ਉਸ ਦੇ ਘਰ ਨੂੰ ਜਾਣ ਵਾਲੀ ਗਲੀ ਖੜ੍ਹਵੀਂ ਚੜ੍ਹਾਈ ਵਾਲੀ ਹੈ, ਜਿਸ ’ਤੇ ਆਦਿਲਕਸ਼ਮੀ (72) ਨੂੰ, ਪਿਛਲੇ ਸਾਲ ਹੋਈ ਲੱਤ ਦੀ ਸਰਜਰੀ ਤੋਂ ਬਾਅਦ, ਚੜ੍ਹਨਾ ਔਖਾ ਲੱਗਦਾ ਹੈ। ਦੱਖਣੀ ਬੰਗਲੁਰੂ ਦੇ ਸੁਦਾਗੁੰਟੇ ਪਾਲਿਆ ਇਲਾਕੇ ਵਿਖੇ ਭਵਾਨੀ ਨਗਰ ਦੀ ਇਸ ਝੁੱਗੀ-ਬਸਤੀ ਵਿੱਚ ਸਥਿਤ ਇਹ ਘਰ, ਇੱਕ ਸਿੰਗਲ ਕਮਰਾ ਹੈ ਜੋ ਉਹ ਪਰਿਵਾਰ ਦੇ ਛੇ ਹੋਰ ਮੈਂਬਰਾਂ ਨਾਲ਼ ਸਾਂਝਾ ਕਰਦੀ ਹੈ।
ਆਦਿਲਕਸ਼ਮੀ ਅਤੇ ਉਸਦਾ ਘਰਵਾਲਾ ਕਨੱਈਆ ਰਾਮ (83) ਕੰਮ ਦੀ ਭਾਲ ਵਿੱਚ, ਤਮਿਲਨਾਡੂ ਦੇ ਮਦੁਰਾਈ ਜ਼ਿਲੇ ਦੇ ਇੱਕ ਪਿੰਡ ਤੋਂ ਪਰਵਾਸ ਕਰਕੇ ਲਗਭਗ 30 ਸਾਲ ਪਹਿਲਾਂ ਬੰਗਲੁਰੂ ਆਏ ਸਨ। ਜਦੋਂ ਉਸਦੇ ਘਰਵਾਲੇ ਨੂੰ ਤਰਖਾਣ ਦਾ ਕੰਮ ਮਿਲ ਗਿਆ, ਤਾਂ ਉਸਨੇ ਆਪਣੇ ਦੋ ਬੇਟਿਆਂ ਅਤੇ ਦੋ ਬੇਟੀਆਂ ਦਾ ਪਾਲਣ ਪੋਸ਼ਣ ਕੀਤਾ।
“ਸਿਰਫ਼ ਇਸ ਕਰਕੇ ਕਿ ਮੈਂ ਬੁੱਢੀ ਹੋ ਗਈ ਹਾਂ, ਇਸਦਾ ਮਤਲਬ ਹੋਇਆ ਬਈ ਮੈਨੂੰ ਖਾਣ ਦੀ ਜ਼ਰੂਰਤ ਨਹੀਂ ਹੈ?" ਉਹ ਪੁੱਛਦੀ ਹੈ। ਇਹ ਉਹ ਸਵਾਲ ਹੈ ਜਿਸਨੂੰ ਉਸਨੇ ਪਿਛਲੇ ਛੇ ਮਹੀਨਿਆਂ ਵਿੱਚ ਕਈ ਵਾਰ ਦੁਹਰਾਇਆ ਹੈ ਜਦੋਂ ਉਸਨੂੰ ਅਤੇ ਉਸਦੇ ਪਤੀ ਨੂੰ ਉਹਨਾਂ ਦਾ ਮਹੀਨੇ ਦਾ ਬਣਦਾ ਰਾਸ਼ਨ- ਪ੍ਰਤੀ ਵਿਅਕਤੀ ਸੱਤ ਕਿਲੋ ਮੁਫਤ ਚੌਲ- ਦੇਣ ਤੋਂ ਇਨਕਾਰ ਕੀਤਾ ਗਿਆ। ਚੌਲਾਂ ਦੇ ਨਾਲ਼-ਨਾਲ਼ ਜੋ ਸਬਸਿਡੀ ਵਾਲਾ ਨਮਕ, ਖੰਡ, ਖ਼ਜੂਰ (ਤਾੜ) ਦਾ ਤੇਲ ਅਤੇ ਸਾਬਣ ਉਨ੍ਹਾਂ ਨੂੰ ਮਿਲਦਾ ਸੀ, ਜਿਸ ਲਈ ਉਨ੍ਹਾਂ ਨੂੰ 150 ਰੁਪਏ ਦੇਣੇ ਪੈਂਦੇ ਸਨ, ਮਿਲ਼ਣਾ ਬੰਦ ਹੋ ਗਿਆ।
ਬਜ਼ੁਰਗ ਜੋੜੇ ਨੂੰ ਰਾਸ਼ਨ ਦੇਣ ਤੋਂ ਕਿਉਂ ਇਨਕਾਰ ਕੀਤਾ ਗਿਆ? ਕਿਉਂਕਿ ਆਪਣੇ ਘਰੋਂ 2 ਕਿਲੋਮੀਟਰ ਦੂਰ, ਜਨਤਕ ਵੰਡ ਪ੍ਰਣਾਲੀ (PDS) ਵਾਲੀ ਜਿਹੜੀ ਦੁਕਾਨ ‘ਤੇ ਉਹ ਰਾਸ਼ਨ ਲੈਣ ਜਾਂਦੇ ਹਨ, ਉੱਥੇ ਦੋਹਾਂ ਦੇ ਉਂਗਲਾਂ ਦੇ ਨਿਸ਼ਾਨਾਂ ਦੀ ਪੁਸ਼ਟੀ ਨਹੀਂ ਹੋਈ। ਛੋਟੀਆਂ ਮਸ਼ੀਨਾਂ ਜਿਨ੍ਹਾਂ ਦੇ ਜ਼ਿੰਮੇ ਪੁਸ਼ਟੀ ਕਰਨ ਦਾ ਇਹ ਕੰਮ ਹੈ, ਬੰਗਲੁਰੂ ਵਿੱਚ ਇਹਨਾਂ ਰਾਸ਼ਨ ਦੀਆਂ ਦੁਕਾਨਾਂ ਵਿੱਚ ਲਾਈਆਂ ਗਈਆਂ ਹਨ - ਸ਼ਹਿਰ ਵਿੱਚ ਲਗਭਗ 1,800 ਅਜਿਹੀਆਂ ਦੁਕਾਨਾਂ ਹਨ।
ਇਸ ਸ਼ਹਿਰ ਅਤੇ ਪੂਰੇ ਹਿੰਦੁਸਤਾਨ ਵਿੱਚ, ਆਧਾਰ ਵੇਰਵਿਆਂ ਨੂੰ ਰਾਸ਼ਨ ਕਾਰਡਾਂ ਨਾਲ਼ ਜੋੜ ਦਿੱਤਾ ਗਿਆ ਹੈ, ਅਤੇ ਹਰ ਵਾਰ ਜਦੋਂ ਲੋਕ ਆਪਣਾ ਮਹੀਨੇਵਾਰ ਰਾਸ਼ਨ ਲੈਣ ਜਾਂਦੇ ਹਨ, ਤਾਂ ਉਹਨਾਂ ਨੂੰ ਪਛਾਣ ਦੇ ਸਬੂਤ ਵਜੋਂ ਲਾਜ਼ਮੀ ਤੌਰ ’ਤੇ ਆਪਣੇ ਫਿੰਗਰਪ੍ਰਿੰਟ ਦਰਜ ਕਰਾਉਣੇ ਪੈਂਦੇ ਹਨ। ਕਰਨਾਟਕ ਵਿੱਚ ਗਰੀਬੀ ਰੇਖਾ ਤੋਂ ਹੇਠਾਂ (BPL) ਰਾਸ਼ਨ ਕਾਰਡਾਂ ਨੂੰ ਆਧਾਰ ਨਾਲ ਲਿੰਕ ਕਰਨ ਬਾਰੇ ਰਿਪੋਰਟਾਂ ਵੱਖੋ-ਵੱਖਰੀਆਂ ਹਨ, ਹਾਲਾਂਕਿ ਅੰਤਮ ਤਾਰੀਖ ਜੂਨ 2017 ਜਾਪਦੀ ਹੈ। ਇਹ ਸੰਭਾਵਤ ਤੌਰ 'ਤੇ ਸੂਬੇ ਵਿੱਚ ਲਗਭਗ 8 ਮਿਲੀਅਨ (ਅੰਦਾਜ਼ੇ ਵੱਖ-ਵੱਖ ਹਨ) ਬੀਪੀਐਲ ਕਾਰਡ ਧਾਰਕਾਂ ਨੂੰ ਪ੍ਰਭਾਵਿਤ ਕਰਦਾ ਹੈ। ਕਰਨਾਟਕ ਦੇ ‘ਖੁਰਾਕ ਅਤੇ ਜਨਤਕ ਵੰਡ’ ਮੰਤਰੀ, ਯੂ.ਟੀ. ਖਾਦਰ ਨੇ ਕਥਿਤ ਤੌਰ 'ਤੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਆਧਾਰ ਨਾਲ ਲਿੰਕ ਨਾ ਹੋਣ ਵਾਲੇ ਰਾਸ਼ਨ ਕਾਰਡਾਂ ਨੂੰ 'ਬੋਗਸ' (ਜਾਅਲੀ) ਮੰਨਿਆ ਜਾਵੇਗਾ।
ਹਾਲਾਂਕਿ, ਜਦੋਂ ਆਧਾਰ ਪਛਾਣ ਪ੍ਰਣਾਲੀ 2009 ਵਿੱਚ ਸ਼ੁਰੂ ਕੀਤੀ ਗਈ ਸੀ, ਤਾਂ ਇਹ PDS ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰਨ ਲਈ ਇੱਕ "ਵਿਕਲਪਿਕ" ਪ੍ਰੋਗਰਾਮ ਵਜੋਂ ਸਾਹਮਣੇ ਆਈ ਸੀ। ਜਦਕਿ ਸਮੇਂ ਦੇ ਨਾਲ-ਨਾਲ਼, ਵੱਖ-ਵੱਖ ਸਰਕਾਰੀ ਸਕੀਮਾਂ ਜਿਵੇਂ ਕਿ LPG ਕੁਨੈਕਸ਼ਨ ਅਤੇ ਸਕਾਲਰਸ਼ਿਪਾਂ ਦਾ ਲਾਭ ਲੈਣ ਲਈ ਵੀ ਆਧਾਰ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਆਧਾਰ ਆਈਡੀ ਨੰਬਰ ਨੂੰ ਬੈਂਕ ਖਾਤਿਆਂ ਅਤੇ ਇੱਥੋਂ ਤਕ ਕਿ ਪ੍ਰਾਈਵੇਟ ਆਪਰੇਟਰਾਂ ਦੁਆਰਾ ਪ੍ਰਦਾਨ ਕੀਤੇ ਗਏ ਮੋਬਾਈਲ ਫੋਨ ਕੁਨੈਕਸ਼ਨਾਂ ਵਰਗੀਆਂ ਕਈ ਸੇਵਾਵਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਇਹੋ ਜਿਹੇ ਸਿਸਟਮ ਵਿੱਚ ਖਾਮੀਆਂ, ਅਤੇ ਧੋਖਾਧੜੀ ਦੀ ਸੰਭਾਵਨਾ ਅਤੇ ਭਾਰਤੀ ਨਾਗਰਿਕਾਂ ਦੀ ਵੱਡੇ ਪੱਧਰ 'ਤੇ ਸਰਕਾਰੀ ਨਿਗਰਾਨੀ ਇਸਦੀ ਵਧ ਰਹੀ ਆਲੋਚਨਾ ਦੇ ਕੁਝ ਨੁਕਤੇ ਹਨ, ਅਤੇ ਭਾਰਤ ਦਾ ਸੁਪਰੀਮ ਕੋਰਟ ਇਸ ਸਮੇਂ ਆਧਾਰ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਕਈ ਪਟੀਸ਼ਨਾਂ 'ਤੇ ਸੁਣਵਾਈ ਕਰ ਰਿਹਾ ਹੈ।
ਇਸ ਦੌਰਾਨ, 2016 ਦੀ ਸ਼ੁਰੂਆਤ ਵਿੱਚ ਆਪਣੇ ਆਧਾਰ ਕਾਰਡ ਬਣਵਾ ਲੈਣ ਦੇ ਬਾਵਜੂਦ, ਕਨੱਈਆ ਰਾਮ ਅਤੇ ਆਦਿਲਕਸ਼ਮੀ ਘਾਟੇ ਵਿੱਚ ਹਨ। ਕਨੱਈਆ ਰਾਮ ਕਹਿੰਦਾ ਹੈ, “ਸਾਨੂੰ ਵਾਪਸ ਮੁੜਨ ਅਤੇ ਦੁਬਾਰਾ ਪੰਜੀਕਰਨ ਕਰਾਉਣ ਲਈ ਕਿਹਾ ਗਿਆ ਸੀ [ਕਿਸੇ ਆਧਾਰ ਕੇਂਦਰ 'ਤੇ ਫਿੰਗਰਪ੍ਰਿੰਟਿੰਗ ਪ੍ਰਕਿਰਿਆ ਨੂੰ ਦੁਬਾਰਾ ਪੁਸ਼ਟ ਕਰਵਾਉਣ ਲਈ] ਕਿਉਂਕਿ ਅਸੀਂ ਬੁੱਢੇ ਹਾਂ ਅਤੇ ਸਾਡੇ ਫਿੰਗਰਪ੍ਰਿੰਟ [ਰਾਸ਼ਨ ਦੀ ਦੁਕਾਨ ਦੀ ਮਸ਼ੀਨ ਨਾਲ] ਮੇਲ ਨਹੀਂ ਖਾਂਦੇ।”
ਪਰ ਇੱਕ ਹੋਰ ਸਮੱਸਿਆ ਹੈ: “ਤੁਹਾਨੂੰ ਪੰਜੀਕਰਨ ਲਈ ਆਪਣੇ ਫਿੰਗਰਪ੍ਰਿੰਟ ਦੀ ਵਰਤੋਂ ਕਰਨੀ ਪਵੇਗੀ। ਉਹੀ ਫਿੰਗਰਪ੍ਰਿੰਟ ਜਨਤਕ ਲਾਭ ਲੈਣ ਵੇਲੇ, ਆਪਣੀ ਪਛਾਣ ਸਾਬਿਤ ਕਰਨ ਲਈ ਤੁਹਾਡਾ ਪਾਸਵਰਡ ਬਣ ਜਾਂਦਾ ਹੈ। ਹਾਲਾਂਕਿ, ਤਕਨੀਕ ਇਹ ਨਹੀਂ ਪਛਾਣ ਪਾਉਂਦੀ ਕਿ ਹੱਥੀਂ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਫਿੰਗਰਪ੍ਰਿੰਟ ਵਿੱਚ ਵਿਗਾੜ ਆ ਜਾਂਦੇ ਹਨ, ਜਾਂ ਇਹ ਕਿ ਬੁਢਾਪੇ ਦੇ ਨਤੀਜੇ ਵਜੋਂ ਫਿੰਗਰਪ੍ਰਿੰਟ ਵਿੱਚ ਬਦਲਾਅ ਹੋ ਸਕਦਾ ਹੈ, ”ਵਿਸ਼ਵ ਮਾਨਵੀ ਅਧਿਕਾਰ ਸੰਗਠਨ, ਆਰਟੀਕਲ 19 ਦੇ ਇੱਕ ਕਾਨੂੰਨੀ ਖੋਜਕਰਤਾ ਵਿਦੁਸ਼ੀ ਮਾਰਦਾ ਦੱਸਦੇ ਹਨ, ਜੋ ਪਹਿਲਾਂ ਬੰਗਲੁਰੂ ਵਿੱਚ ਸੈਂਟਰ ਫਾਰ ਇੰਟਰਨੈੱਟ ਐਂਡ ਸੁਸਾਇਟੀ ਨਾਲ ਕੰਮ ਕਰਦੇ ਸਨ। “ਆਧਾਰ ਸਿਸਟਮ ਉਹਨਾਂ ਹੀ ਲੋਕ-ਸਮੂਹਾਂ ਲਈ ਇੱਕ ਅੰਦਰੂਨੀ ਸਮੱਸਿਆਤਮਕ ਤਕਨੀਕ ਦੀ ਵਰਤੋਂ ਕਰ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਦਾ ਉਹ ਦਾਆਵਾ ਕਰਦਾ ਹੈ।”
ਆਦਿਲਕਸ਼ਮੀ ਅਤੇ ਕਨੱਈਆ ਰਾਮ ਆਪਣੇ ਵੱਡੇ ਪੁੱਤਰ ਨਾਲ਼ ਰਹਿੰਦੇ ਹਨ, ਜੋ ਉਸਾਰੀ ਮਜ਼ਦੂਰ ਹੈ, ਜਿਸਦੀ ਪਤਨੀ ਅਤੇ ਤਿੰਨ ਬੱਚੇ ਹਨ (ਉਨ੍ਹਾਂ ਦਾ ਛੋਟਾ ਪੁੱਤਰ ਤਰਖਾਣ ਹੈ ਜੋ ਅੱਡ ਰਹਿੰਦਾ ਹੈ)।
“ਹਾਲੇ ਵੀ ਆਪਣੇ ਮੁੰਡੇ ਦੇ ਆਸਰੇ ਰਹਿਣਾ ਸਾਡੇ ਸਵੈ-ਮਾਣ ਦੀ ਹਾਨੀ ਹੈ। ਉਸ ਦੇ ਤਿੰਨ ਬੱਚੇ ਹਨ ਜਿਨ੍ਹਾਂ ਦਾ ਪਾਲਣ ਪੋਸ਼ਣ ਅਤੇ ਪੜ੍ਹਾਈ ਦੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਨੂੰ ਆਪਣੇ ਹਿੱਸੇ ਦਾ ਰਾਸ਼ਨ ਸਾਡੇ ਨਾਲ ਕਿਉਂ ਵੰਡਣਾ ਪਵੇ? ” ਨਿਰਾਸ਼ਾ-ਵੱਸ ਪਈ ਆਦਿਲਕਸ਼ਮੀ ਪੁੱਛਦੀ ਹੈ।
ਉਨ੍ਹਾਂ ਨੂੰ ਮਿਲਣ ਵਾਲੀਆਂ 500 ਰੁਪਏ ਪ੍ਰਤਿ ਮਹੀਨਾ ਬੁਢਾਪਾ ਪੈਨਸ਼ਨਾਂ ਦਵਾਈ-ਬੂਟੀ ’ਤੇ ਲੱਗ ਜਾਂਦੀਆਂ ਹਨ। ਆਦਿਲਕਸ਼ਮੀ ਦਾ ਹਾਲ ਹੀ ਵਿੱਚ ਮੋਤੀਆਬਿੰਦ ਦਾ ਆਪਰੇਸ਼ਨ ਹੋਇਆ ਸੀ ਅਤੇ ਉਹਦੀ ਇੱਕ ਦੁਰਘਟਨਾ ਵਿੱਚ ਟੁੱਟੀ ਲੱਤ, ਹਾਲੇ ਠੀਕ ਹੋ ਰਹੀ ਹੈ। ਕਨਈਆ ਰਾਮ ਨੂੰ ਦਿਲ ਦੀ ਬਿਮਾਰੀ ਹੈ, ਗੋਡੇ ਕਮਜ਼ੋਰ ਹਨ, ਅਤੇ ਅਕਸਰ ਚੱਕਰ ਆਉਂਦੇ ਹਨ।
ਇੱਕ ਰਾਸ਼ਨ ਦੇ ਦੁਕਾਨਦਾਰ ਨਾਲ ਮੈਂ ਗੱਲ ਕੀਤੀ, ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ , ਉਸਨੇ ਕਿਹਾ ਕਿ ਬਹੁਤੇ ਬਜ਼ੁਰਗ ਲੋਕਾਂ ਦੇ ਮਾਮਲੇ ਵਿੱਚ ਬੀਪੀਐਲ ਕਾਰਡ ਹੀ ਜ਼ਰੂਰੀ ਹੋਣਾ ਚਾਹੀਦਾ ਹੈ। ਹਾਲਾਂਕਿ, ਪਰਿਵਾਰ ਦੇ ਇੱਕ ਮੈਂਬਰ ਵੱਲੋਂ ਆਪਣੇ ਫਿੰਗਰਪ੍ਰਿੰਟਸ ਦੀ ਪੁਸ਼ਟੀ ਕਰਵਾਉਣੀ ਜ਼ਰੂਰੀ ਹੁੰਦੀ ਹੈ। ਜੇ ਪਤੀ ਅਤੇ ਪਤਨੀ ਦੋਵਾਂ ਦੇ ਹੀ ਬਾਇਓਮੈਟ੍ਰਿਕਸ (ਫ਼ਿੰਗਰਪ੍ਰਿੰਟ) ਮੇਲ ਨਾ ਖਾਣ ਤਾਂ ਕੀ ਹੋਵੇਗਾ?
“ਭਾਵੇਂ ਮੈਂ ਉਨ੍ਹਾਂ ਨੂੰ ਬਹੁਤ ਚਿਰ ਤੋਂ ਜਾਣਦਾ ਹੋਵਾਂ ਪਰ ਜੇ ਮਸ਼ੀਨ ਉਨ੍ਹਾਂ ਨੂੰ ਫੇਲ੍ਹ ਕਰ ਦੇਵੇ ਤਾਂ ਮੈਂ ਉਨ੍ਹਾਂ ਨੂੰ ਰਾਸ਼ਨ ਜਾਰੀ ਨਹੀਂ ਕਰ ਸਕਦਾ,” ਦੁਕਾਨਦਾਰ ਦਾ ਕਹਿਣਾ ਹੈ। “ਹੱਲ ਇਹੀ ਹੈ ਕਿ ਉਨ੍ਹਾਂ ਨੂੰ ਦੁਬਾਰਾ ਪੰਜੀਕਰਣ ਕਰਵਾਉਣਾ ਪਵੇਗਾ ਅਤੇ ਫਿੰਗਰਪ੍ਰਿੰਟਾਂ ਦਾ ਮੇਲ ਖਾਣਾ ਲਾਜ਼ਮੀ ਹੈ। ਉਹਨਾਂ ਨੂੰ ਸਰਕਾਰੀ ਦਫਤਰਾਂ ਜਿਵੇਂ ਕਿ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਬੈਂਗਲੋਰ ਵਿਕਾਸ ਅਥਾਰਟੀ ਜਾਂ ਹੋਰ ਪੰਜੀਕਰਨ ਕੇਂਦਰਾਂ ਵਿੱਚ ਜਾਣਾ ਚਾਹੀਦਾ ਹੈ ਅਤੇ ਦੁਬਾਰਾ ਪੰਜੀਕਰਨ ਕਰਾਉਣਾ ਚਾਹੀਦਾ ਹੈ, ” ਉਹ ਕਹਿੰਦੀ ਹੈ। ਕਿਸੇ ਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਜੇ ਫਿੰਗਰਪ੍ਰਿੰਟ ਦੁਬਾਰਾ ਵੀ ਮੇਲ ਨਾ ਖਾਣ ਤਾਂ ਕਿਹੜਾ ਚਾਰਾ ਨਾ ਬਚੇਗਾ। ਆਖਰਕਾਰ, ਉਂਗਲਾਂ ਤਾਂ ਉਹੀ ਨੇ।
ਆਦਿਲਕਸ਼ਮੀ ਨੂੰ ਆਪਣੇ ਘਰ ਤੱਕ 10 ਫੁੱਟ ਤੱਕ ਦੀ ਢਲਾਣ ਚੜ੍ਹਨ ਲਈ ਵੀ ਜਦੋ-ਜਹਿਦ ਕਰਨੀ ਪੈਂਦੀ ਹੈ। ਸਰਕਾਰ ਕਿਵੇਂ ਆਸ ਕਰਦੀ ਹੈ ਕਿ ਅਜਿਹੇ ਨਾਗਰਿਕ ਆਪਣੀ ਪਛਾਣ ਨੂੰ ਸਾਬਿਤ ਕਰਨ ਲਈ ਸ਼ਹਿਰ ਦੇ ਗੇੜੇ ਮਾਰਨਗੇ?
“ਆਧਾਰ ਨੰਬਰਾਂ ਵਾਲੇ ਲੱਖਾਂ ਭਾਰਤੀ - ਬਜ਼ੁਰਗ ਨਾਗਰਿਕ, ਬੱਚੇ, ਅਪਾਹਜ ਅਤੇ ਹੱਥੀਂ ਕਿਰਤ ਕਰਨ ਵਾਲੇ, ਮਸ਼ੀਨਾਂ ਦੁਆਰਾ ਉਨ੍ਹਾਂ ਦੇ ਬਾਇਓਮੈਟ੍ਰਿਕਸ ਦੀ ਪਛਾਣ ਨਾ ਕੀਤੇ ਜਾਣ ਦੀ ਭਿਆਨਕ ਹਕੀਕਤ ਨਾਲ ਜਿਉਣ ਲਈ ਮਜਬੂਰ ਹਨ। ਇਸ ਟੈਕਨੋਕਰੇਟਿਕ ਸਿਸਟਮ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ ਕਿ ਸਮੱਸਿਆ ਨੂੰ ਕਿਵੇਂ ਠੀਕ ਕਰਨਾ ਹੈ। ਇਸ ਲਈ ਪ੍ਰਭਾਵਿਤ ਵਿਅਕਤੀਆਂ ਨੂੰ ਇਹ ਸਾਬਤ ਕਰਨ ਲਈ ਕਿ ਉਹ ਕੌਣ ਹਨ, ਵੱਖ-ਵੱਖ ਦਫ਼ਤਰਾਂ ਵਿੱਚ ਗੇੜੇ ਮਾਰਨੇ ਪੈ ਰਹੇ ਹਨ।” ਭੋਜਨ-ਅਧਿਕਾਰ ਲਈ ਲੜਨ ਵਾਲਾ ਕਾਰਕੁੰਨ ਅਤੇ ਨੈਸ਼ਨਲ ਲਾਅ ਕਾਲਜ, ਬੰਗਲੁਰੂ ਵਿੱਚ ਪ੍ਰੋਫੈਸਰ, ਕਸ਼ਿਤਿਜ ਉਰਸ ਕਹਿੰਦੇ ਹਨ।
ਆਦਿਲਕਸ਼ਮੀ ਦੇ ਘਰ ਤੋਂ 200 ਮੀਟਰ ਤੋਂ ਵੀ ਘੱਟ ਦੂਰੀ 'ਤੇ ਵਿਜੇਲਕਸ਼ਮੀ ਰਹਿੰਦੀ ਹਨ ਜੋ ਕਿਸੇ ਵੇਲੇ ਇੱਕ ਉਸਾਰੀ ਮਜ਼ਦੂਰ ਸੀ ਅਤੇ ਹੁਣ ਬੁਢਾਪੇ ਵਿੱਚ ਸਬਜ਼ੀ ਵੇਚਦੀ ਹੈ, ਇਨ੍ਹਾਂ ਨੂੰ ਵੀ ਇੱਕ ਸਾਲ ਤੋਂ ਵੱਧ ਸਮੇਂ ਤੋਂ ਰਾਸ਼ਨ ਨਹੀਂ ਮਿਲਿਆ ਹੈ: ਇੱਕ ਹੋਰ ਦਾਗ਼ਦਾਰ ਬਾਇਓਮੈਟ੍ਰਿਕ ਟੈਸਟ। “ਮੈਂ ਦੋ ਵਾਰ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਕਿਸਮਤ ਨੇ ਸਾਥ ਨਹੀਂ ਦਿੱਤਾ,” ਉਹ ਕਹਿੰਦੀ ਹੈ। ਰੋਜ਼ਾਨਾ ਸਬਜ਼ੀਆਂ ਵੇਚ ਕੇ ਵਿਜੇਲਕਸ਼ਮੀ ਜੋ 150 ਰੁਪਏ ਕਮਾਉਂਦੀ ਹੈ, ਉਹਦੇ ਨਾਲ਼ ਉਸਦਾ ਗੁਜ਼ਾਰਾ ਚੱਲਦਾ ਹੈ।
ਇਹ ਸਿਰਫ਼ ਬਜ਼ੁਰਗ ਅਤੇ ਹੱਥੀਂ ਕਿਰਤ ਕਰਨ ਵਾਲੇ ਮਜ਼ਦੂਰ ਹੀ ਨਹੀਂ ਹਨ ਜੋ ਆਧਾਰ ਦੀ ਤਕਨੀਕੀ ਅਯੋਗਤਾ ਦੀ ਕੀਮਤ ਅਦਾ ਕਰ ਰਹੇ ਹਨ। ਬੱਚੇ ਵੀ ਕਰਦੇ ਹਨ।
ਪੱਛਮੀ ਬੰਗਲੁਰੂ ਦੇ ਕਾਟਨਪੇਟ ਬਾਜ਼ਾਰ ਵਿਖੇ ਝੁੱਗੀ-ਬਸਤੀ ਵਿੱਚ ਰਹਿਣ ਵਾਲ਼ੇ ਭੈਣ-ਭਰਾ- ਕਿਸ਼ੋਰ (14) ਅਤੇ ਕੀਰਤਨਾ (13) ਨੂੰ ਬਾਇਓਮੈਟ੍ਰਿਕ ਡੇਟਾ ਮੇਲ ਨਾ ਖਾਣ ਕਾਰਨ ਦੋ ਸਾਲਾਂ ਤੋਂ ਉਨ੍ਹਾਂ ਦੇ ਹਿੱਸੇ ਦਾ ਰਾਸ਼ਨ ਨਹੀਂ ਮਿਲਿਆ ਹੈ। ਜੇਕਰ ਕਿਸੇ ਬੱਚੇ ਦਾ ਪੰਜੀਕਰਨ 15 ਸਾਲ ਤੋਂ ਪਹਿਲਾਂ ਹੋਇਆ ਹੈ, ਤਾਂ ਉਸ ਨੂੰ 15 ਸਾਲ ਦਾ/ਦੀ ਹੋਣ 'ਤੇ ਪ੍ਰਕਿਰਿਆ ਨੂੰ ਦੁਹਰਾਉਣਾ ਪੈਂਦਾ ਹੈ। ਫਿਰ ਕੀ ਕੀਤਾ ਜਾਵੇ ਜੇ ਬਾਇਓਮੈਟ੍ਰਿਕਸ ਵਿੱਚ-ਵਿਚਾਲੇ ਮੇਲ ਨਹੀਂ ਖਾਂਦੇ? ਖੈਰ, ਤੁਹਾਨੂੰ ਆਪਣਾ ਰਾਸ਼ਨ ਨਹੀਂ ਮਿਲੇਗਾ। ਉਨ੍ਹਾਂ ਦੇ ਮਾਤਾ-ਪਿਤਾ ਮਿਉਂਸਪਲ ਕਾਰਪੋਰੇਸ਼ਨ ਵਿੱਚ ਸਫ਼ਾਈ ਕਰਮਚਾਰੀ ਹਨ, ਜਿਨ੍ਹਾਂ ਦੀ ਕੁੱਲ ਤਨਖ਼ਾਹ 12,000 ਰੁਪਏ ਪ੍ਰਤੀ ਮਹੀਨਾ ਹੈ।
ਕਿਸ਼ੋਰ ਇੱਕ ਹੁਸ਼ਿਆਰ ਵਿਦਿਆਰਥੀ ਹੈ ਜੋ ਦੋ ਸਾਲ ਪਹਿਲਾਂ ਇੱਕ ਪ੍ਰਾਈਵੇਟ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਦਾਖਲ ਹੋਇਆ ਸੀ, ਪਰ ਵੱਧ ਰਹੇ ਖਰਚਿਆਂ ਅਤੇ ਰਾਸ਼ਨ ਨਾ ਮਿਲ਼ਣ ਕਾਰਨ ਉਸਦੇ ਮਾਪਿਆਂ ਨੂੰ ਉਸਨੂੰ ਹਟਾ ਕੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਮਜਬੂਰ ਹੋਣਾ ਪਿਆ। ਹੁਣ ਉਹ ਆਪਣੇ ਆਂਢ-ਗੁਆਂਢ ਵਿੱਚ ਦੁੱਧ ਪਹੁੰਚਾ ਕੇ ਪਰਿਵਾਰ ਦੀ ਆਮਦਨ ਵਿੱਚ ਮਦਦ ਕਰਦਾ ਹੈ। ਉਹ ਸਵੇਰੇ 4 ਵਜੇ ਉੱਠਦਾ ਹੈ ਅਤੇ ਸਵੇਰ ਦੀ ਸਪਲਾਈ ਦੇਣ ਲਈ ਸਵੇਰੇ 6 ਵਜੇ ਘਰੋਂ ਨਿਕਲਦਾ ਹੈ। ਫਿਰ ਉਹ ਸਵੇਰੇ 9 ਵਜੇ ਸਕੂਲ ਜਾਂਦਾ ਹੈ, ਸ਼ਾਮ 4 ਵਜੇ ਸਕੂਲੋਂ ਛੁੱਟੀ ਹੋਣ ਤੋਂ ਬਾਅਦ, ਉਹ ਸ਼ਾਮ ਨੂੰ ਦੁੱਧ ਦੀ ਡਲਿਵਰੀ ਕਰਨ ਲਈ ਰਵਾਨਾ ਹੁੰਦਾ ਹੈ। ਉਸਦੀ ਦਿਹਾੜੀ ਰਾਤ ਨੂੰ 8 ਵਜੇ ਮੁੱਕਦੀ ਹੈ।
ਪਰ ਹੋਮਵਰਕ ? ਕਿਸ਼ੋਰ ਕਹਿੰਦਾ ਹੈ, “ਮੈਂ ਜਿੰਨਾ ਹੋ ਸਕੇ ਸਕੂਲ ਵਿੱਚ ਹੀ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹਾਂ।” ਉਹ ਹਰ ਰੋਜ਼ ਲਗਭਗ ਅੱਠ ਘੰਟੇ ਕੰਮ ਕਰਦਾ ਹੈ ਜਿਸ ਨਾਲ ਉਸ ਨੂੰ ਲੱਗਭਗ 3500 ਰੁਪਏ ਬਣਦੇ ਹਨ, ਜੋ ਉਹ ਆਪਣੇ ਮਾਪਿਆਂ ਨੂੰ ਦਿੰਦਾ ਹੈ। ਇਸ ਆਮਦਨ ਨਾਲ, ਉਹ ਪਰਿਵਾਰ ਦੀ ਰੋਜ਼ੀ-ਰੋਟੀ ਦਾ ਹੱਲ ਕਰਦੇ ਹਨ। ਅਕਸਰ, ਉਹ ਆਪਣੇ ਗੁਆਂਢੀਆਂ ਕੋਲ਼ੋਂ 15 ਰੁਪਏ ਕਿਲੋ ਦੇ ਹਿਸਾਬ ਨਾਲ਼ ਚੌਲ ਖਰੀਦਦੇ ਹਨ। ਪਰ ਜੇਕਰ ਦੋਨਾਂ ਬੱਚਿਆਂ ਨੂੰ ਵੀ ਰਾਸ਼ਨ ਮਿਲ ਜਾਂਦਾ ਤਾਂ ਹਰ ਇੱਕ ਨੂੰ ਸੱਤ ਕਿੱਲੋ ਚੌਲ ਮੁਫ਼ਤ ਮਿਲ ਜਾਣੇ ਸਨ।
ਭੋਜਨ-ਅਧਿਕਾਰ ਮੁਹਿੰਮ ਦੀ ਇੱਕ ਕਾਰਕੁੰਨ ਰੇਸ਼ਮਾ ਕਹਿੰਦੀ ਹੈ, ਇਹ ਮਾਇਨੇ ਨਹੀਂ ਰੱਖਦਾ ਕਿ ਉਹ ਸਾਲਾਂ ਤੋਂ ਉਸੇ ਰਾਸ਼ਨ ਦੀ ਦੁਕਾਨ 'ਤੇ ਜਾ ਰਹੇ ਹਨ। “ਹੋ ਸਕਦਾ ਹੈ ਡੀਲਰ ਤੁਹਾਨੂੰ ਜਾਣਦਾ ਹੋਵੇ, ਪਰ ਮਸ਼ੀਨ ਨਹੀਂ ਜਾਣਦੀ।”
ਤਰਜਮਾ: ਅਰਸ਼