ਸ਼ੀਲਾ ਵਾਘਮਾਰੇ ਨੂੰ ਚੰਗੀ ਨੀਂਦ ਆਇਆਂ ਜਿਵੇਂ ਵਰ੍ਹੇ ਹੀ ਲੰਘ ਗਏ।
''ਮੈਂ ਰਾਤ ਨੂੰ ਸੌਂ ਨਹੀਂ ਸਕਦੀ... ਸਾਲੋ-ਸਾਲ ਲੰਘ ਗਏ,'' 33 ਸਾਲਾ ਸ਼ੀਲਾ ਕਹਿੰਦੀ ਹਨ, ਜੋ ਭੁੰਜੇ ਵਿਛੀ ਗੋਧਾੜੀ 'ਤੇ ਆਡੀਆਂ ਲੱਤਾਂ ਕਰੀ ਬੈਠੀ ਹਨ, ਉਨ੍ਹਾਂ ਦੀਆਂ ਅੱਖਾਂ ਦੇ ਲਾਲ ਡੋਰੇ ਡੂੰਘੀ ਪੀੜ੍ਹ ਬਿਆਨ ਕਰ ਰਹੇ ਹਨ। ਉਨ੍ਹਾਂ ਲਈ ਰਾਤ ਲੰਘਾਉਣੀ ਬਹੁਤ ਔਖ਼ੀ ਹੈ, ਉਨ੍ਹਾਂ ਦਾ ਸਰੀਰ ਪੀੜ੍ਹ ਨਾਲ਼ ਵਲ਼ੇਵੇਂ ਖਾਂਦਾ ਹੈ ਅਤੇ ਸਾਰੀ ਸਾਰੀ ਰਾਤ ਆਪਣੇ ਆਪ ਨੂੰ ਘੁੱਟਦੀ ਹੀ ਰਹਿੰਦੀ ਹਨ। ''ਮੇਰੀ ਸਾਰੀ ਰਾਤ ਰੋਂਦਿਆਂ ਹੀ ਨਿਕਲ਼ਦੀ ਹੈ। ਇੰਝ ਜਾਪਦਾ ਹੈ... ਜਿਵੇਂ, ਜਿਵੇਂ ਮੇਰਾ ਸਾਹ ਘੁੱਟੀਦਾ ਹੋਵੇ।''
ਸ਼ੀਲਾ, ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਬੀਡ ਸ਼ਹਿਰ ਤੋਂ ਕੋਈ 10 ਕਿਲੋਮੀਟਰ ਦੂਰ ਰਾਜੁਰੀ ਘੋੜਕਾ ਪਿੰਡ ਦੇ ਬਾਹਰਵਾਰ ਹੀ ਰਹਿੰਦੀ ਹਨ। ਇੱਟਾਂ ਦੇ ਬਣੇ ਆਪਣੇ ਦੋ ਕਮਰਿਆਂ ਦੇ ਘਰ ਅੰਦਰ ਰਾਤੀਂ ਜਦੋਂ ਉਹ ਸੌਂਦੀ ਹਨ, ਉਨ੍ਹਾਂ ਦੇ ਪਤੀ ਮਾਨਿਕ ਅਤੇ ਉਨ੍ਹਾਂ ਦੇ ਤਿੰਨੋਂ ਬੱਚੇ- ਕਾਰਤਿਕ, ਬਾਬੂ ਅਤੇ ਰੁਤੁਜਾ ਉਨ੍ਹਾਂ ਦੇ ਨਾਲ਼ ਹੀ ਪੈਂਦੇ ਹਨ। ਸ਼ੀਲਾ ਕਹਿੰਦੀ ਹਨ,''ਸੁੱਤੇਸਿੱਧ ਨਿਕਲ਼ਦੀਆਂ ਮੇਰੀਆਂ ਹੂਕਾਂ ਬਾਕੀਆਂ ਨੂੰ ਵੀ ਜਗਾ ਦਿੰਦੀਆਂ ਹਨ। ਫਿਰ ਮੈਂ ਕੱਸ ਕੇ ਅੱਖਾਂ ਮੀਟੀ ਬੱਸ ਸੌਣ ਦੀ ਕੋਸ਼ਿਸ਼ ਕਰਦੀ ਹਾਂ।''
ਪਰ ਨੀਂਦ ਫਿਰ ਵੀ ਨਹੀਂ ਆਉਂਦੀ ਅਤੇ ਨਾ ਹੀ ਮੇਰੇ ਹੰਝੂ ਰੁੱਕਦੇ ਹਨ।
''ਮੈਂ ਹਮੇਸ਼ਾਂ ਬੁਝੀ-ਬੁਝੀ ਅਤੇ ਖਿੱਝੀ-ਖਿੱਝੀ ਰਹਿੰਦੀ ਹਾਂ,'' ਸ਼ੀਲਾ ਕਹਿੰਦੀ ਹਨ। ਇੰਨਾ ਕਹਿ ਉਹ ਚੁੱਪ ਹੋ ਜਾਂਦੀ ਹਨ ਅਤੇ ਫਿਰ ਖਿਝੀ ਅਵਾਜ਼ ਵਿੱਚ ਕਹਿੰਦੀ ਹਨ,''ਇਹ ਸਾਰਾ ਸਿਆਪਾ ਮੇਰੀ ਪਿਸ਼ਵੀ (ਬੱਚੇਦਾਨੀ) ਕੱਢਣ ਤੋਂ ਬਾਅਦ ਸ਼ੁਰੂ ਹੋਇਆ। ਇਹਨੇ ਮੇਰੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ।'' 2008 ਵਿੱਚ ਜਦੋਂ ਉਨ੍ਹਾਂ ਦੀ ਬੱਚੇਦਾਨੀ ਕੱਢੀ ਗਈ, ਉਹ ਮਹਿਜ 20 ਸਾਲਾਂ ਦੀ ਸਨ। ਉਦੋਂ ਤੋਂ ਹੀ ਉਹ ਡੂੰਘੀ ਉਦਾਸੀ, ਰਾਤ ਦੇ ਅਨੀਂਦਰੇ, ਖਿਝਵੇਂ ਰਵੱਈਏ ਅਤੇ ਸਰੀਰ ਦੁਖਣ ਦੀਆਂ ਪਰੇਸ਼ਾਨੀਆਂ ਤੋਂ ਪੀੜਤ ਹਨ, ਜੋ ਬਾਅਦ ਵਿੱਚ ਕਦੇ ਠੀਕ ਹੀ ਨਹੀਂ ਹੋਈਆਂ।
''ਕਈ ਵਾਰੀਂ ਮੈਂ ਬੱਚਿਆਂ 'ਤੇ ਐਵੇਂ ਹੀ ਖਿੱਝ ਜਾਂਦੀ ਹਾਂ। ਭਾਵੇਂ ਉਹ ਪਿਆਰ ਨਾਲ਼ ਹੀ ਕੁਝ ਮੰਗਦੇ ਕਿਉਂ ਨਾ ਹੋਣ, ਮੈਂ ਉਨ੍ਹਾਂ 'ਤੇ ਵਰ੍ਹ ਹੀ ਜਾਂਦੀ ਹਾਂ। ਮੈਂ ਬੜੀ ਕੋਸ਼ਿਸ਼ ਕਰਦੀ ਹਾਂ। ਮੈਂ ਸੱਚਿਓ ਹੀ ਕੋਸ਼ਿਸ਼ ਕਰਦਾ ਹਾਂ ਕਿ ਨਾ ਖਿਝਾਂ। ਪਰ ਮੈਨੂੰ ਵੀ ਨਹੀਂ ਪਤਾ ਮੈਂ ਇੰਝ ਕਿਵੇਂ ਕਰ ਜਾਂਦੀ ਹਾਂ,'' ਬੇਵੱਸ ਹੋਈ ਪਈ ਸ਼ੀਲਾ ਕਹਿੰਦੀ ਹਨ।
12 ਵਰ੍ਹਿਆਂ ਦੇ ਉਮਰੇ ਉਨ੍ਹਾਂ ਦਾ ਮਾਨਿਕ ਨਾਲ਼ ਵਿਆਹ ਹੋਇਆ ਅਤੇ 18 ਵਰ੍ਹਿਆਂ ਦੀ ਹੁੰਦੀ ਹੁੰਦੀ ਸ਼ੀਲਾ 3 ਬੱਚਿਆਂ ਦੀ ਮਾਂ ਬਣ ਗਈ ਸਨ।
ਉਹ ਅਤੇ ਮਾਨਿਕ ਵੀ ਉਨ੍ਹਾਂ 8 ਲੱਖ ਦੇ ਕਰੀਬ ਓਸ-ਤੋੜ ਕਾਮਗਾਰਾਂ (ਕਮਾਦ ਵੱਢਣ ਵਾਲ਼ਿਆਂ) ਵਿੱਚੋਂ ਇੱਕ ਹਨ, ਜੋ ਗੰਨੇ ਦੀ ਵਾਢੀ ਦੇ 6 ਮਹੀਨਿਆਂ ਦੇ ਮੌਸਮ ਦੌਰਾਨ ਮਰਾਠਵਾੜਾ ਇਲਾਕੇ ਤੋਂ ਪਲਾਇਨ (ਮੌਸਮੀ) ਕਰਦੇ ਹਨ ਅਤੇ ਅਕਤੂਬਰ ਤੋਂ ਮਾਰਚ ਤੱਕ ਪੱਛਮੀ ਮਹਾਰਾਸ਼ਟਰ ਅਤੇ ਕਰਨਾਟਕ ਦੇ ਕਮਾਦ ਖੇਤਾਂ ਵਿੱਚ ਬਿਤਾਉਂਦੇ ਹਨ ਅਤੇ ਉੱਥੇ ਹੀ ਕੰਮ ਕਰਦੇ ਹਨ। ਬਾਕੀ ਰਹਿੰਦੇ ਸਾਲ ਵਿੱਚ, ਮਾਨਿਕ ਅਤੇ ਸ਼ੀਲਾ- ਜਿਨ੍ਹਾਂ ਕੋਲ਼ ਆਪਣੀ ਜ਼ਮੀਨ ਨਹੀਂ ਹੈ, ਆਪਣੇ ਪਿੰਡ ਜਾਂ ਗੁਆਂਢੀ ਪਿੰਡਾਂ ਵਿਖੇ ਹੀ ਹੋਰਨਾਂ ਲੋਕਾਂ ਦੇ ਖੇਤਾਂ ਵਿੱਚ ਖੇਤ ਮਜ਼ਦੂਰੀ ਕਰਦੇ ਹਨ। ਉਹ ਨਵ ਬੁੱਧਾ (ਨਿਓ ਬੁਧਿਸ਼ਟ) ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ।
ਬੱਚੇਦਾਨੀ ਕੱਢੇ ਜਾਣ ਤੋਂ ਬਾਅਦ ਸ਼ੀਲਾ ਜੋ ਮਹਿਸੂਸ ਕਰਦੀ ਹਨ, ਉਹ ਸਮੱਸਿਆਵਾਂ ਇਸ ਇਲਾਕੇ ਦੀਆਂ ਹੋਰਨਾਂ ਔਰਤਾਂ ਲਈ ਕੋਈ ਅਲੋਕਾਰੀ ਗੱਲ ਨਹੀਂ। ਸੂਬਾ ਸਰਕਾਰ ਦੁਆਰਾ 2019 ਵਿੱਚ ਬੀਡ ਵਿਖੇ ਕਮਾਦ ਵੱਢਣ ਵਾਲ਼ੀਆਂ ਔਰਤ ਮਜ਼ਦੂਰਾਂ ਦਰਮਿਆਨ ਆਮ ਤੋਂ ਵੀ ਵੱਧ ਗਿਣਤੀ ਵਿੱਚ ਹਿਸਟਰੇਕਟੋਮੀ ਦੀ ਜਾਂਚ ਕਰਨ ਲਈ ਸਥਾਪਤ 7 ਮੈਂਬਰੀ ਕਮੇਟੀ ਨੇ ਆਪਣੀ ਜਾਂਚ ਵਿੱਚ ਦੇਖਿਆ ਕਿ ਇਨ੍ਹਾਂ ਔਰਤਾਂ ਵਿੱਚ ਮਨੋਵਿਗਿਆਨਕ ਪਰੇਸ਼ਾਨੀ ਇੱਕ ਆਮ ਗੱਲ ਸੀ।
ਮਹਾਰਾਸ਼ਟਰ ਵਿਧਾਨ ਪਰਿਸ਼ਦ ਦੀ ਉਸ ਵੇਲ਼ੇ ਦੀ ਡਿਪਟੀ ਸਪੀਕਰ ਡਾ. ਨੀਲਮ ਗੋਰਹੇ ਦੀ ਪ੍ਰਧਾਨਗੀ ਵਿੱਚ, ਕਮੇਟੀ ਨੇ ਜੂਨ-ਜੁਲਾਈ 2019 ਵਿੱਚ ਸਰਵੇਖਣ ਕੀਤਾ ਅਤੇ ਜ਼ਿਲ੍ਹੇ ਦੀਆਂ 82,309 ਉਨ੍ਹਾਂ ਔਰਤਾਂ ਨੂੰ ਕਵਰ ਕੀਤਾ ਜਿਨ੍ਹਾਂ ਨੇ ਭਾਵੇਂ ਇੱਕ ਵਾਰੀ ਹੀ ਸਹੀ ਕਮਾਦ ਦੀ ਵਾਢੀ ਲਈ ਪ੍ਰਵਾਸ ਕੀਤਾ ਸੀ। ਇਸ ਕਮੇਟੀ ਦੇ ਦੇਖਿਆ ਕਿ 13,861 ਔਰਤਾਂ ਜਿਨ੍ਹਾਂ ਦੀ ਹਿਸਟਰੇਕਟੋਮੀ ਹੋਈ ਹੋਈ ਸੀ, ਵਿੱਚੋਂ 45 ਫ਼ੀਸਦ ਭਾਵ 6,314 ਔਰਤਾਂ ਅਜਿਹੀਆਂ ਸਨ ਜਿਨ੍ਹਾਂ ਨੇ ਇਸ (ਹਿਸਟਰੇਕਟੋਮੀ) ਤੋਂ ਬਾਅਦ ਅਨੀਂਦਰੇ, ਉੱਚਾਟ ਮੂਡ ਅਤੇ ਖਲਾਅਵਾਦੀ ਵਿਚਾਰਾਂ ਅਤੇ ਜੋੜ-ਜੋੜ ਦੁਖਣ ਅਤੇ ਲੱਕ ਟੁੱਟਣ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ।
ਹਿਸਟਰੇਕਟੋਮੀ ਇੱਕ ਬਹੁਤ ਹੀ ਗੁੰਝਲਦਾਰ ਪ੍ਰਕਿਰਿਆ ਹੈ ਜਿਸ ਤੋਂ ਬਾਅਦ ਔਰਤਾਂ ਨੂੰ ਸਿਹਤ ਸਬੰਧੀ ਥੋੜ੍ਹ-ਚਿਰੇ ਅਤੇ ਚਿਰੋਕਣੇ ਨਤੀਜੇ ਭੁਗਤਣੇ ਪੈਂਦੇ ਹਨ, ਵੀ.ਐੱਨ. ਦੇਸਈ ਕਾਰਪੋਰੇਸ਼ਨ ਜਨਰਲ ਹਸਪਤਾਲ, ਮੁੰਬਈ ਵਿਖੇ ਜਨਾਨਾ ਰੋਗ ਮਾਹਰ ਅਤੇ ਸਲਾਹਕਾਰ ਡਾ. ਕੋਮਲ ਚਵਨ ਕਹਿੰਦੀ ਹਨ। ''ਡਾਕਟਰੀ ਭਾਸ਼ਾ ਵਿੱਚ, ਇਸ ਪ੍ਰਕਿਰਿਆ ਨੂੰ ਅਸੀਂ ਸਰਜੀਕਲ ਮੇਨੋਪਾਜ (ਓਪਰੇਸ਼ਨ ਕਰਕੇ ਮਾਹਵਾਰੀ ਰੋਕਣਾ) ਕਹਿੰਦੇ ਹਾਂ,'' ਡਾ. ਚਵਨ ਅੱਗੇ ਕਹਿੰਦੀ ਹਨ।
ਸਰਜਰੀ ਤੋਂ ਬਾਅਦ ਵਾਲ਼ੇ ਸਾਲਾਂ ਵਿੱਚ, ਸ਼ੀਲਾ ਨੂੰ ਲੱਗੇ ਰੋਗਾਂ ਦੀ ਸੂਚੀ ਲੰਬੀ ਹੁੰਦੀ ਚਲੀ ਗਈ, ਉਨ੍ਹਾਂ ਨੂੰ ਜੋੜਾਂ ਦਾ ਦਰਦ, ਸਿਰ-ਦਰਦ, ਲੱਕ-ਟੁੱਟਣ ਅਤੇ ਨਿਰੰਤਰ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ। ''ਹਰ ਦੂਜੇ-ਤੀਜੇ ਦਿਨ ਮੈਨੂੰ ਦਰਦ ਛੁੱਟ ਪੈਂਦਾ ਹੈ,'' ਉਹ ਕਹਿੰਦੀ ਹਨ।
ਦਰਦ-ਨਿਵਾਰਕ ਮਲ੍ਹਮਾਂ ਅਤੇ ਗੋਲ਼ੀਆਂ ਚੰਦ ਪਲਾਂ ਦੀ ਰਾਹਤ ਦਿੰਦੀਆਂ ਹਨ। ''ਦੇਖੋ, ਇਹ ਕਰੀਮ ਮੈਂ ਆਪਣੇ ਗੋਡਿਆਂ ਅਤੇ ਲੱਕ 'ਤੇ ਮਲ਼ਦੀ ਹਾਂ। ਇੱਕ ਮਹੀਨੇ 'ਚ ਮੈਂ ਦੋ ਟਿਊਬਾਂ ਮੁਕਾ ਲੈਂਦੀ ਹਾਂ,'' ਡਿਕਲੋਫ਼ੈਂਸ਼ ਜੈਲ ਦੀ ਟਿਊਬ ਦਿਖਾਉਂਦਿਆਂ ਉਹ ਕਹਿੰਦੀ ਹਨ, ਜਿਹਦੀ ਕੀਮਤ 166 ਰੁਪਏ ਹੈ। ਡਾਕਟਰ ਨੇ ਖਾਣ ਵਾਸਤੇ ਕੁਝ ਗੋਲ਼ੀਆਂ ਵੀ ਦਿੱਤੀਆਂ ਹਨ। ਬਾਕੀ ਥਕਾਵਟ ਤੋਂ ਛੁਟਕਾਰੇ ਵਾਸਤੇ ਉਹ ਮਹੀਨੇ ਵਿੱਚ ਦੋ ਵਾਰ ਗੁਲੋਕੋਜ਼ ਵੀ ਲਵਾਉਂਦੀ ਹਨ।
ਉਨ੍ਹਾਂ ਦੇ ਘਰ ਤੋਂ ਕਿਲੋਮੀਟਰ ਦੂਰ ਇਸ ਨਿੱਜੀ ਕਲੀਨਿਕ ਵਿਖੇ ਦਵਾਈ ਲੈਣ ਅਤੇ ਡਾਕਟਰ ਨੂੰ ਮਿਲ਼ਣ ਵਾਸਤੇ ਉਨ੍ਹਾਂ ਨੂੰ ਹਰ ਮਹੀਨੇ 1,000-2,000 ਰੁਪਏ ਖਰਚਣੇ ਪੈਂਦੇ ਹਨ। ਬੀਡ ਦਾ ਸਰਕਾਰੀ ਹਸਪਤਾਲ ਉਨ੍ਹਾਂ ਦੇ ਘਰੋਂ 10 ਕਿਲੋਮੀਟਰ ਦੂਰ ਹੈ, ਇਸਲਈ ਹਸਪਤਾਲ ਜਾਣ ਦੀ ਬਜਾਇ ਉਹ ਨੇੜਲੀ ਕਲੀਨਿਕ ਜਾਣ ਨੂੰ ਹੀ ਤਰਜੀਹ ਦਿੰਦੀ ਹਨ। ਉਹ ਕਹਿੰਦੀ ਹਨ,''ਗਾੜੀ ਘੋੜਾ (ਟਾਂਗਾ) 'ਤੇ ਹੋਰ ਪੈਸੇ ਖਰਚ ਕੇ ਦੱਸੋ ਇੰਨੀ ਦੂਰ ਕੌਣ ਜਾਵੇ?''
ਦਵਾਈਆਂ ਸਾਡੇ ਦਿਮਾਗ਼ ਵਿੱਚ ਚੱਲਦੀ ਉੱਥਲ-ਪੁੱਥਲ ਨੂੰ ਨਹੀਂ ਠੀਕ ਕਰਦੀਆਂ। ''ਅਸਾ ਸਾਗਲਾ ਤਰਾਸ ਅਸਲਯਾਵਰ ਕਾ ਮਹਾਨੁਨ ਜਗਾਵਾ ਵਾਤੇਲ (ਇੰਨੀਆਂ ਸਮੱਸਿਆਂ ਦੇ ਹੁੰਦੇ ਹੋਏ ਵੀ ਮੈਨੂੰ ਜੀਵਨ ਜਿਊਣ ਲਾਇਕ ਕਿਉਂ ਜਾਪਦਾ ਹੈ?)''
ਹਿਸਟਰੇਕਟੋਮੀ ਨਾਲ਼ ਕਈ ਤਰ੍ਹਾਂ ਦੇ ਹਾਰਮੋਨ ਅਸੰਤੁਲਤ ਹੋ ਜਾਂਦੇ ਹਨ, ਜਿਹਦੇ ਫ਼ਲਸਰੂਪ ਡਿਪ੍ਰੈਸ਼ਨ, ਅਵਸਾਦ ਹੋਣ ਦੇ ਨਾਲ਼ ਨਾਲ਼ ਕਈ ਤਰ੍ਹਾਂ ਦੇ ਸਰੀਰਕ ਦੁਰ-ਪ੍ਰਭਾਵ ਵੀ ਪੈਂਦੇ ਹਨ, ਮਾਨਿਸਕ ਰੋਗਾਂ ਦੇ ਮਾਹਰ, ਮੁੰਬਈ-ਅਧਾਰਤ ਡਾ. ਅਵਿਨਾਸ਼ ਡੇ ਸੌਸਾ ਕਹਿੰਦੇ ਹਨ। ਹਿਸਟਰੇਕਟੋਮੀ ਜਾਂ ਅੰਡੇਦਾਨੀ ਦੇ ਬੇਕਾਰ ਹੋਣ/ਕੰਮ ਨਾ ਕਰਨ ਤੋਂ ਉਪਜੀਆਂ ਬੀਮਾਰੀਆਂ ਦੀ ਤੀਬਰਤਾ ਵੀ ਵੱਖ-ਵੱਖ ਹੁੰਦੀ ਹੈ। ''ਅੱਡ-ਅੱਡ ਮਾਮਲੇ ਦੇ ਅੱਡੋ-ਅੱਡ ਪ੍ਰਭਾਵ ਸਾਹਮਣੇ ਆਉਂਦੇ ਹਨ। ਕਈ ਔਰਤਾਂ ਅੰਦਰ ਬਹੁਤ ਗੰਭੀਰ ਅਸਰ ਦੇਖਣ ਨੂੰ ਮਿਲ਼ਦੇ ਹਨ ਅਤੇ ਕਈਆਂ ਨੂੰ ਕਿਸੇ ਵੀ ਤਰ੍ਹਾਂ ਦੇ ਗੰਭੀਰ ਅਸਰ ਨਹੀਂ ਝੱਲਣੇ ਪੈਂਦੇ।''
ਓਪਰੇਸ਼ਨ ਹੋਣ ਤੋਂ ਬਾਅਦ ਵੀ, ਕਮਾਦ ਦੀ ਵਾਢੀ ਵਾਸਤੇ ਸ਼ੀਲਾ ਨੇ ਮਾਨਿਕ ਦੇ ਨਾਲ਼ ਪੱਛਮੀ ਮਹਾਰਾਸ਼ਟਰ ਜਾਣ ਦਾ ਕੰਮ ਜਾਰੀ ਰੱਖਿਆ। ਗੰਨੇ ਦੇ ਨਪੀੜਨ ਦੇ ਕੰਮ ਲਈ ਉਹ ਅਕਸਰ ਆਪਣੇ ਪਰਿਵਾਰ ਦੇ ਨਾਲ਼ ਕੋਲ੍ਹਾਪੁਰ ਦੀ ਫ਼ੈਕਟਰੀ ਤੱਕ ਦੀ ਯਾਤਰਾ ਕਰਦੀ ਹਨ, ਜੋ ਬੀਡ ਤੋਂ ਕਰੀਬ 450 ਕਿਲੋਮੀਟਰ ਦੂਰ ਹੈ।
''ਅਸੀਂ ਇੱਕ ਦਿਨ ਵਿੱਚ 16 ਤੋਂ 18 ਘੰਟੇ ਕੰਮ ਕਰਕੇ ਜਿਵੇਂ-ਕਿਵੇਂ ਦੋ ਟਨ ਕਮਾਦ ਦੀ ਵਾਢੀ ਕਰ ਲਿਆ ਕਰਦੇ ਸਾਂ,'' ਸ਼ੀਲਾ, ਸਰਜਰੀ ਤੋਂ ਪਹਿਲਾਂ ਦੇ ਸਮੇਂ ਨੂੰ ਚੇਤੇ ਕਰਦਿਆਂ ਕਹਿੰਦੀ ਹਨ। ਹਰੇਕ ਟਨ ਦੀ ਵਾਢੀ ਕਰਕੇ ਉਹਦੀ ਪੰਡ ਬੰਨ੍ਹਣ ਲਈ 280 ਰੁਪਏ ਪ੍ਰਤੀ 'ਕੋਇਤਾ ' ਦਿੱਤੇ ਜਾਂਦੇ ਸਨ। ਕੋਇਤਾ ਦਾ ਸ਼ਾਬਦਿਕ ਅਰਥ ਹੈ ਘੁਮਾਓਦਾਰ ਦਾਤੀ, ਜੋ 7 ਫੁੱਟ ਲੰਬੇ ਗੰਨਿਆਂ ਦੇ ਮੁੱਢਾਂ ਨੂੰ ਵੱਢਣ ਦੇ ਕੰਮ ਆਉਂਦੀ ਹੈ, ਪਰ ਬੋਲਚਾਲ ਦੀ ਭਾਸ਼ਾ ਵਿੱਚ ਇਹ ਸ਼ਬਦ ਕਮਾਦ ਦੀ ਵਾਢੀ ਕਰਨ ਵਾਲ਼ੇ ਜੋੜੇ ਨੂੰ ਪ੍ਰਭਾਸ਼ਤ ਕਰਦਾ ਹੈ। ਠੇਕੇਦਾਰ ਵੱਲੋਂ ਦੋ-ਮੈਂਬਰੀ ਇਕਾਈ ਨੂੰ ਕਿਰਾਏ/ਦਿਹਾੜੀ 'ਤੇ ਰੱਖਿਆ ਜਾਂਦਾ ਹੈ ਅਤੇ ਪੇਸ਼ਗੀ ਵਿੱਚ ਉਨ੍ਹਾਂ ਨੂੰ ਉੱਕੀ-ਪੁੱਕੀ ਰਕਮ ਦਿੱਤੀ ਜਾਂਦੀ ਹੈ।
''ਛੇ ਮਹੀਨਿਆਂ ਵਿੱਚ ਅਸੀਂ 50,000 ਤੋਂ 70,000 ਰੁਪਏ ਤੱਕ ਕਮਾ ਲਿਆ ਕਰਦੇ,'' ਸ਼ੀਲਾ ਕਹਿੰਦੀ ਹਨ। ਪਰ ਜਦੋਂ ਦੀ ਸ਼ੀਲਾ ਦੀ ਹਿਸਟਰੇਕਟੋਮੀ ਹੋਈ ਹੈ, ਇਹ ਜੋੜਾ ਬਾਮੁਸ਼ਕਲ ਇੱਕ ਦਿਨ ਵਿੱਚ ਇੱਕ ਟਨ ਕਮਾਦ ਦੀ ਵਾਢੀ ਕਰਕੇ ਅਤੇ ਉਹਦਾ ਬੰਡਲ ਬਣਾ ਪਾਉਂਦਾ ਹੈ। ''ਨਾ ਤਾਂ ਮੈਂ ਬਹੁਤਾ ਭਾਰ ਚੁੱਕ ਸਕਦੀ ਹਾਂ ਅਤੇ ਨਾ ਹੀ ਪਹਿਲਾਂ ਵਾਂਗਰ ਫ਼ੁਰਤੀ ਨਾਲ਼ ਕੰਮ ਹੀ ਕਰ ਪਾਉਂਦੀ ਹਾਂ।''
ਪਰ ਸ਼ੀਲਾ ਅਤੇ ਮਾਨਿਕ ਨੇ 2019 ਵਿੱਚ ਆਪਣੇ ਮਕਾਨ ਦੀ ਮੁਰੰਮਤ ਕਰਨ ਲਈ 50,000 ਰੁਪਏ ਦੀ ਰਕਮ ਪੇਸ਼ਗੀ ਵਜੋਂ ਲਈ, ਉਹ ਵੀ ਸਲਾਨਾ 30 ਪ੍ਰਤੀਸ਼ਤ ਵਿਆਜ 'ਤੇ। ਇਸਲਈ ਉਸ ਉਧਾਰ ਚੁਕਾਈ ਵਾਸਤੇ ਉਨ੍ਹਾਂ ਨੂੰ ਕੰਮ ਕਰਦੇ ਹੀ ਰਹਿਣਾ ਪੈਣਾ ਹੈ। ''ਇਹ ਸਿਲਸਿਲਾ ਕਦੇ ਨਹੀਂ ਮੁੱਕਣ ਲੱਗਾ,'' ਸ਼ੀਲਾ ਕਹਿੰਦੀ ਹਨ।
*****
ਔਰਤਾਂ ਵਾਸਤੇ ਆਪਣੀ ਮਾਹਵਾਰੀ ਦੌਰਾਨ ਕਮਾਦ ਦੇ ਖੇਤਾਂ ਵਿੱਚ ਲੱਕ-ਤੋੜੂ ਮਿਹਨਤ ਕਰਨੀ ਸਭ ਤੋਂ ਵੱਡੀ ਚੁਣੌਤੀ ਬਣ ਕੇ ਉੱਭਰਦੀ ਹੈ। ਇੰਨਾ ਹੀ ਨਹੀਂ ਖੇਤਾਂ ਵਿੱਚ ਗੁਸਲ ਜਾਂ ਪਖ਼ਾਨੇ ਦਾ ਵੀ ਕੋਈ ਪ੍ਰਬੰਧ ਨਹੀਂ ਹੁੰਦਾ ਅਤੇ ਉਨ੍ਹਾਂ ਦੇ ਅਵਾਸ ਪ੍ਰਬੰਧ ਵੀ ਇਨ੍ਹਾਂ ਸਹੂਲਤਾਂ ਤੋਂ ਸੱਖਣੇ ਹੀ ਰਹਿੰਦੇ ਹਨ। ਕੋਇਟਾ, ਕਈ ਵਾਰੀ ਕਮਾਦ ਦੀਆਂ ਮਿੱਲਾਂ ਅਤੇ ਖੇਤਾਂ ਦੇ ਕੋਲ਼ ਹੀ ਤੰਬੂ ਗੱਡ ਕੇ ਆਪਣੇ ਬੱਚਿਆਂ ਦੇ ਨਾਲ਼ ਰਹਿੰਦੇ ਹਨ। ''ਪਾਲੀ (ਮਾਹਵਾਰੀ) ਦੌਰਾਨ ਕੰਮ ਕਰਨ ਬਹੁਤ ਤਕਲੀਫ਼ਦੇਹ ਹੁੰਦਾ ਸੀ,'' ਸ਼ੀਲਾ ਚੇਤੇ ਕਰਦੀ ਹਨ।
ਇੱਕ ਦਿਨ ਦੀ ਛੁੱਟੀ ਦੇ ਵੀ ਪੈਸੇ ਕੱਟੇ ਜਾਂਦੇ ਹਨ, ਮੁਕਾਦਮ (ਮਜ਼ਦੂਰਾਂ ਦਾ ਠੇਕੇਦਾਰ) ਸਾਡੀ ਦਿਹਾੜੀ ਵਿੱਚੋਂ ਜ਼ੁਰਮਾਨਾ ਕੱਟ ਲੈਂਦਾ ਹੈ।
ਸ਼ੀਲਾ ਕਹਿੰਦੀ ਹਨ ਕਿ ਮਾਹਵਾਰੀ ਦੌਰਾਨ ਇਹ ਔਰਤਾਂ ਪੁਰਾਣੇ ਪੇਟੀਕੋਟ ਦੇ ਸੂਤੀ ਕੱਪੜੇ ਨੂੰ ਹੀ ਪੈਡ ਵਜੋਂ ਰੱਖ ਲੈਂਦੀਆਂ ਹਨ ਅਤੇ ਬਗ਼ੈਰ ਇਨ੍ਹਾਂ (ਪੈਡਾਂ) ਨੂੰ ਬਦਲਿਆਂ 16-16 ਘੰਟੇ ਖੇਤਾਂ ਵਿੱਚ ਖੱਪਦੀਆਂ ਹਨ। ''ਮੈਂ ਪੂਰੇ ਦਿਨ ਦਾ ਕੰਮ ਮੁਕਣ ਤੋਂ ਬਾਅਦ ਹੀ ਇਹਨੂੰ ਬਦਲਦੀ ਹਾਂ,'' ਉਹ ਕਹਿੰਦੀ ਹਨ। ''ਰਕਤਾਨੇ ਪੂਰਨਾ ਭਿਜੌਨ ਰਕਤਾ ਟਪਕਾਏਚੇ ਕਪੜਯਾਤੋਂ (ਕੱਪੜਾ ਪੂਰੀ ਤਰ੍ਹਾਂ ਖ਼ੂਨ ਨਾਲ਼ ਲੱਥਪਥ ਹੋ ਜਾਂਦਾ ਹੈ ਅਤੇ ਇਸ ਵਿੱਚੋਂ ਬੂੰਦਾਂ ਰਿਸ ਰਿਸ ਡਿੱਗਣ ਲੱਗਦੀਆਂ ਹਨ)।''
ਮਾਹਵਾਰੀ ਦੌਰਾਨ ਕਿਸੇ ਢੁੱਕਵੀਂ ਸਾਫ਼-ਸਫ਼ਾਈ ਦੀ ਸੁਵਿਧਾ ਦਾ ਨਾ ਹੋਣਾ ਅਤੇ ਵਰਤੀਂਦੇ ਕੱਪੜੇ ਨੂੰ ਧੋਣ ਲਈ ਲੋੜੀਂਦੇ ਪਾਣੀ ਦਾ ਨਾ ਹੋਣਾ ਜਾਂ ਉਨ੍ਹਾਂ ਨੂੰ ਸੁਕਾਉਣ ਲਈ ਢੁੱਕਵੀਂ ਥਾਂ ਦਾ ਨਾ ਹੋਣਾ ਹੀ ਉਨ੍ਹਾਂ ਨੂੰ ਸਿੱਲਾ ਕੱਪੜਾ ਦੋਬਾਰਾ ਰੱਖਣ ਲਈ ਮਜ਼ਬੂਰ ਕਰਦਾ ਹੈ। ''ਇਹ ਬੋ ਮਾਰਦਾ, ਪਰ ਸੂਰਜ ਦੀ ਰੌਸ਼ਨੀ ਹੇਠ ਇਹਨੂੰ ਸੁਕਾਉਣਾ ਕਾਫ਼ੀ ਅਸੁਖਾਵਾਂ ਕੰਮ ਹੁੰਦਾ ਸੀ; ਆਲ਼ੇ-ਦੁਆਲ਼ੇ ਇੰਨੇ ਬੰਦੇ ਹੁੰਦੇ ਸਨ।'' ਉਨ੍ਹਾਂ (ਸ਼ੀਲਾ) ਨੂੰ ਸੈਨਿਟਰੀ ਪੈਡਾਂ ਬਾਰੇ ਕੁਝ ਪਤਾ ਨਹੀਂ ਸੀ। ''ਜਦੋਂ ਮੇਰੀ ਧੀ ਨੂੰ ਮਾਹਵਾਰੀ ਸ਼ੁਰੂ ਹੋਈ ਤਾਂ ਕਿਤੇ ਜਾ ਕੇ ਮੈਨੂੰ ਇਨ੍ਹਾਂ (ਪੈਡਾਂ) ਬਾਰੇ ਪਤਾ ਚੱਲਿਆ,'' ਉਹ ਕਹਿੰਦੀ ਹਨ।
ਉਹ ਆਪਣੀ 15 ਸਾਲਾ ਧੀ ਰੁਤੁਜਾ ਲਈ ਸੈਨਿਟਰੀ ਪੈਡ ਖਰੀਦਦੀ ਹਨ। ''ਉਹਦੀ ਸਿਹਤ ਨਾਲ਼ ਮੈਂ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੀ।''
ਔਰਤ ਕਿਸਾਨਾਂ ਦੀ ਵਕਾਲਤ ਵਿੱਚ ਕੰਮ ਕਰਨ ਵਾਲ਼ੇ ਮਹਿਲਾ ਸੰਗਠਨਾਂ ਦੇ ਪੂਨੇ-ਅਧਾਰਤ ਸਮੂਹ, ਮਕਾਮ ਨੇ ਮਹਾਰਾਸ਼ਟਰ ਦੇ ਅੱਠ ਜ਼ਿਲ੍ਹਿਆਂ ਵਿੱਚ 1,042 ਕਮਾਦ ਵੱਢਣ ਵਾਲ਼ੀਆਂ ਔਰਤਾਂ ਦੀ ਲਈ ਇੰਟਰਵਿਊ ਦੀ ਸਰਵੇਖਣ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਨੇ ਖ਼ੁਲਾਸਾ ਕੀਤਾ ਕਿ ਕਮਾਦ ਵੱਢਣ ਵਾਲ਼ੀਆਂ ਔਰਤਾਂ ਵਿੱਚੋਂ 83 ਫ਼ੀਸਦ ਔਰਤਾਂ ਅਜਿਹੀਆਂ ਹਨ ਜੋ ਮਾਹਵਾਰੀ ਦੌਰਾਨ ਕੱਪੜੇ ਦੀ ਵਰਤੋਂ ਕਰਦੀਆਂ ਹਨ। ਇਨ੍ਹਾਂ ਵਰਤੇ ਗਏ ਕੱਪੜਿਆਂ ਨੂੰ ਧੋਣ ਲਈ ਸਿਰਫ਼ 59 ਫੀਸਦ ਔਰਤਾਂ ਕੋਲ਼ ਹੀ ਪਾਣੀ ਦੀ ਸੁਵਿਧਾ ਹੈ ਅਤੇ 24 ਫ਼ੀਸਦ ਦੇ ਕਰੀਬ ਔਰਤਾਂ ਗਿੱਲੇ ਪੈਡਾਂ ਨੂੰ ਹੀ ਦੋਬਾਰਾ ਇਸਤੇਮਾਲ ਕਰਦੀਆਂ ਹਨ।
ਮਜ਼ਬੂਰੀਵੱਸ ਸਾਫ਼-ਸਫ਼ਾਈ ਤੋਂ ਦੂਰ ਰਹਿਣ ਵਾਲ਼ੀਆਂ ਇਹ ਔਰਤਾਂ ਵਿਤੋਂਵੱਧ ਖ਼ੂਨ ਪੈਣ ਅਤੇ ਮਾਹਵਾਰੀ ਦੌਰਾਨ ਪੀੜ੍ਹ ਜਿਹੀਆਂ ਕਈ ਬੀਮਾਰੀਆਂ ਦੇ ਨਾਲ਼ ਨਾਲ਼ ਕਈ ਕਿਸਮ ਦੇ ਜਨਾਨਾ ਰੋਗਾਂ ਤੋਂ ਪੀੜਤ ਹੁੰਦੀਆਂ ਹਨ। ''ਮੇਰੇ ਪੇੜੂ ਦੇ ਹੇਠਲੇ ਹਿੱਸੇ ਵਿੱਚ ਸ਼ਦੀਦ ਦਰਦ ਰਿਹਾ ਕਰਦਾ ਅਤੇ ਮੇਰੀ ਯੋਨੀ ਵਿੱਚੋਂ ਗਾੜਾ ਚਿੱਟਾ ਚਿਪਚਿਪਾ ਤਰਲ ਰਿਸਦਾ ਰਹਿੰਦਾ,'' ਸ਼ੀਲਾ ਕਹਿੰਦੀ ਹਨ।
ਮਾਹਵਾਰੀ ਦੌਰਾਨ ਸਫ਼ਾਈ ਨਾ ਰੱਖੇ ਜਾਣ ਤੋਂ ਉਪਜੀ ਲਾਗ ਆਮ ਗੱਲ ਹੈ ਅਤੇ ਸਧਾਰਣ ਜਿਹੀ ਦਵਾਈ ਨਾਲ਼ ਠੀਕ ਕੀਤੀ ਜਾ ਸਕਦੀ ਹੈ, ਡਾ. ਚਵਨ ਕਹਿੰਦੇ ਹਨ। ''ਹਿਸਟਰੇਕਟੋਮੀ ਸਾਡਾ ਪ੍ਰਾਇਮਰੀ ਵਿਕਲਪ ਨਹੀਂ ਹੁੰਦਾ, ਹਾਂ ਪਰ ਕੈਂਸਰ, ਬੱਚੇਦਾਨੀ ਦੇ ਕਿਸੇ ਪਾਸੇ ਨੂੰ ਝੁਕ ਜਾਣ ਜਾਂ ਰਸੌਲੀਆਂ ਹੋਣ ਦੇ ਮਾਮਲੇ ਵਿੱਚ ਅਖ਼ੀਰਲਾ ਸਹਾਰਾ ਜ਼ਰੂਰ ਹੁੰਦਾ ਹੈ।''
ਔਰਤਾਂ ਵਾਸਤੇ ਆਪਣੀ ਮਾਹਵਾਰੀ ਦੌਰਾਨ ਕਮਾਦ ਦੇ ਖੇਤਾਂ ਵਿੱਚ ਲੱਕ-ਤੋੜੂ ਮਿਹਨਤ ਕਰਨੀ ਸਭ ਤੋਂ ਵੱਡੀ ਚੁਣੌਤੀ ਬਣ ਕੇ ਉੱਭਰਦੀ ਹੈ। ਇੰਨਾ ਹੀ ਨਹੀਂ ਖੇਤਾਂ ਵਿੱਚ ਗੁਸਲ ਜਾਂ ਪਖ਼ਾਨੇ ਦਾ ਵੀ ਕੋਈ ਪ੍ਰਬੰਧ ਨਹੀਂ ਹੁੰਦਾ ਅਤੇ ਉਨ੍ਹਾਂ ਦੇ ਅਵਾਸ ਪ੍ਰਬੰਧ ਵੀ ਇਨ੍ਹਾਂ ਸਹੂਲਤਾਂ ਤੋਂ ਸੱਖਣੇ ਹੀ ਰਹਿੰਦੇ ਹਨ
ਸ਼ੀਲਾ, ਜੋ ਮਰਾਠੀ ਵਿੱਚ ਆਪਣੇ ਹਸਤਾਖ਼ਰ ਕਰਨ ਤੋਂ ਇਲਾਵਾ ਪੜ੍ਹ-ਲਿਖ ਨਹੀਂ ਸਕਦੀ, ਨੂੰ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਸੀ ਕਿ ਲਾਗ ਠੀਕ ਹੋ ਸਕਦੀ ਹੁੰਦੀ ਹੈ। ਕਮਾਦ ਵੱਢਣ ਵਾਲ਼ੀਆਂ ਬਾਕੀ ਔਰਤਾਂ ਵਾਂਗਰ, ਉਨ੍ਹਾਂ ਨੇ ਬੀਡ ਨਗਰ ਦੇ ਨਿੱਜੀ ਹਸਪਤਾਲ ਜਾਣਾ ਬਿਹਤਰ ਸਮਝਿਆ, ਇਸ ਉਮੀਦ ਨਾਲ਼ ਕਿ ਦਵਾਈ ਵਗੈਰਾ ਨਾਲ਼ ਉਨ੍ਹਾਂ ਦਾ ਦਰਦ ਕੁਝ ਘੱਟ ਜਾਵੇ ਅਤੇ ਉਹ ਮਾਹਵਾਰੀ ਦੌਰਾਨ ਕੰਮ ਕਰ ਸਕਣ ਅਤੇ ਠੇਕੇਦਾਰ ਨੂੰ ਜ਼ੁਰਮਾਨਾ ਦੇਣ ਤੋਂ ਬਚ ਸਕਣ।
ਹਸਪਤਾਲ ਵਿਖੇ, ਡਾਕਟਰ ਨੇ ਉਨ੍ਹਾਂ ਨੂੰ ਕੈਂਸਰ ਹੋਣ ਦੀ ਸੰਭਵਨਾ ਬਾਰੇ ਚੇਤਾਇਆ। ''ਨਾ ਖ਼ੂਨ ਦੀ ਕੋਈ ਜਾਂਚ ਹੋਈ ਤੇ ਨਾ ਹੀ ਸੋਨੋਗ੍ਰਾਫ਼ੀ। ਉਹਨੇ ਕਿਹਾ ਮੇਰੀ ਬੱਚੇਦਾਨੀ ਵਿੱਚ ਮੋਰੀਆਂ ਹਨ ਅਤੇ ਇਹ ਵੀ ਕਿਹਾ ਕਿ ਮੈਂ ਪੰਜ-ਛੇ ਮਹੀਨਿਆਂ ਵਿੱਚ ਕੈਂਸਰ ਨਾਲ਼ ਮਰ ਜਾਵਾਂਗੀ,'' ਸ਼ੀਲਾ ਚੇਤੇ ਕਰਦੀ ਹਨ। ਡਰ ਨਾਲ਼ ਸਹਿਮੀ ਸ਼ੀਲਾ ਨੇ ਸਰਜਰੀ ਕਰਾਉਣ ਲਈ ਸਹਿਮਤੀ ਜਤਾਈ। ''ਉਸੇ ਦਿਨ, ਕੁਝ ਕੁ ਘੰਟਿਆਂ ਅੰਦਰ ਡਾਕਟਰ ਨੇ ਮੇਰੇ ਪਤੀ ਨੂੰ ਮੇਰੀ ਕੱਢੀ ਹੋਈ ਪਿਸ਼ਵੀ ਦਿਖਾਈ, ਅਤੇ ਕਿਹਾ ਜ਼ਰਾ ਇਨ੍ਹਾਂ ਮੋਰੀਆਂ ਵੱਲ ਦੇਖੋ,'' ਉਹ ਕਹਿੰਦੀ ਹਨ।
ਸ਼ੀਲਾ ਨੇ ਸੱਤ ਦਿਨ ਹਸਪਤਾਲ ਵਿੱਚ ਬਿਤਾਏ। ਮਾਨਿਕ ਨੇ ਜਿਵੇਂ ਕਿਵੇਂ ਕਰਕੇ 40,000 ਦਾ ਖਰਚਾ ਚੁੱਕਿਆ, ਜਿਸ ਵਿੱਚ ਉਨ੍ਹਾਂ ਦੀ ਪੂਰੀ ਬਚਤ ਗੁੱਲ ਹੋ ਗਈ ਅਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਪਾਸੋਂ ਉਧਾਰ ਚੁੱਕਣਾ ਪਿਆ।
''ਇਹੋ ਜਿਹੀਆਂ ਬਹੁਤੀਆਂ ਸਰਜਰੀਆਂ ਨਿੱਜੀ ਹਸਪਤਾਲਾਂ ਵਿਖੇ ਹੀ ਕੀਤੀਆਂ ਜਾਂਦੀਆਂ ਹਨ,'' ਅਸ਼ੋਕ ਟਾਂਗੜੇ ਕਹਿੰਦੇ ਹਨ, ਜੋ ਬੀਡ ਅਧਾਰਤ ਸਮਾਜਿਕ ਕਾਰਕੁੰਨ ਹਨ ਅਤੇ ਕਮਾਦ ਵੱਢਣ ਵਾਲ਼ੇ ਕਾਮਿਆਂ ਦੀਆਂ ਹਾਲਤਾਂ ਨੂੰ ਸੁਧਾਰਣ ਲਈ ਕੰਮ ਕਰ ਰਹੇ ਹਨ। ''ਇਹ ਕਾਰਾ ਕਿੰਨਾ ਅਣਮਨੁੱਖੀ ਹੈ ਕਿ ਡਾਕਟਰ ਹਿਸਟਰੇਕਟੋਮੀਜ ਜਿਹੀ ਗੰਭੀਰ ਸਰਜਰੀ ਨੂੰ ਬਗ਼ੈਰ ਕਿਸੇ ਮੈਡੀਕਲ ਕਾਰਨ ਦੇ ਕਰੀ ਜਾਂਦੇ ਹਨ।''
ਸਰਕਾਰ ਦੁਆਰਾ ਨਿਯੁਕਤ ਕਮੇਟੀ ਨੇ ਪੁਸ਼ਟੀ ਕੀਤੀ ਕਿ ਸਰਵੇਖਣ ਕੀਤੀਆਂ ਗਈਆਂ 90 ਫ਼ੀਸਦ ਔਰਤਾਂ ਨੇ ਨਿੱਜੀ ਕਲੀਨਿਕਾਂ ਤੋਂ ਹੀ ਸਰਜਰੀਆਂ ਕਰਵਾਈਆਂ।
ਮਾੜੇ ਅਸਰ ਤੋਂ ਬਚਣ ਵਾਸਤੇ ਸ਼ੀਲਾ ਨੂੰ ਕੋਈ ਦਵਾਈ ਨਹੀਂ ਦਿੱਤੀ ਗਈ। ''ਮਾਹਵਾਰੀ ਤੋਂ ਭਾਵੇਂ ਮੇਰੀ ਜਾਨ ਛੁੱਟ ਗਈ, ਪਰ ਹੁਣ ਮੈਂ ਨਰਕ ਹੰਢਾ ਰਹੀ ਹਾਂ,'' ਉਹ ਕਹਿੰਦੀ ਹਨ।
ਮਜ਼ਦੂਰੀ ਕੱਟੇ ਜਾਣ ਦੇ ਸਹਿਮ ਹੇਠ ਜਿਊਂਦੀਆਂ, ਠੇਕੇਦਾਰਾਂ ਦੇ ਲੋਟੂ ਨਿਯਮਾਂ ਅਤੇ ਮੁਨਾਫ਼ਾ-ਪਾੜੂ ਨਿੱਜੀ ਸਰਜਨਾਂ ਦੇ ਪੰਜੇ ਵਿੱਚ ਫਸੀਆਂ ਬੀਡ ਜ਼ਿਲ੍ਹੇ ਦੀਆਂ ਕਮਾਦ ਵੱਢਣ ਵਾਲ਼ੀਆਂ ਔਰਤਾਂ ਕੋਲ਼ ਬਿਆਨ/ਸਾਂਝੀਆਂ ਕਰਨ ਲਈ ਇੱਕੋ-ਜਿਹੀਆਂ ਕਹਾਣੀਆਂ ਹਨ।
*****
ਸ਼ੀਲਾ ਦੇ ਘਰ ਤੋਂ ਛੇ ਕਿਲੋਮੀਟਰ ਦੂਰ ਕਠੌੜਾ ਪਿੰਡ ਦੀ ਲਤਾ ਵਾਘਮਾਰੇ ਦੀ ਕਹਾਣੀ ਵੀ ਕੋਈ ਬਹੁਤੀ ਅੱਡ ਨਹੀਂ।
''ਮੈਂ ਜੀ ਕਿੱਥੇ ਰਹੀ ਹਾਂ,'' 32 ਸਾਲਾ ਲਤਾ ਕਹਿੰਦੀ ਹਨ, ਜਿਨ੍ਹਾਂ ਦਾ ਮਹਿਜ 20 ਸਾਲਾਂ ਦੀ ਉਮਰੇ ਹਿਸਟਰੇਕਟੋਮੀਜ ਦਾ ਓਪਰੇਸ਼ਨ ਹੋਇਆ ਸੀ।
''ਸਾਡੇ 'ਚ ਹੁਣ ਪਿਆਰ ਜਿਹਾ ਕੁਝ ਰਿਹਾ ਹੀ ਨਹੀਂ,'' ਆਪਣੇ ਪਤੀ ਰਮੇਸ਼ ਨਾਲ਼ ਆਪਣੇ ਰਿਸ਼ਤੇ ਬਾਰੇ ਦੱਸਦਿਆਂ ਉਹ ਕਹਿੰਦੀ ਹਨ। ਸਰਜਰੀ ਹੋਣ ਤੋਂ ਇੱਕ ਸਾਲ ਬਾਅਦ ਹੀ ਸਾਡੇ ਵਿੱਚ ਹਰ ਚੀਜ਼ ਬਦਲਣ ਲੱਗੀ ਅਤੇ ਉਨ੍ਹਾਂ ਵਿੱਚ ਦੂਰੀ ਵੀ ਵੱਧਦੀ ਗਈ ਅਤੇ ਖਿੱਝ ਵੀ।
''ਮੈਂ ਉਹਨੂੰ ਦੂਰ ਧੱਕ ਦਿੰਦੀ ਜਿਓਂ ਹੀ ਉਹ ਮੇਰੇ ਨੇੜੇ ਆਉਂਦਾ,'' ਲਤਾ ਕਹਿੰਦੀ ਹਨ। ''ਫਿਰ ਕੀ ਲੜਾਈ ਹੁੰਦੀ ਅਤੇ ਚੀਕਾਂ ਵੱਜਦੀਆਂ।'' ਲਤਾ ਵੱਲੋਂ ਸੰਭੋਗ ਵਾਸਤੇ ਲਗਾਤਾਰ ਨਾਂਹ ਕਰਦੇ ਰਹਿਣ ਕਾਰਨ ਪਤੀ ਅੰਦਰ ਹਰ ਇੱਛਾ ਹੀ ਮਰਦੀ ਚਲੀ ਗਈ, ਉਹ ਕਹਿੰਦੀ ਹਨ। ''ਹੁਣ ਤਾਂ ਉਹ ਮੇਰੇ ਨਾਲ਼ ਸਿੱਧੇ ਮੂੰਹ ਗੱਲ ਵੀ ਨਹੀਂ ਕਰਦਾ।''
ਖੇਤਾਂ ਵਿੱਚ ਕੰਮ ਕਰਨ ਜਾਣ ਤੋਂ ਪਹਿਲਾਂ ਦਾ ਉਨ੍ਹਾਂ ਦਾ ਪੂਰਾ ਸਮਾਂ ਘਰ ਦੇ ਕੰਮਾਂ-ਕਾਰਾਂ ਵਿੱਚ ਹੀ ਲੰਘ ਜਾਂਦਾ ਹੈ। ਉਹ ਆਪਣੇ ਪਿੰਡ ਜਾਂ ਗੁਆਂਢੀ ਪਿੰਡਾਂ ਵਿੱਚ ਹੋਰਨਾਂ ਦੇ ਖੇਤਾਂ ਵਿੱਚ ਬਤੌਰ ਖੇਤ-ਮਜ਼ਦੂਰ ਕੰਮ ਕਰਕੇ 150 ਰੁਪਏ ਦਿਹਾੜੀ ਕਮਾਉਂਦੀ ਹਨ। ਉਨ੍ਹਾਂ ਨੂੰ ਗੋਡਿਆਂ ਅਤੇ ਲੱਕ ਵਿੱਚ ਲਗਾਤਾਰ ਪੀੜ੍ਹ ਝੱਲਣੀ ਪੈਂਦੀ ਹੈ ਅਤੇ ਸਿਰ ਵੀ ਫਟਦਾ ਰਹਿੰਦਾ ਹੈ। ਪੀੜ੍ਹ ਤੋਂ ਨਿਜਾਤ ਪਾਉਣ ਲਈ ਉਹ ਦਰਦ-ਨਿਵਾਰਕ ਗੋਲ਼ੀਆਂ ਜਾਂ ਘਰ ਦੇ ਟੋਟਕੇ ਕਰਦੀ ਰਹਿੰਦੀ ਹਨ। ''ਹੁਣ ਹੀ ਮੇਰਾ ਇਹ ਹਾਲ ਹੈ ਦੱਸੋ ਉਹਦੇ ਨੇੜੇ ਜਾ ਕੇ ਮੇਰਾ ਕੀ ਬਣੂਗਾ?'' ਉਹ ਕਹਿੰਦੀ ਹਨ।
13 ਸਾਲ ਦੀ ਉਮਰੇ ਵਿਆਹੀ ਗਈ ਲਤਾ ਨੇ ਇੱਕ ਸਾਲ ਦੇ ਅੰਦਰ ਅੰਦਰ ਆਪਣੇ ਬੇਟੇ, ਅਕਾਸ਼ ਨੂੰ ਜਨਮ ਦਿੱਤਾ। ਉਹ ਵੀ ਆਪਣੇ ਮਾਪਿਆਂ ਦੇ ਨਾਲ਼ ਹੀ ਖੇਤਾਂ ਵਿੱਚ ਕੰਮ ਕਰਦਾ ਹੈ, ਭਾਵੇਂ ਕਿ ਉਹਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ।
ਫਿਰ ਲਤਾ ਨੂੰ ਧੀ ਪੈਦਾ ਹੋਈ, ਪਰ ਉਹ ਛੋਟੀ ਬੱਚੀ ਗੰਨੇ ਦੇ ਖੇਤ ਵਿੱਚ ਟਰੈਕਟਰ ਹੇਠ ਕੁਚਲੀ ਗਈ, ਜਦੋਂ ਉਹ ਸਿਰਫ਼ ਪੰਜ ਮਹੀਨਿਆਂ ਦੀ ਸੀ। ਕੰਮ ਦੀ ਥਾਂ 'ਤੇ ਛੋਟੇ ਬੱਚਿਆਂ ਲਈ ਕੋਈ ਸੁਵਿਧਾ ਨਾ ਹੋਣ ਦੀ ਸੂਰਤ ਵਿੱਚ, ਕਮਾਦ ਵੱਢਣ ਵਾਲ਼ੇ ਇਨ੍ਹਾਂ ਜੋੜਿਆਂ ਨੂੰ ਕੰਮ ਦੌਰਾਨ ਆਪਣੇ ਬੱਚਿਆਂ ਨੂੰ ਮਜ਼ਬੂਰੀਵੱਸ ਰੜ੍ਹੇ ਮੈਦਾਨੀਂ ਛੱਡਣਾ ਪੈਂਦਾ ਹੈ।
ਇਸ ਪੂਰੀ ਘਟਨਾ ਨੂੰ ਦੱਸਣ ਵੇਲ਼ੇ ਲਤਾ ਨੂੰ ਕਾਫ਼ੀ ਤਕਲੀਫ਼ ਹੰਢਾਉਣੀ ਪੈਂਦੀ ਹੈ।
''ਮੇਰਾ ਕੰਮ ਕਰਨ ਦਾ ਜੀਅ ਨਹੀਂ ਕਰਦਾ, ਮਨ ਕਰਦਾ ਹੈ ਬੈਠੀ ਰਹਾਂ ਅਤੇ ਕੁਝ ਨਾ ਕਰਾਂ,'' ਉਹ ਕਹਿੰਦੀ ਹਨ। ਕਿਸੇ ਵੀ ਕੰਮ ਵਿੱਚ ਜੀਅ ਨਾ ਲੱਗਣ ਕਾਰਨ ਕਈ ਦਿੱਕਤਾਂ ਆਉਂਦੀਆਂ ਹਨ। ''ਕਈ ਵਾਰੀ ਮੈਂ ਸਟੋਵ 'ਤੇ ਦੁੱਧ ਜਾਂ ਸਬਜ਼ੀ ਰੱਖੀ ਹੁੰਦੀ ਹੈ ਅਤੇ ਮੇਰੇ ਸਾਹਮਣੇ ਦੁੱਧ ਜਾਂ ਸਬਜ਼ੀ ਉਬਲ਼ ਜਾਂਦੇ ਹਨ ਜਾਂ ਸੜ ਜਾਂਦੇ ਹਨ ਤੇ ਮੈਨੂੰ ਕੋਈ ਫ਼ਰਕ ਹੀ ਨਹੀਂ ਪੈਂਦਾ।''
ਆਪਣੀ ਧੀ ਨਾਲ਼ ਵਾਪਰੇ ਹਾਦਸੇ ਦੇ ਬਾਵਜੂਦ, ਲਤਾ ਅਤੇ ਰਮੇਸ਼ ਕਮਾਦ ਦੀ ਵਾਢੀ ਦੇ ਸੀਜ਼ਨ ਵਿੱਚ ਪ੍ਰਵਾਸ ਨੂੰ ਰੋਕਣ ਦਾ ਹੀਆ ਨਾ ਕੱਢ ਸਕੇ।
ਨਿਕਿਤਾ ਅਤੇ ਰੋਹਿਨੀ ਨੂੰ ਜਨਮ ਦਿੱਤਾ। ਉਹ ਆਪਣੇ ਬੱਚਿਆਂ ਨੂੰ ਖੇਤਾਂ ਵਿੱਚ ਆਪਣੇ ਨਾਲ਼ ਲਿਜਾਂਦੀ ਰਹੀ। ''ਜੇ ਤੁਸੀਂ ਕੰਮ ਨਹੀਂ ਕਰਦੇ, ਬੱਚੇ ਭੁੱਖੇ ਮਰ ਜਾਣਗੇ। ਜੇ ਤੁਸੀਂ ਕੰਮ ਕਰਨ ਜਾਂਦੇ ਹੋ ਤਾਂ ਉਹ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ,'' ਵਲੂੰਧਰੇ ਮਨ ਨਾਲ਼ ਲਤਾ ਕਹਿੰਦੀ ਹਨ।
''ਦੱਸੋ ਕੀ ਫ਼ਰਕ ਹੈ?''
ਮਹਾਂਮਾਰੀ ਕਾਰਨ ਬੰਦ ਪਏ ਸਕੂਲਾਂ ਅਤੇ ਘਰ ਵਿੱਚ ਸਮਾਰਟਫ਼ੋਨ ਨਾ ਹੋਣ ਕਾਰਨ ਉਨ੍ਹਾਂ ਦੀਆਂ ਬੱਚੀਆਂ ਦੀ ਪੜ੍ਹਾਈ ਕਰੀਬ ਕਰੀਬ ਛੁੱਟ ਹੀ ਗਈ। 2020 ਵਿੱਚ ਅੰਜਲੀ ਦਾ ਵਿਆਹ ਕਰ ਦਿੱਤਾ ਗਿਆ ਅਤੇ ਨਿਕਿਤਾ ਵਾਸਤੇ ਵਰ ਦੀ ਤਲਾਸ਼ ਜਾਰੀ ਹੈ ਅਤੇ ਰੋਹਿਨੀ ਦੀ ਵਾਰੀ ਵੀ ਆਉਣ ਵਾਲ਼ੀ ਹੈ।
''ਮੈਂ ਸੱਤਵੀਂ ਜਮਾਤ ਤੱਕ ਪੜ੍ਹੀ ਹਾਂ,'' ਨਿਕਿਤਾ ਕਹਿੰਦੀ ਹੈ, ਜਿਹਨੇ ਮਾਰਚ 2020 ਤੋਂ ਬਾਅਦ ਖੇਤਾਂ ਵਿੱਚ ਦਿਹਾੜੀ ਵੀ ਲਾਉਣੀ ਸ਼ੁਰੂ ਕਰ ਦਿੱਤੀ ਅਤੇ ਕਮਾਦ ਦੀ ਵਾਢੀ ਵਾਸਤੇ ਮਾਪਿਆਂ ਨਾਲ਼ ਪ੍ਰਵਾਸ ਕਰਨਾ ਵੀ। ''ਮੈਂ ਪੜ੍ਹਨਾ ਚਾਹੁੰਦੀ ਹਾਂ, ਪਰ ਹੁਣ ਨਹੀਂ ਪੜ੍ਹ ਸਕਦੀ। ਮੇਰੇ ਮਾਪੇ ਮੇਰਾ ਵਿਆਹ ਕਰਨਾ ਚਾਹੁੰਦੇ ਹਨ,'' ਉਹ ਕਹਿੰਦੀ ਹੈ।
ਨੀਲਮ ਗੋਰਹੇ ਦੀ ਅਗਵਾਈ ਵਾਲ਼ੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਐਲਾਨ ਦੇ ਤਿੰਨ ਸਾਲ ਬਾਅਦ ਵੀ, ਅਮਲ ਦੀ ਕਾਰਵਾਈ ਮੱਠੀ ਚੱਲ ਰਹੀ ਹੈ। ਸ਼ੀਲਾ ਅਤੇ ਲਤਾ ਪੁਸ਼ਟੀ ਕਰਦੀਆਂ ਹਨ ਕਿ ਕਮਾਦ ਦੀ ਵਾਢੀ ਕਰਦੇ ਮਜ਼ਦੂਰਾਂ ਲਈ ਕੰਮ ਦੀਆਂ ਥਾਵਾਂ 'ਤੇ ਪੀਣ ਵਾਲ਼ੇ ਸਾਫ਼ ਪਾਣੀ, ਪਖ਼ਾਨਿਆਂ ਅਤੇ ਆਰਜ਼ੀ ਘਰਾਂ ਦੇ ਬਣਾਏ ਜਾਣ ਦੇ ਨਿਰਦੇਸ਼ ਅਜੇ ਸਿਰਫ਼ ਕਾਗ਼ਜ਼ਾਂ ਵਿੱਚ ਹੀ ਬੋਲਦੇ ਹਨ।
''ਕਿਹੜੇ ਪਖ਼ਾਨੇ, ਕਿਹੜੇ ਘਰ,'' ਸ਼ੀਲਾ ਇਸ ਵਿਚਾਰ ਨੂੰ ਮੂਲ਼ੋਂ ਹੀ ਨਕਾਰਦੀ ਹਨ ਕਿ ਉਨ੍ਹਾਂ ਦੇ ਕੰਮ ਦੀਆਂ ਥਾਵਾਂ ਦੀ ਹਾਲਤ ਕਦੇ ਬਦਲ ਵੀ ਸਕਦੀ ਹੈ। ''ਹਰ ਚੀਜ਼ ਉਵੇਂ ਹੀ ਹੈ।''
ਦੂਸਰੀ ਸਿਫ਼ਾਰਸ਼ ਸੀ ਆਸ਼ਾ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਦਾ ਇੱਕ ਸਮੂਹ ਤਿਆਰ ਕਰਨ ਦੀ ਤਾਂ ਕਿ ਉਹ ਕਮਾਦ-ਵੱਢਣ ਵਾਲ਼ੀਆਂ ਔਰਤਾਂ ਦੀ ਸਿਹਤ ਸਮੱਸਿਆਵਾਂ ਨੂੰ ਹੱਲ ਕਰ ਸਕਣ।
ਮਜ਼ਦੂਰੀ ਕੱਟੇ ਜਾਣ ਦੇ ਸਹਿਮ ਹੇਠ ਜਿਊਂਦੀਆਂ, ਠੇਕੇਦਾਰਾਂ ਦੇ ਲੋਟੂ ਨਿਯਮਾਂ ਅਤੇ ਮੁਨਾਫ਼ਾ-ਪਾੜੂ ਨਿੱਜੀ ਸਰਜਨਾਂ ਦੇ ਪੰਜੇ ਵਿੱਚ ਫਸੀਆਂ ਬੀਡ ਜ਼ਿਲ੍ਹੇ ਦੀਆਂ ਕਮਾਦ ਵੱਢਣ ਵਾਲ਼ੀਆਂ ਔਰਤਾਂ ਕੋਲ਼ ਸਾਂਝੀਆਂ ਕਰਨ ਲਈ ਇੱਕੋ-ਜਿਹੀਆਂ ਕਹਾਣੀਆਂ ਹਨ
ਇਹ ਪੁੱਛੇ ਜਾਣ 'ਤੇ ਕਿ ਪਿੰਡ ਦੀ ਆਸ਼ਾ ਵਰਕਰ ਕਦੇ ਉਨ੍ਹਾਂ ਕੋਲ਼ ਆਈ, ਲਤਾ ਨੇ ਜਵਾਬ ਵਿੱਚ ਕਿਹਾ,''ਕੋਈ ਕਦੇ ਨਹੀਂ ਆਇਆ। ਦੀਵਾਲੀ ਤੋਂ ਬਾਅਦ ਦੇ ਛੇ ਮਹੀਨੇ ਅਸੀਂ ਕਮਾਦ ਦੇ ਖੇਤਾਂ ਵਿੱਚ ਹੀ ਹੁੰਦੇ ਹਾਂ। ਪਿੱਛੋਂ ਘਰ ਬੰਦ ਰਹਿੰਦਾ ਹੈ।'' ਕਠੌੜਾ ਪਿੰਡ ਦੇ ਬਾਹਰਵਾਰ ਬਣੀ ਇਸ 20 ਘਰਾਂ ਦੀ ਬਸਤੀ ਵਿੱਚ ਰਹਿਣ ਵਾਲ਼ੇ ਨਵ-ਬੌਧ ਦਲਿਤ ਪਰਿਵਾਰਾਂ ਨੂੰ ਪਿੰਡ ਵਾਲ਼ਿਆਂ ਵੱਲੋਂ ਪੱਖਪਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਅੱਗੇ ਕਹਿੰਦੀ ਹਨ,''ਸਾਡੀ ਖ਼ੈਰ-ਖ਼ਬਰ ਲੈਣ ਕੋਈ ਨਹੀਂ ਆਉਂਦਾ।''
ਬੀਡ-ਅਧਾਰਤ ਕਾਰਕੁੰਨ, ਟਾਂਗੜੇ ਕਹਿੰਦੇ ਹਨ ਕਿ ਬਾਲ ਵਿਆਹ ਜਿਹੀ ਸਮੱਸਿਆ ਅਤੇ ਸਿਖਲਾਈ-ਪ੍ਰਾਪਤ ਜਨਾਨਾ-ਰੋਗ ਮਾਹਰਾਂ ਦੀ ਘਾਟ ਨਾਲ਼ ਨਜਿੱਠਣ ਵਾਸਤੇ ਪਿੰਡ ਦੇ ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਪਹਿਲ ਦੇ ਅਧਾਰ 'ਤੇ ਯੋਜਨਾ ਬਣਾਉਣੀ ਚਾਹੀਦੀ ਹੈ। ''ਫਿਰ ਇੱਥੇ ਸੋਕਾ ਪੈਂਦਾ ਹੈ ਤਾਂ ਰੁਜ਼ਗਾਰ ਵੀ ਸੁੰਗੜ ਜਾਂਦਾ ਹੈ। ਗੰਨਾ ਮਜ਼ਦੂਰਾਂ ਦੇ ਮਸਲੇ ਸਿਰਫ਼ ਪਲਾਇਨ ਤੱਕ ਹੀ ਸੀਮਤ ਨਹੀਂ ਹਨ,'' ਉਹ ਗੱਲ ਜਾਰੀ ਰੱਖਦਿਆਂ ਕਹਿੰਦੇ ਹਨ।
ਇਸੇ ਦਰਮਿਆਨ, ਸ਼ੀਲਾ, ਲਤਾ ਜਿਹੀਆਂ ਹਜ਼ਾਰਾਂ-ਹਜ਼ਾਰ ਔਰਤਾਂ ਕਮਾਦ ਦੀ ਵਾਢੀ ਵਿੱਚ ਖ਼ੁਦ ਨੂੰ ਖਪਾ ਰਹੀਆਂ ਹਨ, ਘਰਾਂ ਤੋਂ ਮੀਲਾਂ ਦੂਰ... ਮੈਲ਼ੇ-ਕੁਚੈਲ਼ੇ ਤੰਬੂਆਂ ਵਿੱਚ ਰਹਿਣ ਨੂੰ ਮਜ਼ਬੂਰ ਹਨ ਅਤੇ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਤੋਂ ਦੂਰ ਇਹ ਔਰਤਾਂ ਅਜੇ ਵੀ ਕੱਪੜੇ ਦੇ ਪੈਡ ਲਾਉਣ ਲਈ ਮਜ਼ਬੂਰ ਹਨ।
''ਇੰਝ ਹੀ ਮੈਂ ਕਈ ਵਰ੍ਹੇ ਬਿਤਾ ਲੈਣੇ ਹਨ,'' ਸ਼ੀਲਾ ਕਹਿੰਦੀ ਹਨ। ''ਪਰ ਪਤਾ ਨਹੀਂ ਕਿੰਨੇ ਕੁ ਵਰ੍ਹੇ...''
ਪਾਰੀ ਅਤੇ ਕਾਊਂਟਰ ਮੀਡੀਆ ਟ੍ਰਸਟ ਵੱਲੋਂ ਪੇਂਡੂ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ਨੂੰ ਕੇਂਦਰ ਵਿੱਚ ਰੱਖ ਕੇ ਕੀਤੀ ਜਾਣ ਵਾਲ਼ੀਆਂ ਰਿਪੋਰਟਿੰਗ ਦਾ ਇਹ ਰਾਸ਼ਟਰ-ਵਿਆਪੀ ਪ੍ਰਾਜੈਕਟ,'ਪਾਪੁਲੇਸ਼ਨ ਫ਼ਾਊਂਡੇਸ਼ਨ ਆਫ਼ ਇੰਡੀਆ' ਦੁਆਰਾਰ ਸਮਰਥਤ ਪਹਿਲਾ ਦਾ ਹਿੱਸਾ ਹੈ, ਤਾਂਕਿ ਆਮ ਲੋਕਾਂ ਦੀਆਂ ਗੱਲਾਂ ਅਤੇ ਉਨ੍ਹਾਂ ਦੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਇਨ੍ਹਾਂ ਅਹਿਮ, ਪਰ ਹਾਸ਼ੀਏ 'ਤੇ ਪਏ ਭਾਈਚਾਰਿਆਂ ਦੀ ਹਾਲਤ ਦਾ ਥਹੁ-ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਪ੍ਰਕਾਸ਼ਤ ਕਰਨਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] 'ਤੇ ਮੇਲ ਕਰਕੋ ਅਤੇ ਉਹਦੀ ਇੱਕ ਕਾਪੀ [email protected] .ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ