਸੀ?'' ਪੁਰੂਲੀਆ ਦੀ ਭਬਾਨੀ ਮਾਹਾਤੋ ਤੋਂ ਮੈਂ ਸਹਿਜ-ਸੁਭਾਅ ਹੀ ਪੁੱਛ ਲਿਆ। ''ਇੰਨਾ ਵੱਡਾ ਟੱਬਰ ਪਾਲਣਾ ਅਤੇ...''
''ਜਦੋਂ ਉਹ ਘਰ ਵਾਪਸ ਆਇਆ ਤਾਂ ਹੀ ਹਾਲਾਤ ਔਖ਼ੇ ਹੋਏ,'' ਉਹ ਬੜੇ ਠਰ੍ਹੰਮੇ ਨਾਲ਼ ਕਹਿੰਦੀ ਹਨ ਪਰ ਉਨ੍ਹਾਂ ਦਾ ਸੁਰ ਦ੍ਰਿੜਤਾਪੂਰਵਕ ਸੀ। ''ਜੇਲ੍ਹ ਤੋਂ ਰਿਹਾਈ ਦਾ ਨਤੀਜਾ ਇਹ ਨਿਕਲ਼ਿਆ ਬਈ ਉਹ ਆਪਣੇ ਦੋਸਤਾਂ ਨੂੰ ਬੁਲਾਉਣ ਲੱਗਾ ਅਤੇ ਮੈਨੂੰ ਉਨ੍ਹਾਂ ਲਈ ਖਾਣਾ ਪਕਾਉਣਾ ਪੈਂਦਾ, ਉਹ ਆਉਂਦੇ ਅਤੇ ਬੜੇ ਮਜ਼ੇ ਨਾਲ਼ ਪੱਕਿਆ ਭੋਜਨ ਚੁੱਕ ਲਿਜਾਂਦੇ। ਕਦੇ ਕਦੇ ਉਹ 5, 10, 20 ਜਾਂ ਇਸ ਤੋਂ ਵੀ ਵੱਧ ਜਣੇ ਹੁੰਦੇ। ਮੇਰੇ ਅਰਾਮ ਦਾ ਇੱਕ ਇੱਕ ਪਲ ਵੀ ਸੂਲ਼ੀ ਟੰਗਿਆ ਗਿਆ।''
''ਠੀਕ ਹੈ, ਪਰ ਭਾਰਤ ਛੱਡੋ ਅੰਦੋਲਨ ਨਾਲ਼ ਤੁਹਾਡਾ ਜੁੜਾਅ...''
''ਮੇਰਾ ਉਸ ਸਭ ਨਾਲ਼ ਕੀ ਲੈਣਾ-ਦੇਣਾ ਸੀ?'' ਉਹ ਪੁੱਛਦੀ ਹਨ। ''ਘੋਲ਼ ਵਿੱਚ ਮੇਰੀ ਕੋਈ ਭੂਮਿਕਾ ਨਹੀਂ ਸੀ, ਮੇਰੇ ਪਤੀ ਬੈਦਯਨਾਥ ਮਾਹਾਤੋ ਹੀ ਸਾਰਾ ਕੁਝ ਕਰਦੇ। ਮੈਂ ਤਾਂ ਐਡੇ ਵੱਡੇ ਟੱਬਰ ਦੀ ਦੇਖਭਾਲ਼ ਕਰਨ ਵਿੱਚ ਹੀ ਰੁੱਝੀ ਰਹਿੰਦੀ, ਤੁਸੀਂ ਖ਼ੁਦ ਸੋਚੋ ਮੈਨੂੰ ਕਿੰਨਾ ਖਾਣਾ ਪਕਾਉਣਾ ਪੈਂਦਾ ਅਤੇ ਖਾਣਾ ਪਕਾਉਣ ਦਾ ਇਹ ਕੰਮ ਹਰ ਆਉਂਦੇ ਦਿਨ ਵੱਧਦਾ ਹੀ ਜਾਂਦਾ! ਮੈਨੂੰ ਚੇਤੇ ਹੈ ਮੈਂ ਖੇਤਾਂ ਦਾ ਕੰਮ ਵੀ ਸਾਂਭਦੀ ਹੁੰਦੀ ਸਾਂ,'' ਭਬਾਨੀ ਕਹਿੰਦੀ ਹਨ।
ਇਹ ਸੁਣ ਅਸੀਂ ਨਿੰਮੋਝੂਣੇ ਹੋਣ ਲੱਗੇ। ਨਿਰਾਸ਼ਾ ਨਾਲ਼ ਸਾਡੇ ਚਿਹਰੇ ਲਮਕ ਗਏ। ਜੀਵਤ ਬਚੇ ਅਜ਼ਾਦੀ ਘੁਲ਼ਾਟੀਆਂ ਦੀ ਆਪਣੀ ਇਸ ਭਾਲ਼ ਵਿੱਚ ਅਸੀਂ ਪੱਛਮ ਬੰਗਾਲ ਤੋਂ ਲੰਬੀ ਦੂਰੀ ਤੈਅ ਕਰਕੇ ਦੇਖੋ ਇਸ ਬੀਹੜ ਇਲਾਕੇ ਵਿੱਚ ਕਿੰਨੀ ਅੰਦਰ ਤੱਕ ਆ ਗਏ ਸਾਂ। ਅਸੀਂ ਮਾਨਬਜ਼ਾਰ I ਬਲਾਕ ਦੇ ਚੇਪੂਆ ਪਿੰਡ ਵਿਖੇ ਅਪੜਨ ਲਈ ਕਿੰਨਾ ਪੈਂਡਾ ਮਾਰਿਆ ਅਤੇ ਸਾਡੀ ਝੋਲ਼ੀ ਪਿਆ ਵੀ ਤਾਂ ਕੀ... ਇੱਕ ਅਜਿਹਾ ਮਹਾਨ ਇਨਸਾਨ ਜੋ ਉਸ ਇਤਿਹਾਸਕ ਘੋਲ਼ ਵਿੱਚ ਆਪਣੀ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਨੂੰ ਨਕਾਰ ਰਿਹਾ ਸੀ, ਉਹੀ ਘੋਲ਼ ਜਿਹਨੇ ਭਾਰਤ ਨੂੰ ਅਜ਼ਾਦੀ ਦਵਾਈ ਸੀ।
ਭਬਾਨੀ ਮਾਹਾਤੋ, ਜਿਨ੍ਹਾਂ ਦੀ ਉਮਰ ਦੇ 101 ਜਾਂ 104 ਸਾਲਾਂ ਵਿਚਾਲ਼ੇ ਹੈ, ਬੜੀ ਹੀ ਸਪੱਸ਼ਟਤਾ ਅਤੇ ਫ਼ੈਸਲਾਕੁੰਨ ਤਰੀਕੇ ਨਾਲ਼ ਆਪਣੀ ਗੱਲ ਰੱਖਦੀ ਹਨ। ਇਨ੍ਹਾਂ ਬੀਹੜ ਪੇਂਡੂ ਇਲਾਕਿਆਂ ਵਿੱਚ ਜਿੱਥੇ ਗ਼ਰੀਬ ਲੋਕਾਂ ਦੀ ਉਮਰ ਨੂੰ ਲੈ ਕੇ ਦਸਤਾਵੇਜੀਕਰਨ ਕਰਨਾ ਆਪਣੇ ਆਪ ਵਿੱਚ ਕਾਫ਼ੀ ਮੁਸ਼ਕਲਾਂ ਭਰਿਆ ਕੰਮ ਹੁੰਦਾ ਹੈ, ਉੱਥੇ ਹੀ ਇੱਕ ਸਦੀ ਪਹਿਲਾਂ, ਜਦੋਂ ਉਹ ਪੈਦਾ ਹੋਈ, ਉਮਰਾਂ ਨੂੰ ਕੌਣ ਚੇਤੇ ਰੱਖਦਾ ਸੀ। ਪਰ ਭਬਾਨੀ ਦੀ ਉਮਰ ਨੂੰ ਲੈ ਕੇ ਸਾਡੀ ਥਾਹ ਪਾਉਣ ਦੀ ਇੱਛਾ ਆਪਣੇ ਮੁਕਾਮ 'ਤੇ ਪਹੁੰਚਣ ਲੱਗੀ। ਪਹਿਲਾ ਕਿਆਸ ਉਨ੍ਹਾਂ ਦੇ ਮਰਹੂਮ ਪਤੀ ਦੇ ਦਸਤਾਵੇਜਾਂ ਅਤੇ ਉਨ੍ਹਾਂ (ਭਬਾਨੀ) ਦੇ ਇਸ ਵੱਡੇ ਟੱਬਰ ਦੇ ਕੁਝ ਮੈਂਬਰਾਂ ਦੀ ਗੱਲਬਾਤ ਤੋਂ ਲੱਗਾ, ਖ਼ਾਸ ਕਰਕੇ ਉਨ੍ਹਾਂ ਦਾ ਬੇਟੇ ਪਾਸੋਂ, ਜੋ 70 ਸਾਲਾਂ ਦੇ ਹਨ। ਆਪਣੇ ਕਿਆਸ ਨੂੰ ਪੁਖਤਾ ਕਰਨ ਲਈ ਅਸੀਂ ਉਮਰ ਵਿੱਚ ਛੋਟੇ ਉਨ੍ਹਾਂ ਦੇ ਸਮਕਾਲੀਆਂ ਨੂੰ ਮਿਲ਼ਣ ਲਈ ਪੁਰੂਲੀਆ ਦੇ ਕੁਝ ਪਿੰਡਾਂ ਵਿੱਚ ਜਾਣ ਵਾਲ਼ੇ ਵੀ ਹਾਂ।
ਸਾਡੀ ਤਫ਼ਤੀਸ਼ ਦਾ ਇਹ ਤਰੀਕਾ, ਅਧਾਰ ਕਾਰਡਾਂ ਦੀ ਬੇਕਾਰ ਪ੍ਰਣਾਲੀ ਦੀ ਉਸ ਗਣਨਾ ਨਾਲ਼ੋਂ ਕਈ ਦਰਜ਼ੇ ਚੰਗਾ ਹੈ ਜਿੱਥੇ ਇਸ ਪੀੜ੍ਹੀ ਦੇ ਬਜ਼ੁਰਗਾਂ ਦੀ ਉਮਰ ਆਪਣੀ ਮਨਮਰਜ਼ੀ ਨਾਲ਼ ਝਰੀਟ ਦਿੱਤੀ ਜਾਂਦੀ ਹੈ। ਸੋ ਇਸ ਤਫ਼ਤੀਸ਼ ਦੇ ਨਤੀਜੇ ਵਜੋਂ ਭਬਾਨੀ ਦਾ ਜਨਮ ਸਾਲ 1925 ਨਿਕਲ਼ਿਆ। ਇਸ ਹਿਸਾਬ ਨਾਲ਼ ਉਹ 97 ਵਰ੍ਹਿਆਂ ਦੀ ਹੋਈ।
ਉਨ੍ਹਾਂ ਦੇ ਪਰਿਵਾਰ ਮੁਤਾਬਕ ਉਹ 104 ਸਾਲਾਂ ਦੀ ਹਨ।









